ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
04 Dec. 2018
ਕੈਪਟਨ ਵਲੋਂ ਇਮਰਾਨ ਖ਼ਾਨ ਦਾ ਸੱਦਾ ਅਸਵੀਕਾਰ- ਇਕ ਖ਼ਬਰ
ਵਿਚ ਵੇਲਣੇ ਬਾਂਹ ਅਸਾਡੀ, ਕੀਕਣ ਆਖਾਂ ਛੱਡ ਵੇ ਅੜਿਆ।
ਸਿਆਸੀ ਸੰਕਟ 'ਚ ਘਿਰੇ ਅਕਾਲੀ ਦਲ ਨੂੰ ਕਰਤਾਰ ਪੁਰ ਲਾਂਘੇ 'ਤੇ ਟੇਕ- ਇਕ ਖ਼ਬਰ
ਚੁੱਲ੍ਹੇ ਅੱਗ ਨਾ ਘੜੇ ਵਿਚ ਪਾਣੀ, ਵੇ ਅਮਲੀਆ ਦੋਜ਼ਖ਼ੀਆ।
ਪਠਾਨਕੋਟ 'ਚ ਫਿਰ ਦਿਸੇ ਸ਼ੱਕੀ ਬੰਦੇ-ਇਕ ਖ਼ਬਰ
ਮੜ੍ਹ ਦਿਉ ਸਿੱਧੂ ਦੇ ਗ਼ਲ਼ ਇਹ ਵੀ ਕਿ ਉਹੀ ਲੈ ਕੇ ਆਇਐ ਬੰਦੇ ਸਰਹੱਦ ਪਾਰੋਂ।
ਸਾਬਕਾ ਜਥੇਦਾਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ 'ਚ ਸ਼ਾਮਲ ਕਰਨ ਦੀ ਮੰਗ-ਬੋਨੀ
ਲਿਖਿਆ ਵਿਚ ਕਿਤਾਬ ਕੁਰਾਨ ਦੇ ਜੀ, ਗੁਨਾਹਗ਼ਾਰ ਖ਼ੁਦਾ ਦਾ ਚੋਰ ਹੈ ਜੀ।
ਡੇਰਾ ਬਿਆਸ ਮੁਖੀ ਨੂੰ ਸੁਖਬੀਰ ਬਾਦਲ ਵਲੋਂ ਸਿਰੋਪਾ ਪਾਉਣ ਦਾ ਮਸਲਾ ਭਖਿਆ- ਇਕ ਖ਼ਬਰ
ਰੌਲ਼ਾ ਭਾਈ ਸਿਰੋਪੇ ਦਾ ਨਹੀਂ, ਰਾਅ ਸਿੱਖਾਂ ਦੀਆਂ ਵੋਟਾਂ ਸੁਖਬੀਰ ਬਾਦਲ ਨੂੰ ਪਵਾਉਣ ਦਾ ਐ।
ਕਿੱਥੇ ਗਏ ਪੰਜਾਬ ਦੇ ਸਿਆਸੀ ਪਿੜ 'ਚੋਂ ਖੱਬੇ-ਪੱਖੀ?- ਇਕ ਸਵਾਲ
ਇਸ ਘਰ ਕੋ ਆਗ ਲਗ ਗਈ ਘਰ ਕੇ ਚਿਰਾਗ਼ ਸੇ।
ਬਾਦਲ ਪਰਵਾਰ ਲਈ ਕਮਾਊ ਪੁੱਤ ਸਾਬਤ ਹੋ ਰਿਹੈ ਸ਼੍ਰੋਮਣੀ ਕਮੇਟੀ ਪ੍ਰਧਾਨ-ਇਕ ਖ਼ਬਰ
ਉਹਦੇ ਸਿਰ 'ਤੇ ਕਲਗ਼ੀ ਤੇ ਪੈਰੀਂ ਝਾਂਜਰ, ਨੀਂ ਉਹ ਚੋਗ ਚੁਗੇਂਦਾ ਆਇਆ।
ਕੈਪਟਨ ਅਮਰਿੰਦਰ ਸਿੰਘ ਨੇ ਬੋਲੀ ਭਾਜਪਾ ਦੀ ਬੋਲੀ- ਹਰਪਾਲ ਚੀਮਾ
ਨੀਂ ਉਹ ਲੰਬੜਾਂ ਦਾ ਮੁੰਡਾ, ਬੋਲੀ ਹੋਰ ਬੋਲਦਾ।
ਪਟਰੌਲ ਪੰਪ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ 'ਚ 17 ਡੇਰਾ ਪ੍ਰੇਮੀ ਬਰੀ-ਇਕ ਖ਼ਬਰ
ਅਸਾਂ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਦੁੱਧ ਪੀ ਲਵੇ।
ਅਕਾਲੀ ਆਗੂਆਂ ਨੇ ਕੀ ਖੱਟਿਆ ਕਰਤਾਰ ਪੁਰ ਲਾਂਘੇ ਦੇ ਸਮਾਗਮ 'ਚ ਆ ਕੇ?-ਇਕ ਸਵਾਲ
ਤੂੜੀ ਵਿਚੋਂ ਪੁੱਤ ਜੱਗਿਆ, ਲਿਆ ਤੰਗਲ਼ੀ ਨਸੀਬਾਂ ਨੂੰ ਫਰੋਲੀਏ।
ਕਰਤਾਰ ਪੁਰ ਲਾਂਘਾ ਇਕੱਲੇ ਸਿੱਧੂ ਦੀ ਨਹੀਂ ਬਲਕਿ ਸਾਰਿਆਂ ਦੀ ਮੰਗ-ਵੀ.ਕੇ.ਸਿੰਘ
ਕੱਲ੍ਹ ਤੱਕ ਤਾਂ ਇਹਨਾਂ 'ਸਾਰਿਆਂ' ਨੂੰ ਲਾਂਘੇ ਰਾਹੀਂ ਅੱਤਵਾਦੀ ਆਉਂਦੇ ਦਿਸਦੇ ਸਨ।
ਪ੍ਰਧਾਨ ਮੰਤਰੀ ਦਫ਼ਤਰ ਵਲੋਂ ਕਾਲ਼ੇ ਧਨ ਬਾਰੇ ਜਾਣਕਾਰੀ ਦੇਣ ਤੋਂ ਨਾਂਹ- ਇਕ ਖ਼ਬਰ
ਬੋਲਣ ਝੂਠ ਤੇ ਖਾਣ ਹਰਾਮ, ਕਿਆ ਹੋਵੇ ਤਾਸੀਰ।
ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿੱਪ ਅੱਜ ਨੀਂਹ-ਪੱਥਰ ਸਮਾਗਮ 'ਚ ਹੋਵੇਗੀ ਸ਼ਾਮਲ- ਇਕ ਖ਼ਬਰ
ਹੋਰ ਹੁਣ ਤੁਹਾਡੇ ਕੋਲ਼ ਰਾਹ ਵੀ ਕੀ ਹੈ! ਰਲ਼ ਜਾਉ ਦੌੜ ਕੇ।
ਸਿੱਧੂ ਨੂੰ ਗ਼ਦਾਰ ਕਹਿਣ ਬਾਅਦ ਹੁਣ ਬੀਬੀ ਬਾਦਲ ਕਿਸ ਮੂੰਹ ਨਾਲ਼ ਪਾਕਿਸਤਾਨ ਜਾਵੇਗੀ-ਸੁਖਜਿੰਦਰ ਸਿੰਘ ਰੰਧਾਵਾ
ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਵੇ ਮੈਨੂੰ ਤੁਰਨਾ ਪਿਆ।