ਕੌੜਾ ਪਰ ਸੱਚ : ਮਾੜੇ ਸਮਿਆਂ ਦੀ ਇਕ ਨਾ ਭੁੱਲਣ ਵਾਲੀ ਪੀੜ - ਮਨਜਿੰਦਰ ਸਿੰਘ ਸਰੌਦ

ਘਟਨਾ ਸ਼ਾਇਦ ਛੱਬੀ ਸਤਾਈ ਵਰ੍ਹੇ ਪੁਰਾਣੀ ਹੋਵੇਗੀ ਜਦ ਪੰਜਾਬ ਅੰਦਰ ਖਾੜਕੂ ਲਹਿਰ ਆਪਣੇ ਸਿਖਰ ਤੋਂ ਸਮਾਪਤੀ ਵੱਲ ਵਧ ਰਹੀ ਸੀ ਪੁਲਿਸ ਅਤੇ ਫੌਜ ਦੀਆਂ ਗੱਡੀਆਂ ਪਿੰਡਾਂ ਵਿੱਚ ਤਲਾਸ਼ੀ ਅਭਿਆਨ ਦੇ ਨਾਂਅ ਤੇ ਹਰਲ ਹਰਲ ਕਰਦੀਆਂ ਫਿਰਦੀਆਂ ਸਨ ਕਿੰਨੀਆਂ ਹੀ ਮਾਵਾਂ ਤੇ ਭੈਣਾਂ ਦੇ ਹਉਕੇ ਸਿਵਿਆਂ ਦੀ ਰਾਖ ਬਣ ਕੇ ਹਵਾ ਦੇ ਵਾ ਵਰੋਲਿਆਂ ਰਾਹੀਂ ਪੰਜਾਬ ਦੀ ਫ਼ਿਜ਼ਾ ਚ ਗੁਆਚ ਗਏ । ਬਾਪੂ ਦੀ ਪੱਗ ਥਾਣੇ ਤੇ ਕਚਹਿਰੀਆਂ ਦੀ ਸਰਦਲ ਦੇ ਪਾਰ ਪਤਾ ਨਹੀਂ ਕਿੰਨੀ ਵਾਰ ਉਛਾਲੀ ਗਈ ਉਸ ਦੀਆਂ ਬੇਵੱਸ ਅੱਖਾਂ ਚੋਂ ਨਿਕਲੇ ਖੂਨ ਦੇ ਹੰਝੂ ਉਸ ਦੀ ਸਫੈਦ ਹੋ ਚੁੱਕੀ ਦਾੜ੍ਹੀ ਵਿੱਚ ਅਲੋਪ ਹੋ ਜਾਂਦੇ ਰਹੇ ।
                ਖੈਰ ਮੈ ਉਸ ਸਮੇਂ ਆਪਣੀ ਉਮਰ ਦੇ ਤੇਰਵੇ  ਚੌਦਵੇਂ ਕੁ ਵਰ੍ਹੇ ਵਿੱਚ ਪੈਰ ਪਾਇਆ ਸੀ ਤਾਇਆ ਚਰਨ ਸਿੰਘ  ਦੁਆਰਾ ਦਿੱਤੀ ਸੁਚੱਜੀ ਅਤੇ ਬਾਪੂ ਨਾਜਰ ਸਿੰਘ ਦੀ ਕਵੀਸ਼ਰੀ ਕਲਾ ਦੀ ਗੁੜ੍ਹਤੀ ਦੇ ਅਸਰ ਸਦਕਾ ਸਾਹਿਤ ਨਾਲ ਲਗਾਅ ਦੇ ਚੱਲਦਿਆਂ ਅਖ਼ਬਾਰ ਨਾਲ ਪਿਆਰ ਸ਼ੁਰੂ  ਤੋਂ ਡਾਢਾ ਬਣਿਆ ਰਿਹਾ  । ਜਦੋਂ ਤੋਂ ਅਖ਼ਬਾਰ ਨੇ ਆਪਣੇ ਜੀਵਨ ਦੀ ਪਹਿਲੀ ਪੁਲਾਂਘ ਪੁੱਟੀ ਉਸੇ ਦਿਨ ਤੋਂ ਇਹ ਸਾਡੇ ਘਰ ਦਾ ਸ਼ਿੰਗਾਰ ਹੈ ਜਾਂ ਕਹਿ ਲਈਏ ਕਿ ਆਲੇ ਦੁਆਲੇ ਜਾਂ ਮੇਰੇ ਪਿੰਡ ਸਰੌਦ ਵਿੱਚ ਸਿਰਫ਼ ਸਾਡਾ ਪਰਿਵਾਰ ਹੀ ਉਸ ਸਮੇਂ ਅਖ਼ਬਾਰ ਦਾ ਪਾਠਕ ਸੀ ਉਨ੍ਹੀਂ ਦਿਨੀਂ ਹਾਕਰਾਂ ਨਾਲ ਗੰਨਮੈਨ ਵੀ ਆਉਂਦੇ ਸਨ ਅਤੇ ਅਖਬਾਰ ਦੀਆਂ ਕਾਪੀਆਂ ਜ਼ਬਤ ਹੋਣਾ ਆਮ ਗੱਲ ਸੀ ਪਹਿਲਾਂ  ਹਾਕਰ ਗੁਰਨਾਮ ਸਿੰਘ ਫਿਰ ਉਸ ਤੋਂ ਬਾਅਦ ਬੂਟਾ ਸਿੰਘ ਜੋ ਜੀਰਖ  ਪਿੰਡ ਤੋਂ ਆਉਂਦਾ ਸੀ ਉਹ ਮੇਰੇ ਕੋਲ ਆ ਕੇ ਚਾਹ ਪਾਣੀ ਛਕਦਾ ਤੇ ਪਿੰਡ ਅੰਦਰ ਹੋਰ ਅਖਬਾਰ ਲਗਵਾਉਣ ਦੇ ਲਈ ਕਹਿੰਦਾ ਰਹਿੰਦਾ ਅਖ਼ਬਾਰਾਂ ਦੀ ਗਿਣਤੀ ਉਸ ਸਮੇਂ ਪਿੰਡਾਂ ਅੰਦਰ ਨਾ ਮਾਤਰ ਸੀ ਮੇਰੇ ਪਿੰਡ ਅੰਦਰ ਮਹਿਜ਼ ਨੌ ਅਤੇ ਆਲੇ ਦੁਆਲੇ ਦੇ ਚੌਦਾਂ ਪਿੰਡਾਂ ਅੰਦਰ ਕੁੱਲ ਅਠਾਹਟ ਅਖ਼ਬਾਰ ਆਉਂਦੇ ਸਨ ਫਿਰ ਹਾਕਰ ਸ਼ਰੀਫ਼ ਮੁਹੰਮਦ ਨੇ ਆ ਕੇ ਇਸ ਅੰਕੜੇ ਨੂੰ ਤੋੜਿਆ ਅਤੇ ਗਿਣਤੀ ਵਧਦੀ ਚਲੀ ਗਈ । 
                        ਹਾਕਰ  ਬੂਟਾ ਸਿੰਘ ਨੂੰ ਘਰ ਦੀ ਕਬੀਲਦਾਰੀ ਦੇ ਚੱਲਦਿਆਂ ਅਖਬਾਰ ਲੇਟ ਜਾਂ ਛੁੱਟੀ ਕਰਨ ਦੀ ਮਜਬੂਰੀ ਸੀ ਮੈਂ ਆਪਣੀ ਚੇਟਕ ਨੂੰ ਪੂਰਾ ਕਰਨ ਦੇ ਲਈ ਜਿਸ ਸੜਕ ਤੋਂ ਹਾਕਰ ਨੇ ਆਉਣਾ ਹੁੰਦਾ ਸੀ ਉਸ ਰਸਤੇ ਤੇ ਪੈਂਦੀ ਮੋਟਰ ਤੇ ਬੈਠ ਉਸ ਨੂੰ ਉਡੀਕਣਾ ਸ਼ੁਰੂ ਕਰ ਦੇਣਾ ਕਈ ਵਾਰ ਘਰ ਦਾ ਕੰਮ ਮੁਕਾ ਉਸ ਦੇ ਨਾਲ ਹੀ ਤੁਰ ਪੈਣਾ ਤੇ ਲੋਕਾਂ ਨੂੰ ਅਖਬਾਰ ਪੜ੍ਹਨ ਤੇ ਘਰ ਲਗਵਾਉਣ ਲਈ ਮਿੰਨਤਾਂ ਕਰਨੀਆਂ ਪਰ ਜ਼ੁਲਮੋ ਤਸ਼ੱਦਦ ਦੇ ਝੰਬੇ ਲੋਕ ਆਪਣੇ ਖੋਅ ਚੁੱਕੇ ਜੀਆਂ ਦੇ ਵੈਰਾਗ ਵਿੱਚ ਉੱਖੜੇ ਉੱਖੜੇ ਜਾਪਦੇ ਸਨ ਪੰਜਾਬ ਵਿੱਚ ਇੱਕ ਵੱਖਰੀ ਹੀ ਤਰ੍ਹਾਂ ਦਾ ਸਨਾਟਾ ਸੀ ਚੁੱਪ ਸੀ।
                  ਇੱਕ ਦਿਨ ਬੂਟਾ ਸਿੰਘ ਅਖ਼ਬਾਰ ਦੇਣ ਨਾ ਆਇਆ ਮੈਂ ਉਡੀਕ ਉਡੀਕ ਕੇ ਘਰੋਂ ਚੋਰੀ ਸਾਈਕਲ ਚੁੱਕ ਮਲੇਰ ਕੋਟਲੇ ਵੱਲ ਨੂੰ ਸ਼ੂਟ ਵੱਟ ਦਿੱਤੀ ਦੋ ਤਿੰਨ ਦੋਧੀ ਤੇ ਕਈ ਸਬਜ਼ੀ ਵਾਲਿਆਂ ਦੇ ਨਾਲ ਸ਼ਹਿਰ ਦੀ ਹਦੂਦ ਅੰਦਰ ਨਾਕਾ ਲਾਈ ਖੜ੍ਹੀ ਪੰਜਾਬ ਪੁਲੀਸ ਸੀ ਆਰ ਪੀ ਐਫ ਤੇ ਫ਼ੌਜ ਵਾਲਿਆਂ ਦੇ ਮੱਥੇ ਜਾ ਲੱਗਿਆ ਉੱਥੇ ਆਵਾਜਾਈ ਵੀ ਘੱਟ ਸੀ ਸਿਆਲ ਦਾ ਮਹੀਨਾ ਤੇ ਲੋਹੜੇ ਦੀ ਧੁੰਦ ਹੱਥ ਮਾਰਿਆ ਨਹੀਂ ਸੀ ਵਿਖਾਈ ਦਿੰਦਾ ਕਾਫੀ ਬਹਿਸਬਾਜ਼ੀ ਤੋਂ ਬਾਅਦ ਕੇਵਲ ਦੋਧੀਆਂ ਦੇ ਢੋਲਾਂ ਦੀ ਤਲਾਸ਼ੀ ਲੈਣ ਤੇ  ਪੁਲਿਸ ਨੇ ਉਨ੍ਹਾਂ ਨੂੰ ਜਾਣ ਦਿੱਤਾ ਬਾਕੀਆਂ ਨੂੰ ਉਨ੍ਹੀਂ ਪੈਰੀਂ ਵਾਪਸ ਜਾਣ ਦਾ ਹੁਕਮ ਚਾੜ੍ਹਿਆ ਮੈਂ ਚਾਰ ਪੰਜ ਸਬਜ਼ੀ ਵਾਲਿਆਂ ਦੇ ਨਾਲ ਹੀ ਦੋਧੀਆਂ ਦੇ ਮਗਰ ਸਾਈਕਲ ਠਿੱਲ ਦਿੱਤਾ ਉੱਚੀ ਉੱਚੀ  ਆਵਾਜ਼ਾਂ ਆਈਆਂ ਤੇ  ਪੁਲਸੀ?ੇ ਨੇ ਵਿਸ਼ਲ ਮਾਰੀ ਤੇ ਮੈਨੂੰ ਕੜਕਵੀਂ ਆਵਾਜ਼ ਵਿੱਚ ਪੁੱਛਿਆ ਤੁਮਨੇ ਕਿਆ ਕਰਨਾ  ਹੈ ਮੇਰੇ ਮੂੰਹੋ ਸਹਿਜ ਸੁਭਾਅ ਨਿਕਲਿਆ ਕਿ ਮੈ ਅਖਵਾਰ ਲੈਣਾ  ਹੈ ,ਅਰੇ ਸਾਲੇ ਤੁਮਕੋ ਅਖਬਾਰ ਕੀ ਪੜੀ ਹੈ ਜਹਾਂ  ਲੋਕ  ਮਰ ਰਹੇ  ਹੈ ਇਨ੍ਹਾਂ ਕਹਿ ਉਸ ਨੇ ਹੱਥ ਵਿਚਲਾ ਮੋਟਾ ਰੂਲਾ ਮੇਰੇ ਵੱਲ ਚਲਾਵਾਂ ਮਾਰਿਆ ਜਿਹੜਾ ਸਾਈਕਲ ਦੇ ਮਗਰਾੜ ਤੇ ਲੱਗਿਆਂ ਤੇ ਮਗਰਾੜ ਟੁੱਟ ਕੇ ਦੂਰ ਜਾ ਡਿੱਗਿਆ ਮੈਂ ਪਿਛਲਖੋੜੀ ਭੱਜਿਆ ਇੱਕ ਰੂਲਾ ਫੇਰ ਗੋਲੀ ਵਾਂਗ ਆਇਆ ਜਿਹੜਾ ਧੈਂਅ ਕਰਕੇ ਮੇਰੇ ਮੌਰਾਂ ਵਿੱਚ ਆ ਵੱਜਿਆ ਉਦੋਂ ਤੱਕ ਮੈਂ ਸਾਈਕਲ ਤੇ ਸਵਾਰ ਹੋ ਚੁੱਕਿਆ ਸੀ ਸਾਈਕਲ ਤੇ ਚੜ੍ਹਦੇ ਸਮੇਂ ਇੱਕ ਭੁਲੇਖਾ ਪਿਆ ਜਿਵੇਂ ਉਸ ਪੁਲਸ ਵਾਲੇ ਨੇ ਡਾਂਗ ਵਰਾਉਣ ਤੋਂ ਬਾਅਦ ਮੋਢੇ ਪਾਈ ਰਾਈਫ਼ਲ ਨੂੰ ਥਾਂ ਸਿਰ ਕਰਕੇ ਉੱਪਰ ਚੁੱਕਿਆ ਹੋਵੇ ਐਨੇ ਚਿਰ ਨੂੰ ਮੈਂ ਦੂਰ ਨਿਕਲ ਚੁੱਕਿਆ ਸੀ ਬਾਕੀ ਲੋਕਾਂ ਦਾ ਕੀ ਬਣਿਆ ਕੁਝ ਪਤਾ ਨਹੀਂ ਲੱਗਿਆ ਚੱਪਲਾਂ ਵੀ ਉਥੇ ਹੀ ਰਹਿ ਗਈਆਂ ਪਿੰਡ ਆਉਂਦੇ ਨੂੰ ਡਾਂਗ ਦੀ ਚਸਕ ਹੱਦੋਂ ਵੱਧ ਗਈ ਕੁਝ ਮਿੰਟਾਂ ਦੀ ਘਟਨਾ ਨੇ ਅੰਦਰੋਂ ਕੋਮਲ ਮਨ ਨੂੰ ਤੋੜ ਕੇ ਰੱਖ ਦਿੱਤਾ ਘਰ ਜਾਣ ਦੀ ਬਜਾਏ ਸਿੱਧਾ ਖੇਤ ਨੂੰ ਗਿਆ ਪਾਣੀ ਦੀ ਘੁੱਟ ਪੀ ਕੇ ਸਾਰਾ ਕੁਝ ਭੁੱਲਣ ਦਾ ਯਤਨ ਕੀਤਾ ਕਿਸੇ ਫ਼ਿਲਮ ਦੀ ਤਰ੍ਹਾਂ ਉਹ  ਦ੍ਰਿਸ਼  ਬਾਰ ਬਾਰ ਮੇਰੇ ਜ਼ਹਿਨ ਤੇ ਤੈਰਦੇ ਰਹੇ ਘਰੇ ਪਹੁੰਚ ਸਾਈਕਲ ਡਰਦਿਆਂ ਡਰਦਿਆਂ ਇੱਕ ਨੁੱਕਰੇ ਲਾ ਦਿੱਤਾ ਮਾਂ ਨੇ ਰੋਟੀ ਦਿੰਦਿਆਂ ਝਿੜਕਾਂ ਦੀ ਝੜੀ ਲਾ ਦਿੱਤੀ ਰਾਤ ਨੂੰ ਮੌਰ ਦੀ ਚੀਸ ਨੇ  ਪਾਸਾ ਵੀ  ਨਾ ਪਰਤਣ ਦਿੱਤਾ ਗਰਮ ਇੱਟ ਦਾ ਸੇਕ ਵੀ ਕੁਝ ਨਾ ਕਰ ਸਕਿਆ।
ਅਗਲੇ ਦਿਨ ਬੂਟਾ ਸਿੰਘ ਪੁਰਾਣਾ ਅਤੇ ਨਵਾਂ ਅਖ਼ਬਾਰ ਲੈ ਕੇ ਹਾਜ਼ਰ ਸੀ ਅੱਜ ਵੀ ਸੋਚਦਾ ਹਾਂ ਕਿਹੋ ਜਿਹਾ ਸਮਾਂ ਸੀ ਉਹ। ਖੌਰੇ ਇਹੋ ਜਿਹੀ ਸਾਹਿਤਕ ਚੇਟਕ ਦੀ ਵਜ੍ਹਾ ਨਾਲ ਹੀ ਕਲਮ ਦੇ ਖੇਤਰ ਵਿੱਚ ਪੈਰ ਲੱਗੇ ਹੋਣ ਤੇ ਸਮਾਜ ਲਈ ਕੁਝ ਲਿਖ ਕੇ ਕਰ ਵਿਖਾਉਣ ਲਈ ਇਨ੍ਹਾਂ ਘਟਨਾਵਾਂ ਦਾ ਭਰਵਾਂ ਯੋਗਦਾਨ ਹੋਵੇ ਅੱਜ ਵੀ ਜਦ ਦੁਨੀਆਂ ਦੇ ਵੱਖ ਵੱਖ ਅਖ਼ਬਾਰਾਂ ਲਈ ਲੇਖ ਲਿਖਦਾ ਹਾਂ ਰੇਡੀਓ ਟੀਵੀ ਤੇ ਪ੍ਰੋਗਰਾਮ ਕਰਦਾ ਹਾਂ ਅਤੇ ਬਾਲੀਵੁੱਡ ਦੀਆਂ ਸਟੋਰੀਆਂ ਕਰਨ ਸਮੇਂ ਜਦ ਮੋਢੇ ਦੀ ਪੀੜ ਉੱਠਦੀ ਹੈ ਤਾਂ ਉਹ ਮਾੜੇ ਸਮਿਆਂ  ਨੂੰ ਯਾਦ ਕਰ ਸੀਨੇ ਅੰਦਰੋਂ ਇੱਕ ਧਾਅ ਜ਼ਰੂਰ ਨਿਕਲਦੀ ਹੈ ਕਿ ਕਿੰਝ ਸਮੇਂ ਦੇ ਹਾਕਮਾਂ ਨੇ ਭਾਈਆਂ ਤੋਂ ਭਾਈ ਕਤਲ ਕਰਵਾ ਦਿੱਤੇ ਤੇ ਪੰਜਾਬ ਦੀ ਧਰਤੀ ਲਾਲ ਸਮੁੰਦਰ ਦੇ ਰੂਪ ਵਿੱਚ ਤਬਦੀਲ ਹੋਣ ਲੱਗੀ ਬੁਰਸਿਆਂ ਵਰਗੇ ਜਵਾਨਾਂ ਦੀਆਂ ਲਾਸ਼ਾਂ ਨਾਲ ਸਿਵੇ ਭਰ ਗਏ ਸਨ ਖ਼ੈਰ ਮਾਲਕ  ਭਲੀ ਕਰੇ ਇਹੋ ਜਿਹੇ ਦਿਨ ਮੇਰੇ ਪੰਜਾਬ ਨੂੰ ਫੇਰ ਨਾ ਵੇਖਣੇ ਪੈਣ  ਇਹ ਸੀ ਲੰਘੇ ਵੇਲਿਆਂ ਦੀ ਇੱਕ ਅਭੁਲ ਪੀੜ ਦੀ  ਦਾਸਤਾਨ ਜੋ ਅੱਜ ਫੇਰ ਵਰ੍ਹਿਆਂ ਬਾਅਦ ਚੇਤੇ ਆ ਗਈ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136