ਆਪਸ ਵਿਚ ਮਿਲਣ ਦਾ ਵਿਸ਼ਵ-ਵਿਆਪੀ ਢੰਗ ਹੈ ਹੱਥ ਮਿਲਾਉਣੇ - ਯਾਦਵਿੰਦਰ ਸਿੰਘ ਸਤਕੋਹਾ

ਅਸਾਡੇ ਸੁਭਾਅ ਦੀ ਸ਼ਾਲੀਨਤਾ ਦਾ ਸਭ ਤੋਂ ਖਾਸ ਪੱਖ ਹੁੰਦਾ ਹੈ ਕਿ ਕਿਸੇ ਨੂੰ ਮਿਲਣ ਸਮੇਂ ਅਸੀਂ ਕਿਵੇਂ ਦਾ ਵਿਹਾਰ ਕਰਦੇ ਹਾਂ। ਕਿਸੇ ਨੂੰ ਮਿਲਣ ਮੌਕੇ ਜੁਬਾਨ ਤੋਂ ਬੋਲੇ ਗਏ ਪਹਿਲੇ ਸ਼ਬਦਾਂ ਅਤੇ ਸਰੀਰ ਨਾਲ ਕੀਤੇ ਪਹਿਲੇ ਵਿਹਾਰ ਦੇ ਰਲੇਵੇਂ ਨੂੰ 'ਮਿਲਣ-ਢੰਗ' ਕਿਹਾ ਜਾਂਦਾ ਹੈ। ਭਾਵੇਂ ਕੋਈ ਆਪਣਾ ਹੋਵੇ ਜਾਂ ਬਿਗਾਨਾਂ, ਦੋਸਤ ਹੋਵੇ ਜਾਂ ਦੁਸ਼ਮਣ, ਉਮਰ ਵਿਚ ਵਡੇਰਾ ਹੋਵੇ ਜਾਂ ਛੋਟਾ, ਕਿਸੇ ਨੂੰ ਵੀ ਮਿਲਣ ਦਾ ਢੰਗ ਸਾਡੀ ਸ਼ਖਸ਼ੀਅਤ ਦੀ ਪਹਿਲੀ ਝਲਕ ਦਿੰਦਾ ਹੈ। ਸੋ, ਇਸ ਧਰਤੀ ਤੇ ਵੱਸਦੀਆਂ ਵੱਖ ਵੱਖ ਸੱਭਿਅਤਾਵਾਂ ਵਿਚ ਇਕ ਦੂਸਰੇ ਨੂੰ ਮਿਲਣ ਦੇ ਅਨੇਕਾਂ ਖੂਬਸੂਰਤ ਢੰਗ ਅਤੇ ਰਸਮੋ-ਰਿਵਾਜ ਵਿਕਸਤ ਹੋਏ ਜੋ ਸਬੰਧਿਤ ਦੇਸ਼ ਜਾਂ ਭਾਈਚਾਰੇ ਦੇ ਲੋਕਾਂ ਦੇ ਵਰਤੋਂ ਵਿਹਾਰ ਦਾ ਅਨਿਖੜਵਾਂ ਅੰਗ ਬਣੇਂ।
    ਆਪਸ ਵਿਚ ਮਿਲਦੇ ਸਮੇਂ ਸੱਜੇ ਹੱਥਾਂ ਨੂੰ ਮਿਲਾਉਣਾਂ ਦੁਨੀਆਂ ਵਿਚ ਸਭ ਤੋਂ ਜਿਆਦਾ ਵਰਤਿਆ ਜਾਣ ਵਾਲਾ ਅਤੇ ਪ੍ਰਚਲਤ ਮਿਲਣ-ਢੰਗ ਹੈ। ਦੁਨੀਆਂ ਦੀਆਂ ਬਹੁਗਿਣਤੀ ਕੌਮਾਂ ਭਾਵੇਂ ਦੁਆ-ਸਲਾਮ ਦੇ ਸ਼ਬਦਾਂ ਨੂੰ ਆਪੋ ਆਪਣੀ ਬੋਲੀ 'ਚ ਹੀ ਬੋਲਣ ਪਰ ਸਰੀਰਕ ਵਿਹਾਰ ਦੇ ਤੌਰ ਤੇ ਸੱਜੇ ਹੱਥਾਂ ਨੂੰ ਮਿਲਾਉਣ ਦਾ ਰਿਵਾਜ ਵਿਸ਼ਵ ਵਿਆਪੀ ਬਣ ਚੁੱਕਾ ਹੈ। ਮਿਲਣੀ-ਮੌਕਾ ਭਾਵੇਂ ਸਮਾਜਕ ਹੋਵੇ ਜਾਂ ਰਾਜਨੀਤਕ, ਕਾਰੋਬਾਰੀ ਹੋਵੇ ਜਾਂ ਮਹਿਜ਼ ਦੋਸਤਾਨਾ, ਖੁਸ਼ੀ ਭਰਿਆ ਹੋਵੇ ਜਾਂ ਉਦਾਸ, ਪਰ ਇਹ ਰਸਮ ਸੁਤੇ ਸਿਤ ਹੀ ਨਿਭਾਹੀ ਜਾ ਰਹੀ ਹੈ। ਹੱਥ ਮਿਲਾਉਣਾਂ ਆਪਸੀ ਸਾਂਝ, ਸਤਿਕਾਰ, ਦੋਸਤੀ ਅਤੇ ਸਦਭਾਵਨਾ ਦਾ ਪ੍ਰਤੀਕ ਹੈ। ਕਿਸੇ ਮਿਲਣੀ ਦੀ ਸ਼ੁਰੂਆਤ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਅਸੀਂ ਦੋਸਤੀ ਅਤੇ ਵਿਸ਼ਵਾਸ਼ ਵਾਲੇ ਮਾਹੌਲ ਵਿਚ ਗੱਲਬਾਤ ਕਰਨ ਜਾ ਰਹੇ ਹਾਂ। ਮਿਲਣੀ ਦੇ ਅਖੀਰ ਵਿਚ ਹੱਥ ਮਿਲਾਉਣ ਤੋਂ ਭਾਵ ਹੁੰਦਾ ਹੈ ਕਿ ਗੱਲਬਾਤ ਸਦਭਾਵਨਾਂ ਅਤੇ ਦੋਸਤੀ ਭਰਪੂਰ ਰਹੀ ਹੈ।
ਭਾਵੇਂ ਕਿ ਇਸ ਮਿਲਣ-ਢੰਗ ਨੂੰ ਆਧੁਨਿਕ ਸੱਭਿਅਤਾ ਨਾਲ ਜੋੜ ਕੇ ਵੇਖਿਆ ਜਾਂਦਾ ਹੈ ਪਰ ਸੱਚ ਇਹ ਹੈ ਕਿ ਇਸ ਰਿਵਾਜ ਦੀ ਵਰਤੋਂ ਦੇ ਸਬੂਤ ਪੰਜਵੀਂ ਈ. ਪੂ. ਸਦੀ ਤੱਕ ਜੁੜੇ ਹੋਏ ਹਨ। ਇਸ ਤੱਥ ਦੇ ਸਟੀਕ ਪ੍ਰਮਾਣ ਮੌਜੂਦ ਹਨ ਕਿ ਯੂਨਾਨੀ ਲੋਕਾਂ ਵਿਚ ਮਿਲਣੀਆਂ ਸਮੇਂ ਹੱਥ ਮਿਲਾਉਣ ਦੀ ਰਸਮ ਮੌਜੂਦ ਸੀ। ਗਰੀਸ ਦੀ ਰਾਜਧਾਨੀ ਏਥਨਜ਼ ਦੇ ਮਸ਼ਹੂਰ ਐਕਰੋਪੋਲਿਸ ਅਜਾਇਬਘਰ ਵਿਚ ਗਰੀਕ ਦੇਵੀਆਂ ਹੇਰਾ ਅਤੇ ਐਥੀਨਾ ਦੀ ਪੱਥਰ ਵਿਚ ਖੁਦੀ ਪੰਜਵੀਂ ਈ.ਪੂ. ਦੀ ਮੂਰਤੀ ਇਸ ਰਸਮ ਦੀ ਇਤਿਹਾਸ ਵਿਚ ਮੌਜੂਦਗੀ ਦਾ ਕਰੀਬ ਸਭ ਤੋਂ ਪੁਰਾਣਾਂ ਸਬੂਤ ਮੰਨੀ ਜਾਂਦੀ ਹੈ। ਇਸ ਮੂਰਤੀ ਵਿਚ ਦੋਵੇਂ ਦੇਵੀਆਂ ਅਹਮੋ ਸਾਹਮਣੇ ਖੜੀਆਂ ਹੋ ਕੇ ਸੱਜੇ ਹੱਥਾਂ ਨੂੰ ਆਪਸ ਵਿਚ ਮਿਲਾ ਰਹੀਆਂ ਹਨ। ਇਸ ਤੋਂ ਇਲਾਵਾ ਬਰਲਿਨ ਦੇ ਪੈਰਗਾਮੋਨ ਅਜਾਇਬਘਰ ਵਿਚ ਚੌਥੀ ਈ.