ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ - ਹਾਕਮ ਸਿੰਘ ਮੀਤ ਬੌਂਦਲੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਸਨ । ਪਹਿਲੇ ਬਾਬਾ ਅਜੀਤ ਸਿੰਘ ਜੀ ਜਿੰਨਾ ਦਾ ਜਨਮ ਸੰਨ1686 ਵਿੱਚ ਹੋਇਆ, ਬਾਬਾ ਜੁਝਾਰ ਸਿੰਘ ਜੀ ਦਾ ਜਨਮ ਸੰਨ 1690 ਵਿੱਚ ਦੋਹਾਂ ਦਾ ਜਨਮ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ । ਅਤੇ ਬਾਬਾ ਜੋਰਾਵਰ ਸਿੰਘ ਜੀ ਦਾ ਜਨਮ ਸੰਨ 1696 ਵਿੱਚ ਅਤੇ ਬਾਬਾ ਫਤਹਿ ਸਿੰਘ ਜੀ ਦਾ ਜਨਮ ਸੰਨ1698 ਵਿੱਚ ਅਨੰਦਪੁਰ ਵਿਖੇ ਹੋਇਆ । ਸ਼੍ਰੀ ਗੁਰੂ ਦਸਮੇਸ਼ ਪਿਤਾ ਜੀ ਨੇ ਵੀਂਹ ਅਤੇ ਇੱਕੀ ਦਸੰਬਰ ਸੰਨ 1704 ਦੀ ਰਾਤ ਨੂੰ ਅਨੰਦਪੁਰ ਦਾ ਕਿਲਾ ਛੱਡ ਦਿੱਤਾ । ਹਾਕਮਾਂ ਨੇ ਗਊਆਂ ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ ਵਾਅਦੇ ਭੁੱਲਾਕੇ ਪਿੱਛੋਂ ਭਿਅੰਕਰ ਹਮਲਾ ਬੋਲ ਦਿੱਤਾ । ਉਸ ਵਕਤ ਸਰਸਾ ਨਦੀ ਵਿਚ ਪਾਣੀ ਦਾ ਹੜ ਆਇਆ ਹੋਇਆ ਸੀ । ਸਰਸਾ ਨਦੀ ਦੇ ਕੰਢੇ ਤੇ ਜੰਗ ਹੋਈ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਲੋੜ ਅਨੁਸਾਰ ਜੱਥਿਆਂ ਵਿੱਚ ਵੰਡਿਆ । ਵੱਡੇ ਸਾਹਿਬਜ਼ਾਦੇ ਅਜੀਤ ਸਿੰਘ, ਭਾਈ ਊਦੇ ਸਿੰਘ ਨੇ ਜੰਗ ਦੀ ਕਮਾਨ ਸੰਭਾਲੀ, ਘਮਾਸਾਨ ਜੰਗ ਵਿੱਚ ਦੋਵੇਂ ਪਾਸੇ ਭਾਰੀ ਨੁਕਸਾਨ ਹੋਇਆ ।ਇੱਥੇ ਦਸਵੇਂ ਪਾਤਸ਼ਾਹ ਜੀ ਦਾ ਪ੍ਰੀਵਾਰ ਵੀ ਤਿੰਨ ਹਿਸਿਆਂ ਚ ਵੰਡਿਆ ਗਿਆ ਅਤੇ ਸਾਥੀ ਵੀ ਵਿਛੜ ਗਏ । ਉਸ ਯਾਦ ਵਿੱਚ ਇੱਥੇ ਗੁਰਦੁਆਰਾ '' ਪ੍ਰੀਵਾਰ ਵਿਛੋੜਾ '' ਬਣਿਆਂ ਹੋਇਆ ਹੈ । ਸ਼੍ਰੀ ਦਸਮੇਸ਼ ਪਿਤਾ ਜੀ ਨਾਲੋਂ ਵਿਛੜ ਕੇ ਮਾਤਾ ਸੁੰਦਰ ਕੌਰ ਜੀ ( ਜੀਤੋ ਜੀ ) ਭਾਈ ਸਿੰਘ ਨਾਲ ਦਿੱਲੀ ਨੂੰ ਚਲੇ ਗਏ । ਮਾਤਾ ਗੁਜਰੀ ਜੀ ਛੋਟੇ ਸਾਹਿਬਜ਼ਾਦਿਆਂ ਨਾਲ , ਸਰਸਾ ਨਦੀ ਦੇ ਕੰਡੇ ਚਲਦੇ ਚਲਦੇ ਮੋਰਿੰਡੇ ਆ ਗਏ । ਉੱਥੇ ਇਹਨਾਂ ਦੀ ਮੁਲਾਕਾਤ ਗੁਰੂ ਘਰ ਦੇ ਰਸੋਈਏ ਗੰਗੂ ਬ੍ਰਾਹਮਣ ਨਾਲ ਹੋਈ, ਉਹ ਇਹਨਾਂ ਨੂੰ ਆਪਣੇ ਘਰ ਪਿੰਡ ਖੇੜੀ ਲੈ ਆਇਆ, ਜੋ ਉੱਥੋਂ ਵੀਂਹ ਕੁ ਮੀਲ ਦੀ ਦੂਰੀ ਤੇ ਪੈਂਦਾ ਸੀ । ਅਨੰਦਪੁਰ ਤੋਂ ਚਲਣ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਡੇਢ ਕੁ ਹਜਾਰ ਸਿੰਘ ਸਨ ਪਰ ਸਰਸਾ ਦੀ ਜੰਗ ਸਮੇਂ ਕੁੱਝ ਸ਼ਹੀਦ ਹੋ ਗਏ ਅਤੇ ਕੁੱਝ ਨਦੀ 'ਚ ਰੁੜ੍ਹ ਜਾਣ ਕਾਰਣ ਵਿੱਛੜ ਗਏ । ਸਰਸਾ ਨਦੀ ਪਾਰ ਕਰਦੇ ਸਮੇਂ ਦਸਵੇਂ ਗੁਰੂ ਨਾਲ ਚਾਲੀ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਸਨ । ਦੂਜੇ ਪਾਸੇ ਗੁਰੂ ਦਰ ਦਾ ਰਸੋਈਆ ਗੰਗੂ ਬ੍ਰਾਹਮਣ , ਜਿਹੜਾ ਮਾਤਾ ਜੀ ਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਲੈ ਗਿਆ ਸੀ । ਪਰ ਦਿਲ ਦਾ ਕਾਲਾ ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ । ਉਸ ਨੇ ਪਹਿਲਾਂ ਤਾਂ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕੀਤੀ ਫਿਰ ਹੋਰ ਇਨਾਮ ਦੇ ਲਾਲਚ ਵਿੱਚ ਸੂਬਾ ਸਰਹੰਦ ਨੂੰ ਇਤਲਾਹ ਦੇ ਦਿੱਤੀ । ਦਿਨ ਚੜ੍ਹਦੇ ਹੀ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਵਜ਼ੀਦੇ ਦੀ ਕਚਹਿਰੀ ਚ ਪੇਸ਼ ਕੀਤਾ ਗਿਆ । ਮਾਤਾ ਗੁਜਰੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ, ਤਿੰਨਾਂ ਨੂੰ ਸਾਰੀ ਰਾਤ ਠੰਡੇ ਬੁਰਜ 'ਚ ਭੁੱਖੇ - ਤਿਹਾਏ ਰੱਖਿਆ ਗਿਆ । ਭਾਈ ਮੋਤੀ ਰਾਮ ਨੇ ਆਪਣੇ ਪ੍ਰੀਵਾਰ ਨੂੰ ਖਤਰੇ ਵਿੱਚ ਪਾ ਕੇ ਉਹਨਾਂ ਤੱਕ ਦੁੱਧ ਪਹੁੰਚਾਇਆ । ਤਿੰਨ ਦਿਨ ਲਗਾਤਾਰ ਸਾਹਿਬਜ਼ਾਦਿਆਂ ਨੂੰ ਕਚਹਿਰੀ ਵਿੱਚ ਪੇਸ਼ ਕਰਕੇ ਇਸਲਾਮ ਕਬੂਲ ਕਰਾਉਣ ਲਈ ਅਨੇਕਾਂ ਡਰਾਵੇ ਤੇ ਲਾਲਚ ਦਿੱਤੇ ਗਏ ਪਰ ਉਹ ਅਡਿੱਗ ਰਹੇ । ਸੂਬੇ ਦਾ ਉਹਨਾਂ ਦੀ ਮਾਸੂਮੀਅਤ ਉੱਪਰ ਦਿਲ ਪਸੀਜਿਆ ਵੇਖ ਕਾਜ਼ੀ ਨੇ ਵੀ ਕਿਹਾ ਕਿ ਇਸਲਾਮ ਬੱਚਿਆਂ ਤੇ ਇਸ ਤਰ੍ਹਾਂ ਜ਼ੁਲਮ ਦੀ ਇਜਾਜ਼ਤ ਨਹੀਂ ਦਿੰਦਾ ਪਰ ਦੀਵਾਨ ਸੁੱਚਾ ਨੰਦ ਬ੍ਰਾਹਮਣ ਉਹਨਾਂ ਨੂੰ '' ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ '' ਦਸਦਿਆਂ ਸਖਤ ਸਜ਼ਾ ਦੇਣ ਦੀ ਗੱਲ ਕਹੀ ਅਤੇ ਅਖੀਰ ਫਤਵਾ ਆਇਦ ਕਰਕੇ ਵਜ਼ੀਦੇ ਦੇ ਹੁਕਮ ਨਾਲ ਉਹਨਾਂ ਨੂੰ ਜੀਉਂਦੇ ਜੀਅ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ । ਦੀਵਾਰ ਦੇ ਢਹਿ ਜਾਣ ਤੇ ਉਹਨਾਂ ਦੇ ਸੀਸ ਤਲਵਾਰ ਨਾਲ ਧੱੜਾਂ ਤੋਂ ਅਲੱਗ ਕਰ ਦਿੱਤੇ ।
ਇਸ ਜ਼ੁਲਮੀ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੰਮਦ ਖਾਂ ਨੇ ਉੱਠ ਕੇ ' ਹਾ ' ਦਾ ਨਾਹਰਾ ਮਾਰਿਆ । ਸ਼ਹਾਦਤ ਤੋਂ ਬਾਆਦ ਹਕੂਮਤ ਨੇ ਬੱਚਿਆਂ ਦੇ ਸਸਕਾਰ ਲਈ ਦੋ ਗਜ਼ ਜ਼ਮੀਨ ਦੇਣ ਤੋਂ ਵੀ ਮਨਾ ਕਰ ਦਿੱਤਾ ਤਾਂ ਨਵਾਬ ਟੋਡਰਮੱਲ ਨੇ ਜ਼ਮੀਨ ਤੇ ਸੋਨੇ ਦੀਆਂ ਮੋਹਰਾਂ ਵਿਛਾ ਕੇ ਉਹਨਾਂ ਲਈ ਜਗ੍ਹਾ ਪ੍ਰਾਪਤ ਕੀਤੀ । ਜਿਸ ਥਾਂ ਤੇ ਸਾਹਿਬਜ਼ਾਦਿਆਂ ਦਾ ਸਸਕਾਰ ਹੋਇਆ ਉੱਥੇ ਅੱਜ '' ਗੁਰਦੁਆਰਾ ਜੋਤੀ ਸਰੂਪ '' ਮੌਜੂਦ ਹੈ।
ਸਾਹਿਬਜ਼ਾਦਿਆਂ ਦੇ ਸ਼ਹੀਦ ਹੋਣ ਦੀ ਖਬਰ ਸੁਣ ਕੇ ਮਾਤਾ ਗੁਜਰੀ ਜੀ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਠੰਢੇ ਬੁਰਜ਼ ਅੰਦਰ ਅਕਾਲ ਚਲਾਣਾ ਕਰ ਗਏ । ਆਓ ਇੰਨਾ ਮਹਾਨ ਸ਼ਹਾਦਤਾਂ ਨੂੰ ਸ਼ਰਧਾ ਦੇ ਫੁੱਲ ਤੇ ਸਤਿਕਾਰ ਭੇਟ ਕਰਦਿਆਂ ਦਾਸ ਦੀ ਹੱਥ ਬੰਨਕੇ ਬੇਨਤੀ ਹੈ ਕਿ ਸਾਹਿਬਜ਼ਾਦਿਆਂ ਨੇ ਜਿਸ ਦਲੇਰੀ ਨਾਲ ਭੈਅ ਤੋਂ ਰਹਿਤ ਹੋਕੇ ਸ਼ਹਾਦਤ ਪ੍ਰਾਪਤ ਕੀਤੀ । ਉਹ ਸਾਡੇ ਲਈ ਤੇ ਨੌਜਵਾਨਾਂ ਤੇ ਬੱਚਿਆਂ ਲਈ ਆਪਣੇ ਸਿੱਖ ਧਰਮ ਦੀ ਚੜ੍ਹਦੀ ਕਲਾ ਰੱਖਣ ਵਾਸਤੇ ਹਰ ਹਲਾਤਾਂ ਵਿੱਚ ਆਪਣੇ ਧਰਮ ਵਿੱਚ ਰਹਿਣ ਦੀ ਵਿਸ਼ੇਸ਼ ਸਿੱਖਿਆ ਦਾ ਸੋਮਾ ਹੈ ।।
ਕਿਸੇ ਮੇਰੇ ਵੀਰ ਨੇ ਬਹੁਤ ਵਧੀਆ ਲਿਖਿਆ '' ਜਦੋਂ ਚਰਬੀ ਢਲੇ ਸ਼ਹੀਦਾਂ ਦੀ , '' ਆਸਾਂ ਦੇ ਦੀਵੇ ਜਗ ਜਾਂਦੇ , ''ਜਦ ਉਸਰੇ ਕੰਧ ਮਾਸੂਮ ਦੀ, '' ਢੱਠੀ ਹੋਈ ਕੌਮ ਖਲੋ ਜਾਂਦੀ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