ਸਿਰਫ ਖੂਬਸੂਰਤੀ ਨਾਲ ਨਹੀਂ, ਖੂਬਸੀਰਤੀ ਨਾਲ ਬਣਦੀ ਹੈ ਜ਼ਿੰਦਗੀ ਖੂਬਸੂਰਤ - ਯਾਦਵਿੰਦਰ ਸਿੰਘ ਸਤਕੋਹਾ
ਸਾਰੀ ਦੁਨੀਆਂ ਵਿੱਚ 'ਖੂਬਸੂਰਤ' ਸ਼ਬਦ ਦਾ ਸਭ ਤੋਂ ਪਹਿਲਾ ਅਰਥ ਕਿਸੇ ਦੇ ਚਿਹਰੇ, ਰੰਗ ਅਤੇ ਸਰੀਰ ਦੀ ਸੁਹਣੀ ਦਿੱਖ ਤੋਂ ਲਿਆ ਜਾਂਦਾ ਹੈ। 'ਖੂਬਸੀਰਤ' ਸ਼ਬਦ ਤੋਂ ਭਾਵ ਕਿਸੇ ਦੀ ਬਹੁਤ ਚੰਗੀ ਸੀਰਤ ਜਾਂ ਸੁਭਾਅ ਅਤੇ ਸ਼ਖਸ਼ੀ ਗੁਣਾਂ ਤੋਂ ਹੈ। ਇਸ ਤਰਾਂ ਇਹ ਦੋਵੇਂ ਸੰਕਲਪ ਮਾਨਵ ਜੀਵਨ ਨਾਲ ਡੂੰਘੀ ਤਰਾਂ ਜੁੜੇ ਹੋਏ ਹਨ। ਅਸਾਡੀ ਸ਼ਕਲ ਸੂਰਤ ਬਿਲਕੁਲ ਪ੍ਰਗਟ ਅਤੇ ਪ੍ਰਤੱਖ ਵਿਸ਼ਾ ਹੈ ਅਤੇ ਪਹਿਲੀ ਨਜ਼ਰ ਨਾਲ ਹੀ ਉੱਘੜ ਕੇ ਸਾਹਮਣੇ ਆ ਜਾਂਦਾ ਹੈ। ਸੁਭਾਅ ਜਾਂ ਸੀਰਤ ਇਨਸਾਨ ਦਾ ਅਪ੍ਰਤੱਖ ਪਾਸਾ ਹੈ ਜਿਸ ਬਾਰੇ ਸਿਆਣਿਆਂ ਕਿਹਾ ਹੈ ਕਿ 'ਰਾਹ ਪਏ ਜਾਣੀਏ ਜਾਂ ਵਾਹ ਪਏ ਜਾਣੀਏ'। ਇਹ ਆਮ ਵਰਤਾਰਾ ਹੈ ਕਿ ਲੋਕ ਕਿਸੇ ਦੀ ਖੂਬਸੂਰਤੀ ਨੂੰ ਵੇਖ ਕੇ ਉਸੇ ਅਨੁਪਾਤ ਵਿੱਚ ਹੀ ਉਸ ਦੀ ਖੂਬਸੀਰਤੀ ਦਾ ਅੰਦਾਜਾ ਵੀ ਲਾਉਣਾ ਸ਼ੁਰੂ ਕਰ ਦਿੰਦੇ ਹਨ। ਭਾਵ ਇਹ ਖਿਆਲ ਕਰ ਲਿਆ ਜਾਂਦਾ ਹੈ ਕਿ ਜਿੰਨਾ ਕੋਈ ਸੁਨੱਖਾ ਹੈ ਉਸਦਾ ਸੁਭਾਵ ਵੀ ਓਨਾਂ ਹੀ ਵਧੀਆ ਹੋਵੇਗਾ। ਪਰ ਕਈ ਵਾਰ ਸਮਾਂ ਬੀਤਣ ਤੇ ਹਕੀਕਤ ਅਤੇ ਅੰਦਾਜੇ ਦਰਮਿਆਨ ਭਾਰੀ ਅੰਤਰ ਸਾਬਿਤ ਹੋ ਜਾਂਦਾ ਹੈ ਅਤੇ ਇਹ ਗੱਲ ਸਾਫ ਹੋ ਜਾਂਦੀ ਹੈ ਕਿ ਵਧੀਆ ਦਿੱਖ ਅਤੇ ਵਧੀਆ ਸੁਭਾਅ ਦਾ ਆਪਸ ਵਿੱਚ ਕੋਈ ਸ਼ਰਤੀਆ ਸਬੰਧ ਨਹੀਂ ਹੈ।
