ਪੈਰ ਸੂਲਾਂ 'ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ -ਜਤਿੰਦਰ ਪਨੂੰ
ਭਾਰਤ ਵਿੱਚ ਗੌਰੀ ਲੰਕੇਸ਼ ਵਰਗੇ ਪੱਤਰਕਾਰਾਂ ਅਤੇ ਗੋਵਿੰਦ ਪਾਂਸਰੇ, ਨਰਿੰਦਰ ਡਬੋਲਕਰ ਤੇ ਕਲਬੁਰਗੀ ਵਰਗੇ ਬੁੱਧੀਜੀਵੀਆਂ ਦੇ ਕਤਲਾਂ ਦੀ ਲੜੀ ਦੇ ਖਿਲਾਫ ਰੋਸ ਕਰਨ ਲਈ ਇਸ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਸਮਾਗਮ ਰੱਖਿਆ ਗਿਆ ਸੀ। ਮੈਂ ਜਾਣ ਦਾ ਵਾਅਦਾ ਵੀ ਕੀਤਾ ਸੀ, ਪਰ ਅਚਾਨਕ ਸਿਹਤ ਵਿਗੜ ਜਾਣ ਕਾਰਨ ਜਾ ਨਹੀਂ ਸਕਿਆ। ਜਦੋਂ ਓਥੇ ਦਿੱਲੀ ਤੱਕ ਤੋਂ ਆਏ ਹੋਏ ਬੁੱਧੀਜੀਵੀ ਇਸ ਸਮਾਗਮ ਵਿੱਚ ਜੁੜੇ ਹੋਣਗੇ, ਐਨ ਓਸੇ ਵਕਤ ਮੈਂ ਇਹ ਸਤਰਾਂ ਪਾਠਕਾਂ ਲਈ ਲਿਖਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਅਸੀਂ ਇਸ ਗਿਣਤੀ ਵਿੱਚ ਨਹੀਂ ਪੈ ਸਕਦੇ ਕਿ ਐਨੇ ਪੱਤਰਕਾਰ ਅਤੇ ਹੋਰ ਬੁੱਧੀਜੀਵੀ ਮਾਰ ਦਿੱਤੇ ਗਏ ਹਨ ਅਤੇ ਇਸ ਵਿੱਚ ਵੀ ਨਹੀਂ ਕਿ ਅਗਲਾ ਨੰਬਰ ਫਲਾਣੇ-ਫਲਾਣੇ ਵਿੱਚੋਂ ਕਿਸ ਦਾ ਲੱਗਣ ਦੀਆਂ ਗੱਲਾਂ ਸੁਣੀਆਂ ਜਾ ਰਹੀਆਂ ਹਨ। ਇਸ ਰਾਹ ਉੱਤੇ ਸਾਨੂੰ ਕਿਸੇ ਨੇ ਡੰਡੇ ਨਾਲ ਜ਼ਬਰਦਸਤੀ ਨਹੀਂ ਸੀ ਤੋਰਿਆ। ਆਪਣੀ ਸੋਚ ਦੇ ਮੁਤਾਬਕ ਆਏ ਸਾਂ, ਫਿਰ 'ਉੱਖਲੀ ਵਿੱਚ ਸਿਰ ਦੇ ਦਿੱਤਾ ਤਾਂ ਮੋਹਲਿਆਂ ਦਾ ਕੀ ਗਿਣਨਾ' ਸੋਚ ਕੇ ਚੱਲਣਾ ਚਾਹੀਦਾ ਹੈ।
ਅਸੀਂ ਇੱਕ ਇਹੋ ਜਿਹੇ ਦੌਰ ਤੋਂ ਗੁਜ਼ਰ ਰਹੇ ਹਾਂ, ਜਿਸ ਵਿੱਚ ਅਰਥਾਂ ਦੇ ਅਨਰਥ ਹੋ ਰਹੇ ਹਨ। ਭਾਰਤੀ ਰਾਜਨੀਤੀ ਉੱਤੇ ਭਾਰੂ ਹੋ ਰਹੀ ਵਿਚਾਰਧਾਰਾ ਦੇ ਇੱਕ ਲੇਖਕ ਨੇ ਕੁਝ ਮਹੀਨੇ ਪਹਿਲਾਂ ਲੇਖ ਲਿਖਿਆ ਤਾਂ ਇਹ ਗੱਲ ਸਹਿਜ ਭਾਵ ਨਾਲ ਲਿਖ ਦਿੱਤੀ ਕਿ ਨਾਥੂ ਰਾਮ ਗੌਡਸੇ ਤੋਂ ਗਲਤੀ ਹੋ ਗਈ ਕਿ ਮਹਾਤਮਾ ਗਾਂਧੀ ਨੂੰ ਨਿਸ਼ਾਨਾ ਬਣਾ ਲਿਆ, ਅਸਲ ਵਿੱਚ ਉਸ ਨੂੰ ਜਵਾਹਰ ਲਾਲ ਨਹਿਰੂ ਨੂੰ ਮਾਰਨਾ ਚਾਹੀਦਾ ਸੀ। ਓਸੇ ਲੇਖਕ ਨੇ ਇੱਕ ਵਾਰ ਇਹ ਗੱਲ ਵੀ ਲਿਖੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨਹੀਂ, ਸਰਦਾਰ ਵੱਲਭ ਭਾਈ ਪਟੇਲ ਨੂੰ ਹੋਣਾ ਚਾਹੀਦਾ ਸੀ। ਹੁਣ ਜਦੋਂ ਮਹਾਤਮਾ ਗਾਂਧੀ ਦੇ ਕਤਲ ਤੇ ਨਾਥੂ ਰਾਮ ਗੌਡਸੇ ਨੂੰ ਫਾਂਸੀ ਵਾਲੇ ਕੇਸ ਨੂੰ ਗਲਤ ਕਿਹਾ ਜਾ ਰਿਹਾ ਹੈ ਤਾਂ ਉਹੀ ਲੇਖਕ ਇਸ ਸੋਚਣੀ ਦਾ ਝੰਡਾ ਬਰਦਾਰ ਵੀ ਹੈ। ਉਸ ਨੂੰ ਇਹ ਗੱਲ ਭੁੱਲ ਜਾਂਦੀ ਹੈ ਕਿ ਮਹਾਤਮਾ ਗਾਂਧੀ ਦੇ ਦੋ ਪੁੱਤਰਾਂ ਨੇ ਗੌਡਸੇ ਅਤੇ ਉਸ ਨਾਲ ਫਾਂਸੀ ਲਾਏ ਗਏ ਨਾਰਾਇਣ ਆਪਟੇ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਲਈ ਕਿਹਾ ਸੀ, ਪਰ ਇਹ ਅਪੀਲ ਰੱਦ ਹੋ ਗਈ ਸੀ ਤੇ ਰੱਦ ਕਰਨ ਵਾਲੇ ਤਿੰਨ ਜਣਿਆਂ ਵਿੱਚ ਨਹਿਰੂ, ਪਟੇਲ ਅਤੇ ਉਸ ਵਕਤ ਭਾਰਤ ਦਾ ਗਵਰਨਰ ਜਨਰਲ ਰਾਜਾਗੋਪਾਲਾਚਾਰੀ ਸ਼ਾਮਲ ਸਨ। ਉਸ ਲੇਖਕ ਨੂੰ ਪਟੇਲ ਚੰਗਾ ਲੱਗਦਾ ਹੈ ਤੇ ਗੌਡਸੇ ਵੀ। ਇਹੋ ਜਿਹੀ ਸੋਚ ਵਾਲੇ ਲੋਕ ਜਦੋਂ ਇੱਕ ਖਾਸ ਮੁਹਿੰਮ ਦਾ ਹਿੱਸਾ ਬਣਦੇ ਤੇ ਚੁਣ-ਚੁਣ ਕੇ ਵਿਚਾਰਧਾਰਕ ਹਮਲਾਵਰੀ ਦੇ ਨਾਲ ਕਤਲ ਵਰਗੇ ਅਪਰਾਧਾਂ ਦਾ ਪੱਖ ਪੂਰਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਦੀ ਲੋੜ ਹੋਰ ਵਧ ਜਾਂਦੀ ਹੈ।
ਗਿਲਾ ਸਾਨੂੰ ਇਸ ਗੱਲ ਦਾ ਹੈ ਕਿ ਸਹੀ ਸੋਚ ਵਾਲੇ ਲੋਕਾਂ ਦੀ ਇੱਕਸੁਰਤਾ ਵਧਣ ਦੀ ਥਾਂ ਇਸ ਰਾਹੇ ਤੁਰਨ ਵਾਲੇ ਕਈ ਲੋਕ ਇਸ ਤਰ੍ਹਾਂ ਰਾਹ ਬਦਲ ਜਾਂਦੇ ਹਨ, ਜਿਵੇਂ ਕਦੇ ਇਸ ਨਾਲ ਕੋਈ ਵਾਸਤਾ ਹੀ ਨਾ ਰਿਹਾ ਹੋਵੇ। ਪਿਛਲੇ ਤੀਹਾਂ ਤੋਂ ਵੱਧ ਸਾਲਾਂ ਵਿੱਚ ਅਸੀਂ ਏਨੇ ਲੋਕਾਂ ਨੂੰ ਇਸ ਤਰ੍ਹਾਂ ਰਸਤੇ ਬਦਲਦੇ ਵੇਖਿਆ ਹੈ ਕਿ ਹੁਣ ਆਪਣੇ ਨਾਲ ਤੁਰੇ ਜਾਂਦੇ ਲੋਕਾਂ ਵੱਲ ਵੀ ਮੁੜ-ਮੁੜ ਇਸ ਸ਼ੱਕ ਨਾਲ ਅੱਖ ਉੱਠਦੀ ਹੈ ਕਿ ਇਹ ਬੰਦਾ ਸਾਡੇ ਨਾਲ ਰਹੇਗਾ ਜਾਂ ਔਖੀ ਘੜੀ ਸਾਥ ਛੱਡ ਜਾਵੇਗਾ!
