ਭਾਰਤ ਦੇ ਵਿਕਾਸ ਦੀ ਹਾਲਤ ਬਾਰੇ ਜਦੋਂ ਆਮ ਲੋਕ ਜੁਮਲੇ ਵਰਤਣ ਦਾ ਮਨ ਬਣਾਉਂਦੇ ਹਨ ਤਾਂ ਫਿਰ... - ਜਤਿੰਦਰ ਪਨੂੰ
ਇਸ ਵਾਰੀ ਦਸਹਿਰੇ ਤੋਂ ਇੱਕ ਦਿਨ ਪਹਿਲਾਂ ਸਾਡੇ ਲੋਕਾਂ ਨੂੰ ਇਹ ਖਬਰ ਸੁਣਨ ਨੂੰ ਮਿਲੀ ਕਿ ਮੁੰਬਈ ਦੇ ਪਰੇਲ ਇਲਾਕੇ ਵਿੱਚ ਇੱਕ ਰੇਲਵੇ ਓਵਰ-ਬ੍ਰਿਜ ਟੁੱਟਣ ਕਰ ਕੇ ਬਾਈ ਜਣੇ ਮਾਰੇ ਗਏ ਤੇ ਇਸ ਤੋਂ ਤਕਰੀਬਨ ਡਿਓਢੀ ਗਿਣਤੀ ਇਸ ਮੌਕੇ ਜ਼ਖਮੀ ਹੋਣ ਵਾਲਿਆਂ ਦੀ ਹੈ। ਸਾਰਾ ਮੀਡੀਆ ਇਸੇ ਖਬਰ ਦੀ ਚੀਰ-ਫਾੜ ਕਰਨ ਤੇ ਲੋਕਾਂ ਦਾ ਧਿਆਨ ਖਿੱਚਣ ਲੱਗਾ ਰਿਹਾ। ਇਹ ਕੰਮ ਕਰਨਾ ਮੀਡੀਏ ਦਾ ਫਰਜ਼ ਵੀ ਹੈ ਤੇ ਕੁਝ ਲੋੜ ਵੀ। ਇੱਕ ਮਹੀਨੇ ਤੋਂ ਉੱਪਰ ਸਮਾਂ ਸਿਰਫ ਸੱਚੇ ਸੌਦੇ ਵਾਲੇ ਬਾਬੇ ਤੇ ਉਸ ਦੀ ਮੂੰਹ ਬੋਲੀ ਧੀ, ਲੋਕਾਂ ਦੀ ਨਜ਼ਰ ਵਿੱਚ ਪਤਾ ਨਹੀਂ ਕੀ, ਵਾਲੀ ਚਰਚਾ ਕਰਦਿਆਂ ਦਰਸ਼ਕ ਵੀ ਅੱਕਣ ਲੱਗੇ ਸਨ ਤੇ ਮੀਡੀਆ ਵਾਲੇ ਵੀ। ਹੁਣ ਸਿਰਸੇ ਦੀ ਖਬਰ ਮੀਡੀਆ ਦੀ ਭਾਸ਼ਾ ਮੁਤਾਬਕ ਗੈਪ-ਫਿੱਲਰ ਬਣ ਗਈ ਹੈ, ਵਿੱਚ-ਵਿਚਾਲੇ ਚਰਚਾ ਲਈ ਕੱਢੀ ਜਾਵੇਗੀ, ਵੱਡੀ ਖਬਰ ਰੇਲਵੇ ਪੁਲ ਦੇ ਹਾਦਸੇ ਦੀ ਹੈ ਅਤੇ ਉਹ ਵੀ ਓਨਾ ਚਿਰ ਹੈ, ਜਦੋਂ ਤੱਕ ਕੋਈ ਹੋਰ ਇਸ ਤੋਂ ਵੱਧ ਧਿਆਨ ਖਿੱਚਣ ਵਾਲੀ ਖਬਰ ਨਹੀਂ ਆ ਜਾਂਦੀ। ਕੁਝ ਪਾਠਕਾਂ ਨੂੰ ਜਾਪੇਗਾ ਕਿ ਮੀਡੀਆ ਵੱਲੋਂ ਐਡੇ ਦੁਖਾਂਤ ਦੀ ਦਰਦਨਾਕ ਪੇਸ਼ਕਾਰੀ ਨੂੰ ਅਸੀਂ ਛੁਟਿਆ ਕੇ ਵੇਖ ਰਹੇ ਹਾਂ, ਪਰ ਸਾਡੇ ਮਨ ਵਿੱਚ ਕੁਝ ਹੋਰ ਖਿਆਲ ਹਨ। ਮੀਡੀਆ ਕਿਸੇ ਦੁਖਾਂਤ ਬਾਰੇ ਕਿੰਨਾ ਕੁ ਗੰਭੀਰ ਹੈ, ਅਸੀਂ ਇਹ ਜਾਣਦੇ ਹਾਂ। ਓਵਰ ਬ੍ਰਿਜ ਹੇਠਾਂ ਪਏ ਲਾਸ਼ਾਂ ਦੇ ਢੇਰ ਵਿਖਾਉਣ ਤੇ ਕੀਰਨੇ ਪਾਉਣ ਵਾਂਗ ਖਬਰ ਪੇਸ਼ ਕਰਨ ਪਿੱਛੋਂ ਟੀ ਵੀ ਚੈਨਲ ਬਰੇਕ ਵਿੱਚ ਏਦਾਂ ਦੀ ਭੱਦੀ ਬੋਲੀ ਵਿੱਚ ਮਾਲ ਦੀ ਮਸ਼ਹੂਰੀ ਕਰਦੇ ਹਨ ਕਿ ਸਿਵੇ ਦੇ ਸਿਰਹਾਣੇ ਸੁਹਾਗ ਦੇ ਗੀਤ ਗਾਏ ਜਾਣ ਵਾਂਗ ਜਾਪਦਾ ਹੈ। ਹੁਣ ਮੀਡੀਆ ਕਹਿੰਦਾ ਹੈ ਕਿ ਸਾਡੇ ਕੋਲ ਇਸ ਪੁਲ ਬਾਰੇ ਪਹਿਲਾਂ ਤੋਂ ਸੂਚਨਾਵਾਂ ਸਨ, ਪਰ ਜੇ ਉਨ੍ਹਾਂ ਕੋਲ ਸੂਚਨਾਵਾਂ ਸਨ ਤਾਂ ਉਹ ਸੂਚਨਾਵਾਂ ਦੁਖਾਂਤ ਵਾਪਰਨ ਤੋਂ ਪਹਿਲਾਂ ਲੋਕਾਂ ਅੱਗੇ ਕਿਉਂ ਨਹੀਂ ਰੱਖੀਆਂ? ਇਹ ਗੱਲ ਕੋਈ ਨਹੀਂ ਦੱਸੇਗਾ।
ਸਾਰੀਆਂ ਸੂਚਨਾਵਾਂ ਕੇਂਦਰ ਤੇ ਰਾਜ ਸਰਕਾਰ ਚਲਾਉਣ ਵਾਲਿਆਂ ਕੋਲ ਸਨ ਜਾਂ ਫਿਰ ਮੁੰਬਈ ਸ਼ਹਿਰ ਚਲਾਉਣ ਦੇ ਜ਼ਿੰਮੇਵਾਰ ਨਗਰ ਨਿਗਮ ਦੇ ਅਫਸਰਾਂ ਤੇ ਅਹੁਦੇਦਾਰਾਂ ਕੋਲ ਸਨ, ਜਿਹੜੇ ਏਨੇ 'ਜ਼ਿੰਮੇਵਾਰ' ਹਨ ਕਿ ਹਰ ਦੁਖਾਂਤ ਦੇ ਲਈ 'ਜ਼ਿੰਮੇਵਾਰ' ਠਹਿਰਾਏ ਜਾ ਸਕਦੇ ਹਨ। ਭਾਜਪਾ ਆਗੂਆਂ ਨੇ ਇਹ ਦਲੀਲ ਫੜ ਲਈ ਕਿ ਇਹ ਪੁਲ ਰੇਲਵੇ ਦਾ ਨਹੀਂ ਅਤੇ ਭਾਜਪਾ ਮੁੱਖ ਮੰਤਰੀ ਵਾਲੀ ਮਹਾਰਾਸ਼ਟਰ ਸਰਕਾਰ ਦਾ ਵੀ ਨਹੀਂ, ਉਸ ਨਗਰ ਨਿਗਮ ਦਾ ਹੈ, ਜਿਸ ਦੀ ਅਗਵਾਈ ਸ਼ਿਵ ਸੈਨਾ ਦੇ ਮੇਅਰ ਕੋਲ ਹੈ। ਸ਼ਿਵ ਸੈਨਿਕ ਕਹਿੰਦੇ ਹਨ ਕਿ ਕੇਂਦਰ ਦੇ ਰੇਲ ਮਹਿਕਮੇ ਦਾ ਜ਼ਿੰਮਾ ਸੀ ਕਿ ਇਸ ਪੁਲ ਦੀ ਹਾਲਾਤ ਸੁਧਾਰਦਾ। ਰੇਲਵੇ ਦੇ ਬਚਾਅ ਲਈ ਭਾਜਪਾ ਆਗੂ ਆਖਦੇ ਹਨ ਕਿ ਦੋ ਰੇਲਵੇ ਸਟੇਸ਼ਨਾਂ ਨੂੰ ਆਪੋ ਵਿੱਚ ਜੋੜਨ ਵਾਲਾ ਇਹ ਓਵਰ ਬ੍ਰਿਜ ਹੈ, ਜਿਹੜਾ ਕਿਸੇ ਵੀ ਤਰ੍ਹਾਂ ਰੇਲਵੇ ਦੀ ਜਾਇਦਾਦ ਨਹੀਂ। ਜਵਾਬ ਵਿੱਚ ਸ਼ਿਵ ਸੈਨਾ ਵਾਲੇ ਇਹ ਦੱਸਦੇ ਹਨ ਕਿ ਉਨ੍ਹਾਂ ਦੇ ਇੱਕ ਪਾਰਲੀਮੈਂਟ ਮੈਂਬਰ ਨੇ ਰੇਲ ਮੰਤਰੀ ਨੂੰ ਇਸ ਓਵਰ ਬ੍ਰਿਜ ਦੀ ਹਾਲਾਤ ਦੱਸ ਕੇ ਪਹਿਲ ਦੇ ਆਧਾਰ ਉੱਤੇ ਬਣਾਉਣ ਦੀ ਬੇਨਤੀ ਕੀਤੀ ਸੀ ਤਾਂ ਰੇਲਵੇ ਮੰਤਰੀ ਨੇ ਕਿਹਾ ਸੀ ਕਿ ਹਾਲੇ ਫੰਡ ਨਹੀਂ ਹਨ, ਜਦੋਂ ਹੋਣਗੇ, ਇਸ ਨੂੰ ਬਣਾ ਦਿਆਂਗੇ। ਉਹ ਪੁੱਛਦੇ ਹਨ ਕਿ ਜੇ ਪੁਲ ਰੇਲਵੇ ਦੇ ਅਧਿਕਾਰ ਖੇਤਰ ਵਿੱਚ ਨਹੀਂ ਤਾਂ ਰੇਲ ਮੰਤਰੀ ਨੇ ਫੰਡ ਹੋਣ ਉੱਤੇ ਬਣਾ ਦੇਣ ਦੀ ਗੱਲ ਕਿਉਂ ਕਹਿ ਦਿੱਤੀ ਸੀ? ਇਸ ਤੋਂ ਸਾਫ ਹੈ ਕਿ ਪੁਲ ਰੇਲਵੇ ਦਾ ਹੈ। ਦੁਵੱਲੇ ਭੇੜ ਵਿੱਚ ਉਲਝੀਆਂ ਇਹ ਦੋਵੇਂ ਸਿਆਸੀ ਪਾਰਟੀਆਂ ਕੇਂਦਰ ਵਿੱਚ ਵੀ ਅਤੇ ਰਾਜ ਸਰਕਾਰ ਵਿੱਚ ਵੀ, ਦੋਵੇਂ ਥਾਂ ਭਾਈਵਾਲ ਹਨ।
ਏਦਾਂ ਪਹਿਲੀ ਵਾਰ ਨਹੀਂ ਹੋ ਰਿਹਾ। ਰਾਜੀਵ ਗਾਂਧੀ ਦੇ ਜ਼ਮਾਨੇ ਵਿੱਚ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹੋ ਜਿਹਾ ਇੱਕ ਫਲਾਈ ਓਵਰ ਬਣਾਇਆ ਜਾਣਾ ਸੀ। ਦਿੱਲੀ ਨਗਰ ਨਿਗਮ ਤੇ ਨਵੀਂ ਦਿੱਲੀ ਨਗਰ ਨਿਗਮ ਦੋਵੇਂ ਦਾਅਵਾ ਕਰਦੀਆਂ ਸਨ ਕਿ ਇਸ ਨੂੰ ਬਣਾਉਣ ਦਾ ਹੱਕ ਸਾਡਾ ਹੈ ਤੇ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ ਡੀ ਏ) ਕਹਿੰਦੀ ਸੀ ਕਿ ਦੋਂਹ ਧਿਰਾਂ ਦੇ ਵਿਚਾਲੇ ਦਾ ਓਵਰ ਬ੍ਰਿਜ ਹੋਣ ਕਾਰਨ ਇਸ ਦਾ ਪ੍ਰਾਜੈਕਟ ਸਾਨੂੰ ਮਿਲਣਾ ਚਾਹੀਦਾ ਹੈ। ਉਹੋ ਜਿਹਾ ਇਕ ਹੋਰ ਪੁਲ ਡੀ ਡੀ ਏ ਨੇ ਪਹਿਲਾਂ ਬਣਾਇਆ ਸੀ ਤੇ ਇਸ ਨਵੇਂ ਪ੍ਰਾਜੈਕਟ ਦੇ ਬਣਨ ਦਾ ਫੈਸਲਾ ਹੋਣ ਤੋਂ ਪਹਿਲਾਂ ਉਸ ਪੁਰਾਣੇ ਪੁਲ ਉੱਤੇ ਇੱਕ ਵੱਡਾ ਹਾਦਸਾ ਹੋ ਗਿਆ। ਦੋਵੇਂ ਨਗਰ ਨਿਗਮਾਂ ਦੇ ਅਫਸਰ ਇੱਕ-ਦੂਸਰੇ ਦਾ ਖੇਤਰ ਕਹਿ ਕੇ ਪੱਲਾ ਝਾੜਨ ਤੁਰ ਪਏ ਸਨ ਅਤੇ ਡੀ ਡੀ ਏ ਵਾਲਿਆਂ ਨੇ ਕਹਿ ਦਿੱਤਾ ਸੀ ਕਿ ਸਾਡੀ ਜ਼ਿੰਮੇਵਾਰੀ ਸਿਰਫ ਬਣਾਉਣਾ ਤੱਕ ਹੈ, ਓਦੋਂ ਬਾਅਦ ਨਹੀਂ ਹੁੰਦੀ। ਮੁੰਬਈ ਦੇ ਓਵਰ ਬ੍ਰਿਜ ਵਾਲੇ ਹਾਦਸੇ ਨੇ ਉਸ ਮੌਕੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਬਣਾਉਣ ਨੂੰ ਸਾਰੇ ਤਿਆਰ ਹਨ, ਕਿਉਂਕਿ ਇਸ ਵਿੱਚੋਂ ਕਮਾਈ ਦਾ ਜੁਗਾੜ ਹੁੰਦਾ ਹੈ। ਹਾਦਸੇ ਦੀ ਜ਼ਿੰਮੇਵਾਰੀ ਲੈਣ ਵਾਲਾ ਕੋਈ ਨਹੀਂ। ਇਹ ਭਾਰਤ ਦੇ ਸੌ ਦੁਖਾਂਤਾਂ ਦੇ ਦੌਰਾਨ ਸਾਹਮਣੇ ਆਇਆ ਸੱਚ ਕਿਹਾ ਜਾ ਸਕਦਾ ਹੈ ਅਤੇ ਅੱਗੋਂ ਵੀ ਕਿਹਾ ਜਾਂਦਾ ਰਹੇਗਾ।