ਮਜੇ ਦੀ ਗੱਲ ਹੈ ਕਿ ਦੁਨੀਆਂ ਦੀਆਂ ਵੱਖ-ਵੱਖ ਸੱਭਿਆਤਾਵਾਂ ਵਿੱਚ ਖੂਬਸੂਰਤੀ ਦੇ ਮਾਪਦੰਡ ਅਤੇ ਕਸੌਟੀਆਂ ਵੱਖੋ-ਵੱਖਰੀਆਂ ਹਨ। ਚੀਨ ਵਿੱਚ ਸਥਾਪਿਤ ਨੱਕ, ਕੰਨ, ਦੰਦ, ਬੁੱਲ੍ਹ ਅਤੇ ਰੰਗ ਨਾਲ ਸਬੰਧਤ ਸੁਹਣੇਪਨ ਦੇ ਮਾਪਦੰਡ ਯੂਰਪ ਵਿੱਚ ਰੱਦ ਹੋ ਜਾਂਦੇ ਹਨ ਅਤੇ ਯੂਰਪ ਦੀ ਖੂਬਸੁਰਤੀ ਦੇ ਮਾਪਦੰਡ ਅਫਰੀਕਨ ਮੁਲਖਾਂ ਵਿੱਚ ਨਕਾਰ ਦਿੱਤੇ ਜਾਂਦੇ ਹਨ। ਭਾਰਤ ਵਿੱਚ ਗੋਰੇ ਰੰਗ ਨੂੰ ਸੁਹਣਾ ਰੰਗ ਮੰਨਿਆਂ ਜਾਂਦਾ ਹੈ ਪਰ ਪੱਛਮ ਵਿੱਚ ਸਾਂਵਲਾ ਰੰਗ ਸੁੰਦਰਤਾ ਦਾ ਪੈਮਾਨਾ ਹੈ। ਜਿਆਦਾ ਬਾਰੀਕੀ ਵਿੱਚ ਜਾਣ ਨਾਲ ਇਸ ਢੰਗ ਦੇ ਹੋਰ ਵਖਰੇਵੇਂ ਉੱਘੜਦੇ ਜਾਂਦੇ ਹਨ। ਦੂਸਰੇ ਪਾਸੇ ਮਨੁੱਖੀ ਖੂਬਸੀਰਤੀ ਦੇ ਮਾਪਦੰਡ ਸਾਰੀ ਦੁਨੀਆਂ ਵਿੱਚ ਕਰੀਬ-ਕਰੀਬ ਇੱਕੋ ਜਿਹੇ ਹਨ।ਸ਼ਖਸ਼ੀਅਤ ਦੇ ਚੰਗੇ ਗੁਣ ਜਿਵੇਂ, ਸਮਝਦਾਰੀ, ਬੋਲਚਾਲ ਦੀ ਕਲਾ, ਠਰੰਮਾ, ਮੁਸਕਰਾਹਟ, ਜੁਝਾਰੂਪਣ, ਸਿਦਕ, ਈਮਾਨਦਾਰੀ, ਸਹਿਯੋਗ, ਜਿੰਮੇਵਾਰੀ, ਮਿਹਨਤ, ਵਫਾਦਾਰੀ, ਸਮੇ ਦੀ ਪਾਬੰਦੀ ਅਤੇ ਦਲੇਰੀ ਆਦਿ ਨੂੰ ਸਾਰੀ ਦੁਨੀਆਂ ਵਿੱਚ ਇੱਕੋ ਜਿਹੀ ਸਹਿਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ। ਇਸ ਵਰਤਾਰੇ ਤੋਂ ਪਤਾ ਲੱਗਦਾ ਹੈ ਕਿ ਵੱਖ-ਵੱਖ ਮਨੁੱਖੀ ਸੱਭਿਆਤਾਵਾਂ ਦੇ ਜੀਵਨ ਮੁੱਲਾਂ ਨੂੰ ਘੜਨ ਵਾਲੇ ਸਿਆਣਿਆਂ ਨੇ ਜਿੰਦਗੀ ਨੂੰ ਮਾਣਨਯੋਗ ਅਤੇ ਸਫਲ ਬਣਾਉਣ ਵਾਲੇ ਤੱਤਾਂ ਵਿੱਚ ਸਰੀਰਕ ਸੁਹਣੇਪਣ ਨਾਲੋਂ ਸੁਭਾਅ ਦੇ ਸੁਹਣੇਪਨ ਨੂੰ ਜਿਆਦਾ ਤਰਜੀਹ ਦਿੱਤੀ ਹੈ ਅਤੇ ਇਸੇ ਕਾਰਨ ਇਸ ਨਾਲ ਸਬੰਧਤ ਮਾਪਦੰਡ ਸਾਰੀ ਦੁਨੀਆਂ ਵਿੱਚ ਇੱਕੋ ਜਹੇ ਢੰਗ ਨਾਲ ਸਰਵਪ੍ਰਵਾਨਿਤ ਹਨ।
ਕਿਸੇ ਦੀ ਖੂਬਸੂਰਤੀ ਦਾ ਅਸਰ ਵੇਖਣ ਵਾਲਿਆਂ ਉੱਪਰ ਤੁਰੰਤ ਨਜ਼ਰ ਆ ਜਾਂਦਾ ਹੈ, ਇਸ ਲਈ ਹਰ ਖੇਤਰ ਵਿੱਚ ਸਰੀਰਕ ਸੁੰਦਰਤਾ ਦੁਸਰਿਆਂ ਨੂੰ ਪ੍ਰਭਾਵਿਤ ਕਰਨ ਦਾ ਜ਼ਰੀਆ ਬਣਦੀ ਜਾ ਰਹੀ ਹੈ। ਇਸੇ ਵਰਤਾਰੇ ਅਧੀਨ ਸਰੀਰਕ ਸੁੰਦਰਤਾ ਅਤੇ ਇਸ ਨਾਲ ਸਬੰਧਤ ਉਤਪਾਦਾਂ ਦਾ ਵਿਸ਼ਵ ਪੱਧਰ ਤੇ ਬਾਜ਼ਾਰੀਕਰਨ ਹੋ ਗਿਆ ਹੈ। ਕਦੇ ਚਿਹਰੇ ਅਤੇ ਸਰੀਰ ਦਾ ਸੁੰਦਰ ਹੋਣਾ ਪ੍ਰਮਾਤਮਾ ਦੀ ਦੇਣ ਮੰਨਿਆ ਗਿਆ ਸੀ। ਅੱਜ ਦੇ ਵਿਗਿਆਨਕ ਯੁੱਗ ਵਿੱਚ ਸਰੀਰ-ਵਿਗਿਆਨ ਨੇ ਸਰਜਰੀ ਦੀਆਂ ਐਸੀਆਂ ਆਧੁਨਿਕ ਤਕਨੀਕਾਂ ਵਿਕਸਤ ਕਰ ਲਈਆਂ ਹਨ ਕਿ ਸਰੀਰਕ ਸੁੰਦਰਤਾ ਵਿੱਚ ਕੁਦਰਤ ਦੀ ਦਾਅਵੇਦਾਰੀ ਸੀਮਿਤ ਜਿਹੀ ਹੁੰਦੀ ਜਾ ਰਹੀ ਹੈ।ਮਹਿੰਗੀਆਂ ਕਰੀਮਾਂ ਨਾਲ ਵਕਤੀ ਤੌਰ ਤੇ ਰੰਗ ਗੋਰਾ ਕੀਤਾ ਜਾ ਸਕਦਾ ਹੈ, ਪਲਾਸਟਿਕ ਸਰਜਰੀ ਨਾਲ ਨੱਕ ਤਿੱਖਾ ਹੋ ਸਕਦਾ ਹੈ ਅਤੇ ਹੋਠਾਂ ਦੀ ਆਕ੍ਰਿਤੀ ਬਦਲੀ ਜਾ ਸਕਦੀ ਹੈ, ਮੋਟਾਪਾ ਖਤਮ ਕੀਤਾ ਜਾ ਸਕਦਾ ਹੈ, ਭਾਵ ਕਿ ਸਰੀਰਕ ਬਣਤਰ ਵਿੱਚ ਮਨਚਾਹੀ ਤਬਦੀਲੀ ਕਰਨ ਦੀ ਤਕਨੀਕ ਲੱਭ ਲਈ ਗਈ ਹੈ ਅਤੇ ਦਿਨੋ-ਦਿਨ ਹੋਰ ਵਿਕਸਤ ਹੋ ਰਹੀ ਹੈ। ਪ੍ਰਸ਼ਨ ਉੱਠਦਾ ਹੈ ਕਿ ਸਿਰਫ ਚਿਹਰੇ ਨੂੰ ਸੁੰਦਰ ਬਣਾ ਕੇ ਕੀ ਜ਼ਿੰਦਗੀ ਨੂੰ ਵੀ ਖੂਬਸੂਰਤ ਅਤੇ ਬਿਹਤਰ ਬਣਾਇਆ ਜਾ ਸਕਦਾ ਹੈ? ਇੱਕ ਦੂਸਰਾ ਪ੍ਰਸ਼ਨ ਵੀ ਬਹੁਤ ਮਹੱਤਵਪੂਰਨ ਹੈ ਕਿ ਦੁਨੀਆਂ ਵਿੱਚ ਸੁਭਾਅ ਅਤੇ ਸ਼ਕਲ ਦੋਹਾਂ ਦੇ ਧਨੀ ਲੋਕ ਬਹੁਤ ਥੋੜ੍ਹੇ ਹਨ।ਫਰਜ਼ ਕਰੋ, ਜੇਕਰ ਸਾਨੂੰ ਬਹੁਤ ਚੰਗੇ ਅਤੇ ਮਿਹਨਤੀ ਸੁਭਾਅ ਜਾਂ ਖੂਬਸੂਰਤ ਚਿਹਰੇ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪਵੇ ਤਾਂ ਅਸੀਂ ਕਿਸ ਨੂੰ ਚੁਣਾਂਗੇ ? ਸਵਾਲ ਬਹੁਤ ਦਿਲਚਸਪ ਹਨ ਕਿਉਂਕਿ ਇਹ ਸਾਡੇ ਜੀਵਨ ਨਾਲ ਬਹੁਤ ਹੀ ਨੇੜੇ ਤੋਂ ਸਬੰਧ ਰੱਖਦੇ ਹਨ।
ਐਸਾ ਨਹੀਂ ਹੈ ਖੂਬਸੀਰਤੀ ਦੇ ਮੁੱਲ ਨੂੰ ਬਿਆਨ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ ਸੁਹਣੀ ਸੂਰਤ ਜਿੰਦਗੀ ਦੇ ਵਿਹਾਰਕ ਤਲ ਉੱਤੇ ਮੁੱਲਵਾਨ ਨਹੀਂ ਹੈ। ਨਿਰਸੰਦੇਹ ਵਧੀਆ ਸ਼ਕਲ ਸੂਰਤ ਦਾ ਮਾਲਕ ਹੋਣਾ ਇੱਕ ਬਹੁਤ ਵਧੀਆ ਪੱਖ ਹੈ ਪਰ ਜ਼ਿੰਦਗੀ ਇੱਕ ਬਹੁਨੁਕਾਤੀ ਵਿਸ਼ਾ ਹੈ। ਸੁਹੱਪਣ ਪਹਿਲੀ ਨਜ਼ਰੇ ਪ੍ਰਭਾਵਿਤ ਤਾਂ ਕਰਦਾ ਹੈ ਪਰ ਜ਼ਿੰਦਗੀ ਇੱਕ ਵਿਹਾਰਕ ਸੱਚ ਹੈ ਜਿਸ ਨੂੰ ਹਕੀਕਤ ਦੇ ਤਲ ਤੇ ਜਿਊਣਾ ਪੈਂਦਾ ਹੈ। ਮੰਨ ਲਵੋ ਕਿ ਪੱਛਮੀ ਸਾਹਿਤ ਦੇ ਮਸ਼ਹੂਰ ਕਾਲਪਨਿਕ ਨਾਇਕ ਰਾਬਿਨਸਨ ਕਰੂਸੋ ਵਾਂਗ ਸਾਨੂੰ ਵੀ ਕਿਸੇ ਮਨੁੱਖੀ ਆਬਾਦੀ ਤੋਂ ਹੀਣੇ ਅਤੇ ਸੁੰਨਸਾਂਨ ਸਮੁੰਦਰੀ ਟਾਪੂ ਉੱਪਰ ਕਈ ਸਾਲ ਜ਼ਿੰਦਗੀ ਬਿਤਾਉਣੀ ਪਵੇ ਤਾਂ ਕੀ ਹੋਵੇਗਾ? ਇੱਕ ਐਸੀ ਜਗ੍ਹਾ ਜਿੱਥੇ ਜੀਵਨ ਦੀਆਂ ਮੁੱਢਲੀਆਂ ਜਰੂਰਤਾਂ ਦੀ ਅਣਹੋਂਦ ਹੋਵੇ ਅਤੇ ਕੋਈ ਮਦਦਗਾਰ ਵੀ ਮੌਜੂਦ ਨਾਂ ਹੋਵੇ। ਨਿਰਸੰਦੇਹ ਐਸੇ ਹਲਾਤਾਂ ਵਿੱਚ ਅਸੀਂ ਸੁੰਦਰਤਾ ਤੋਂ ਬਿਨਾ ਵੀ ਕੰਮ ਚਲਾ ਲਵਾਂਗੇ ਪਰ ਜੇਕਰ ਅਸੀਂ ਮਿਹਨਤੀ, ਕਾਬਿਲ, ਸਿਦਕੀ, ਜੁਝਾਰੂ ਅਤੇ ਦਲੇਰ ਨਾ ਹੋਏ ਤਾਂ ਜ਼ਿੰਦਗੀ ਖਤਰੇ ਵਿੱਚ ਪੈ ਜਾਵੇਗੀ। ਸਮਾਜ ਦੀ ਅਣਹੋਂਦ ਵਿੱਚ ਇਕੱਲੇ ਮਨੁੱਖ ਲਈ ਸਰੀਰਕ ਸੁੰਦਰਤਾ ਦੀਆਂ ਸਭ ਧਾਰਨਾਵਾਂ ਵਿਅਰਥ ਹੋ ਜਾਂਦੀਆਂ ਹਨ। ਸਾਡੇ ਬਿਲਕੁਲ ਇਕੱਲੇ ਹੋਣ ਦੀ ਹਾਲਤ ਵਿੱਚ ਸਾਡਾ ਰੰਗ, ਚਿਹਰੇ ਦੀ ਬਣਤਰ, ਕੱਦ ਆਦਿ ਸਭ ਵਿਸ਼ੇ ਫਜੂਲ ਹੋ ਜਾਂਦੇ ਹਨ। ਸੁੰਦਰਤਾ ਦੂਸਰਿਆਂ ਦੀ ਨਜ਼ਰ ਵਿੱਚ ਪ੍ਰਵਾਨ ਚੜਦੀ ਹੈ ਪਰ ਸਾਡੇ ਸ਼ਖਸ਼ੀ ਗੁਣ ਸਾਡੇ ਖੁਦ ਦੇ ਜੀਵਨ ਨੂੰ ਸਾਰਥਿਕ, ਸੁਰੱਖਿਅਤ ਅਤੇ ਸੁਖਾਲਾ ਬਣਾਉਂਦੇ ਹਨ।ਜੇਕਰ ਅਸੀਂ ਸਮੇ ਦੇ ਪਾਬੰਦ ਹਾਂ ਤਾਂ ਜੀਵਨ ਦੀਆਂ ਪ੍ਰੀਖਿਆਵਾਂ ਵਿੱਚ ਸਾਡੀ ਸਫਲਤਾ ਦੀ ਦਰ ਵਧ ਜਾਂਦੀ ਹੈ। ਦਲੇਰ ਅਤੇ ਮਿਹਨਤੀ ਹਾਂ ਤਾਂ ਸਾਨੂੰ ਦੂਸਰਿਆਂ ਤੋਂ ਮਦਦ ਲੈਣ ਦੀ ਬਹੁਤ ਘੱਟ ਲੋੜ ਪਵੇਗੀ।