ਸਮਾਜਿਕ ਵਿਸ਼ੇ ਦੀ ਰੋਚਕਤਾ ਲਈ ਵਿਭਾਗ ਦੀ ਨਿਵੇਕਲੀ ਪਹਿਲ 'ਨਕਸ਼ਾ ਸ੍ਰੰਗਹਿ' - ਚਮਨਦੀਪ ਸ਼ਰਮਾ
ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਔਖੇ ਲੱਗਣ ਵਾਲੇ ਵਿਸ਼ਿਆਂ ਉੱਪਰ ਝਾਂਤੀ ਮਾਰੀ ਜਾਵੇ ਤਾਂ ਅੰਗਰੇਜ਼ੀ, ਗਣਿਤ, ਵਿਗਿਆਨ ਤੋਂ ਇਲਾਵਾ ਸਮਾਜਿਕ ਵਿਗਿਆਨ ਵਿਸ਼ੇ ਦਾ ਖਿਆਲ ਆਉਦਾ ਹੈ।ਜਿੱਥੋਂ ਤੱਕ ਸਮਾਜਿਕ ਵਿਗਿਆਨ ਦਾ ਤਾਲੁਕ ਹੈ ਤਾਂ ਇਸਦੇ ਔਖਾ ਲੱਗਣ ਦੇ ਕਈ ਕਾਰਨ ਹੋ ਸਕਦੇ ਹਨ।ਇਸ ਵਿਸ਼ੇ ਪ੍ਰਤਿ ਬੱਚਿਆਂ ਦੀ ਰੁਚੀ ਘੱਟ ਹੋਣ ਦਾ ਇੱਕ ਪ੍ਰਮੁੱਖ ਕਾਰਨ ਭੂਗੋਲ, ਇਤਿਹਾਸ, ਨਾਗਰਿਕ ਸ਼ਾਸਤਰ, ਅਰਥ ਸ਼ਾਸਤਰ ਚਾਰ ਭਾਗਾਂ ਦਾ ਸਾਮਿਲ ਹੋਣਾ, ਸਿਲੇਬਸ ਦਾ ਬੱਚਿਆਂ ਦੇ ਪੱਧਰ ਅਨੁਸਾਰ ਨਾ ਹੋਣਾ , ਅਤੇ ਕੁੱਝ ਕੁ ਟੌਪਿਕਸ ਬਾਰੇ ਸ਼ਪੱਸਟ ਗਿਆਨ ਨਾ ਹੋਣਾ ਵੀ ਹੈ।ਅਜਿਹੀ ਸਥਿਤੀ ਵਿੱਚ ਸਿੱਖਿਆ ਵਿਭਾਗ ਦੀ ਭੂਮਿਕਾ ਬੜੀ ਹੀ ਅਹਿਮ ਹੋ ਜਾਂਦੀ ਹੈ ਕਿਸ ਤਰ੍ਹਾਂ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇ।ਪਰ ਅਧਿਆਪਕ ਵਰਗ ਦੇ ਲਈ ਬੜੀ ਹੀ ਖੁਸ਼ੀ ਦੀ ਗੱਲ ਹੈ ਕਿ ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਤਹਿਤ ਸਮਾਜਿਕ ਵਿਗਿਆਨ ਦੀ ਨੀਰਸਤਾ ਨੂ਼ੰ ਬੱਚਿਆਂ ਵਿੱਚੋਂ ਖਤਮ ਕਰਨ ਦੇ ਲਈ ਵਿਭਾਗ ਵੱਲੋਂ ਕਾਫੀ ਉਪਰਾਲੇ ਕੀਤੇ ਗਏ ਜਿਵੇਂ ਕਿ ਪ੍ਰਤੀਯੋਗੀ ਪ੍ਰੀਖਿਆਵਾਂ (ਰਾਸ਼ਟਰੀ ਮੀਨਜ-ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ, ਪੰਜਾਬ ਰਾਜ ਨਿਪੁੰਨਤਾ ਖੋਜ਼ ਪ੍ਰੀਖਿਆ) ਲਈ ਰੈਡੀਨੈੱਸ ਪੁਸਤਿਕਾ, ਗਤੀਵਿਧੀ ਅਧਾਰਿਤ ਅਧਿਆਪਕ ਮੈਨੂਅਲ (ਛੇਵੀਂ ਤੋਂ ਦਸਵੀਂ ਸ਼੍ਰੇਣੀ ਲਈ), ਨਿੱਕੀਆਂ ਪੈੜ੍ਹਾਂ, ਵੱਡੀਆਂ ਪੁਲਾਂਘਾਂ, ਸਫ਼ਲਤਾ ਵੱਲ ਵਧਦੇ ਕਦਮ, ਆਮ ਗਿਆਨ ਦੇ ਪ੍ਰਸ਼ਨ, ਸਿਲੇਬਸ ਤੇ ਅਧਾਰਿਤ ਪ੍ਰਸ਼ਨ ਉੱਤਰ, ਕਮਜ਼ੋਰ ਵਿਦਿਆਰਥੀਆਂ ਲਈ ਵੱਖਰੇ ਤੌਰ ਤੇ ਪ੍ਰਸ਼ਨ ਉੱਤਰ ਤਿਆਰ ਕਰਕੇ ਭੇਜਣਾ, ਸਿਲੇਬਸ ਘੱਟ ਕਰਨਾ, ਸੈਮੀਨਾਰ ਆਯੋਜਿਤ ਕਰਨੇ ਆਦਿ ਸ਼ਾਮਿਲ ਹਨ।ਵਿਭਾਗ ਦੇ ਇਹ ਉਪਰਾਲੇ ਬੜੇ ਹੀ ਕਾਰਗਰ ਸਿੱਧ ਹੋਏ ਹਨ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਸਮਾਜਿਕ ਵਿਗਿਆਨ ਦਾ ਵਿਸ਼ਾ ਬੱਚਿਆਂ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਬਣਾਉਣ ਦੇ ਨਾਲ ਹੀ ਦੇਸ਼ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਰੋਲ ਅਦਾ ਕਰਦਾ ਹੈ।ਇਸੇ ਕਾਰਨ ਵਿਸ਼ੇ ਦੀ ਪ੍ਰਮੁੱਖਤਾ ਨੂੰ ਸਮਝਦੇ ਹੋਏ ਵਿਦਿਆਰਥੀਆਂ ਵਿੱਚ ਇਸਦੀ ਲੋਕਪ੍ਰਿਯਤਾ ਲਈ ਹਰ ਸੰਭਵ ਯਤਨ ਕਰ ਰਿਹਾ ਹੈ।ਵਿਭਾਗ ਦਾ ਮੰਨਣਾ ਹੈ ਕਿ ਕੇਵਲ ਅਧਿਆਪਕਾਂ ਦੀ ਗਿਣਤੀ ਪੂਰੀ ਕਰ ਦੇਣ ਨਾਲ ਸਮੱਅਿਾਵਾਂ ਦਾ ਸਥਾਈ ਹੱਲ ਨਹੀਂ ਹੋ ਸਕਦਾ।ਬੱਚਿਆਂ ਅਤੇ ਅਧਿਆਪਕ ਵਰਗ ਨੂੰ ਵਿਸ਼ੇ ਸਬੰਧੀ ਆ ਰਹੀ ਕਠਿਆਈਆਂ ਦੇ ਮੁਤਾਬਿਕ ਵਿਸ਼ਾ ਸਮੱਗਰੀ ਦੇਣਾ ਵੀ ਅਤਿ ਜਰੂਰੀ ਹੈ ਤਾਂ ਜੋ ਸਿੱਖਣ ਸਿਖਾਉਣ ਦੀ ਕ੍ਰਿਆ ਨੂੰ ਪ੍ਰਭਾਵਸ਼ਾਲੀ ਬਣਾਇਆ ਜਾ ਸਕੇ।ਇਸ ਸੋਚ ਨੂੰ ਅੱਗੇ ਵਧਾਉਦੇ ਹੋਏ ਹੁਣ ਵਿਭਾਗ ਦੁਆਰਾ ਨਕਸ਼ਾ ਸ੍ਰੰਗਹਿ (2018-19) ਪ੍ਰਕਾਸ਼ਿਤ ਕਰਕੇ ਸਕੂਲਾਂ ਅੰਦਰ ਭੇਜਿਆ ਗਿਆ ਹੈ ਜਿਸ ਦੀ ਅਧਿਆਪਕਾਂ ਅਤੇ ਬੱਚਿਆਂ ਦੁਆਰਾ ਬੜੀ ਤਾਰੀਫ਼ ਕੀਤੀ ਜਾ ਰਹੀ ਹੈ ਜਿਸਨੂੰ ਕਿ ਤਜਰਬੇਕਾਰ ਅਧਿਆਪਕਾਂ ਦੁਆਰਾ ਤਿਆਰ ਕੀਤਾ ਗਿਆ ਹੈ।ਛੇਵੀਂ ਤੋਂ ਅੱਠਵੀਂ, ਨੌਵੀ, ਦਸਵੀਂ ਸ੍ਰੇ਼ਣੀ ਦੇ ਲਈ ਵੱਖ ਵੱਖ ਨਕਸ਼ਾ ਸ੍ਰੰਗਹਿ ਪ੍ਰਕਾਸ਼ਿਤ ਕੀਤੇ ਗਏ ਹਨ।