ਪਿਛਲੇ ਹਫਤੇ ਇੱਕ ਹਾਦਸਾ ਬਿਹਾਰ ਦੇ ਭਾਗਲਪੁਰ ਜ਼ਿਲੇ ਵਿੱਚ ਵਾਪਰਿਆ ਹੈ। ਓਥੇ ਇੱਕ ਡੈਮ ਬਣ ਕੇ ਤਿਆਰ ਹੋ ਗਿਆ ਤਾਂ ਜਿਸ ਦਿਨ ਉਸ ਰਾਜ ਦੇ ਮੁੱਖ ਮੰਤਰੀ ਨੇ ਉਦਘਾਟਨ ਕਰਨਾ ਸੀ, ਇੱਕ ਦਿਨ ਪਹਿਲਾਂ ਉਸ ਦੇ ਢਹਿਣ ਦੀ ਖਬਰ ਆ ਗਈ। ਅਸਲ ਵਿੱਚ ਓਥੇ ਡੈਮ ਨਹੀਂ ਸੀ ਟੁੱਟਾ, ਡੈਮ ਨੂੰ ਪਾਣੀ ਪੁਚਾਉਣ ਵਾਲੀ ਨਹਿਰ ਟੁੱਟੀ ਸੀ। ਉਦਘਾਟਨ ਤੋਂ ਇੱਕ ਦਿਨ ਪਹਿਲਾਂ ਉਸ ਨਹਿਰ ਤੇ ਡੈਮ ਦੀ ਪਰਖ ਲਈ ਪਾਣੀ ਛੱਡਿਆ ਗਿਆ ਤਾਂ ਉਹ ਇੱਕ ਥਾਂ ਤੋਂ ਪਟੜੀ ਰੋੜ੍ਹ ਕੇ ਲੈ ਗਿਆ ਅਤੇ ਆਸ-ਪਾਸ ਦੇ ਸਾਰੇ ਇਲਾਕੇ ਵਿੱਚ ਹੜ੍ਹ ਵਾਂਗ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਵੜਿਆ। ਬਿਹਾਰ ਸਰਕਾਰ ਦੇ ਅਫਸਰਾਂ ਨੇ ਕਿਹਾ ਕਿ ਕਸੂਰ ਸਾਡਾ ਨਹੀਂ, ਕੇਂਦਰ ਸਰਕਾਰ ਦੇ ਇੱਕ ਅਦਾਰੇ ਦਾ ਹੈ, ਜਿਸ ਨੇ ਆਪਣੇ ਪ੍ਰਾਜੈਕਟ ਵੱਲ ਪਾਣੀ ਲਿਜਾਣ ਲਈ ਇਸ ਨਹਿਰ ਦੇ ਹੇਠੋਂ ਦੀ ਅੰਡਰ-ਪਾਸ ਬਣਾਇਆ ਸੀ ਤੇ ਉਸ ਅੰਡਰ-ਪਾਸ ਦੇ ਉੱਪਰੋਂ ਪਟੜੀ ਰੁੜ੍ਹੀ ਹੈ। ਕੇਂਦਰ ਦੇ ਅਦਾਰੇ ਨੇ ਕਿਹਾ ਕਿ ਸਾਡਾ ਅੰਡਰ-ਪਾਸ ਕਾਇਮ ਹੈ, ਰਾਜ ਸਰਕਾਰ ਆਪਣੀ ਪਟੜੀ ਰੁੜ੍ਹ ਜਾਣ ਦੀ ਜਾਂਚ ਕਰਾਵੇ, ਨੁਕਸ ਉਸ ਦਾ ਨਿਕਲੇਗਾ। ਇਹੋ ਜਿਹੇ ਕੰਮਾਂ ਵਿੱਚ ਜਿਵੇਂ ਆਮ ਹੁੰਦਾ ਹੈ, ਜਾਂਚ ਕਮੇਟੀ ਬਣਾ ਕੇ ਡੰਗ ਸਾਰਿਆ ਗਿਆ ਹੈ, ਜਿਸ ਦੀ ਰਿਪੋਰਟ ਆਉਂਦਿਆਂ ਕਈ ਸਾਲ ਗੁਜ਼ਰ ਜਾਣਗੇ। ਫਿਰ ਕੋਈ ਪੁੱਛਣ ਵਾਲਾ ਨਹੀਂ ਲੱਭਣਾ।