ਸਿਦਕ ਅਤੇ ਠਰੰਮਾ ਰੱਖਦੇ ਹਾਂ ਤਾਂ ਘੱਟ ਸਾਧਨ ਹੋਣ ਦੇ ਬਾਵਜੂਦ ਵੀ ਭਰਪੂਰ ਜੀਵਨ ਮਾਣ ਸਕਣ ਦੇ ਕਾਬਲ ਹੋਵਾਂਗੇ। ਬੋਲਚਾਲ ਦੀ ਕਲਾ ਅਤੇ ਜਿੰਮੇਵਾਰ ਵਿਵਹਾਰ ਦੇ ਧਾਰਨੀ ਹਾਂ ਤਾਂ ਦੂਸਰਿਆਂ ਦਾ ਜਿਆਦਾ ਵਿਸ਼ਵਾਸ਼ ਪ੍ਰਾਪਤ ਕਰ ਕੇ ਜੀਵਨ ਵਿੱਚ ਤਰੱਕੀ ਦੇ ਜਿਆਦਾ ਮੌਕੇ ਹਾਸਿਲ ਕਰਾਂਗੇ।
ਖੂਬਸੂਰਤੀ ਪਹਿਲਾ ਅਤੇ ਵਧੀਆ ਪ੍ਰਭਾਵ ਜ਼ਰੂਰ ਪਾਉਂਦੀ ਹੈ ਪਰ ਕਿਸੇ ਬਾਰੇ ਦੂਸਰਿਆਂ ਦੀ ਸਿੱਕੇਮੰਦ ਅਤੇ ਟਿਕਾਊ ਰਾਏ ਉਸ ਦੇ ਸੁਭਾਅ ਅਤੇ ਸੀਰਤ ਨੂੰ ਜਾਣਨ ਤੋਂ ਬਾਅਦ ਹੀ ਬਣਦੀ ਹੈ।ਵਿਗਿਆਨ ਨੇ ਮਨੁੱਖੀ ਸੁੰਦਰਤਾ ਦੇ ਉਤਪਾਦਾਂ ਦੀ ਖੋਜ ਤਾਂ ਕਰ ਲਈ ਹੈ ਪਰ ਈਮਾਨਦਾਰੀ, ਸੰਜੀਦਗੀ, ਮਿਹਨਤ ਅਤੇ ਠਰੰਮਾ ਆਦਿ ਗੁਣ ਪੈਦਾ ਕਰਨ ਲਈ ਬਹੁਤ ਵੱਡੇ ਉੱਦਮ ਜਾਂ ਖੋਜ ਕਾਰਜ ਨਹੀਂ ਕੀਤੇ। ਸ਼ਾਇਦ ਇਸ ਦਾ ਕਾਰਨ ਇਹ ਵੀ ਹੈ ਕਿ ਇਹ ਗੁਣ ਮਨੁੱਖੀ ਮਨੋਵਿਗਿਆਨ ਨਾਲ ਸਬੰਧਿਤ ਡੂੰਘੇ ਵਿਸ਼ੇ ਹਨ ਅਤੇ ਇਹਨਾ ਦੀ ਖੋਜ ਕਰਨ ਨਾਲ ਜੋ ਨਤੀਜੇ ਅਤੇ ਹੱਲ ਸਾਹਮਣੇ ਆਉਣਗੇ ਉਹਨਾ ਨੂੰ ਬਜ਼ਾਰ ਵਿੱਚ ਸਰੀਰਕ ਸੁੰਦਰਤਾ ਦੇ ਉਤਪਾਦਾਂ ਦੇ ਬਰਾਬਰ ਰੱਖ ਕੇ ਨਹੀਂ ਵੇਚਿਆ ਜਾ ਸਕਦਾ। ਨਿਰਸੰਦੇਹ ਹੀ ਗੁਣ ਬਾਜਾਰਾਂ ਵਿੱਚ ਰੱਖ ਕੇ ਖਰੀਦੇ ਜਾਂ ਵੇਚੇ ਨਹੀਂ ਜਾ ਸਕਦੇ।