ਲਾਂਘਾ - ਸ਼ਾਮ ਸਿੰਘ ਅੰਗ ਸੰਗ
ਲਾਂਘਾ ਕੇਹਾ ਖੁੱਲ੍ਹਿਆ
ਕਿ ਦਰ ਖੁੱਲ੍ਹ ਗਏ
ਅਰਸ਼ਾਂ ਦੇ ਪੱਲੇ ਵਿਚੋਂ
ਤਾਰੇ ਡੁੱਲ੍ਹ ਗਏ।
ਸਮੇਂ ਐਸੇ ਜੁੜੇ
ਕਿ ਮਿਲਾਪ ਹੋ ਗਿਆ
ਜਿਉਂ ਸ਼ੁਰੂ ਅੱਲ੍ਹਾ ਦਾ
ਅਲਾਪ ਹੋ ਗਿਆ।
ਸੰਗੀਤ ਨਾਲ ਭਰੀ
ਕਾਇਨਾਤ ਹੋ ਗਈ
ਇਹ ਇਲਾਹੀ ਕਰਾਮਾਤ
ਨਵੀਂ ਬਾਤ ਹੋ ਗਈ।
ਸਿੱਧ ਹੋਇਆ ਕਿ ਨਾਨਕ
ਸੀ ਸਾਂਝਾ ਸਭ ਦਾ
ਬਣਿਆ ਹਰੇਕ ਲਈ
ਸੀ ਰੂਪ ਰੱਬ ਦਾ ।
ਹੋਇਆ ਬੜਾ ਹੀ ਵਿਰੋਧ
ਚੱਲੀ ਕਿਸੇ ਦੀ ਨਾ ਕੋਈ
ਜਿਹੜੀ ਹੋਣੀ ਸੀ ਅਨੋਖੀ
ਉਹੋ ਧਰਤੀ 'ਤੇ ਹੋਈ।
ਦੋਵਾਂ ਮੁਲਕਾਂ ਦੇ ਆਗੂ
ਜਿਵੇਂ ਜਾਗ ਪਏ ਸੁੱਤੇ
ਛੱਡ ਹੳਂਮੇਂ ਦਾ ਰੋਗ
ਤੁਰੇ ਸੱਚ ਦੇ ਰਾਹ ਉੱਤੇ।
ਢਹੀ ਨਫਰਤ ਦੀ ਕੰਧ
ਨਾਲੇ ਝੂਠ ਦੀ ਦੀਵਾਰ
ਦੇਵੇਂ ਪਾਸਿਆਂ ਦੇ ਲੋਕੀ
ਹੋਈ ਜਾਣੇ ਆਰ ਪਾਰ
ਇਸ ਲਾਂਘੇ 'ਤੇ ਦਿਸਣਗੇ
ਝੰਡੇ ਸੱਚ ਦੇ ਜੋ ਝੁੱਲੇ
ਕਦਮ ਕਦਮ ਬੋਲ ਪੈਣਗੇ
ਹੁਸੈਨ, ਪੀਲੂ ਅਤੇ ਦੁੱਲੇ
ਕੇਵਲ ਲਾਂਘਾ ਹੀ ਨਹੀਂ
ਰੂਹਾਂ ਦੇ ਦਰਵਾਜੇ ਖੁੱਲ੍ਹੇ
ਨਾਨਕ ਦੀਆਂ ਪੈੜਾਂ ਵਿਚੋਂ
ਸੱਚ ਦੇ ਉੱਚੇ ਝੰਡੇ ਝੁੱਲੇ।
ਅਰਦਾਸਾਂ ਨੂੰ ਬੂਰ ਪੈ ਗਿਆ
ਕਣ ਕਣ ਦੇ ਰਾਹ ਖੁੱਲ੍ਹੇ
ਦੂਰ ਦੂਰ ਤੋਂ ਨਜ਼ਰ ਪੈਣਗੇ
ਵਾਰਸ, ਬਾਹੂ ਤੇ ਬੁੱਲੇ
ਚਾਨਣ ਫੇਰ ਕਰ ਗਿਆ
ਨਾਨਕ ਦੇਵ ਸੀ ਫਕੀਰ
ਏਧਰ ਗੁਰੂ ਉਹਨੂੰ ਕਹਿੰਦੇ
ਪਾਰ ਵਾਲਿਆਂ ਦਾ ਪੀਰ।
06 Dec. 2018