ਨਕਸ਼ਾ ਸ੍ਰੰਗਹਿ ਦੀ ਪ੍ਰਮੁੱਖ ਵਿਸ਼ੇਸਤਾ ਅਧਿਆਪਕਾਂ ਦੇ ਲਈ ਰਾਹ ਦਸੇਰਾ ਬਣਨਾ ਹੈ ਕਿਉਂ ਜੋ ਇਹਨਾਂ ਵਿੱਚ ਪਾਠ ਪੁਸਤਕ ਦੇ ਅਧਿਆਇ ਦੇ ਅਖੀਰ ਵਿੱਚ ਦਿੱਤੇ ਗਏ ਸਾਰੇ ਨਕਸ਼ਿਆਂ ਨੂੰ ਹੱਲ ਕਰਨ ਦੇ ਨਾਲ ਹੀ ਅਤਿ ਲੋੜੀਦੇ ਸਥਾਨਾਂ ਦੀ ਜਾਣਕਾਰੀ ਵੀ ਮੁਹੱਈਆਂ ਕਰਵਾਈ ਗਈ ਹੈ।ਜਿਸ ਨਾਲ ਅਧਿਆਪਕਾਂ ਦੇ ਗਿਆਨ ਭੰਡਾਰ ਵਿੱਚ ਵਾਧਾ ਹੋਣ ਉਪਰੰਤ ਬੱਚਿਆਂ ਵਿੱਚ ਇਸਦਾ ਅਸਰ ਵੇਖਣ ਨੂੰ ਮਿਲਿਆ ਹੈ।ਮੈਪ ਮਾਸਟਰ ਦੇ ਆਉਣ ਨਾਲ ਹੁਣ ਬੱਚਿਆਂ ਅੰਦਰੋਂ ਨਕਸ਼ਿਆਂ ਪ੍ਰਤਿ ਪਾਇਆ ਜਾਂਦਾ ਡਰ ਖਤਮ ਹੋ ਚੁੱਕਾ ਹੈ।ਅਧਿਆਪਕ ਅਤੇ ਵਿਦਿਆਰਥੀਆਂ ਦੇ ਸਬੰਧਾਂ ਦੀ ਮਿਠਾਸ ਨਾਲ ਹੁਣ ਸਮਾਜਿਕ ਵਿਗਿਆਨ ਦੇ ਮਾੜੇ ਆਉਦੇ ਨਤੀਜਿਆਂ ਨੂੰ ਠੱਲ ਪੈਣਾ ਯਕੀਨੀ ਹੈ।ਵਿਦਿਆਰਥੀਆਂ ਦੇ ਲਈ ਭੂਗੋਲ ਅਤੇ ਇਤਿਹਾਸ ਵਿਸ਼ਾ ਪਹਿਲਾਂ ਵਾਂਗ ਔਖਾ ਨਹੀਂ ਰਿਹਾ।ਮੈਪ ਮਾਸਟਰ ਦੇ ਰੰਗਦਾਰ ਅਤੇ ਮਜਬੂਤ ਪੇਜ਼ ਇਸਦੀ ਦਿੱਖ ਵਿੱਚ ਚਾਰ ਚੰਨ ਲਗਾਉਦੇ ਹਨ।ਅਧਿਆਪਕਾਂ ਦੀ ਜੇਬ ਨੂੰ ਰਾਹਤ ਮਿਲੀ ਹੈ ਕਿਉਂਕਿ ਉਹਨਾਂ ਨੂੰ ਮਾਰਕੀਟ ਵਿੱਚੋਂ ਮੈਪ ਮਾਸਟਰ ਖ੍ਰੀਦਣੇ ਪਿਆ ਕਰਦੇ ਸੀ।ਮਾਹਿਰ ਅਧਿਆਪਕਾਂ ਦੀ ਟੀਮ ਤੋਂ ਵਿਸ਼ੇ ਸਬੰਧੀ ਸ਼ਪੱਸਟਤਾ ਲਈ ਜਾ ਸਕਦੀ ਹੈ ਜਦਕਿ ਪ੍ਰਾਈਵੇਟ ਪਬਲਿਸ਼ਰਜ਼ ਦੁਆਰਾ ਪ੍ਰਕਾਸ਼ਿਤ ਨਕਸ਼ਾ ਸ੍ਰੰਗਹਿ ਵਿੱਚ ਕੋਈ ਇਸ ਤਰ੍ਹਾਂ ਦਾ ਤਾਲਮੇਲ ਨਹੀਂ ਹੁੰਦਾ ਸੀ।ਇਹਨਾਂ ਦੀ ਪ੍ਰਿੰਟਿੰਗ ਅਤੇ ਅੱਖਰਾਂ ਦੀ ਬਣਤਰ ਲਾਜਵਾਬ ਹੈ।ਸਿੱਖਿਆ ਵਿਭਾਗ ਦੀ ਇਸ ਨਿਵੇਕਲੀ ਕੋਸ਼ਿਸ ਦੇ ਲਈ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਹੀ ਹੇਠ ਬਣੀ ਸ੍ਰੀਮਤੀ ਹਰਪ੍ਰੀਤ ਕੌਰ (ਮੁੱਖ ਸੰਪਾਦਕ ਨਕਸ਼ਾ ਸ੍ਰੰਗਹਿ) ਸਟੇਟ ਪ੍ਰੋਜੈਕਟ ਕੋਆਰਡੀਨੇਟਰ, ਰਾਜ ਸਿੱਖਿਆ, ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਕਿਉਂ ਜੋ ਅਜਿਹਾ ਪਹਿਲੀ ਦਫਾ ਹੋਇਆ ਹੈ ਕਿ ਨਕਸ਼ਾ ਸ੍ਰੰਗਹਿ ਪ੍ਰਕਾਸ਼ਿਤ ਕੀਤੇ ਗਏ ਹੋਣ।ਇਸ ਤਰ੍ਹਾਂ ਦੇ ਉਪਰਾਲੇ ਹੋਰ ਵਿਸ਼ਿਆਂ ਦੇ ਲਈ ਵੀ ਹੋਣੇ ਚਾਹੀਦੇ ਹਨ ਤਾਂ ਜੋ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਸਕੇ।ਨਿਰਸੰਦੇਹ ਵਿਭਾਗ ਵੱਲੋਂ ਸਮਾਜਿਕ ਵਿਸ਼ੇ ਨੂੰ ਰੋਚਕ ਬਣਾਉਣ ਲਈ ਪੁਰਜ਼ੋਰ ਕੋਸ਼ਿਸ ਕੀਤੀ ਜਾ ਰਹੀ ਹੈ।ਇਸੇ ਲੀਹ ਉੱਪਰ ਚਲਦੇ ਹੋਏ ਅਧਿਆਪਕ ਵਰਗ ਵੀ ਇਹਨਾਂ ਮੈਪ ਮਾਸਟਰਜ਼ ਦੀ ਸਚੁੱਜੀ ਵਰਤੋਂ ਕਰਦੇ ਹੋਏ ਵਿਦਿਆਰਥੀਆਂ ਦੇ ਅੰਦਰ ਗਿਆਨ ਦਾ ਦੀਪ ਜਲਾਉਂਣ ਵਿੱਚ ਕਾਮਯਾਬੀ ਹਾਂਸਲ ਕਰੇਗਾ।ਇਹਨਾਂ ਨਕਸ਼ਾ ਸ੍ਰੰਗਹਿ ਦੁਆਰਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੁਆਰਾ ਪ੍ਰਤੀਯੋਗੀ ਪ੍ਰੀਖਿਆਵਾਂ , ਕੁਇਜ਼ ਮੁਕਾਬਲਿਆਂ ਵਿੱਚ ਵੱਧ ਗਿਣਤੀ ਵਿੱਚ ਸਫਲ ਹੋਣ ਦੀ ਸੰਭਾਵਨਾ ਬਣੀ ਹੈ।ਸਮੇਂ ਦੀ ਮੰਗ ਹੈ ਕਿ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਲਈ ਲਾਹੇਵੰਦ ਵਿਸ਼ਾ ਸਮੱਗਰੀ ਨਿਰੰਤਰ ਪ੍ਰਕਾਸ੍ਰਿਤ ਕਰਦਾ ਰਹੇ ਤਾਂ ਜੋ ਸਾਡੇ ਬੱਚੇ ਤਰੱਕੀਆਂ ਦਾ ਆਨੰਦ ਮਾਨਣ।
ਚਮਨਦੀਪ ਸ਼ਰਮਾ,
298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ- 95010 33005