ਅੱਜ ਦੇ ਯੁੱਗ ਵਿੱਚ ਜੋ ਚੀਜ਼ ਬਾਜ਼ਾਰ ਵਿੱਚ ਵੇਚੀ ਨਹੀਂ ਜਾ ਸਕਦੀ ਉਸ ਦੇ ਸਬੰਧ ਵਿੱਚ ਜਿਆਦਾ ਮਿਹਨਤ ਜਾਂ ਖੋਜ ਵੀ ਨਹੀਂ ਹੁੰਦੀ। ਇੱਥੇ ਤਾਂ ਜੋ ਵਿਕਦਾ ਹੈ, ਉਹੀ ਦਿਖਦਾ ਹੈ। ਗੁਣਾਂ ਨੂੰ ਹਾਸਲ ਕਰਨ ਦਾ ਤਰੀਕਾ ਉਹੀ ਸਦੀਆਂ ਪੁਰਾਣਾ ਹੈ ਕਿ ਇਹ ਚੰਗੇ ਅਤੇ ਬਿਹਤਰ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਜਾਂ ਜੀਵਨ ਦੇ ਤਲਖ ਤਜ਼ਰਬਿਆਂ ਵਿੱਚੋਂ ਲੰਘ ਕੇ ਪ੍ਰਾਪਤ ਹੁੰਦੇ ਹਨ।
ਸੂਰਤ, ਮਨੁੱਖੀ ਜਿੰਦਗੀ ਵਿੱਚ ਨਿਰੰਤਰ ਤਬਦੀਲ ਹੁੰਦਾ ਰਹਿਣ ਵਾਲਾ ਲੱਛਣ ਹੈ। ਬਚਪਨ ਅਤੇ ਜਵਾਨੀ ਦਾ ਸਮਾ ਗੁਜ਼ਰ ਜਾਣ ਤੋਂ ਬਾਅਦ ਜਦ ਸੂਰਤ ਦੀ ਚਮਕ ਫਿੱਕੀ ਪੈਣ ਲੱਗਦੀ ਹੈ ਤਾਂ ਸਮਾਜ ਸਾਡੇ ਚੰਗੇ ਜਾਂ ਮਾੜੇ ਸੁਭਾਅ ਤੋਂ ਹੀ ਸਾਡੀ ਕਰੂਪਤਾ ਜਾਂ ਸੁੰਦਰਤਾ ਬਾਰੇ ਫੈਸਲਾ ਲੈਣਾ ਸ਼ੁਰੂ ਕਰ ਦਿੰਦਾ ਹੈ। ਅੱਧਖੜ੍ਹ ਜਾਂ ਬਜ਼ੁਰਗ ਉਮਰ ਵਿੱਚ ਸਾਨੂੰ ਸਾਡੀ ਵਧੀਆ ਸੂਰਤ ਨਹੀ, ਵਧੀਆ ਸੀਰਤ ਸਿੱਧ ਕਰਨੀ ਪੈਂਦੀ ਹੈ। ਜੇਕਰ ਬਚਪਨ ਜਾਂ ਜੁਆਨੀ ਵਿੱਚ ਵੀ ਕੋਈ ਆਪਣੇ ਕੰਮਾਂ ਜਾਂ ਬੋਲਚਾਲ ਰਾਹੀਂ ਸਮਝਦਾਰੀ ਅਤੇ ਸਿਆਣਪ ਸਿੱਧ ਕਰੇ ਤਾਂ ਸਮਾਜ ਪ੍ਰਵਾਨਗੀ ਦੇ ਦਿੰਦਾ ਹੈ ਪਰ ਦੂਜੇ ਪਾਸੇ ਬਜ਼ੁਰਗ ਅਵਸਥਾ ਵਿੱਚ ਵੀ ਜੇ ਕੋਈ ਖੁਦ ਦੇ ਚਿਹਰੇ ਦੀ ਸੁੰਦਰਤਾ ਨੂੰ ਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਰਹੇ ਤਾਂ ਸਮਾਜ ਪ੍ਰਵਾਨ ਨਹੀਂ ਕਰਦਾ। ਅਜਿਹੇ ਲੋਕ ਮਜ਼ਾਕ ਦੇ ਪਾਤਰ ਬਣਦੇ ਰਹਿੰਦੇ ਹਨ ਅਤੇ ਭੁਲੇਖੇ ਵਿੱਚ ਜ਼ਿੰਦਗੀ ਜਿਉਂਦੇ ਰਹਿੰਦੇ ਹਨ। ਇਸ ਢੰਗ ਨਾਲ ਖੂਬਸੀਰਤੀ ਐਸਾ ਲੱਛਣ ਹੈ ਜੋ ਉਮਰ ਦੇ ਹਰ ਪੜਾਅ ਨਾਲ ਨਿਭਣ ਦੇ ਸਮਰੱਥ ਹੈ।
