ਸੱਚੇ ਸੌਦੇ ਦੇ ਮਾਮਲੇ ਵਿੱਚ ਨਿਆਂ ਪਾਲਿਕਾ ਨੇ ਪੱਧਰਾ ਕੀਤਾ ਸਚਾਈ ਦੀ ਜਿੱਤ ਦਾ ਰਾਹ - ਜਤਿੰਦਰ ਪਨੂੰ
ਯੂਨੀਵਰਸਿਟੀ ਵਿੱਚ ਪੜ੍ਹਨ ਜਾਣਾ ਮੇਰੇ ਨਸੀਬ ਵਿੱਚ ਨਹੀਂ ਸੀ, ਪਰ ਹੁਣ ਕਦੇ-ਕਦੇ ਸੱਦੇ ਉੱਤੇ ਜਾਣ ਲਈ ਸਬੱਬ ਬਣ ਜਾਂਦਾ ਹੈ। ਇਹੋ ਜਿਹੇ ਇੱਕ ਮੌਕੇ ਪੁਲੀਟੀਕਲ ਸਾਇੰਸ ਦੇ ਇੱਕ ਵਿਦਿਆਰਥੀ ਨੇ ਸਵਾਲ ਪੁੱਛਿਆ ਸੀ ਕਿ ਦੁਸਹਿਰਾ ਧਾਰਮਿਕ ਉਤਸਵ ਹੁੰਦਾ ਹੈ, ਓਥੇ ਰਾਵਣ ਦੇ ਬੁੱਤ ਨੂੰ ਅੱਗ ਲਾਉਣ ਦੇ ਲਈ ਰਾਜਸੀ ਆਗੂ ਕਿਉਂ ਸੱਦੇ ਜਾਂਦੇ ਹਨ? ਮੈਂ ਉਸ ਨੂੰ ਕਿਹਾ ਸੀ ਕਿ ਉਹ ਸੱਦੇ ਉੱਤੇ ਜਾਂਦੇ ਹਨ, ਪਰ ਨਾ ਵੀ ਸੱਦੇ ਜਾਣ ਤਾਂ ਦੁਸਹਿਰੇ ਦਾ ਜਿੰਨਾ ਮਹੱਤਵ ਭਾਰਤੀ ਰਾਜਨੀਤੀ ਨਾਲ ਹੈ, ਓਨਾ ਸ਼ਾਇਦ ਧਾਰਮਿਕ ਪੱਖੋਂ ਨਹੀਂ ਹੋਵੇਗਾ। ਗੱਲ ਸਪੱਸ਼ਟ ਕਰਨ ਲਈ ਮੈਂ ਕਿਹਾ ਸੀ ਕਿ ਕਲਾਕਾਰਾਂ ਤੇ ਮਜ਼ਦੂਰਾਂ ਨੂੰ ਲਾ ਕੇ ਕਈ ਦਿਨਾਂ ਵਿੱਚ ਬੁੱਤ ਤਿਆਰ ਕਰਾਇਆ ਜਾਂਦਾ ਤੇ ਫਿਰ ਕਮੇਟੀ ਮੈਂਬਰ ਦੂਰ ਖੜੋ ਕੇ ਵੇਖਣ ਦੇ ਬਾਅਦ ਉਸ ਦੀ ਸ਼ਲਾਘਾ ਲਈ ਕਹਿੰਦੇ ਹਨ, ਹੁਣ ਵਾਹਵਾ ਡਰਾਉਣਾ ਜਾਪਦਾ ਹੈ। ਦੋ ਕੁ ਦਿਨ ਬਾਅਦ ਉਸ ਖੁਦ ਹੀ ਤਿਆਰ ਕਰਵਾਏ ਹੋਏ ਤੇ ਵਾਹਵਾ ਡਰਾਉਣੇ ਜਾਪਦੇ ਬੁੱਤ ਨੂੰ ਕਿਸੇ ਸਿਆਸੀ ਆਗੂ ਕੋਲੋਂ ਅੱਗ ਲਵਾ ਕੇ ਕਿਹਾ ਜਾਂਦਾ ਹੈ ਕਿ 'ਇਸ ਰਸਮ ਨਾਲ ਬਦੀ ਉੱਤੇ ਨੇਕੀ ਦੀ ਜਿੱਤ' ਹੋਈ ਹੈ। ਭਾਰਤੀ ਰਾਜਨੀਤੀ ਆਏ ਦਿਨ ਇਹੋ ਜਿਹੇ ਉੱਚੇ ਡਰਾਉਣੇ ਕੱਦ ਦੇ ਬੁੱਤ ਘੜਦੀ ਤੇ ਫਿਰ ਨੇਕੀ ਦੀ ਜਿੱਤ ਦਾ ਸ਼ੋਸ਼ਾ ਛੱਡਦੀ ਰਹਿੰਦੀ ਹੈ। ਅਸਲ ਵਿੱਚ ਇਸ ਕੰਮ ਵਿੱਚ ਭਾਰਤ ਦੀ ਰਾਜਨੀਤੀ ਬੜੀ ਮਾਹਰ ਹੋ ਚੁੱਕੀ ਹੈ ਤੇ ਏਨੀ ਸਫਾਈ ਨਾਲ ਇਹੋ ਜਿਹਾ ਕੰਮ ਕਰਦੀ ਹੈ ਕਿ ਚੌਕ ਵਿੱਚ ਖੜੇ ਜਾਦੂ ਦਾ ਝੁਰਲੂ ਘੁੰਮਾਉਣ ਵਾਲੇ ਜਾਦੂਗਰ ਨੂੰ ਵੀ ਮਾਤ ਪਾ ਸਕਦੀ ਹੈ।