ਹੋਇਆ ਅਸਲ ਵਿੱਚ ਇਹ ਸੀ ਕਿ ਡੈਮ ਵਾਲੀ ਨਹਿਰ ਦੇ ਹੇਠੋਂ ਜਦੋਂ ਕੇਂਦਰੀ ਅਦਾਰੇ ਨੇ ਅੰਡਰ-ਪਾਸ ਬਣਾਇਆ, ਉਹ ਠੀਕ ਬਣ ਗਿਆ, ਪਰ ਉਸ ਦੇ ਉੱਪਰੋਂ ਲੰਘਣ ਵਾਲੀ ਨਹਿਰ ਦੀ ਪਟੜੀ ਇਸ ਅੰਡਰ-ਪਾਸ ਵਾਲੇ ਥਾਂ ਤੋਂ ਵੱਧ ਪੱਕੀ ਕਰਨ ਲਈ ਉਸ ਵਿੱਚ ਲੋਹੇ ਦੇ ਸਰੀਏ ਦਾ ਜਾਲ ਬੰਨ੍ਹਣ ਦੀ ਲੋੜ ਸੀ। ਜਿੱਥੋਂ ਪਟੜੀ ਰੁੜ੍ਹ ਗਈ, ਓਥੇ ਮਿੱਟੀ ਲਮਕ ਰਹੀ ਦਿਖਾਈ ਦੇਂਦੀ ਸੀ, ਸਰੀਆ ਲਮਕਦਾ ਦਿਖਾਈ ਨਹੀਂ ਸੀ ਦੇਂਦਾ, ਕਿਉਂਕਿ ਉਹ ਪਾਇਆ ਹੀ ਨਹੀਂ ਸੀ। ਰਾਜ ਸਰਕਾਰ ਦੇ ਅਧਿਕਾਰੀ ਇਸ ਦੀ ਜ਼ਿੰਮੇਵਾਰੀ ਚੁੱਕਣ ਨੂੰ ਤਿਆਰ ਨਹੀਂ ਸਨ। ਪੁਲ ਓਥੇ ਟੁੱਟ ਚੁੱਕਾ ਸੀ, ਦੋਬਾਰਾ ਨਹਿਰ ਖੜੇ ਪੈਰ ਬਣ ਨਹੀਂ ਸੀ ਸਕਦੀ ਤੇ ਉਦਘਾਟਨ ਦਾ ਲਿਸ਼ਕਦਾ ਪੱਥਰ ਓਥੇ ਲੱਗਾ ਮੂੰਹ ਚਿੜਾ ਰਿਹਾ ਸੀ।
ਭਾਰਤੀ ਰਾਜਨੀਤੀ ਅੱਜ-ਕੱਲ੍ਹ ਜੁਮਲੇ ਸੁਣਾਉਣ ਦਾ ਚਸਕਾ ਲੈਂਦੀ ਹੈ। ਪਹਿਲਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਜੁਮਲੇ ਸੁਣਾਉਂਦੇ ਸਨ, ਹੁਣ ਰਾਹੁਲ ਗਾਂਧੀ ਵੀ ਸੁਣਾਉਂਦਾ ਹੈ। ਇਸ ਹਫਤੇ 'ਵਿਕਾਸ ਪਾਗਲ ਹੋ ਗਿਆ' ਵਾਲੇ ਜੁਮਲੇ ਨਾਲ ਰਾਹੁਲ ਗਾਂਧੀ ਨੇ ਲੋਕਾਂ ਦਾ ਧਿਆਨ ਖਿੱਚਿਆ ਹੈ। ਇਹ ਇੱਕ ਦੂਸਰੇ ਦਾ ਧਿਆਨ ਖਿੱਚਦੇ ਹਨ, ਸੋਸ਼ਲ ਮੀਡੀਏ ਦੀ ਵਰਤੋਂ ਨਾਲੋਂ ਦੁਰਵਰਤੋਂ ਵੱਧ ਕਰਨ ਵਾਲੇ ਲੋਕ ਆਪਣੀ ਕਲਾ ਵਿਖਾਈ ਜਾਂਦੇ ਹਨ। ਇਸ ਹਫਤੇ ਉਨ੍ਹਾਂ ਦੀ ਕਲਾ ਦਾ ਇੱਕ ਨਮੂਨਾ ਵੀ ਇੱਕ ਜੁਮਲਾ ਬਣ ਕੇ ਸਾਹਮਣੇ ਆਇਆ ਹੈ। ਉਸ ਜੁਮਲੇ ਮੁਤਾਬਕ ਭਾਰਤ, ਇੰਗਲੈਂਡ ਤੇ ਰੂਸ ਦੇ ਸਿੰਜਾਈ ਮੰਤਰੀ ਇੱਕ ਮੀਟਿੰਗ ਲਈ ਇੰਗਲੈਂਡ ਵਿੱਚ ਇਕੱਠੇ ਹੋਏ ਤਾਂ ਓਥੋਂ ਦਾ ਮੰਤਰੀ ਭਾਰਤ ਤੇ ਰੂਸ ਵਾਲਿਆਂ ਨੂੰ ਆਪਣੇ ਬੰਗਲੇ ਵਿੱਚ ਲੈ ਗਿਆ। ਸੋਹਣਾ ਬੰਗਲਾ ਵੇਖ ਕੇ ਦੋਵਾਂ ਨੇ ਪੁੱਛ ਲਿਆ ਕਿ ਏਨਾ ਪੈਸਾ ਕਿੱਥੋਂ ਮਿਲ ਗਿਆ। ਉਸ ਨੇ ਦੋਵਾਂ ਨੂੰ ਨਾਲ ਲਿਆ ਅਤੇ ਛੋਟੇ ਜਿਹੇ ਦਰਿਆ ਉੱਤੇ ਲਿਜਾ ਕੇ ਇੱਕ ਪੁਲ ਵੱਲ ਹੱਥ ਕਰ ਕੇ ਕਿਹਾ: 'ਬਹੁਤਾ ਭ੍ਰਿਸ਼ਟਾਚਾਰ ਤਾਂ ਏਥੇ ਨਹੀਂ, ਪਰ ਐਡੇ ਕੁ ਪੁਲ ਵਿੱਚੋਂ ਬੰਗਲਾ ਬਣਾਉਣ ਜੋਗਾ ਕਮਿਸ਼ਨ ਮਿਲ ਜਾਂਦਾ ਹੈ।' ਅਗਲੀ ਮੀਟਿੰਗ ਵੇਲੇ ਰੂਸ ਵਿੱਚ ਮਿਲ ਪਏ ਤਾਂ ਰੂਸ ਦੇ ਮੰਤਰੀ ਦਾ ਬੰਗਲਾ ਓਦੋਂ ਵੀ ਵੱਡਾ ਸੀ। ਪੈਸਾ ਪੁੱਛਣ ਉੱਤੇ ਉਹ ਦਰਿਆ ਉੱਤੇ ਜਾ ਕੇ ਨਿਕੰਮਾ ਜਿਹਾ ਬਣਿਆ ਪੁਲ ਵਿਖਾ ਕੇ ਕਹਿਣ ਲੱਗਾ ਕਿ 'ਜੇ ਮੇਰਾ ਬੰਗਲਾ ਨਾ ਬਣਨਾ ਹੁੰਦਾ ਤਾਂ ਇਹ ਪੁਲ ਜ਼ਰਾ ਚੰਗਾ ਬਣ ਜਾਣਾ ਸੀ, ਮੈਂ ਬੰਗਲੇ ਜੋਗਾ ਪੈਸਾ ਕਮਾ ਲਿਆ ਸੀ।' ਤੀਸਰੀ ਮੀਟਿੰਗ ਭਾਰਤ ਵਿੱਚ ਹੋਈ ਤੇ ਸਾਡੇ ਮੰਤਰੀ ਦਾ ਬੰਗਲਾ ਉਨ੍ਹਾਂ ਦੋਵਾਂ ਤੋਂ ਵੱਡਾ ਸੀ। ਪੈਸੇ ਬਾਰੇ ਪੁੱਛਿਆ ਤਾਂ ਅਗਲੇ ਦਿਨ ਦਰਿਆ ਕੰਢੇ ਲਿਜਾ ਕੇ ਕਹਿਣ ਲੱਗਾ: 'ਔਹ ਪੁਲ ਤੁਸੀਂ ਵੇਖ ਲਓ, ਉਸ ਦੀ ਕ੍ਰਿਪਾ ਨਾਲ ਮੇਰਾ ਇਹ ਬੰਗਲਾ ਬਣਿਆ ਹੈ।' ਦੋਵੇਂ ਵੇਖ ਰਹੇ ਸਨ, ਪਰ ਪੁਲ ਦਿੱਸ ਨਹੀਂ ਸੀ ਰਿਹਾ। ਉਨ੍ਹਾਂ ਨੇ ਪੁੱਛ ਲਿਆ: 'ਕਿਹੜਾ ਪੁਲ, ਸਾਨੂੰ ਤਾਂ ਦਿੱਸਦਾ ਨਹੀਂ।' ਮੰਤਰੀ ਨੇ ਹੱਸ ਕੇ ਕਿਹਾ: 'ਜੇ ਪੁਲ ਦਿਖਾਈ ਦੇਂਦਾ ਤਾਂ ਤੁਹਾਡੇ ਦੋਵਾਂ ਦੇ ਬੰਗਲਿਆਂ ਤੋਂ ਵੱਡਾ ਬੰਗਲਾ ਨਹੀਂ ਸੀ ਦਿੱਸਣਾ, ਇਸ ਲਈ ਇਹ ਪੁਲ ਕਾਗਜ਼ਾਂ ਵਿੱਚ ਬਣਾਇਆ ਤੇ ਹੜ੍ਹਾਂ ਵਿੱਚ ਰੋੜ੍ਹ ਦਿੱਤਾ ਸੀ।'
ਇਹ ਜੁਮਲਾ ਕੁਝ ਜ਼ਿਆਦਾ ਹੱਦਾਂ ਟੱਪਣ ਵਾਲਾ ਜਾਪਦਾ ਹੈ, ਪਰ ਏਦਾਂ ਦੇ ਜੁਮਲੇ ਦਾ ਮਾਹੌਲ ਸਾਡੇ ਆਗੂਆਂ ਨੇ ਹੀ ਪੈਦਾ ਕੀਤਾ ਹੈ। ਮਨਮੋਹਨ ਸਿੰਘ ਦੀ ਸਰਕਾਰ ਨੇ ਆਪਣੀ ਇਸ਼ਤਿਹਾਰਬਾਜ਼ੀ ਦੇ ਅਖੀਰ ਵਿੱਚ ਆਖਿਆ ਸੀ: 'ਭਾਰਤ ਕੇ ਵਿਕਾਸ ਮੇਂ ਹੱਕ ਹੈ ਮੇਰਾ'। ਓਦੋਂ ਪਠਾਨਕੋਟ ਆਏ ਗੁਜਰਾਤ ਦੇ ਮੁੱਖ ਮੰਤਰੀ ਮੋਦੀ ਨੇ ਜੁਮਲਾ ਕੱਸਿਆ ਸੀ: ''ਮਨਮੋਹਨ ਸਿੰਘ ਸਰਕਾਰ ਕੀ ਐਡ ਗਲਤ ਹੈ, ਵੋ ਕਹਿਤੇ ਹੈਂ ਕਿ 'ਭਾਰਤ ਕੇ ਵਿਕਾਸ ਮੇਂ ਹੱਕ ਹੈ ਮੇਰਾ।', ਮੈਂ ਕਹਿਤਾ ਹੂੰ ਕਿ 'ਭਾਰਤ ਕੇ ਵਿਕਾਸ ਮੇਂ ਸ਼ੱਕ ਹੈ ਮੇਰਾ।" ਗੁਜਰਾਤ ਦਾ ਉਹ ਮੁੱਖ ਮੰਤਰੀ ਹੁਣ ਭਾਰਤ ਦਾ ਪ੍ਰਧਾਨ ਮੰਤਰੀ ਹੈ ਤੇ ਹਰ ਵਕਤ ਵਿਕਾਸ ਦੀਆਂ ਗੱਲਾਂ ਕਰਦਾ ਹੈ, ਪਰ ਓਦੋਂ ਮਨਮੋਹਨ ਸਿੰਘ ਸਰਕਾਰ ਨੂੰ ਜੇਬ ਵਿੱਚ ਸਮਝਣ ਵਾਲਾ ਮੁੰਡਾ ਹੁਣ ਇਹ ਕਹਿੰਦਾ ਹੈ ਕਿ 'ਵਿਕਾਸ ਪਾਗਲ ਹੋ ਗਿਆ ਲਗਤਾ ਹੈ।' ਲੋਕ ਜਦੋਂ ਇਨ੍ਹਾਂ ਦੋਵਾਂ ਦਾ ਹੁੰਗਾਰਾ ਦੇਣ ਵੇਲੇ ਮੁਸ਼ਕਲ ਮਹਿਸੂਸ ਕਰਦੇ ਹੋਣ ਤਾਂ ਓਦੋਂ ਕੀ ਕਰਨਗੇ, ਸ਼ਾਇਦ ਉਹ ਸੋਸ਼ਲ ਮੀਡੀਏ ਦਾ ਉੱਪਰ ਵਾਲਾ ਜੁਮਲਾ ਹੀ ਵਰਤਦੇ ਹੋਣਗੇ।
01 Oct 2017