ਜੀਵਨ ਵਿੱਚ ਜੋ ਜੋੜ-ਮੇਲ ਸਿਰਫ ਸ਼ਕਲ-ਸੂਰਤ ਵੇਖ ਕੇ ਬਣਾ ਲਏ ਜਾਂਦੇ ਹਨ ਉਹ ਅਕਸਰ ਹੀ ਹਕੀਕਤ ਨਾਲ ਟਕਰਾ ਕੇ ਖਿੱਲਰਨ ਲੱਗ ਪੈਂਦੇ ਹਨ। ਰਿਸਤਿਆਂ ਦੀ ਹੰਢਣਸਾਰਤਾ ਸਮਝਦਾਰੀ ਭਰੇ ਸੁਭਾਅ ਉੱਪਰ ਹੀ ਨਿਰਭਰ ਕਰਦੀ ਹੈ। ਜੇਕਰ ਨਿਭਣ ਦੀ ਸੰਭਾਵਨਾ ਹੋਵੇ ਤਾਂ ਨਿਭ ਜਾਂਦੇ ਹਨ, ਵਰਨਾ ਟੁੱਟ ਜਾਂਦੇ ਹਨ। ਉਹ ਮਨੁੱਖ ਬਹੁਤ ਹੀ ਕਿਸਮਤ ਵਾਲਾ ਹੈ ਜਿਸ ਕੋਲ ਸਰੀਰ ਅਤੇ ਸੁਭਾਅ ਦੋਵੇਂ ਹੀ ਸੁੰਦਰ ਹਨ। ਅਜਿਹੇ ਵਿਅਕਤੀ ਵਿਰਲੇ ਹਨ ਅਤੇ ਸਮਾਜ ਦੀ ਸਧਾਰਨ ਅਨੁਪਾਤ ਦੇ ਪੱਧਰ ਤੋਂ ਉੱਪਰ ਹੁੰਦੇ ਹਨ। ਸਮਾਜ ਵਿੱਚ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਥੋੜ੍ਹੀ ਹੈ।
ਸਾਡਾ ਹੰਢਿਆ-ਵਰਤਿਆ, ਰੈਲਾ ਅਤੇ ਸਹਿਯੋਗੀ ਸੁਭਾਅ ਸਾਡੀ ਅਤੇ ਦੂਸਰਿਆਂ ਦੀ ਜ਼ਿੰਦਗੀ ਨੂੰ ਸੁਖਾਵਾਂ ਬਣਾਉਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਚੰਗੀ ਸੀਰਤ ਨੂੰ ਮਜ਼ਬੂਤ ਇੱਛਾ-ਸ਼ਕਤੀ ਨਾਲ ਹਾਸਲ ਕੀਤਾ ਜਾ ਸਕਦਾ ਹੈ।
yadsatkoha@yahoo.com
0048-516732105
- ਯਾਦਵਿੰਦਰ ਸਿੰਘ ਸਤਕੋਹਾ
ਵਾਰਸਾ, ਪੋਲੈਂਡ।
23 Dec. 2018