ਇਹ ਕਹਾਣੀ ਇਸ ਵਕਤ ਸਾਨੂੰ ਸਿਰਸੇ ਦੇ ਡੇਰਾ ਸੱਚਾ ਸੌਦਾ ਵਾਲੇ ਰਾਮ ਰਹੀਮ ਸਿੰਘ ਦੀ ਗ੍ਰਿਫਤਾਰੀ ਅਤੇ ਉਸ ਤੋਂ ਪਹਿਲਾਂ ਦਾ ਕਿੱਸਾ ਸਮਝਾਉਣ ਲਈ ਦੱਸਣੀ ਪਈ ਹੈ। ਦੇਸ਼ ਆਜ਼ਾਦ ਹੋਣ ਤੋਂ ਇੱਕ ਸਾਲ ਪਿੱਛੋਂ ਡੇਰਾ ਸੱਚਾ ਸੌਦਾ ਸਿਰਸੇ ਵਿੱਚ ਬਾਬਾ ਮਸਤਾਨਾ ਬਲੋਚਸਤਾਨੀ ਨੇ ਸ਼ੁਰੂ ਕੀਤਾ ਸੀ। ਉਸ ਦਾ ਅਸਲ ਨਾਂਅ ਖੇਮਾ ਮੱਲ ਹੁੰਦਾ ਸੀ, ਪਰ ਰਾਧਾ ਸਵਾਮੀ ਬਿਆਸ ਦੇ ਬਾਬਾ ਸਾਵਣ ਸਿੰਘ ਨੇ ਮਸਤਾਨਾ ਬਲੋਚਸਤਾਨੀ ਰੱਖ ਦਿੱਤਾ। ਬਾਬਾ ਮਸਤਾਨਾ ਤੋਂ ਬਾਅਦ ਇਸ ਡੇਰੇ ਦਾ ਮੁਖੀ ਸ਼ਾਹ ਸਤਨਾਮ ਬਣਿਆ ਤੇ ਉਸ ਦੇ ਬਾਅਦ ਗੁਰਮੀਤ ਰਾਮ ਰਹੀਮ ਸਿੰਘ ਦੀ ਵਾਰੀ ਆ ਗਈ। ਗੁਰਮੀਤ ਰਾਮ ਰਹੀਮ ਸਿੰਘ ਦੇ ਬਚਪਨ ਦੇ ਨਾਂਅ ਬਾਰੇ ਕਈ ਚਰਚੇ ਸੁਣਨ ਨੂੰ ਮਿਲੇ ਹਨ, ਅਸਲੀ ਨਾਂਅ ਕੀ ਸੀ, ਇਸ ਦਾ ਕੋਈ ਪੱਕਾ ਪਤਾ ਨਹੀਂ ਲੱਗਦਾ। ਜਾਨਣ ਵਾਲੀ ਵੱਡੀ ਗੱਲ ਇਹ ਹੈ ਕਿ ਇਸ ਬੰਦੇ ਦੇ ਡੇਰਾ ਮੁਖੀ ਬਣਨ ਤੋਂ ਪਹਿਲਾਂ ਇਸ ਡੇਰੇ ਬਾਰੇ ਕਦੇ ਕੋਈ ਵਿਵਾਦ ਨਹੀਂ ਸੀ ਛਿੜ ਸਕਿਆ ਤੇ ਓਦੋਂ ਤੱਕ ਇਸ ਡੇਰੇ ਉੱਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਵੋਟਾਂ ਦੇ ਸੌਦੇ ਮਾਰਨ ਦਾ ਦੋਸ਼ ਵੀ ਨਹੀਂ ਸੀ ਲੱਗਦਾ।
ਸਾਲ 1998 ਦੀਆਂ ਪਾਰਲੀਮੈਂਟ ਚੋਣਾਂ ਤੋਂ ਕੁਝ ਦਿਨ ਪਿੱਛੋਂ ਜਦੋਂ ਅਸੀਂ ਇਸ ਡੇਰੇ ਦੇ ਖਿਲਾਫ ਪਹਿਲਾ ਲੇਖ ਲਿਖਿਆ, ਜਿਹੜਾ ਓਦੋਂ ਤੱਕ ਇਸ ਡੇਰੇ ਵਿਰੁੱਧ ਕਿਸੇ ਰੋਜ਼ਾਨਾ ਅਖਬਾਰ ਵਿੱਚ ਛਪਿਆ ਪਹਿਲਾ ਲੇਖ ਸੀ, ਓਦੋਂ ਡੇਰੇ ਦੀ ਕਮੇਟੀ ਸਿਰਸੇ ਤੋਂ ਚੱਲ ਕੇ ਸਾਡੇ ਦਫਤਰ ਧਮਕੀ ਦੇਣ ਆਈ ਸੀ। ਕੁਝ ਦਿਨ ਪਿੱਛੋਂ ਜਦੋਂ ਮੈਂ ਇੱਕ ਸਮਾਗਮ ਵਾਸਤੇ ਸਿਰਸੇ ਜਾਣਾ ਸੀ ਤਾਂ ਮੈਨੂੰ ਪੱਤਰਕਾਰ ਛਤਰਪਤੀ ਦਾ ਫੋਨ ਆਇਆ ਕਿ ਸਿਰਸੇ ਆਓ ਤਾਂ ਮੈਨੂੰ ਮਿਲਣ ਦਾ ਵਕਤ ਜ਼ਰੂਰ ਦੇ ਦਿਓ। ਮੈਂ ਉਸ ਨੂੰ ਨਹੀਂ ਸੀ ਜਾਣਦਾ, ਓਦੋਂ ਮੇਲ ਹੋਇਆ ਸੀ। ਡੇਰੇ ਦੇ ਗਵਾਂਢ ਵੱਸਣ ਵਾਲੇ ਲੋਕਾਂ ਦੇ ਦੁੱਖ ਵੀ ਸੁਣੇ ਸਨ। ਛਤਰਪਤੀ ਨੇ ਜੋ ਕੁਝ ਦੱਸਿਆ, ਉਹ ਹੈਰਾਨੀ ਦੀਆਂ ਸਭ ਹੱਦਾਂ ਟੱਪ ਜਾਣ ਵਾਲਾ ਸੀ। ਮੈਨੂੰ ਅਫਸੋਸ ਹੈ ਕਿ ਸੱਚ ਦੀ ਪਹਿਰੇਦਾਰੀ ਕਰਨ ਵਾਲੇ ਉਸ ਵਿਅਕਤੀ ਨੂੰ ਫਿਰ ਕਦੀ ਮਿਲਣ ਦਾ ਸਬੱਬ ਨਹੀਂ ਬਣ ਸਕਿਆ, ਉਸ ਦਾ ਕਤਲ ਹੋ ਗਿਆ ਸੀ ਤੇ ਕਤਲ ਕਰਵਾਉਣ ਦਾ ਦੋਸ਼ ਇਸੇ ਡੇਰਾ ਮੁਖੀ ਉੱਤੇ ਲੱਗਦਾ ਸੀ।
ਹੁਣ ਜਿਸ ਕੇਸ ਵਿੱਚ ਡੇਰਾ ਮੁਖੀ ਨੂੰ ਸਜ਼ਾ ਹੋਈ ਹੈ, ਇਸ ਦਾ ਮੁੱਢ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੇ ਓਦੋਂ ਦੇ ਭਾਰਤ ਦੇ ਮੁੱਖ ਜੱਜ ਨੂੰ ਇੱਕ ਸਾਧਵੀ ਵੱਲੋਂ ਲਿਖੀ ਗਈ ਚਿੱਠੀ ਤੋਂ ਬੱਝਾ ਸੀ। ਚੰਡੀਗੜ੍ਹ ਤੋਂ ਛਪਦੇ ਅਖਬਾਰ 'ਦੇਸ਼ ਸੇਵਕ' ਨੇ ਉਹ ਚਿੱਠੀ ਜਦੋਂ ਛਾਪੀ ਤਾਂ ਸਰਕਾਰ ਤੇ ਜਾਂਚ ਏਜੰਸੀਆਂ ਨੇ ਜਾਂਚ ਕਰਨ ਦੀ ਲੋੜ ਨਹੀਂ ਸੀ ਸਮਝੀ, ਪਰ ਛਪ ਜਾਣ ਨਾਲ ਚਰਚਾ ਵਿੱਚ ਆਈ ਚਿੱਠੀ ਜਦੋਂ ਹਾਈ ਕੋਰਟ ਜਾ ਪਹੁੰਚੀ ਅਤੇ ਸੀ ਬੀ ਆਈ ਜਾਂਚ ਦਾ ਹੁਕਮ ਹੋ ਗਿਆ ਤਾਂ ਉਹੋ ਚਿੱਠੀ ਡੇਰਾ ਮੁਖੀ ਨੂੰ ਜੇਲ੍ਹ ਲੈ ਗਈ। 'ਸਮੁੰਦਰ ਵਿੱਚ ਰਹਿ ਕੇ ਮਗਰਮੱਛ ਨਾਲ ਵੈਰ ਪਾਉਣ' ਦੇ ਮੁਹਾਵਰੇ ਵਾਂਗ ਪੱਤਰਕਾਰ ਛਤਰਪਤੀ ਸਿਰਸੇ ਵਿੱਚ ਬੈਠਾ ਵੀ ਇਸ ਬਾਰੇ ਬਹੁਤ ਪਹਿਲਾਂ ਤੋਂ ਲਿਖੀ ਜਾਂਦਾ ਸੀ, ਪਰ ਛੋਟਾ ਸ਼ਹਿਰ ਤੇ ਛੋਟਾ ਪਰਚਾ ਹੋਣ ਕਰ ਕੇ ਕੋਈ ਧਿਆਨ ਨਹੀਂ ਸੀ ਦੇਂਦਾ। ਧਮਕੀਆਂ ਦੀ ਪ੍ਰਵਾਹ ਤਾਂ ਉਸ ਨੇ ਨਹੀਂ ਸੀ ਕੀਤੀ, ਪਰ ਪ੍ਰਸ਼ਾਸਨ ਤੇ ਪੁਲਸ ਨੂੰ ਸੂਚਨਾ ਦੇਂਦਾ ਰਿਹਾ ਸੀ, ਫਿਰ ਵੀ ਉਸ ਦੀ ਸੁਰੱਖਿਆ ਲਈ ਕੋਈ ਚਿੰਤਾ ਨਹੀਂ ਕੀਤੀ ਗਈ। ਜਦੋਂ ਉਸ ਨੂੰ ਗੋਲੀ ਮਾਰ ਦਿੱਤੀ ਗਈ ਤਾਂ ਕਈ ਦਿਨ ਹਸਪਤਾਲ ਪਿਆ ਵੀ ਬਿਆਨ ਦਰਜ ਕਰਾਉਣ ਲਈ ਹਾੜੇ ਕੱਢਦਾ ਰਿਹਾ, ਪਰ ਡੇਰਾ ਮੁਖੀ ਦੇ ਦਬਾਅ ਹੇਠ ਓਦੋਂ ਦੀ ਸਰਕਾਰ ਨੇ ਪੁਲਸ ਦੀ ਨੱਥ ਖਿੱਚ ਕੇ ਫੜੀ ਹੋਈ ਸੀ। ਸਰਕਾਰ ਓਦੋਂ ਓਮ ਪ੍ਰਕਾਸ਼ ਚੌਟਾਲਾ ਦੀ ਸੀ, ਜਿਸ ਨੇ ਉਸ ਤੋਂ ਪਿਛਲੀਆਂ ਚੋਣਾਂ ਵਿੱਚ ਇਸ ਡੇਰੇ ਤੋਂ ਵੋਟਾਂ ਦਾ ਪਰਾਗਾ ਹਾਸਲ ਕੀਤਾ ਹੋਇਆ ਸੀ ਤੇ ਚੌਟਾਲੇ ਦੇ ਕਹੇ ਉੱਤੇ ਇਹ ਡੇਰਾ ਪੰਜਾਬ ਵਿੱਚ ਅਕਾਲੀਆਂ ਦੀ ਮਦਦ ਵੀ ਕਰ ਚੁੱਕਾ ਸੀ। ਚੌਟਾਲੇ ਅਤੇ ਅਕਾਲੀਆਂ ਤੋਂ ਪਹਿਲਾਂ ਉਹ ਕਾਂਗਰਸ ਦੀ ਤੇ ਪਿੱਛੋਂ ਭਾਜਪਾ ਦੀ ਮਦਦ ਵੀ ਕਰਦਾ ਰਿਹਾ ਹੈ। ਉਸ ਤੋਂ ਵੋਟਾਂ ਦੀ ਖੈਰ ਲੈਣ ਕਾਰਨ ਸਾਰੇ ਸਿਆਸੀ ਆਗੂ ਕਾਣੇ ਹੋਏ ਪਏ ਸਨ।
ਗੁਰਮੀਤ ਰਾਮ ਰਹੀਮ ਸਿੰਘ ਦੇ ਪੁੱਠੇ ਕਾਰਿਆਂ ਦੀ ਕੁੱਲ ਕਥਾ ਇਸ ਵੇਲੇ ਕਰਨ ਦੀ ਸਾਨੂੰ ਲੋੜ ਇਸ ਕਰ ਕੇ ਨਹੀਂ ਕਿ ਲੀਰਾਂ ਦਾ ਇਹ ਖਿੱਦੋ ਹੁਣ ਬਥੇਰਾ ਖਿੱਲਰ ਚੁੱਕਾ ਹੈ। ਹਰਿਆਣੇ ਦੀ ਮੌਜੂਦਾ ਸਰਕਾਰ ਤੇ ਇਸ ਦੇ ਮੁੱਖ ਮੰਤਰੀ ਦੀ ਉਸ ਡੇਰਾ ਮੁਖੀ ਨਾਲ ਅਹਿਸਾਨ ਪੁਗਾਊ ਸਾਂਝ ਦੀ ਗੱਲ ਇਸ ਵੇਲੇ ਜਾਣ ਲੈਣੀ ਵੱਧ ਜ਼ਰੂਰੀ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਤੱਕ ਉਹ ਭਾਜਪਾ ਦੇ ਪੱਖ ਵਿੱਚ ਨਿਭਣ ਨੂੰ ਤਿਆਰ ਨਹੀਂ ਸੀ ਹੋਇਆ, ਪਰ ਜਦੋਂ ਕੇਂਦਰ ਦੀ ਸਰਕਾਰ ਬਦਲੀ ਅਤੇ ਇਹ ਸਮਝਾ ਦਿੱਤਾ ਗਿਆ ਕਿ ਮਦਦ ਤੇਰੇ ਤੋਂ ਮੰਗੀ ਨਹੀਂ ਜਾ ਰਹੀ, ਤੈਨੂੰ ਕਰਨੀ ਪੈਣੀ ਹੈ, ਵਰਨਾ ਜੇਲ੍ਹ ਵਿੱਚ ਜਾਵੇਂਗਾ ਤਾਂ ਉਹ ਭਾਜਪਾ ਦੀ ਮਦਦ ਕਰਨ ਨੂੰ ਮੰਨ ਗਿਆ। ਹਰਿਆਣੇ ਵਿੱਚ ਭਾਜਪਾ ਦੀ ਨਿਰੋਲ ਸਰਕਾਰ ਪਹਿਲੀ ਵਾਰ ਬਣਨ ਪਿੱਛੋਂ ਸਾਰੇ ਮੰਤਰੀਆਂ ਸਮੇਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਉਚੇਚਾ ਇਸ ਡੇਰੇ ਵਿੱਚ ਪੁੱਜਾ ਤੇ ਡੇਰਾ ਮੁਖੀ ਦੇ ਚਰਨਾਂ ਵਿੱਚ ਵਾਰੋ-ਵਾਰੀ ਸਿਰ ਰੱਖ-ਰੱਖ ਕੇ ਸਭਨਾਂ ਨੇ ਉਸ ਦਾ ਧੰਨਵਾਦ ਕੀਤਾ ਸੀ। ਹਰ ਸਾਲ ਆਜ਼ਾਦੀ ਵਾਲੇ ਦਿਨ ਇਸ ਡੇਰਾ ਮੁਖੀ ਦਾ ਜਨਮ ਦਿਨ ਹੁੰਦਾ ਹੈ ਤੇ ਉਹ ਦਿਨ ਰਾਜਾਂ ਵਿੱਚ ਮੰਤਰੀਆਂ ਲਈ ਝੰਡਾ ਝੁਲਾਉਣ ਦੀ ਜ਼ਿਮੇਵਾਰੀ ਕਾਰਨ ਬੜਾ ਰੁਝੇਵੇਂ ਵਾਲਾ ਹੁੰਦਾ ਹੈ। ਇਸ ਦੇ ਬਾਵਜੂਦ ਇਸ ਵਾਰੀ ਹਰਿਆਣੇ ਦੀ ਸਰਕਾਰ ਦਾ ਦੂਸਰੇ ਨੰਬਰ ਦਾ ਮੰਤਰੀ, ਇੱਕ ਹੋਰ ਮੰਤਰੀ ਨੂੰ ਨਾਲ ਲੈ ਕੇ ਬਾਬੇ ਦਾ ਜਨਮ ਦਿਨ ਮਨਾਉਣ ਓਦੋਂ ਪੁੱਜਾ, ਜਦੋਂ ਬਾਬੇ ਦੇ ਖਿਲਾਫ ਕੇਸ ਵਿੱਚ ਹੁਕਮ ਦੀ ਤਾਰੀਖ ਐਲਾਨੀ ਜਾ ਚੁੱਕੀ ਸੀ। ਉਨ੍ਹਾਂ ਨੇ ਉਸ ਮੌਕੇ ਉਸ ਡੇਰੇ ਲਈ ਅੱਧਾ ਕਰੋੜ ਮਾਇਆ ਦਾ ਗੱਫਾ ਵੀ ਉਲੱਦਿਆ ਸੀ। ਫਿਰ ਜਦੋਂ ਡੇਰਾ ਮੁਖੀ ਨੇ ਪੰਚਕੂਲੇ ਹਾਜ਼ਰ ਹੋਣਾ ਸੀ, ਉਸ ਦੇ ਜਿਹੜੇ ਹਮਾਇਤੀ ਲੱਖਾਂ ਦੀ ਗਿਣਤੀ ਵਿੱਚ ਓਥੇ ਅਗੇਤੇ ਭੇਜੇ ਜਾ ਰਹੇ ਸਨ, ਉਨ੍ਹਾਂ ਦੇ ਰਾਸ਼ਣ-ਪਾਣੀ ਤੇ ਹੋਰ ਸਾਰੇ ਪ੍ਰਬੰਧ ਦੀ ਜ਼ਿਮੇਵਾਰੀ ਹਰਿਆਣੇ ਦਾ ਉਹੋ ਮੰਤਰੀ ਸੰਭਾਲ ਰਿਹਾ ਸੀ, ਜਿਹੜਾ ਕੁੱਲ ਨੌਂ ਦਿਨ ਪਹਿਲਾਂ ਬਾਬੇ ਦੇ ਜਨਮ ਦਿਨ ਮੌਕੇ ਸਿਰਸੇ ਗਿਆ ਸੀ। ਹਰਿਆਣਾ ਸਰਕਾਰ ਨੇ ਇਸ ਦੌਰਾਨ ਨਿਆਂ ਪਾਲਿਕਾ ਨੂੰ ਵੀ ਧੋਖਾ ਦੇਣ ਦਾ ਯਤਨ ਕੀਤਾ। ਪਹਿਲਾਂ ਦਫਾ ਇੱਕ ਸੌ ਚੁਤਾਲੀ ਲਾਉਣ ਦੀ ਸੂਚਨਾ ਦਿੱਤੀ, ਜਦੋਂ ਹਾਲੇ ਲਾਈ ਨਹੀਂ ਸੀ। ਫਿਰ ਇੱਕ ਸੌ ਚੁਤਾਲੀ ਦੇ ਹੁਕਮ ਜਾਰੀ ਕੀਤੇ ਤਾਂ ਇਸ ਹੁਕਮ ਵਿੱਚ ਚਾਰ ਜਾਂ ਇਸ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ਦਾ ਜ਼ਿਕਰ ਨਹੀਂ ਸੀ ਕੀਤਾ। ਅਗਲੇ ਦਿਨ ਅਦਾਲਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਇਸ ਨੂੰ ਕਲੈਰੀਕਲ ਮਿਸਟੇਕ ਕਹਿ ਦਿੱਤਾ। ਹਾਈ ਕੋਰਟ ਤੱਕ ਸਭ ਥਾਂ ਇਹ ਦੱਸਿਆ ਗਿਆ ਕਿ ਫੌਜ ਤਾਇਨਾਤ ਕੀਤੀ ਗਈ ਹੈ, ਪਰ ਫੌਜ ਸਿਰਫ ਸੱਦੀ ਗਈ, ਸਥਿਤੀ ਸੰਭਾਲਣ ਵਾਸਤੇ ਨਹੀਂ ਲਾਈ ਗਈ। ਪੰਚਕੂਲੇ ਸ਼ਹਿਰ ਵਿੱਚ ਅੱਗਾਂ ਲੱਗਣ ਤੇ ਦੋ ਦਰਜਨ ਤੋਂ ਵੱਧ ਮੌਤਾਂ ਹੋ ਚੁੱਕਣ ਪਿੱਛੋਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਹ ਕਹਿਣ ਵਿੱਚ ਝਿਜਕ ਨਹੀਂ ਵਿਖਾਈ ਕਿ ਇਹ ਡੇਰਾ ਸਮੱਰਥਕਾਂ ਦਾ ਕੰਮ ਨਹੀਂ, ਉਨ੍ਹਾਂ ਵਿੱਚ ਆਣ ਵੜੇ ਗੈਰ ਸਮਾਜੀ ਗੁੰਡਿਆਂ ਦਾ ਕਾਰਾ ਹੋਵੇਗਾ।
ਇਹੋ ਮੁੱਖ ਮੰਤਰੀ ਇਸ ਤੋਂ ਪਹਿਲਾਂ ਸੰਤ ਰਾਮਪਾਲ ਦੇ ਡੇਰੇ ਉੱਤੇ ਕਾਰਵਾਈ ਕਰਨ ਵੇਲੇ ਵੀ ਨਿਆਂ ਪਾਲਿਕਾ ਨੂੰ ਗੁੰਮਰਾਹ ਕਰਨ ਲਈ ਸਰਕਾਰੀ ਮਸ਼ੀਨਰੀ ਦੀ ਗੈਰ ਜ਼ਿਮੇਵਾਰ ਅਗਵਾਈ ਕਰਦਾ ਰਿਹਾ ਸੀ। ਜਾਟ ਐਜੀਟੇਸ਼ਨ ਦੇ ਵਕਤ ਵੀ ਹਰ ਤਰ੍ਹਾਂ ਦੀ ਗੁੰਡਾਗਰਦੀ ਤੇ ਹਰਿਆਣੇ ਵਿੱਚੋਂ ਲੰਘ ਰਹੀਆਂ ਔਰਤਾਂ ਨੂੰ ਅਗਵਾ ਕਰ ਕੇ ਬਲਾਤਕਾਰ ਕਰਨ ਦੀਆਂ ਘਟਨਾਵਾਂ ਨੂੰ ਛੁਪਾਉਣ ਵਾਲੀ ਸਰਕਾਰੀ ਮਸ਼ੀਨਰੀ ਨੂੰ ਥਾਪੜਾ ਇਹੋ ਮੁੱਖ ਮੰਤਰੀ ਦੇਂਦਾ ਰਿਹਾ ਸੀ। ਇਸ ਵਾਰ ਸਿਰਸੇ ਵਾਲੇ ਬਾਬੇ ਦੇ ਮਾਮਲੇ ਵਿੱਚ ਉਸ ਨੇ ਗੈਰ ਜ਼ਿਮੇਵਾਰੀ ਵਿਖਾਈ ਹੈ। ਪੰਚਕੂਲੇ ਵਿੱਚ ਇਸ ਡੇਰਾ ਮੁਖੀ ਦੀ ਪੇਸ਼ੀ ਕਰਨ ਤੋਂ ਪਹਿਲਾਂ ਜਿਵੇਂ ਉਸ ਨੂੰ ਸਿਰਸੇ ਡੇਰੇ ਤੋਂ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਕਾਫਲਿਆਂ ਤੋਂ ਵੱਡੇ ਕਾਰਾਂ ਦੇ ਕਾਫਲੇ ਨਾਲ ਲਿਆਂਦਾ ਗਿਆ, ਉਸ ਤੋਂ ਸਾਫ ਦਿਸਦਾ ਸੀ ਕਿ ਉਸ ਨੂੰ ਸਰਕਾਰੀ ਸਰਪ੍ਰਸਤੀ ਦੀ ਸਿਖਰ ਹੈ। ਦੋਸ਼ੀ ਠਹਿਰਾਏ ਜਾਣ ਦੇ ਬਾਅਦ ਉਸ ਨੂੰ ਰੋਹਤਕ ਜੇਲ੍ਹ ਵਿੱਚ ਵੀ ਸਭ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
ਹੁਣ ਇਸ ਮੁੱਦੇ ਉੱਤੇ ਰਾਜਨੀਤੀ ਹੋ ਰਹੀ ਹੈ। ਕਾਂਗਰਸੀ ਆਗੂ ਭਾਜਪਾ ਨੂੰ ਦੋਸ਼ ਦੇ ਰਹੇ ਹਨ। ਪਹਿਲਾਂ ਦਸ ਸਾਲ ਜਦੋਂ ਓਸੇ ਰਾਜ ਵਿੱਚ ਕਾਂਗਰਸ ਦੀ ਸਰਕਾਰ ਸੀ, ਇਸ ਬਾਬੇ ਦੀ ਸਰਪ੍ਰਸਤੀ ਉਨ੍ਹਾਂ ਵੀ ਕੀਤੀ ਸੀ ਅਤੇ ਬਾਬੇ ਦੇ ਖਿਲਾਫ ਸ਼ਿਕਾਇਤ ਕਰਨ ਵਾਲਿਆਂ ਨੂੰ ਸੁਰੱਖਿਆ ਨਹੀਂ ਸੀ ਦਿੱਤੀ। ਅਕਾਲੀ ਆਗੂ ਹੁਣ ਉਸ ਬਾਬੇ ਵਿਰੁੱਧ ਬੋਲਦੇ ਹਨ, ਪਰ ਅੱਜ ਤੋਂ ਦੋ ਸਾਲ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਨੇ ਮੁੰਬਈ ਵਿੱਚ ਇੱਕ ਫਿਲਮ ਸਟਾਰ ਦੇ ਘਰ ਬੈਠ ਕੇ ਸੱਚੇ ਸੌਦੇ ਵਾਲਿਆਂ ਨਾਲ ਗੁੱਝੀ ਸੌਦੇਬਾਜ਼ੀ ਕੀਤੀ ਤੇ ਫਿਰ ਅਕਾਲ ਤਖਤ ਦੇ ਜਥੇਦਾਰ ਦੀ ਅਗਵਾਈ ਹੇਠ ਏਸੇ ਡੇਰਾ ਮੁਖੀ ਨੂੰ ਅਣਮੰਗੀ ਮੁਆਫੀ ਮਿਲ ਗਈ ਸੀ। ਭਾਜਪਾ ਆਗੂ ਤੇ ਮੁੱਖ ਮੰਤਰੀ ਖੱਟਰ ਦਾ ਕਿਰਦਾਰ ਅਸੀਂ ਪਿੱਛੇ ਲਿਖ ਆਏ ਹਾਂ। ਹੁਣ ਸਭ ਤੋਂ ਉੱਚੀ ਸੁਰ ਵਿੱਚ ਹਰਿਆਣੇ ਦੀ ਇਨੈਲੋ ਪਾਰਟੀ ਦੇ ਆਗੂ ਬੋਲ ਰਹੇ ਹਨ, ਪਰ ਜਦੋਂ ਏਸੇ ਡੇਰੇ ਨਾਲ ਜੁੜੇ ਕਾਤਲਾਂ ਨੇ ਪੱਤਰਕਾਰ ਛਤਰਪਤੀ ਨੂੰ ਗੋਲੀਆਂ ਮਾਰੀਆਂ ਤੇ ਅਠਾਈ ਦਿਨ ਉਹ ਜ਼ਖਮੀ ਹੋਇਆ ਹਸਪਤਾਲ ਵਿੱਚ ਪਿਆ ਇਹ ਕੂਕਾਂ ਮਾਰਦਾ ਰਿਹਾ ਕਿ ਜਾਨ ਮੇਰੀ ਬਚਣੀ ਨਹੀਂ, ਪੁਲਸ ਭੇਜ ਕੇ ਮੇਰਾ ਬਿਆਨ ਹੀ ਰਿਕਾਰਡ ਕਰਵਾ ਲਓ, ਪੁਲਸ ਨੇ ਬਿਆਨ ਰਿਕਾਰਡ ਨਹੀਂ ਸੀ ਕੀਤਾ। ਓਦੋਂ ਹਰਿਆਣੇ ਦਾ ਮੁੱਖ ਮੰਤਰੀ ਏਸੇ ਇਨੈਲੋ ਦਾ ਮੁਖੀ ਓਮ ਪ੍ਰਕਾਸ਼ ਚੌਟਾਲਾ ਸੀ, ਜਿਹੜਾ ਹੁਣ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਲੱਗੇ ਦੋਸ਼ ਸਾਬਤ ਹੋ ਜਾਣ ਪਿੱਛੋਂ ਤਿਹਾੜ ਜੇਲ੍ਹ ਵਿੱਚ ਦਸ ਸਾਲ ਕੈਦ ਭੁਗਤ ਰਿਹਾ ਹੈ।
ਸਾਫ ਹੈ ਕਿ ਭਾਰਤ ਦੇ ਰਾਜਸੀ ਲੀਡਰਾਂ ਵਿੱਚੋਂ ਸਿਰਸਾ ਡੇਰੇ ਦੇ ਮੁਖੀ ਦੇ ਕੇਸ ਵਿੱਚ ਨਿੰਦਣ-ਸਲਾਹੁਣ ਵਾਲਾ ਕੋਈ ਨਹੀਂ ਦਿਸ ਰਿਹਾ। ਫਿਰ ਵੀ ਪੰਝੀ ਅਗਸਤ ਦੇ ਦਿਨ ਬਦੀ ਉੱਤੇ ਨੇਕੀ ਦੀ ਜਿੱਤ ਹੋਈ ਹੈ। ਫਰਕ ਸਿਰਫ ਏਨਾ ਪਿਆ ਹੈ ਕਿ ਇਸ ਜਿੱਤ ਦਾ ਸਿਹਰਾ ਕਿਸੇ ਰਾਵਣ ਦੇ ਬੁੱਤ ਨੂੰ ਚੁਆਤੀ ਲਾਉਣ ਵਾਲੇ ਸਿਆਸੀ ਆਗੂ ਨੂੰ ਨਹੀਂ, ਦੇਸ਼ ਦੀ ਨਿਆਂ ਪਾਲਿਕਾ ਨੂੰ ਮਿਲੇਗਾ। ਬਿਆਨ ਉੱਤੇ ਡਟ ਗਈਆਂ ਦੋ ਸਾਧਵੀਆਂ ਨੂੰ ਵੀ ਦਾਦ ਦੇਣੀ ਬਣਦੀ ਹੈ। ਸੀ ਬੀ ਆਈ ਅਫਸਰਾਂ ਨੇ ਵੀ ਸੱਚ ਲੱਭ ਕੇ ਪੇਸ਼ ਕਰਨ ਵਿੱਚ ਕਸਰ ਨਹੀਂ ਛੱਡੀ, ਪਰ ਇਸ ਦੌਰਾਨ ਜਿਹੜਾ ਰੋਲ ਸੰਬੰਧਤ ਜੱਜ ਨੇ ਨਿਭਾਇਆ ਅਤੇ ਉਸ ਜੱਜ ਲਈ ਮਿਸਾਲੀ ਸਰਪ੍ਰਸਤੀ ਹਾਈ ਕੋਰਟ ਨੇ ਕੀਤੀ ਹੈ, ਉਨ੍ਹਾਂ ਨੇ ਦੇਸ਼ ਦੇ ਲੋਕਾਂ ਦੇ ਡੋਲਦੇ ਵਿਸ਼ਵਾਸ ਨੂੰ ਮੁੜ ਪੱਕਾ ਕਰਨ ਦਾ ਕੰਮ ਕੀਤਾ ਹੈ। ਰਾਵਣ ਸਿਰਜ ਕੇ ਉਸ ਨੂੰ 'ਵਾਹਵਾ ਡਰਾਉਣਾ ਜਿਹਾ ਜਾਪਦਾ' ਕਹਿ ਕੇ ਖੁਸ਼ ਹੋਣ ਵਾਲੇ ਸਿਆਸੀ ਆਗੂ ਇਸ ਵਾਰੀ ਠਿੱਠ ਹੋ ਗਏ ਹੋਣਗੇ।
27 Aug 2017