ਪੰਜਾਬ ਦੀ ਸਰਕਾਰ ਲਈ ਲੋਕਾਂ ਨੂੰ ਸਿੱਟੇ ਕੱਢ ਕੇ ਵਿਖਾਉਣ ਵਾਲਾ ਕੰਮ ਹੈ ਬੜਾ ਔਖਾ -ਜਤਿੰਦਰ ਪਨੂੰ
ਕਾਰੋਬਾਰੀ ਲੋਕ ਜਿਵੇਂ ਸਵੇਰੇ ਕੰਮ ਸ਼ੁਰੂ ਕਰਨ ਵੇਲੇ ਇਹ ਬਾਅਦ ਵਿੱਚ ਵੇਖਦੇ ਹਨ ਕਿ ਕਿੱਥੋਂ ਕੀ ਆਉਣ ਵਾਲਾ ਹੈ, ਪਹਿਲਾਂ ਹੱਥ ਵਿਚਲਾ ਕੈਸ਼ ਗਿਣਦੇ ਹਨ, ਉਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਦੇ ਬਾਕੀ ਰਹਿੰਦੇ ਸਾਢੇ ਚਾਰ ਤੋਂ ਵੱਧ ਸਾਲ ਬਾਅਦ ਵਿੱਚ ਵੇਖੇ ਜਾਣਗੇ, ਖੜੇ ਪੈਰ ਉਨ੍ਹਾਂ ਕੋਲ ਕੰਮ ਕਰਨ ਲਈ ਸਿਰਫ ਦੋ ਹਫਤੇ ਹਨ। ਇਸ ਦੇ ਬਾਅਦ ਉਹ ਵਿਦੇਸ਼ ਦੌਰਾ ਕਰਨ ਚਲੇ ਜਾਣਗੇ। ਪੰਜਾਬ ਸਰਕਾਰ ਦੇ ਜਿਹੜੇ ਅਫਸਰਾਂ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਅੱਖ ਦਾ ਇਸ਼ਾਰਾ ਤੱਕ ਸਮਝਦੇ ਹਨ, ਉਨ੍ਹਾਂ ਬਾਰੇ ਖਬਰਾਂ ਹਨ ਕਿ ਉਹ ਵਿਦੇਸ਼ੀ ਦੌਰੇ ਲਈ ਵੀ ਉਨ੍ਹਾ ਦੇ ਨਾਲ ਜਾਣ ਵਾਲੇ ਹਨ। ਸਰਕਾਰ ਦੇ ਕਈ ਅਫਸਰ ਦਿਲ ਵਿੱਚ ਕੌੜ ਖਾਈ ਬੈਠੇ ਹਨ। ਅਕਾਲੀ-ਕਾਂਗਰਸੀ ਦੋਵਾਂ ਦੀ ਲੀਡਰਸ਼ਿਪ ਵੱਲੋਂ ਇਮਾਨਦਾਰ ਅਤੇ ਯੋਗ ਪ੍ਰਸ਼ਾਸਕ ਗਿਣੇ ਗਏ ਸੁਰੇਸ਼ ਕੁਮਾਰ ਨੂੰ ਜਦੋਂ ਰਿਟਾਇਰਮੈਂਟ ਦੇ ਬਾਅਦ ਮੌਜੂਦਾ ਸਰਕਾਰ ਨੇ ਵੱਡੀ ਜ਼ਿੰਮੇਵਾਰੀ ਦਿੱਤੀ ਤਾਂ ਜਿਨ੍ਹਾਂ ਅਫਸਰਾਂ ਨੂੰ ਇਹ ਸਹਾਰਨਾ ਔਖਾ ਹੋ ਗਿਆ ਸੀ, ਉਹ ਸਰਕਾਰ ਵਿੱਚ ਇਸ ਵੇਲੇ ਚੁੱਪ ਬੈਠੇ ਮੌਕੇ ਦੀ ਉਡੀਕ ਕਰਦੇ ਪਏ ਹਨ ਤੇ ਮੁੱਖ ਮੰਤਰੀ ਦੇ ਵਿਦੇਸ਼ ਨੂੰ ਤੁਰਦੇ ਸਾਰ ਕੁਝ ਕਰਨ ਦੇ ਇਰਾਦੇ ਦੀ ਗੱਲ ਦੱਬੀ ਜ਼ਬਾਨ ਵਿੱਚ ਸੁਣੀ ਜਾ ਰਹੀ ਹੈ। ਇਸ ਤਰ੍ਹਾਂ ਦਾ ਪੱਖ ਸ਼ਾਇਦ ਮੁੱਖ ਮੰਤਰੀ ਨੇ ਨਹੀਂ ਸੋਚਿਆ ਹੋਣਾ।
ਅਸੀਂ ਮੌਜੂਦਾ ਮੁੱਖ ਮੰਤਰੀ ਦੇ ਵਿਰੋਧੀ ਨਹੀਂ, ਸਗੋਂ ਪਿਛਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਵੀ ਨਿੱਜੀ ਪੱਧਰ ਦਾ ਕੋਈ ਵਿਰੋਧ ਨਹੀਂ ਸੀ। ਉਸ ਰਾਜ ਦੀਆਂ ਸਾਰੇ ਹੱਦ-ਬੰਨੇ ਟੱਪ ਜਾਣ ਵਾਲੀਆਂ ਬੁਰਾਈਆਂ ਨੂੰ ਵੇਖਦੇ ਹੋਏ ਉਸ ਦੇ ਖਿਲਾਫ ਲਿਖਣਾ ਪੈਂਦਾ ਸੀ। ਬਾਦਲ ਸਾਹਿਬ ਦੀ ਉਮਰ ਦਾ ਫਰਕ ਸੀ ਜਾਂ ਪੁੱਤਰ ਨੂੰ ਰਾਜ ਕਰਨ ਦੀ ਟਰੇਨਿੰਗ ਦੇਣ ਦੀ ਲਿੱਲ੍ਹ ਕਾਰਨ ਉਨ੍ਹਾ ਨੇ ਕਦੇ ਕਿਸੇ ਪੁੱਠੇ ਕੰਮ ਅੱਗੇ ਰੋਕ ਨਹੀਂ ਸੀ ਲਾਈ, ਪਰ ਇਹ ਗੱਲ ਸੱਚ ਹੈ ਪੁੱਤਰ ਦੇ ਚੁਫੇਰੇ ਘੁੰਮਦਾ ਵਹਿੜਕਾ ਦਲ ਸਾਰੇ ਪੰਜਾਬ ਵਿੱਚ ਖੌਰੂ ਪਾਈ ਜਾਂਦਾ ਸੀ। ਫਿਰ ਵੀ ਇੱਕ ਗੱਲੋਂ ਉਹ ਸੌਖੇ ਸਨ। ਮੁੱਖ ਮੰਤਰੀ ਬਾਦਲ ਦੋ ਮਹੀਨੇ ਵੀ ਬਾਹਰ ਰਹਿ ਆਉਣ ਤਾਂ ਪਿੱਛੇ ਇਹੋ ਜਿਹੇ ਕੁਝ ਅਫਸਰ ਉਨ੍ਹਾ ਦੇ ਕੰਮ ਸੰਭਾਲਦੇ ਸਨ, ਜਿਹੜੇ ਕੁਝ ਕਾਰਨਾਂ ਕਰ ਕੇ ਬਾਦਲ ਬਾਪ-ਬੇਟੇ ਦੇ ਸਾਹਮਣੇ ਅੱਖ ਚੁੱਕਣ ਜੋਗੇ ਨਹੀਂ ਸਨ ਰਹਿ ਗਏ। ਆਪਣੀ ਕਮਜ਼ੋਰੀ ਦੇ ਕਾਰਨ ਉਹ 'ਰਾਜੇ ਤੋਂ ਰਾਜ ਦੇ ਵੱਧ ਵਫਾਦਾਰ' ਬਣੇ ਰਹਿਣ ਵਾਲੇ ਮੰਨੇ ਜਾਂਦੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਨਿੱਜੀ ਵਫਾ ਦੀ ਇਸ ਪੱਧਰ ਵਾਲੇ ਬੰਦੇ ਘੱਟ ਦੱਸੇ ਜਾਂਦੇ ਹਨ। ਜਿਹੜੇ ਲੋਕ ਉਨ੍ਹਾ ਦੇ ਨਾਲ ਹਨ, ਉਹ ਆਪੋ ਵਿੱਚ ਸਿੰਗ ਫਸਾਉਣੋਂ ਨਹੀਂ ਹਟਦੇ। ਅਕਾਲੀ ਦਲ ਵਿੱਚ ਲੰਮਾ ਸਮਾਂ ਖਿੱਚੋਤਾਣ ਹੰਢਾ ਚੁੱਕੇ ਪ੍ਰਕਾਸ਼ ਸਿੰਘ ਬਾਦਲ ਨੇ ਅੰਤ ਵਿੱਚ ਇਹ ਸਥਿਤੀ ਪੈਦਾ ਕਰਨ ਦੀ ਸਫਲਤਾ ਹਾਸਲ ਕਰ ਲਈ ਸੀ ਕਿ ਓਥੇ ਲੀਡਰਸ਼ਿਪ ਦੇ ਨਾਂਅ ਉੱਤੇ 'ਮਾਵਾਂ ਧੀਆਂ ਮੇਲਣਾਂ ਅਤੇ ਪਿਓ ਪੁੱਤ ਜਾਂਝੀ' ਵਾਲੇ ਮੁਹਾਵਰੇ ਵਾਂਗ ਪਿਓ-ਪੁੱਤਰ ਅਤੇ ਉਨ੍ਹਾਂ ਦੇ ਕੁਝ ਚੁਣਵੇਂ ਰਿਸ਼ਤੇਦਾਰ ਸਾਰੀ ਪਾਰਟੀ ਤੇ ਸਰਕਾਰ ਨੂੰ ਉਂਗਲਾਂ ਉੱਤੇ ਨਚਾਈ ਫਿਰਦੇ ਸਨ। ਅੱਗੋਂ ਕੋਈ ਸਿਰ ਚੁੱਕ ਸਕਣ ਵਾਲਾ ਨਹੀਂ ਸੀ ਹੁੰਦਾ। ਅਮਰਿੰਦਰ ਸਿੰਘ ਕੋਲ ਪੰਜਾਬ ਦੀ ਕਾਂਗਰਸ ਪਾਰਟੀ ਵਿੱਚ ਉਨ੍ਹਾਂ ਦੀ ਸਾਂਝ ਨੂੰ ਸਮੱਰਪਤ ਸਾਥੀ ਕੌਣ-ਕੌਣ ਹਨ, ਕਿਹਾ ਨਹੀਂ ਜਾ ਸਕਦਾ।
ਪਿਛਲੇ ਦਿਨਾਂ ਵਿੱਚ ਅਸੀਂ ਇਸ ਨਵੀਂ ਸਰਕਾਰ ਦੇ ਪੱਲੇ ਕੁਝ ਅਣਕਿਆਸੀਆਂ ਉਲਝਣਾਂ ਪੈਂਦੀਆਂ ਵੇਖ ਕੇ ਉਨ੍ਹਾਂ ਦੇ ਪਿੱਛੇ ਲੁਕੀ ਕਹਾਣੀ ਫੋਲਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਸਰਕਾਰ ਚਲਾ ਰਹੀ ਪਾਰਟੀ ਦੇ ਆਪਣੇ ਕੁਝ ਬੰਦੇ ਹੀ ਪੁਆੜੇ ਪਾ ਰਹੇ ਹਨ। ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਵਿਹਾਰ ਤੇ ਉਸ ਦੇ ਵਿਭਾਗ ਵਿੱਚ ਉਸ ਦੇ ਪਤੀ ਦੇ ਦਖਲ ਦਾ ਬਹੁਤ ਰੌਲਾ ਪਿਆ। ਕਈ ਗੱਲਾਂ ਸੱਚਮੁੱਚ ਇਤਰਾਜ਼ ਵਾਲੀਆਂ ਸਨ, ਪਰ ਰੌਲਾ ਇਸ ਕਰ ਕੇ ਨਹੀਂ ਸੀ ਪਿਆ ਕਿ ਉਹ ਗੱਲਾਂ ਗਲਤ ਸਨ, ਕਿਉਂਕਿ ਇਹ ਕੁਝ ਹੋਣਾ ਹੁਣ ਆਮ ਸਮਝਿਆ ਜਾਂਦਾ ਹੈ, ਰੌਲਾ ਇਸ ਲਈ ਪਿਆ ਸੀ ਕਿ ਕੁਝ ਸੱਜਣਾਂ ਦੇ ਮਨ ਵਿੱਚ ਇਹ ਗੱਲ ਪਾਈ ਗਈ ਸੀ ਕਿ ਇਸ ਬੀਬੀ ਦੀ ਛਾਂਟੀ ਹੋਈ ਤਾਂ ਨਵਾਂ ਮੰਤਰੀ ਬਣਾਉਣ ਵੇਲੇ ਤੁਹਾਡਾ ਨੰਬਰ ਲੱਗ ਸਕਦਾ ਹੈ। ਫਿਰ ਵਿਧਾਨ ਸਭਾ ਵਿੱਚ ਦੋ ਬਹੁ-ਚਰਚਿਤ ਅਕਾਲੀ ਵਿਧਾਇਕਾਂ ਤੇ ਨਵਜੋਤ ਸਿੰਘ ਸਿੱਧੂ ਦੀ ਹਾਸੋਹੀਣੀ ਝੜਪ ਹੋਈ। ਇੱਕ ਦੂਸਰੇ ਵੱਲ ਨੀਵੇਂ ਪੱਧਰ ਦੇ ਇਸ਼ਾਰੇ ਕੀਤੇ ਜਾਂਦੇ ਵੇਖੇ ਗਏ, ਓਦੋਂ ਵੀ ਇਹੋ ਸੁਣਿਆ ਸੀ ਕਿ ਵਜ਼ੀਰੀ ਲਈ ਕਾਹਲੇ ਪਏ ਕੁਝ ਕਾਂਗਰਸੀ ਵਿਧਾਇਕ ਇਹ ਸਭ ਕੁਝ ਇਸ ਲਈ ਕਰਾ ਰਹੇ ਹਨ ਕਿ ਸਿੱਧੂ ਉਲਝ ਕੇ ਆਪਣੀਆਂ ਜੜ੍ਹਾਂ ਆਪੇ ਟੁੱਕ ਲਵੇ ਤੇ ਸਾਡੇ ਲਈ ਕੁਰਸੀ ਖਾਲੀ ਹੋਣ ਦਾ ਮਹੂਰਤ ਨਿਕਲ ਆਵੇ।
ਹੇਠਾਂ ਮੈਦਾਨੀ ਸਥਿਤੀ ਇਹ ਹੈ ਕਿ ਰਾਜ ਦਰਬਾਰ ਦੀਆਂ ਖਹਿਸਰਾਂ ਨੇ ਉਨ੍ਹਾਂ ਅਫਸਰਾਂ ਦੀ ਚਿੰਤਾ ਦੂਰ ਕਰ ਦਿੱਤੀ ਹੈ, ਜਿਹੜੇ ਸੋਚਦੇ ਸਨ ਕਿ ਬਾਦਲ-ਰਾਜ ਸਮੇਟੇ ਜਾਣ ਪਿੱਛੋਂ ਉਨ੍ਹਾਂ ਲਈ ਮਾੜੇ ਦਿਨ ਆ ਸਕਦੇ ਹਨ। ਵੱਡੇ ਭ੍ਰਿਸ਼ਟ ਗਿਣੇ ਜਾਂਦੇ ਅਫਸਰਾਂ ਨੇ ਦੂਰ ਦੀ ਸਾਂਝ ਕੱਢ ਕੇ ਕਾਂਗਰਸੀ ਵਿਧਾਇਕਾਂ ਨਾਲ ਕੁੰਡੀ ਪਾ ਲਈ ਤੇ ਫਿਰ ਇਸ ਬਹਾਨੇ ਨਾਲ ਪਹਿਲੀ ਬਦਨਾਮੀ ਵਾਲੇ ਅੱਡੇ ਤੋਂ ਦੂਰ ਦੀ ਬਦਲੀ ਕਰਵਾ ਲਈ ਕਿ ਓਥੇ ਰਹੇ ਤਾਂ ਅਕਾਲੀ ਲੀਡਰਾਂ ਨੇ ਤੰਗ ਕਰਨੋਂ ਨਹੀਂ ਹਟਣਾ। ਨਵੀਂ ਥਾਂ ਜਾ ਕੇ ਉਹ ਅਫਸਰ ਨਵੀਂ ਸਰਕਾਰ ਦੇ ਬੰਦਿਆਂ ਨਾਲੋਂ ਵੱਧ ਅਕਾਲੀ-ਭਾਜਪਾ ਦੇ ਵਰਕਰਾਂ ਨੂੰ ਪਸੰਦ ਹਨ। ਇਹ ਗੱਲ ਵੀ ਹੈਰਾਨੀ ਵਾਲੀ ਹੋਵੇਗੀ, ਪਰ ਸੱਚੀ ਹੈ ਕਿ ਪਿਛਲੀ ਸਰਕਾਰ ਦੇ ਖਾਸ ਪੁੱਤ ਗਿਣੇ ਜਾਂਦੇ ਅਫਸਰ ਅੱਜ-ਕੱਲ੍ਹ ਸਾਰਾ ਦਿਨ ਆਮ ਲੋਕਾਂ ਨੂੰ ਇਹ ਕਹਿ ਕੇ ਨਹੀਂ ਮਿਲਦੇ ਕਿ ਕੰਮ ਬੜਾ ਹੈ, ਪਰ ਸ਼ਾਮ ਪੈਂਦੇ ਸਾਰ ਪਿਛਲੇ ਹਾਕਮਾਂ ਦੇ ਨਾਲ ਸਾਂਝ ਪਾਲਣ ਲਈ ਪਹੁੰਚ ਜਾਂਦੇ ਹਨ। ਗਿਆਨੀ ਜ਼ੈਲ ਸਿੰਘ ਜਦੋਂ ਮੁੱਖ ਮੰਤਰੀ ਨਹੀਂ ਸੀ ਰਹੇ, ਅਕਾਲੀ ਮੁੱਖ ਮੰਤਰੀ ਬਾਦਲ ਦੇ ਦਫਤਰ ਦਾ ਇੱਕ ਅਫਸਰ ਹਰ ਹਫਤੇ ਆਨੰਦਪੁਰ ਸਾਹਿਬ ਉਨ੍ਹਾ ਕੋਲ ਇਸ ਲਈ ਜਾਂਦਾ ਹੁੰਦਾ ਸੀ ਕਿ ਕੋਈ ਕੰਮ ਕਰਨ ਵਾਲਾ ਹੋਵੇ ਤਾਂ ਦੱਸ ਦੇਣ, ਪਰ ਉਹ ਅਫਸਰ ਬਾਦਲ ਸਾਹਿਬ ਵੱਲੋਂ ਖੁਦ ਭੇਜਿਆ ਹੋਇਆ ਜਾਂਦਾ ਸੀ। ਹੁਣ ਦੀ ਸਰਕਾਰ ਦੇ ਕੁਝ ਅਫਸਰ ਅੱਧੀ ਰਾਤ ਅਕਾਲੀਆਂ ਨੂੰ ਇਹ ਦੱਸਣ ਜਾਂਦੇ ਹਨ ਕਿ ਜਿੱਥੇ ਮਰਜ਼ੀ ਰਹੀਏ, ਪੁਰਾਣੇ ਰਿਸ਼ਤੇ ਅਸੀਂ ਭੁੱਲ ਨਹੀਂ ਜਾਣੇ, ਕੋਈ ਸੇਵਾ ਦੀ ਲੋੜ ਹੋਵੇ ਤਾਂ ਦੱਸ ਦਿਓ। ਇਹ ਗੱਲਾਂ ਆਮ ਲੋਕਾਂ ਨੂੰ ਪਤਾ ਹਨ। ਮੁੱਖ ਮੰਤਰੀ ਨੂੰ ਇਹ ਗੱਲਾਂ ਪਹੁੰਚਦੀਆਂ ਹਨ ਜਾਂ ਨਹੀਂ, ਅਸੀਂ ਇਸ ਬਾਰੇ ਨਹੀਂ ਜਾਣਦੇ, ਪਰ ਇਹ ਵਰਤਾਰਾ ਬੇਰੋਕ ਜਾਰੀ ਹੈ।
ਜਿੱਥੋਂ ਤੱਕ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਦਾ ਸੰਬੰਧ ਹੈ, ਸਰਕਾਰ ਆਪਣੇ ਖਜ਼ਾਨੇ ਦੀ ਮੰਦੀ ਹਾਲਤ ਦੇ ਕਾਰਨ ਅਜੇ ਤੱਕ ਕੋਈ ਵੱਡਾ ਕਦਮ ਪੁੱਟਣ ਜੋਗੀ ਨਹੀਂ। ਕੇਂਦਰ ਸਰਕਾਰ ਦੀ ਝਾਕ ਊਠ ਦਾ ਬੁੱਲ੍ਹ ਡਿੱਗਣ ਵਰਗੀ ਹੈ। ਲੋਕਾਂ ਦਾ ਸਬਰ ਜਵਾਬ ਦੇਂਦਾ ਜਾ ਰਿਹਾ ਹੈ। ਉਹ ਬਹੁਤਾ ਚਿਰ ਉਡੀਕਣ ਦੇ ਰੌਂਅ ਵਿੱਚ ਦਿਖਾਈ ਨਹੀਂ ਦੇਂਦੇ। ਕਈ ਧਿਰਾਂ ਉਨ੍ਹਾਂ ਨੂੰ ਸਰਕਾਰ ਦੇ ਵਿਰੁੱਧ ਉੱਠਣ ਲਈ ਟੁੰਬਣ ਲੱਗ ਪਈਆਂ ਹਨ ਤੇ ਇਸ ਟੁੰਬਣ ਦਾ ਅਸਰ ਵੀ ਪੈਣਾ ਹੈ।
ਸਰਕਾਰ ਚਲਾਉਂਦੀ ਧਿਰ ਦੇ ਪੱਖ ਦੀਆਂ ਦੋ ਗੱਲਾਂ ਵਿੱਚੋਂ ਇੱਕ ਇਹ ਹੈ ਕਿ ਆਮ ਆਦਮੀ ਪਾਰਟੀ ਅਜੇ ਤੱਕ ਵੀ ਪਾਰਟੀ ਨਾ ਹੋ ਕੇ ਵੱਖੋ-ਵੱਖ ਮਿਸਲਾਂ ਵਾਲੇ ਜਥੇਦਾਰਾਂ ਦੇ ਰੂਪ ਵਿੱਚ ਘੁੰਮਦੀ ਪਈ ਹੈ। ਦੂਸਰੀ ਇਹ ਕਿ ਅਕਾਲੀ ਦਲ ਨੇ ਸਾਰਾ ਟਿੱਲ ਲਾ ਲਿਆ ਹੈ, ਉਸ ਦੇ ਜਲਸੇ-ਰੈਲੀਆਂ ਵਿੱਚ ਆਮ ਲੋਕ ਅਜੇ ਤੱਕ ਜਾਣ ਨੂੰ ਤਿਆਰ ਨਹੀਂ ਹੁੰਦੇ ਤੇ ਜਿਹੜੇ ਜਾਂਦੇ ਹਨ, ਅਕਾਲੀਆਂ ਵੱਲੋਂ ਜ਼ੁਲਮ ਨਾਲ ਟੱਕਰ ਲੈਣ ਦੀਆਂ ਟਾਹਰਾਂ ਸੁਣ ਕੇ ਹੱਸਦੇ ਹਨ। ਮਾੜੀ ਗੱਲ ਇਸ ਵੇਲੇ ਇਹ ਹੈ ਕਿ ਜਿੰਨਾ ਵਿਰੋਧ ਕਿਸੇ ਸਰਕਾਰ ਨੂੰ ਆਖਰੀ ਸਾਲ ਆਪਣੀ ਪਾਰਟੀ ਵਿੱਚੋਂ ਵੇਖਣਾ ਪੈਂਦਾ ਹੈ, ਉਹ ਇਸ ਨੂੰ ਪਹਿਲੇ ਸਾਲ ਦੀ ਪਹਿਲੀ ਛਿਮਾਹੀ ਵਿੱਚ ਵੇਖਣਾ ਪੈ ਰਿਹਾ ਹੈ। ਕਾਂਗਰਸ ਵਿੱਚ ਹਰ ਜਣਾ-ਖਣਾ ਕਹਿਣ ਲੱਗ ਪਿਆ ਹੈ ਕਿ ਅਸੀਂ ਰਾਹੁਲ ਜੀ ਕੋਲ ਚੱਲੇ ਹਾਂ। ਦਿੱਲੀ ਬੈਠੇ ਕਾਂਗਰਸ ਦੇ ਕੁਝ ਲੀਡਰ ਇਸ ਖੇਡ ਨੂੰ ਉਤਸ਼ਾਹਤ ਕਰਦੇ ਹਨ। ਏਦਾਂ ਦੇ ਹਾਲਾਤ ਵਿੱਚ ਪੰਜਾਬ ਦੀ ਸਰਕਾਰ ਸਿੱਟੇ ਕਿਵੇਂ ਕੱਢੇਗੀ, ਲੋਕਾਂ ਦੀ ਤਸੱਲੀ ਕਿਵੇਂ ਕਰਾਵੇਗੀ, ਕੰਮ ਇਹ ਬੜਾ ਔਖਾ ਹੈ।
20 Aug 2017