ਪਾਕਿ ਵੱਲ ਅਮਰੀਕਾ ਦੀ ਕੌੜੀ ਅੱਖ ਤੋਂ ਭਾਰਤੀ ਲੋਕਾਂ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ - ਜਤਿੰਦਰ ਪਨੂੰ
ਅਸੀਂ ਭਾਰਤੀ ਲੋਕ ਖੁਸ਼ ਹਾਂ ਕਿ ਅਮਰੀਕਾ ਨੇ ਅੱਜ-ਕੱਲ੍ਹ ਪਾਕਿਸਤਾਨ ਦੀ ਬਾਂਹ ਨੂੰ ਕਾਫੀ ਜ਼ੋਰਦਾਰ ਮਰੋੜਾ ਚਾੜ੍ਹ ਰੱਖਿਆ ਹੈ। ਸਾਨੂੰ ਇਸ ਨਾਲ ਖੁਸ਼ ਹੋਣ ਦਾ ਹੱਕ ਵੀ ਹੈ। ਪਾਕਿਸਤਾਨ ਦੀ ਹੋਂਦ ਕਾਇਮ ਹੋਣ ਦੇ ਦਿਨ ਤੋਂ ਹੁਣ ਤੱਕ ਕੋਈ ਮੌਕਾ ਇਹੋ ਜਿਹਾ ਨਹੀਂ ਰਿਹਾ, ਜਦੋਂ ਉਸ ਨੇ ਭਾਰਤ ਦੇ ਵਿਰੁੱਧ ਸਿੱਧੀ ਜਾਂ ਲੁਕਵੀਂ ਜੰਗਬਾਜ਼ੀ ਦੀ ਕੋਈ ਨਾ ਕੋਈ ਸਾਜ਼ਿਸ਼ੀ ਚਾਲ ਨਾ ਚੱਲੀ ਹੋਵੇ। ਭਾਰਤ ਭੁਗਤਦਾ ਰਿਹਾ ਸੀ। ਹਾਲੇ ਭਾਰਤ ਦੀ ਆਜ਼ਾਦੀ ਤੇ ਪਾਕਿਸਤਾਨ ਦੀ ਕਾਇਮੀ ਨੂੰ ਮਸਾਂ ਪੰਜ ਹਫਤੇ ਹੋਏ ਸਨ, ਜਦੋਂ ਉਸ ਨੇ ਕਬਾਇਲੀ ਲੋਕਾਂ ਦੇ ਭੇਸ ਵਿੱਚ ਆਪਣੀ ਫੌਜ ਕਸ਼ਮੀਰ ਦੀ ਰਿਆਸਤ ਵਿੱਚ ਵਾੜ ਕੇ ਉਸ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ ਸੀ। ਮੌਕੇ ਦੇ ਫੌਜੀ ਤੇ ਸਿਵਲ ਅੰਗਰੇਜ਼ ਅਫਸਰਾਂ ਨੇ ਪਾਕਿਸਤਾਨ ਦੀ ਹਕੂਮਤ ਦਾ ਸਾਥ ਦਿੱਤਾ ਸੀ ਤੇ ਦਿੱਲੀ ਵਿੱਚ ਗਵਰਨਰ ਜਨਰਲ ਬਣਿਆ ਬੈਠਾ ਬ੍ਰਿਟੇਨ ਦਾ ਲਾਰਡ ਮਾਊਂਟਬੈਟਨ ਭਾਰਤ ਵੱਲੋਂ ਮੋੜਵੀਂ ਕਾਰਵਾਈ ਦੇ ਅੱਗੇ ਅੜਿੱਕੇ ਡਾਹੀ ਜਾਂਦਾ ਸੀ। ਫਿਰ ਅਠਾਰਾਂ ਸਾਲ ਬਾਅਦ ਦੋਵਾਂ ਦੇਸ਼ਾਂ ਦੀ ਜਦੋਂ ਪਹਿਲੀ ਜੰਗ ਹੋਈ, ਉਸ ਵੇਲੇ ਅਖਨੂਰ ਸੈਕਟਰ ਵਿੱਚ ਪਾਕਿਸਤਾਨ ਨੇ ਆਪਣੀ ਫੌਜ ਇਹ ਸੋਚ ਕੇ ਚਾੜ੍ਹ ਦਿੱਤੀ ਕਿ ਉਥੋਂ ਜ਼ੋਰਦਾਰ ਹਮਲਾ ਕਰ ਕੇ ਮਾਧੋਪੁਰ ਤੋਂ ਜੰਮੂ-ਕਸ਼ਮੀਰ ਦਾ ਲਾਂਘਾ ਕੱਟ ਦਿੱਤਾ ਜਾਵੇ ਤੇ ਉਸ ਦੇ ਪਿੱਛੋਂ ਉਸ ਖੇਤਰ ਵਿੱਚ ਭਾਰਤ ਦੇ ਪੈਰ ਨਹੀਂ ਟਿਕਣ ਦਿੱਤੇ ਜਾਣਗੇ। ਇਹੋ ਜਿਹੇ ਹਾਲਾਤ ਸਨ, ਜਿਨ੍ਹਾਂ ਨੇ ਬੰਗਲਾ ਦੇਸ਼ ਦੀ ਜੰਗ ਵਿੱਚ ਭਾਰਤ ਨੂੰ ਸਿੱਧੇ ਦਖਲ ਦੇਣ ਨੂੰ ਮਜਬੂਰ ਕੀਤਾ ਸੀ, ਪਰ ਖਿੱਚੋਤਾਣ ਫਿਰ ਵੀ ਚੱਲਦੀ ਰਹੀ ਤੇ ਆਖਰ ਨੂੰ ਇੱਕ ਕਾਰਗਿਲ ਦੀ ਜੰਗ ਲੜਨੀ ਪਈ ਸੀ, ਜਿਸ ਵਿੱਚ ਪਾਕਿਸਤਾਨੀ ਫੌਜ ਨੇ ਇੱਕ ਵਾਰ ਫਿਰ ਫੌਜੀ ਜਵਾਨਾਂ ਨੂੰ ਕਸ਼ਮੀਰੀ ਲੋਕਾਂ ਦੇ ਕੱਪੜੇ ਪਵਾ ਕੇ ਜੱਹਾਦੀ ਬਣਾ ਕੇ ਲੜਾਇਆ ਸੀ। ਜਿੰਨਾ ਚਿਰ ਜੰਗ ਹੁੰਦੀ ਰਹੀ, ਲੜਾਕਿਆਂ ਨੂੰ ਗੈਰ-ਫੌਜੀ ਕਿਹਾ ਗਿਆ ਤੇ ਲਾਸ਼ਾਂ ਲੈਣ ਤੋਂ ਵੀ ਨਾਂਹ ਕਰਦੇ ਰਹੇ, ਪਰ ਜੰਗ ਬੰਦ ਹੁੰਦੇ ਸਾਰ ਉਨ੍ਹਾਂ ਨੂੰ 'ਕਾਰਗਿਲ ਦੇ ਸ਼ਹੀਦ' ਕਹਿ ਕੇ ਮਰਨ-ਉਪਰੰਤ ਐਵਾਰਡ ਦੇ ਦਿੱਤੇ ਸਨ।
ਸੱਤਰ ਸਾਲ ਲੰਮੇ ਇਸ ਦੌਰ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਇੱਕ ਅਸਿੱਧੀ ਜੰਗ ਵੀ ਲੜੀ ਜਾਂਦੀ ਰਹੀ ਅਤੇ ਲੜੀ ਜਾ ਰਹੀ ਹੈ, ਜਿਸ ਨੂੰ ਦਹਿਸ਼ਤਗਰਦੀ ਕਹਿੰਦੇ ਹਨ। ਭਾਰਤ ਨੇ ਕਦੇ ਏਦਾਂ ਨਹੀਂ ਕੀਤਾ ਤੇ ਪਾਕਿਸਤਾਨ ਰੁਕਦਾ ਨਹੀਂ। ਮੁੰਬਈ ਵਿੱਚ ਨੌਂ ਕੁ ਸਾਲ ਪਹਿਲਾਂ ਹੋਇਆ ਹਮਲਾ ਅਸਿੱਧੀ ਜੰਗ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਸੀ, ਜਿਸ ਦੇ ਮ੍ਰਿਤਕਾਂ ਵਿੱਚ ਅਮਰੀਕਾ ਸਮੇਤ ਕਈ ਦੇਸ਼ਾਂ ਦੇ ਲੋਕ ਸ਼ਾਮਲ ਸਨ। ਅਮਰੀਕਾ ਨੇ ਓਦੋਂ ਤੱਕ ਭਾਰਤ ਉੱਤੇ ਹੋ ਰਹੀ ਹਮਲਾਵਰੀ ਨੂੰ ਭਾਰਤ-ਪਾਕਿ ਦੀ ਆਪਸੀ ਖਹਿਬੜ ਤੋਂ ਵੱਧ ਨਹੀਂ ਸੀ ਗਿਣਿਆ ਤੇ ਇਸਰਾਈਲ ਵਰਗੇ ਦੇਸ਼ ਏਸੇ ਅਮਰੀਕੀ ਨੀਤੀ ਨਾਲ ਖੜੇ ਹੋਣ ਕਾਰਨ ਚੁੱਪ ਰਹੇ, ਪਰ ਓਦੋਂ ਜਿਨ੍ਹਾਂ ਦੇਸ਼ਾਂ ਨੇ ਮਾਰ ਖਾਧੀ, ਉਨ੍ਹਾਂ ਵਿੱਚ ਇਸਰਾਈਲ ਵੀ ਆ ਗਿਆ ਤਾਂ ਅਮਰੀਕੀ ਧੜੇ ਦੇ ਦੇਸ਼ਾਂ ਨੂੰ ਮੁੜ ਵਿਚਾਰ ਕਰਨੀ ਪਈ। ਇਸ ਦਾ ਇਹ ਮਤਲਬ ਨਹੀਂ ਕਿ ਉਸ ਪਿੱਛੋਂ ਅਮਰੀਕਾ ਕੋਈ ਭਾਰਤ-ਪੱਖੀ ਹੋ ਗਿਆ ਸੀ। ਪਾਕਿਸਤਾਨ ਉੱਤੇ ਪਹਿਲੀ ਸਖਤੀ ਅਮਰੀਕਾ ਨੇ ਓਦੋਂ ਕੀਤੀ, ਜਦੋਂ ਪਾਕਿਸਤਾਨੀ ਮੂਲ ਦੇ ਦਾਊਦ ਗਿਲਾਨੀ ਤੋਂ ਕੁੰਜ ਬਦਲ ਕੇ ਡੇਵਿਡ ਕੋਲਮੈਨ ਹੈਡਲੀ ਬਣਿਆ ਦਹਿਸ਼ਤਗਰਦ ਫੜਿਆ ਗਿਆ, ਪਰ ਅਸਲ ਸਖਤੀ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਪਿੱਛੋਂ ਹੀ ਕੀਤੀ ਗਈ ਹੈ, ਜਿਹੜੀ ਹੁਣ ਪੈਰੋ-ਪੈਰ ਅੱਗੇ ਵਧਦੀ ਜਾ ਰਹੀ ਹੈ।
ਅਮਰੀਕਾ ਦੇ ਇਸ ਰੁਖ ਤੋਂ ਭਾਰਤੀ ਲੋਕ ਸੰਤੁਸ਼ਟ ਹਨ ਕਿ ਉਸ ਨੇ ਪਾਕਿਸਤਾਨ ਨੂੰ ਵਾਹਣੀ ਪਾ ਲਿਆ ਤੇ ਹਾਫਿਜ਼ ਸਈਦ ਜਾਂ ਸਲਾਹੁਦੀਨ ਤੇ ਜ਼ਕੀ-ਉਰ-ਰਹਿਮਾਨ ਵਰਗੇ ਲੋਕਾਂ ਵਿਰੁੱਧ ਕਾਰਵਾਈ ਦਾ ਦਬਾਅ ਪਾ ਰਿਹਾ ਹੈ। ਫੌਜੀ ਮਦਦ ਦੇ ਬਹਾਨੇ ਡਾਲਰਾਂ ਦੀ ਪੰਡ ਵੀ ਇਸ ਵਾਰ ਪਾਕਿਸਤਾਨ ਨੂੰ ਓਨਾ ਚਿਰ ਰੋਕੀ ਗਈ, ਜਦੋਂ ਤੱਕ ਉਸ ਵੱਲੋਂ ਦਹਿਸ਼ਤਗਰਦਾਂ ਦੇ ਖਿਲਾਫ ਠੋਸ ਕਾਰਵਾਈ ਦਾ ਭਰੋਸਾ ਨਹੀਂ ਮਿਲਿਆ। ਭਾਰਤੀ ਲੋਕ ਇਸ ਤੋਂ ਖੁਸ਼ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਅਮਰੀਕਾ ਨੇ ਇਹ ਕੰਮ ਕਰਨ ਵਿੱਚ ਏਨਾ ਕੁਵੇਲਾ ਕਰ ਦਿੱਤਾ ਹੈ ਕਿ ਹੁਣ ਪਾਕਿਸਤਾਨ ਸ਼ਾਇਦ ਉਸ ਦੀ ਬਹੁਤੀ ਪ੍ਰਵਾਹ ਨਹੀਂ ਕਰੇਗਾ। ਹਾਲਾਤ ਬਹੁਤ ਜ਼ਿਆਦਾ ਬਦਲ ਚੁੱਕੇ ਨਜ਼ਰ ਆਉਂਦੇ ਹਨ।
ਕੁਝ ਸਾਲ ਪਹਿਲਾਂ ਜਦੋਂ ਅਮਰੀਕਾ ਦੇ ਪਾਰਲੀਮੈਂਟ ਮੈਂਬਰਾਂ ਨੂੰ ਚੋਗਾ ਪਾਉਣ ਦਾ ਕੰਮ ਕਰਦਾ ਪਾਕਿਸਤਾਨੀ ਏਜੰਟ ਗੁਲਾਮ ਨਬੀ ਫਾਈ ਫੜਿਆ ਗਿਆ ਤੇ ਫਿਰ ਉਸ ਕੇਸ ਵਿੱਚ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਮੁਖੀ ਅਹਿਮਦ ਸ਼ੁਜ਼ਾ ਪਾਸ਼ਾ ਦਾ ਨਾਂਅ ਆਇਆ ਤਾਂ ਪਾਕਿਸਤਾਨ ਨੇ ਉਸੇ ਵੇਲੇ ਇਹ ਸੋਚ ਕੇ ਨਵਾਂ ਸਾਈਂ ਲੱਭਣ ਦਾ ਕੰਮ ਸ਼ੁਰੂ ਕਰ ਲਿਆ ਸੀ ਕਿ ਹੁਣ ਅਮਰੀਕਾ ਨਾਲ ਬਹੁਤੀ ਦੇਰ ਨਹੀਂ ਨਿਭਣੀ। ਅਗਲੇ ਸਮੇਂ ਵਿੱਚ ਉਸ ਨੇ ਅਮਰੀਕਾ ਨਾਲ ਸ਼ਰੀਕ-ਆਢਾ ਲਾਉਣ ਵਾਲੇ ਚੀਨ ਤੇ ਉਸ ਦੇ ਬਾਅਦ ਰੂਸ ਨਾਲ ਵੀ ਸੰਬੰਧਾਂ ਦਾ ਇਹੋ ਜਿਹਾ ਨਵਾਂ ਰਾਹ ਖੋਲ੍ਹ ਲਿਆ ਸੀ, ਜਿਸ ਤੋਂ ਅਮਰੀਕਾ ਦੀ ਹਕੂਮਤ ਤ੍ਰਭਕ ਜਾਵੇ। ਪਿਛਲੇ ਪੰਦਰਾਂ ਦਿਨਾਂ ਵਿੱਚ ਜਦੋਂ ਇੱਕ ਪਿੱਛੋਂ ਦੂਸਰੇ ਅਮਰੀਕੀ ਆਗੂ ਜਾਂ ਜਰਨੈਲ ਨੇ ਇਹ ਕਿਹਾ ਕਿ ਦਹਿਸ਼ਤਗਰਦੀ ਦੀ ਸਰਪ੍ਰਸਤੀ ਕਰਨ ਤੋਂ ਪਾਕਿਸਤਾਨ ਹਟ ਜਾਵੇ, ਵਰਨਾ ਉਸ ਦੇ ਖਿਲਾਫ ਕਾਰਵਾਈ ਹੋਵੇਗੀ, ਓਸੇ ਦਿਨ ਤੋਂ ਪਾਕਿਸਤਾਨ ਅੰਦਰ ਸਿਵਲ ਤੇ ਫੌਜੀ ਮੀਟਿੰਗਾਂ ਦਾ ਸਿਲਸਿਲਾ ਚੱਲ ਨਿਕਲਿਆ ਹੈ। ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਤੇ ਨਵਾਜ਼ ਸ਼ਰੀਫ ਦੇ ਭਰਾ ਸ਼ਾਹਬਾਜ਼ ਸ਼ਰੀਫ ਨੇ ਕਹਿ ਦਿੱਤਾ ਹੈ ਕਿ ਅਮਰੀਕਾ ਨਾਲੋਂ ਸੰਬੰਧ ਤੋੜਨ ਦਾ ਵੇਲਾ ਆ ਗਿਆ ਹੈ। ਫੌਜੀ ਜਰਨੈਲਾਂ ਦੀ ਮੀਟਿੰਗ ਵਿੱਚੋਂ ਇਹ ਰਾਗ ਅਲਾਪਿਆ ਗਿਆ ਹੈ ਕਿ ਅਸੀਂ ਅਮਰੀਕਾ ਨਾਲ ਸੰਬੰਧ ਹਾਲੇ ਵੀ ਰੱਖਣਾ ਚਾਹੁੰਦੇ ਹਾਂ, ਪਰ ਉਸ ਦੀ ਲੀਡਰਸ਼ਿਪ ਦੇ ਸਾਹਮਣੇ ਜ਼ਲੀਲ ਹੋਣ ਨੂੰ ਤਿਆਰ ਨਹੀਂ।
ਸਥਿਤੀ ਦਾ ਅਗਲਾ ਇਹ ਪੱਖ ਵੀ ਗੰਭੀਰਤਾ ਜ਼ਾਹਰ ਕਰਦਾ ਹੈ ਕਿ ਮਦਦ ਅਮਰੀਕਾ ਨੇ ਪਾਕਿਸਤਾਨ ਨੂੰ ਦੇਣੀ ਜਾਂ ਨਹੀਂ ਦੇਣੀ ਅਤੇ ਫਿਰ ਦੇਣੀ ਤਾਂ ਕਿਸ ਸ਼ਰਤ ਉੱਤੇ ਦੇਣੀ ਹੈ, ਇਹ ਉਨ੍ਹਾਂ ਦੋ ਧਿਰਾਂ ਦਾ ਮੁੱਦਾ ਹੈ, ਪਰ ਇਸ ਵਿੱਚ ਚੀਨ ਨੇ ਪਹਿਲੀ ਵਾਰ ਬਿਨਾਂ ਕਿਸੇ ਕਾਰਨ ਤੋਂ ਬਿਆਨ ਦਾਗਿਆ ਹੈ ਕਿ ਪਾਕਿਸਤਾਨ ਨੂੰ ਖੂੰਜੇ ਧੱਕਣ ਦੇ ਯਤਨ ਅਮਰੀਕਾ ਨਾ ਕਰੇ। ਦੋ ਦੇਸ਼ਾਂ ਦੇ ਆਪਸੀ ਸੰਬੰਧਾਂ ਵਿੱਚ ਚੀਨ ਦਾ ਇਹ ਬਿਆਨ ਪਾਕਿਸਤਾਨ ਨੂੰ ਅਮਰੀਕਾ ਦੀ ਪ੍ਰਵਾਹ ਨਾ ਕਰਨ ਤੇ ਲੋੜ ਪਈ ਤਾਂ ਅਮਰੀਕਾ ਦੇ ਖਿਲਾਫ ਹਮਾਇਤ ਦਾ ਇਸ਼ਾਰਾ ਕਰਦਾ ਹੈ। ਦੂਸਰੇ ਪਾਸੇ ਇਹ ਸੰਕੇਤ ਵੀ ਕਰਦਾ ਹੈ ਕਿ ਅਮਰੀਕਾ ਦੀ ਡਾਲਰਾਂ ਦੀ ਪੰਡ ਤੋਂ ਵੱਡੀ ਲਾਗਤ ਵਾਲਾ ਕਾਰੀਡੋਰ ਉਸ ਨੇ ਪਾਕਿਸਤਾਨ ਵਿੱਚੋਂ ਦੀ ਲੰਘ ਕੇ ਸਾਊਦੀ ਅਰਬ ਦੀ ਜੜ੍ਹ ਤੱਕ ਜਾਣ ਲਈ ਇਸ ਕਰ ਕੇ ਖੜਾ ਨਹੀਂ ਕੀਤਾ ਕਿ ਏਥੇ ਅਮਰੀਕਾ ਦਾ ਦਬਦਬਾ ਰਹੇ। ਕਈ ਲੱਖ ਕਰੋੜ ਪਾਕਿਸਤਾਨੀ ਰੁਪਏ ਦੇ ਮੁੱਲ ਦਾ ਇਹ ਪ੍ਰਾਜੈਕਟ ਖੜਾ ਕਰਨ ਦੇ ਨਾਲ ਚੀਨ ਹੁਣ ਉਸ ਦੇਸ਼ ਦਾ ਇੱਕ ਤਰ੍ਹਾਂ ਸਰਪ੍ਰਸਤ ਵੀ ਬਣਦਾ ਜਾਂਦਾ ਹੈ।
ਪਿਛਲੇ ਦਿਨਾਂ ਵਿੱਚ ਅਮਰੀਕਾ ਨੇ ਇਸ ਗੱਲ ਨੂੰ ਮਹਿਸੂਸ ਕਰ ਕੇ ਪਾਕਿਸਤਾਨ ਨੂੰ ਘੂਰਨ ਤੋਂ ਬਾਅਦ ਥੋੜ੍ਹੀ ਜਿਹੀ ਨਰਮੀ ਵਿਖਾਈ, ਪਰ ਉਸ ਦੇਸ਼ ਵਿੱਚ ਜਿੰਨੀ ਇਹ ਗੱਲ ਫੈਲ ਗਈ ਕਿ ਅਮਰੀਕਾ ਅਸਲ ਵਿੱਚ ਭਾਰਤ ਨਾਲ ਤਾਰਾਂ ਜੋੜੀ ਜਾਂਦਾ ਹੈ, ਉਸ ਪਿੱਛੋਂ ਪਾਕਿਸਤਾਨ ਲੰਮਾ ਸਮਾਂ ਅਮਰੀਕਾ ਨਾਲ ਸ਼ਾਇਦ ਨਿਭ ਨਹੀਂ ਸਕੇਗਾ। ਜਿਵੇਂ ਪਾਕਿਸਤਾਨ ਦੇ ਲੋਕਾਂ ਵਿੱਚ ਇਹ ਸੋਚ ਜੜ੍ਹ ਜਮਾਈ ਜਾਂਦੀ ਹੈ ਕਿ ਅਮਰੀਕਾ ਹੁਣ ਭਾਰਤ ਨੇੜੇ ਜਾ ਰਿਹਾ ਹੈ, ਇਹੀ ਸੋਚ ਭਾਰਤ ਵਿੱਚ ਫੈਲਦੀ ਜਾਂ ਫੈਲਾਈ ਜਾ ਰਹੀ ਹੈ। ਕਈ ਲੋਕ ਇਹੋ ਜਿਹਾ ਮੋੜਾ ਵੇਖ ਕੇ ਖੁਸ਼ ਹੋ ਰਹੇ ਹਨ। ਇਸ ਖੇੜੇ ਵਿੱਚ ਉਹ ਲੋਕ ਬੀਤੇ ਦੀਆਂ ਦੋ ਸੰਸਾਰ ਜੰਗਾਂ ਦਾ ਤਜਰਬਾ ਵੀ ਚੇਤੇ ਨਹੀਂ ਰੱਖਣਾ ਚਾਹੁੰਦੇ।
ਪਹਿਲੀ ਸੰਸਾਰ ਜੰਗ ਵੇਲੇ ਅਮਰੀਕਾ ਅਸਲੋਂ ਲਾਂਭੇ ਖੜਾ ਤਮਾਸ਼ਾ ਵੇਖਦਾ ਰਿਹਾ ਸੀ ਤੇ ਅੰਤਲੇ ਦੌਰ ਵਿੱਚ ਵੀ ਜੰਗ ਵਿੱਚ ਕੁੱਦਿਆ ਨਹੀਂ, ਉਸ ਨੂੰ ਕੁੱਦਣ ਲਈ ਮਜਬੂਰ ਹੋਣਾ ਪਿਆ ਸੀ। ਚੱਲਦੀ ਸੰਸਾਰ ਜੰਗ ਦੌਰਾਨ ਜਦੋਂ ਵਿਰੋਧੀ ਧਿਰ ਦਾ ਆਗੂ ਇਹ ਕਹਿੰਦਾ ਸੀ ਕਿ ਬ੍ਰਿਟੇਨ ਅਤੇ ਰੂਸ ਵਾਲੇ ਧੜੇ ਵਿੱਚ ਖੜੋਣ ਦਾ ਮੌਕਾ ਨਹੀਂ ਗੁਆਉਣਾ ਚਾਹੀਦਾ, ਅਮਰੀਕਾ ਦੀ ਕਮਾਨ ਸਾਂਭੀ ਬੈਠਾ ਰਾਸ਼ਟਰਪਤੀ ਵੁਡਰੋ ਵਿਲਸਨ ਇਹ ਕਹਿੰਦਾ ਸੀ ਕਿ ਲੜਨ ਤੋਂ ਸਾਨੂੰ ਪਰਹੇਜ਼ ਨਹੀਂ, ਪਰ ਸਾਡੀ ਸੋਚ ਏਥੋਂ ਸ਼ੁਰੂ ਹੁੰਦੀ ਹੈ ਕਿ ਜੰਗ ਦਾ ਕੋਈ ਹੱਲ ਨਿਕਲ ਆਵੇ। ਉਸ ਦੇ ਇਸ ਪੈਂਤੜੇ ਪਿੱਛੋਂ ਜਦੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਹੋਈ, ਪਹਿਲੀ ਸੰਸਾਰ ਜੰਗ ਚੱਲਦੀ ਨੂੰ ਤੀਸਰਾ ਸਾਲ ਚੱਲਦਾ ਪਿਆ ਸੀ ਤੇ ਅਮਰੀਕੀ ਲੋਕ ਉਸ ਰਾਸ਼ਟਰਪਤੀ ਦੇ ਹੱਕ ਵਿੱਚ ਭੁਗਤੇ ਸਨ। ਲੋਕ ਆਪਣੇ ਪੁੱਤ ਨਹੀਂ ਸੀ ਮਰਵਾਉਣਾ ਚਾਹੁੰਦੇ। ਦੂਸਰੀ ਸੰਸਾਰ ਜੰਗ ਵਿੱਚ ਵੀ ਅਮਰੀਕਾ ਨੇ ਦੂਸਰਿਆਂ ਦੇ ਮੋਢਿਆਂ ਉੱਤੇ ਬੰਦੂਕ ਰੱਖ ਕੇ ਲੜਾਈ ਲੜਨ ਦੀ ਕੋਸ਼ਿਸ਼ ਕੀਤੀ, ਪਰ ਆਖਰ ਨੂੰ ਮੈਦਾਨ ਵਿੱਚ ਆਉਣਾ ਪੈ ਗਿਆ ਸੀ। ਉਸ ਜੰਗ ਵਿੱਚ ਮਾਰੇ ਗਏ ਛੇ ਕਰੋੜ ਲੋਕਾਂ ਵਿੱਚੋਂ ਪੌਣੇ ਤਿੰਨ ਕਰੋੜ ਦੇ ਕਰੀਬ ਇਕੱਠਲੇ ਸੋਵੀਅਤ ਯੂਨੀਅਨ ਦੇ ਸਨ ਤੇ ਅਮਰੀਕਾ ਦਾ ਨੁਕਸਾਨ ਆਪਣੇ ਯੂਰਪੀਨ ਸਾਥੀਆਂ ਦੇ ਮੁਕਾਬਲੇ ਵੀ ਬਹੁਤ ਘੱਟ ਹੋਇਆ ਸੀ।
ਦੁਨੀਆ ਇੱਕ ਵਾਰੀ ਫਿਰ ਉਸ ਮੋੜ ਉੱਤੇ ਆ ਪਹੁੰਚੀ ਹੈ, ਜਿੱਥੇ ਸੰਸਾਰ ਪੱਧਰੀ ਮੋਰਚਾਬੰਦੀ ਦੇ ਚਰਚੇ ਹੋਣ ਲੱਗ ਪਏ ਹਨ। ਇਸਲਾਮੀ ਦਹਿਸ਼ਤਗਰਦੀ ਵਾਲੀਆਂ ਧਿਰਾਂ ਦੀ ਅਫਗਾਨਿਸਤਾਨ ਤੋਂ ਇਰਾਕ ਤੱਕ ਸਰਗਰਮੀ ਤੇ ਪਾਕਿਸਤਾਨ ਵੱਲੋਂ ਉਨ੍ਹਾਂ ਸਾਰੀਆਂ ਧਿਰਾਂ ਨੂੰ ਪਨਾਹ ਤੇ ਸਰਪ੍ਰਸਤੀ ਨਾਲ ਭੇੜ ਦਾ ਏਦਾਂ ਦਾ ਨਕਸ਼ਾ ਬਣਦਾ ਜਾਪ ਰਿਹਾ ਹੈ, ਜਿਸ ਵਿੱਚ ਅਸਲੋਂ ਨਵੀਂ ਕਿਸਮ ਦੀ ਕਤਾਰਬੰਦੀ ਹੋ ਸਕਦੀ ਹੈ। ਪਿਛਲੇ ਸਾਲਾਂ ਵਿੱਚ ਅਮਰੀਕਾ ਨੇ ਭਾਰਤ ਨਾਲ ਨੇੜਤਾ ਵਧਾਈ ਸੀ, ਪਰ ਡੋਨਾਲਡ ਟਰੰਪ ਦੇ ਸੱਤਾ ਸੰਭਾਲਣ ਪਿੱਛੋਂ ਹੱਦੋਂ ਬਾਹਲਾ ਨੇੜ ਇੱਕ ਦੂਸਰੇ ਦੇਸ਼ ਦੇ ਫੌਜੀ ਹਵਾਈ ਅੱਡੇ ਵਰਤਣ ਦੇ ਸਮਝੌਤੇ ਤੱਕ ਪਹੁੰਚ ਚੁੱਕਾ ਹੈ। ਅਮਰੀਕਾ ਬੜੀ ਦੂਰ-ਰਸ ਨੀਤੀ ਉੱਤੇ ਚੱਲ ਰਿਹਾ ਹੈ ਤੇ ਰੂਸ ਨਾਲ ਵੀ ਉਸ ਦਾ ਤਨਾਅ ਵਧੀ ਜਾਂਦਾ ਹੈ। ਕਈ ਲੋਕ ਸਮਝਦੇ ਹਨ ਕਿ ਰੂਸ ਵੱਲੋਂ ਚੋਣਾਂ ਵਿੱਚ ਟਰੰਪ ਦੀ ਮਦਦ ਬਾਰੇ ਜਿਵੇਂ ਪ੍ਰਚਾਰ ਕੀਤਾ ਗਿਆ ਹੈ, ਸ਼ਾਇਦ ਉਸ ਕਾਰਨ ਟਰੰਪ-ਪੁਤਿਨ ਰਿਸ਼ਤੇ ਭੇੜ ਤੱਕ ਜਾਣੋਂ ਬਚ ਜਾਣ, ਪਰ ਰਿਸ਼ਤੇ ਦੋ ਬੰਦਿਆਂ ਦੀ ਲੋੜ ਉੱਤੇ ਨਿਰਭਰ ਨਹੀਂ ਹੁੰਦੇ। ਅਮਰੀਕੀ ਸਟੇਟ ਪਾਵਰ ਜਿਸ ਨੀਤੀ ਨਾਲ ਚੱਲ ਰਹੀ ਹੈ, ਉਸ ਵਿੱਚ ਰਾਸ਼ਟਰਪਤੀ ਟਰੰਪ ਦੀ ਇੱਕ ਪਿਆਦੇ ਤੋਂ ਵੱਧ ਹਸਤੀ ਨਹੀਂ। ਜਦੋਂ ਅਮਰੀਕਾ ਦੀ ਸਟੇਟ ਪਾਵਰ ਦੀ ਲੋੜ ਬਣੀ, ਚੌਵੀ ਘੰਟੇ ਵੀ ਇਹ ਸੰਬੰਧ ਨਹੀਂ ਰਹਿਣੇ। ਇਸ ਤੋਂ ਬਾਅਦ ਜਿਸ ਪਾਸੇ ਨੂੰ ਹਾਲਾਤ ਜਾ ਸਕਦੇ ਹਨ, ਉਨ੍ਹਾਂ ਦਾ ਸੰਕੇਤ ਪਾਕਿ-ਅਮਰੀਕਾ ਵਿਚਾਲੇ ਕੌੜ ਤੋਂ ਮਿਲ ਗਿਆ ਹੈ।
ਸਾਨੂੰ ਖੁਸ਼ੀ ਹੈ ਤੇ ਇਸ ਖੁਸ਼ੀ ਦਾ ਕਾਰਨ ਵੀ ਹੈ ਕਿ ਪਾਕਿਸਤਾਨ ਨੇ ਹੁਣ ਤੱਕ ਭਾਰਤ ਵਿਰੋਧੀ ਸਰਗਰਮੀ ਕਰਨ ਵਾਲੇ ਜਿਨ੍ਹਾਂ ਦਹਿਸ਼ਤਗਰਦਾਂ ਨੂੰ ਬੁੱਕਲ ਦਾ ਨਿੱਘ ਦਿੱਤਾ ਸੀ, ਅਮਰੀਕਾ ਹੁਣ ਉਨ੍ਹਾਂ ਦੇ ਬਹਾਨੇ ਪਾਕਿਸਤਾਨ ਦੇ ਮਗਰ ਪੈ ਗਿਆ ਹੈ। ਪਾਕਿਸਤਾਨ ਨੇ ਛੇਤੀ ਕੀਤੇ ਦਹਿਸ਼ਤਗਰਦਾਂ ਨੂੰ ਬੇਦਖਲ ਨਹੀਂ ਕਰਨਾ। ਨਤੀਜਾ ਇਸ ਦਾ ਪਾਕਿ-ਅਮਰੀਕਾ ਦੀ ਕੌੜ ਵਧਣ ਵਿੱਚ ਨਿਕਲੇਗਾ, ਪਰ ਇਹ ਕੌੜ ਉਸ ਦੌਰ ਦਾ ਮੁੱਢ ਵੀ ਬੰਨ੍ਹ ਸਕਦੀ ਹੈ, ਜਿਸ ਵਿੱਚ ਅਮਰੀਕਾ ਆਪਣੇ ਲਈ ਭਾਰਤ ਨੂੰ ਉਸੇ ਰੰਗ ਦਾ ਪੱਤਾ ਸਮਝ ਕੇ ਵਰਤਣਾ ਚਾਹੇਗਾ, ਜਿਵੇਂ ਕਦੇ ਬ੍ਰਿਟੇਨ, ਫਰਾਂਸ ਤੇ ਕਈ ਹੋਰ ਦੇਸ਼ਾਂ ਨੂੰ ਸਮਝਦਾ ਅਤੇ ਵਰਤਦਾ ਰਿਹਾ ਸੀ। ਉਹ ਦੌਰ ਭਾਰਤ ਦੇ ਲੋਕਾਂ ਲਈ ਚੰਗਾ ਨਹੀਂ ਹੋਣਾ।
3 Sep. 2017