ਪੂ. ਸਦੀ ਨਾਲ ਸਬੰਧਿਤ ਇਕ ਪ੍ਰਤੀਕ ਵਿਚ ਵੀ ਦੋ ਸਿਪਾਹੀਆਂ ਦੇ ਆਪਸ ਵਿਚ ਹੱਥ ਮਿਲਾਉਣ ਦਾ ਦ੍ਰਿਸ਼ ਅੰਕਤ ਹੈ। ਦਰਅਸਲ ਉਸ ਸਮੇਂ ਹੱਥ ਮਿਲਾਉਣ ਦੀ ਰਸਮ ਦਾ ਸਿੱਧਾ ਭਾਵ ਇਹ ਤਸੱਲੀ ਕਰਨਾਂ ਸੀ ਕਿ ਮਿਲਣ ਵਾਲਿਆਂ ਦੇ ਦੁਵੱਲੀ ਸੱਜੇ ਹੱਥ ਖਾਲੀ ਹਨ, ਭਾਵ ਹੱਥਾਂ ਵਿਚ ਕਿਸੇ ਕਿਸਮ ਦਾ ਪ੍ਰਗਟ ਜਾਂ ਲੁਕਵਾਂ ਹਥਿਆਰ ਮੌਜੂਦ ਨਹੀਂ ਸੋ, ਉਨ੍ਹਾਂ ਨੂੰ ਇਕ ਦੂਸਰੇ ਤੋਂ ਕੋਈ ਖਤਰਾ ਨਹੀਂ ਹੈ। ਯੂਨਾਨੀ ਸੱਭਿਅਤਾ ਨੂੰ ਉਸ ਸਮੇਂ ਦੁਨੀਆਂ ਦੀ ਅਮੀਰ ਅਤੇ ਸ਼ਾਂਨਾਮੱਤੀ ਸੱਭਿਅਤਾ ਸਮਝਿਆ ਜਾਂਦਾ ਸੀ ਅਤੇ ਇਸ ਦੇ ਰਸਮੋ ਰਿਵਾਜ ਦੂਜੀਆਂ ਕੌਮਾਂ ਵੱਲੋਂ ਸੁਤੇ-ਸਿਧ ਅਪਣਾਏ ਜਾਂਦੇ ਸਨ ਸੋ, ਇਹ ਰਸਮ ਹੌਲੀ ਹੌਲੀ ਬਾਕੀ ਯੂਰਪੀਨ ਦੇਸ਼ਾਂ ਵਿਚ ਫੈਲਣੀ ਸ਼ੁਰੂ ਹੋਈ। ਖਾਸ ਕਰ ਜਦ ਰੋਮਨਾਂ ਨੇਂ ਇਸ ਮਿਲਣ ਢੰਗ ਨੂੰ ਅਪਣਾਇਆ ਤਾਂ ਇਹ ਪੂਰੇ ਯੂਰਪ ਵਿਚ ਫੈਲ ਗਈ। ਵੈਸੇ ਰੋਮਨ ਯੋਧਿਆਂ ਦਾ ਹੱਥ ਮਿਲਾਉਣ ਦਾ ਢੰਗ ਥੋੜ੍ਹਾ ਜਿਹਾ ਵੱਖਰਾ ਸੀ। ਉਹ ਇਕ ਦੂਸਰੇ ਦੀ ਕੂਹਣੀ ਤੱਕ ਹੱਥ ਵਧਾ ਕੇ ਸਖਤ ਪਕੜ ਨਾਲ ਹੱਥ ਮਿਲਾਉਂਦੇ ਸਨ। ਬਾਅਦ ਵਿਚ ਇਹ ਰਿਵਾਜ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿੱਚ ਮਿਲਾ ਕੇ ਅਤੇ ਉੰਗਲਾਂ ਦੀ ਪਕੜ ਨੂੰ ਕੱਸਣ ਦੇ ਰਿਵਾਜ ਵਿਚ ਬਦਲ ਗਿਆ।
  ਇਹ ਮਿਲਣ ਵਾਲਿਆਂ ਦੇ ਆਪਸੀ ਰਿਸ਼ਤੇ, ਨਜ਼ਦੀਕੀ, ਉਮਰ ਅਤੇ ਮੌਕੇ ਦੀ ਸਥਿਤੀ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦੀ ਮਿਲਣੀ ਵਿਚ ਕਿੰਨੀ ਕੁ ਉਪਚਾਰਕਤਾ, ਸਤਿਕਾਰ, ਸੰਜਮ, ਗਰਮਜੋਸ਼ੀ ਜਾਂ ਕੂਲਾਪਣ ਮੌਜੂਦ ਹੈ। ਵੱਖ ਵੱਖ ਕੌਮਾਂ ਨੇ ਇਸ ਢੰਗ ਨੂੰ ਅਪਣਾਉਂਦਿਆਂ ਹੋਇਆਂ ਇਸ ਵਿਚ ਆਪਣੇ ਨਿੱਜੀ ਸੱਭਿਆਚਾਰਕ ਤੱਤ ਵੀ ਸ਼ਾਮਲ ਕੀਤੇ ਹਨ ਜਿਸ ਕਾਰਨ ਇਸ ਰਸਮ ਦੀਆਂ ਦਰਜ਼ਨਾਂ ਵੰਨਗੀਆਂ ਮੌਜੂਦ ਹਨ। ਮਿਸਾਲ ਦੇ ਤੌਰ ਤੇ ਅਫਰੀਕਨ ਮੁਲਖਾਂ ਵਿਚ ਹੱਥ ਮਜ਼ਬੂਤੀ ਨਾਲ ਮਿਲਾਏ ਜਾਂਦੇ ਹਨ ਅਤੇ ਇਕਦਮ ਨਹੀਂ ਛੱਡੇ ਜਾਂਦੇ। ਨੈਂਬੀਆ ਵਿਚ ਹੱਥ ਮਿਲਾਉਣ ਤੋਂ ਬਾਅਦ ਦੋਹਾਂ ਅੰਗੂਠਿਆਂ ਨੂੰ ਵੀ ਆਪਸ ਵਿਚ ਜੋੜਿਆ ਜਾਂਦਾ ਹੈ। ਪੂਰਬੀ ਅਤੇ ਦੱਖਣੀ ਅਫਰੀਕਨ ਮੁਲਖਾਂ ਵਿਚ ਸੱਜੇ ਹੱਥ ਨੂੰ ਮਿਲਾਉਂਦੇ ਸਮੇਂ ਖੱਬੇ ਹੱਥ ਨਾਲ ਸੱਜੇ ਹੱਥ ਦੀ ਕੂਹਣੀਂ ਨੂੰ ਸਹਾਰਾ ਦੇਣਾਂ ਦੂਸਰੇ ਨੂੰ ਜਿਆਦਾ ਸਤਿਕਾਰ ਦੇਣ ਦਾ ਪ੍ਰਤੀਕ ਹੈ।
ਭਾਰਤ ਵਿਚ ਵੀ ਸਤਿਕਾਰ ਦੇਣ ਦੀ ਭਾਵਨਾ ਨਾਲ ਥੋੜ੍ਹਾ ਜਿਹਾ ਝੁਕ ਕੇ ਅਤੇ ਸਾਹਮਣੇ ਵਾਲੇ ਸਖਸ਼ ਦੇ ਹੱਥ ਨੂੰ ਦੋਵੇਂ ਹੱਥ ਹੀ ਅੱਗੇ ਵਧਾ ਕੇ ਮਿਲਾਉਣ ਦਾ ਢੰਗ ਪ੍ਰਚਲਿਤ ਹੈ। ਕਈ ਵਾਰ ਭਾਰਤੀ ਢੰਗ ਨਾਲ ਪਹਿਲਾਂ ਦੋਹਾਂ ਹੱਥਾਂ ਨੂੰ ਜੋੜ ਕੇ ਨਮਸਕਾਰ ਕਰ ਕੇ ਬਾਅਦ ਵਿਚ ਹੱਥ ਮਿਲਾਏ ਜਾਂਦੇ ਹਨ। ਪੱਛਮੀ ਸਮਾਜ ਵਿਚ ਹੱਥ ਮਿਲਾਉਂਦੇ ਸਮੇਂ ਦੋਹਾਂ ਗੱਲ੍ਹਾਂ ਨੂੰ ਆਪਸ ਵਿਚ ਮਿਲਾਉਣ ਦਾ ਦਿਲਚਸਪ ਢੰਗ ਮੌਜੂਦ ਹੈ। ਪੱਛਮ ਵਿਚ ਅੱਖਾਂ ਵਿਚ ਅੱਖਾਂ ਪਾ ਕੇ ਅਤੇ ਮੁਸਕਰਾ ਕੇ ਹੱਥ ਮਿਲਾਉਣਾਂ ਸੱਭਿਅਕ ਮੰਨਿਆਂ ਜਾਂਦਾ ਹੈ ਪਰ ਦੂਜੇ ਪਾਸੇ ਜਾਪਾਨ ਵਿਚ ਹੱਥ ਮਿਲਾਉਂਦੇ ਸਮੇਂ ਅੱਖਾਂ ਨਾ ਮਿਲਾਉਣਾਂ ਸ਼ਾਲੀਨਤਾ ਵਾਲਾ ਵਿਹਾਰ ਮੰਨਿਆਂ ਗਿਆ ਹੈ। ਇਕ ਤੱਥ ਸਾਰੀ ਦੁਨੀਆਂ ਵਿਚ ਸਾਂਝਾ ਹੈ ਕਿ ਖੱਬੇ ਹੱਥਾਂ ਨੂੰ ਮਿਲਾਉਣਾਂ ਠੀਕ ਨਹੀਂ ਸਮਝਿਆ ਜਾਂਦਾ। ਜੇਕਰ ਕੋਈ ਖੱਬੇ ਹੱਥ ਨਾਲ ਕੰਮ ਕਰਨ ਦਾ ਵੀ ਆਦੀ ਹੈ ਤਾਂ ਵੀ ਉਸਨੂੰ ਮਿਲਣ-ਗਿਲਣ ਲਈ ਸੱਜਾ ਹੱਥ ਹੀ ਵਰਤਣਾਂ ਪੈਂਦਾ ਹੈ। ਕੁਝ ਲੋਕ ਹੱਥ ਦੀ ਥਾਵੇਂ ਸਿਰਫ ਉੰਗਲਾਂ ਜਿਹੀਆਂ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹ ਚੀਜ਼ ਬੇਹੂਦਾ ਪ੍ਰਭਾਵ ਪਾਉਂਦੀ ਹੈ।
ਆਸਟ੍ਰੇਲੀਅਨ ਸੱਭਿਆਚਾਰ ਦੀਆਂ ਰਵਾਇਤਾਂ ਵਿਚ ਔਰਤ ਅਤੇ ਆਦਮੀ ਦੇ ਹੱਥ ਮਿਲਾਉਣ ਸਮੇਂ ਪਹਿਲ ਕਰਨ ਦਾ ਅਧਿਕਾਰ ਔਰਤ ਕੋਲ ਹੈ, ਭਾਵ ਜੇ ਔਰਤ ਨੇ ਖੁਦ ਆਪਣਾਂ ਹੱਥ ਅੱਗੇ ਵਧਾਇਆ ਹੈ ਤਾਂ ਹੀ ਆਦਮੀਂ ਔਰਤ ਨਾਲ ਮਿਲਾਏਗਾ। ਭਾਰਤ ਵਿਚ ਮੱਧ ਵਰਗੀ ਸਮਾਜ ਵਿਚ ਔਰਤ ਅਤੇ ਮਰਦ ਦੇ ਹੱਥ ਮਿਲਾਉਣ ਦਾ ਰਿਵਾਜ ਨਾਂਹ ਦੇ ਬਰਾਬਰ ਹੈ। ਹਾਂ, ਕਾਲਜ ਜਾਂ ਯੂਨੀਵਰਸਿਟੀਆਂ ਵਿਚ ਨਵੀਂ ਪੀੜ੍ਹੀ ਇਸ ਫਰਕ ਨੂੰ ਮਿਟਾ ਰਹੀ ਹੈ। ਵੈਸੇ ਜਦ ਆਦਮੀ ਅਤੇ ਔਰਤ ਜਦ ਆਪਸ ਵਿਚ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਨਰਮ ਹੋਣੀ ਚਾਹੀਦੀ ਹੈ। ਜਦ ਕੋਈ ਹੇਠਲੇ ਰੁਤਬੇ ਦਾ ਅਹੁਦੇਦਾਰ ਆਪਣੇ ਤੋਂ ਉਚੇਰੇ ਪਦ ਵਾਲੇ ਸਖਸ਼ ਨਾਲ ਜਾਂ ਛੋਟੀ ਉਮਰ ਵਾਲਾ ਵਡੇਰੀ ਉਮਰ ਦੇ ਬੰਦੇ ਨਾਲ ਹੱਥ ਮਿਲਾਉਂਦਾ ਹੈ ਤਾਂ ਉੱਠ ਕੇ ਖੜ੍ਹਾ ਹੁੰਦਾ ਹੋਇਆ ਸਤਿਕਾਰ ਵਜੋਂ ਖੁਦ ਥੋੜ੍ਹਾ ਝੁਕ ਜਾਂਦਾ ਹੈ। ਜਦ ਕਰੀਬੀ ਦੋਸਤ ਹੱਥ ਮਿਲਾਉਂਦੇ ਹਨ ਤਾਂ ਹੱਥਾਂ ਦੀ ਪਕੜ ਅਕਸਰ ਸਖਤ ਹੁੰਦੀ ਹੈ। ਕਈ ਤਾਂ ਹੱਥ ਮਿਲਾਉਣ ਦੀ ਥਾਵੇਂ ਆਪਸ ਵਿਚ ਦਸਤ-ਪੰਜਾ ਹੀ ਲੈਣਾਂ ਸ਼ੁਰੂ ਕਰ ਦਿੰਦੇ ਹਨ। ਕਈਆਂ ਨੂੰ ਦੂਸਰੇ ਦੇ ਹੱਥ ਦੀਆਂ ਹੱਡੀਆਂ ਕੜਕਾਉਣਾਂ ਸ਼ੁਗਲ-ਮੇਲਾ ਲੱਗਦਾ ਹੈ ਅਤੇ ਵਾਕਫ ਸੱਜਣ ਏਹੋ ਜਿਹੇ ਮਿੱਤਰਾਂ ਨਾਲ ਹੱਥ ਮਿਲਾਉਣ ਤੋਂ ਪਾਸਾ ਵੱਟਦੇ ਹਨ।ਖੇਡ-ਜਗਤ ਵਿਚ ਦੋਵਾਂ ਹੱਥਾਂ ਦੀਆਂ ਮੁੱਕੀਆਂ ਬਣਾਂ ਕੇ ਹਲਕੇ ਢੰਗ ਨਾਲ ਆਪਸ ਵਿਚ ਟਕਰਾਉਣ ਦਾ ਰਿਵਾਜ ਹੈ ਜਿਸ ਤੋਂ ਅਰਥ ਤਾਕਤ ਅਤੇ ਮਜ਼ਬੂਤੀ ਦਾ ਪ੍ਰਭਾਵ ਦੇਣਾਂ ਹੁੰਦਾ ਹੈ। ਖੇਡਾਂ ਵਿਚ ਕਿਸੇ ਉਤਸ਼ਾਹ ਭਰੇ ਪਲ ਵਿਚ ਕਿਸੇ ਇਕ ਟੀਮ ਦੇ ਮੈਂਬਰ ਹੱਥ ਉੱਚੇ ਕਰਕੇ ਇੱਕ ਜਾਂ ਦੋਹਾਂ ਹੱਥਾਂ ਦੀਆਂ ਤਲੀਆਂ ਨੂੰ ਆਪਸ ਵਿਚ ਟਕਰਾਉਂਦੇ ਵੇਖੇ ਜਾ ਸਕਦੇ ਹਨ ਜਿਸ ਦਾ ਭਾਵ ਪਰਸਪਰ ਸਹਿਯੋਗ ਨਾਲ ਮਿਲੀ ਸਫਲਤਾ ਨੂੰ ਪ੍ਰਗਟ ਕਰਨਾਂ ਹੁੰਦਾ ਹੈ। ਕਿਸੇ ਰਾਜਨੀਤਕ ਜਾਂ ਕਾਰੋਬਾਰੀ ਸਮਝੌਤੇ ਤੋਂ ਬਾਅਦ ਜਦ ਦੋਵੇਂ ਧਿਰਾਂ ਹੱਥ ਮਿਲਾਉਂਦੀਆਂ ਹਨ ਤਾਂ ਹੱਥ ਮਿਲਾ ਕਿ ਕੁਝ ਸਮਾਂ ਜੁੜੇ ਹੱਥਾਂ ਨੂੰ ਗਰਮਜੋਸ਼ੀ ਨਾਲ ਤਿੰਨ ਵਾਰ ਹਲਕੇ ਝਟਕੇ ਦਿੱਤੇ ਜਾਂਦੇ ਹਨ ਜਿਸ ਦਾ ਭਾਵ ਕੀਤੇ ਗਏ ਸਮਝੌਤੇ ਦੀ ਪਕਿਆਈ ਜ਼ਾਹਰ ਕਰਨਾਂ ਹੁੰਦਾ ਹੈ।
ਇਹ ਜਾਣਨਾਂ ਵੀ ਦਿਲਚਸਪ ਹੈ ਕਿ ਸਿਹਤ ਵਿਗਿਆਨ ਦੇ ਹਿਸਾਬ ਨਾਲ ਹੱਥ ਮਿਲਾਉਣ ਦੇ ਕੁਝ ਨਾਕਾਰਾਤਮਿਕ ਪੱਖ ਵੀ ਹਨ। ਡਾਕਟਰੀ ਨਜ਼ਰੀਏ ਮੁਤਾਬਕ ਹਰ ਆਦਮੀ ਆਪਣੇ ਸਰੀਰ ਨਾਲ ਚੰਗੇ ਮਾੜੇ ਬੈਕਟੀਰੀਆ ਲਈ ਫਿਰਦਾ ਹੈ ਅਤੇ ਹੱਥ ਮਿਲਾਉਣ ਨਾਲ ਬੈਕਟੀਰੀਆ ਦਾ ਆਦਾਨ-ਪ੍ਰਦਾਨ ਹੋ ਜਾਂਦਾ ਹੈ। ਮੌਸਮੀ ਜਾਂ ਛੂਤ ਦੇ ਰੋਗ ਤਾਂ ਅਕਸਰ ਇਸੇ ਤਰਾਂ ਹੀ ਫੈਲਦੇ ਹਨ। ਪਰ ਅੱਜ ਤੱਕ ਇਹ ਪੱਖ ਲੋਕਾਂ ਨੂੰ ਆਪਸ ਵਿੱਚ ਹੱਥ ਮਿਲਾਉਣ ਤੋਂ ਨਹੀਂ ਰੋਕ ਸਕਿਆ ਅਤੇ ਲੋਕ ਇਸ ਦੀ ਬਹੁਤੀ ਪਰਵਾਹ ਨਹੀਂ ਕਰਦੇ।
ਨਜ਼ਰਾਂ ਮਿਲਾ ਕੇ ਅਤੇ ਚਿਹਰੇ ਤੇ ਥੋੜ੍ਹੀ ਜਹੀ ਮੁਸਕਰਾਹਟ ਲਿਆ ਕੇ ਮਜ਼ਬੂਤੀ ਨਾਲ ਹੱਥ ਮਿਲਾਉਣਾਂ ਇਸ ਰਸਮ ਦੀ ਸਭ ਤੋਂ ਪ੍ਰਵਾਨਤ ਵੰਨਗੀ ਹੈ। ਇਸ ਢੰਗ ਨਾਲ ਦੁਵੱਲੀ ਧਿਰਾਂ ਦੇ ਮਨਾਂ ਵਿਚ ਆਤਮਵਿਸ਼ਵਾਸ਼ ਅਤੇ ਭਰੋਸਾ ਪੈਦਾ ਹੁੰਦਾ ਹੈ। ਸਿਹਤਮੰਦ ਸਮਾਜ ਲਈ ਇਹ ਤੱਤ ਬਹੁਤ ਜ਼ਰੂਰੀ ਹੈ ਕਿ ਅਸਾਡੇ ਮਨਾਂ ਵਿਚ ਇਕ ਦੂਜੇ ਪ੍ਰਤੀ ਭਰੋਸਾ ਸਦਾ ਬਣਿਆ ਰਹੇ ਅਤੇ ਅਸੀਂ ਇਕ ਦੁਸਰੇ ਦਾ ਸਤਿਕਾਰ ਕਰਨ ਵਾਲੀਆਂ ਰਵਾਇਤਾਂ ਨੂੰ ਨਿਭਾਹੁੰਦੇ ਰਹੀਏ। (ਸਮਾਪਤ)
0048516732105
yadsatkoha@yahoo.com
-ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।

23 Dec. 2018