ਮਿਹਨਤੀ - ਵਿਨੋਦ ਫ਼ਕੀਰਾ

ਦਸੰਬਰ ਮਹੀਨੇ ਦਾ ਅੱਧ ਕੁ ਬੀਤ ਚੁੱਕਾ ਸੀ ਜਿਸ ਕਾਰਣ ਬਾਕੀ ਦਿਨਾਂ ਨਾਲੋਂ ਠੰਡ ਵੀ ਜਿਆਦਾ ਪੈ ਰਹੀ ਸੀ। ਮੈਂ ਰੋਜ਼ ਦੀ ਤਰ੍ਹਾਂ ਸਵੇਰੇ ਸੈਰ ਲਈ ਘਰੋਂ ਚੱਲ ਪਿਆ ਤਾਂ ਵੇਖਿਆ ਆਬਾਦੀ ਤੋਂ ਬਾਹਰ ਜਾਂਦੇ ਰਸਤੇ ਤੇ ਅੱਗ ਬਾਲ ਕੇ ਸੱਤ ਅੱਠ ਜਣੇ ਹੱਥ ਸੇਕ ਰਹੇ ਸਨ। ਜੱਦ ਮੈਂ ਉਨ੍ਹਾਂ ਦੇ ਕੋਲ ਪੁੱਜਾ ਤਾਂ ਵੇਖਿਆ ਕਿ ਇਹ ਤਾਂ ਰੋਜ ਜੋ ਬੋਰੇ ਚੁੱਕੀ ਰਸਤੇ ਵਿੱਚੋ ਗੱਤੇ ਦੇ ਟੁਕੜੇ ,ਬੇਕਾਰ ਪਲਾਸਟਿਕ ਦਾ ਸਮਾਨ ਆਦਿ ਚੁੱਕ ਕੇ ਆਪਣੇ ਸਿਰ ਤੇ ਟੰਗੇ ਝੋਲੇ ਵਿੱਚ ਪਾ ਲੈਂਦੇ ਸਨ, ਉਹ ਹੀ ਹਨ। ਅੱਗ ਸੇਕਣ ਦੇ ਬਹਾਨੇ ਹੀ ਉਨ੍ਹਾਂ ਕੋਲ ਰੁਕਣ ਦਾ ਮੌਕਾ ਮਿਲ ਗਿਆ ਉਨ੍ਹਾਂ ਦੇ ਆਪਸੀ ਗੱਲਬਾਤ ਤੋਂ ਲਗ ਰਿਹਾ ਸੀ ਕਿ ਉਹ ਆਪਣੇ ਕੰਮ ਤੇ ਸਵੇਰੇ ਚਾਰ ਕੁ ਵਜੇ ਦੇ ਕਰੀਬ ਹੀ ਤੁਰ ਪੈਂਦੇ ਹਨ ।  ਇਸ ਤਰ੍ਹਾਂ ਲੱਗ ਰਿਹਾ ਸੀ ਕਿ ਉਹ ਇਸ ਕੂੜੇ ਕਰਕੱਟ ਵਿੱਚੋਂ ਹੀ ਆਪਣੀ ਜਿੰਦਗੀ ਦੀ ਭਾਲ ਕਰ ਰਹੇ ਹੋਣ ਜਿਸ ਦਾ ਅੰਦਾਜ਼ਾ ਉਨ੍ਹਾਂ ਦੀ ਇਸ ਗੱਲ ਤੋਂ ਲੱਗਾ ਕਿ ਉਨ੍ਹਾਂ ਵਿੱਚੋਂ ਇੱਕ ਨੇ ਗੱਲ ਤੋਰੀ ਕਿ ਅੱਜ ਆਪਣੇ ਕੰਮ ਤੋਂ ਜਲਦੀ ਵੇਹਲੇ ਹੋ ਕੇ ਆਪਣੇ ਬੱਚੇ ਦੇ ਸਕੂਲ ਵਿਖੇ ਜਾਣਾ ਹੈ। ਇਹ ਗੱਲ ਮੇਰੇ ਦਿਲ ਨੂੰ ਟੁੰਬ ਗਈ ਕਿ ਜਿੱਥੇ ਇਹ ਬੇਕਾਰ ਦੀਆਂ ਚੀਜਾਂ ਨੂੰ ਅਲੱਗ ਅਲੱਗ ਕਰਕੇ ਉਹਨਾਂ ਨੂੰ ਮੁੜ ਵਰਤੋਂ ਵਿੱਚ ਲਿਉਣ ਯੋਗ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ ਉਸੇ ਤਰ੍ਹਾਂ ਹੀ ਆਪਣੇ ਜਿੰਦਗੀ ਅਤੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਉਚੇਰੀ ਸੋਚ ਰੱਖਦੇ ਹਨ।ਉਹ ਸਾਰੇ ਕੁੱਝ ਚਿਰ ਅੱਗ ਸੇਕਣ ਤੋਂ ਬਾਅਦ ਬੜੀ ਖੁੱਸ਼ੀ ਨਾਲ ਆਪਣੇ ਕੰਮਾਂ ਲਈ ਰਵਾਨਾ ਹੋ ਗਏ ਤਾਂ ਜੋ, ਉਹ ਬਜ਼ਾਰ ਖੁੱਲਣ ਤੋਂ ਪਹਿਲਾਂ ਹੀ ਦਿਨ ਭਰ ਦੀ ਰੋਜੀ ਰੋਟੀ ਦਾ ਪ੍ਰਬੰਧ ਕਰ ਸਕਣ ।ਉਨ੍ਹਾਂ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਉਨ੍ਹਾਂ ਦੇ ਚਿਹਰੇ ਤੇ ਕੋਈ ਤੜਕੇ ਉਠੱਣ ਅਤੇ ਕੰਮ ਤੋ ਕੰਨੀ ਕਤਰਾਉਣ ਦੀ ਕੋਈ ਸ਼ਿਕਨ ਤੱਕ ਨਜ਼ਰ ਨਹੀਂ ਆ ਰਹੀ ਸੀ ਸਗੋਂ ਉਨ੍ਹਾਂ ਨੂੰ ਵੇਖ ਕੇ ਲੱਗਾ ਕਿ ''ਮੇਰੇ ਸ਼ਹਿਰ ਦੀ ਇੱਕ ਬਸਤੀ, ਜਿਸ ਦੇ ਲੋਕ ਮਿਹਨਤੀ ਤੇ ਦਸਤੀ'' ਵਾਲੀ ਗੱਲ ਪੂਰੀ ਤਰ੍ਹਾਂ ਉਨ੍ਹਾਂ ਤੇ ਢੁੱਕਦੀ ਨਜ਼ਰ ਆਉਂਦੀ ਸੀ। ਮੇਰੇ ਵੇਖਦੇ ਹੀ ਵੇਖਦੇ ਉਹ ਪੈ ਰਹੀ ਧੁੰਧ ਵਿੱਚ ਅੱਖੋਂ ਉਹਲੇ ਹੋ ਗਏ।

ਵਿਨੋਦ ਫ਼ਕੀਰਾ,ਸਟੇਟ ਐਵਾਰਡੀ,
ਆਰੀਆ ਨਗਰ, ਕਰਤਾਰਪੁਰ,
ਜਲੰਧਰ।
ਮੋ.098721 97326
vinodfaqira8@gmial.com