ਅਸੀਂ ਮਿਸਾਲਾਂ ਗਿਣਨੀਆਂ ਸ਼ੁਰੂ ਕਰੀਏ ਤਾਂ ਸੁਸ਼ਮਾ ਸਵਰਾਜ ਤੋਂ ਤੁਰਨਾ ਪੈ ਸਕਦਾ ਹੈ। ਜਦੋਂ ਮੋਰਾਰਜੀ ਡਿਸਾਈ ਦੀ ਸਰਕਾਰ ਦੇ ਵਕਤ ਆਰ ਐੱਸ ਐੱਸ ਨਾਲ ਸੰਬੰਧ ਰੱਖਣ ਜਾਂ ਨਾ ਰੱਖਣ ਦੇ ਮੁੱਦੇ ਉੱਤੇ ਜਨਤਾ ਪਾਰਟੀ ਟੁੱਟੀ ਅਤੇ ਆਰ ਐੱਸ ਐੱਸ ਨਾਲ ਵਫਾਦਾਰੀ ਵਾਲਿਆਂ ਨੇ ਵੱਖਰੀ ਭਾਰਤੀ ਜਨਤਾ ਪਾਰਟੀ ਬਣਾਈ, ਉਸ ਦਾ ਵਿਰੋਧ ਕਰਦੇ ਲੋਕਾਂ ਦੇ ਅੱਗੇ ਲੱਗੀ ਲੀਡਰਸ਼ਿਪ ਵਿੱਚ ਸੁਸ਼ਮਾ ਸਵਰਾਜ ਵੀ ਸ਼ਾਮਲ ਸੀ। ਫਿਰ ਉਹ ਭਾਜਪਾ ਵਿੱਚ ਚਾਲੀ ਗਈ ਅਤੇ ਅੱਜ ਉਸ ਪਾਰਟੀ ਦੀ ਹਾਈ ਕਮਾਂਡ ਦਾ ਹਿੱਸਾ ਹੈ। ਬਾਬਰੀ ਮਸਜਿਦ ਢਾਹੇ ਜਾਣ ਦੇ ਵਕਤ ਕੇਂਦਰ ਦੀ ਨਰਸਿਮਹਾ ਰਾਓ ਸਰਕਾਰ ਦਾ ਇੱਕ ਮੰਤਰੀ ਸੁਰਿੰਦਰ ਸਿੰਘ ਆਹਲੂਵਾਲੀਆ ਹੁੰਦਾ ਸੀ, ਜਿਹੜਾ ਭਾਜਪਾ ਦੇ ਖਿਲਾਫ ਬੜਾ ਬੋਲਦਾ ਸੀ। ਪਟਨਾ ਸਾਹਿਬ ਵਾਲੇ ਸਿੱਖਾਂ ਦੇ ਤਖਤ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹ ਓਦੋਂ ਪ੍ਰਧਾਨ ਹੁੰਦਾ ਸੀ ਤੇ ਇਹ ਕਹਿੰਦਾ ਹੁੰਦਾ ਸੀ ਕਿ ਭਾਜਪਾ ਦੀ ਨੀਤੀ ਘੱਟ-ਗਿਣਤੀਆਂ ਲਈ ਬਹੁਤ ਮਾਰੂ ਹੈ। ਜਲੰਧਰ ਦੇ ਐੱਮ ਜੀ ਐੱਨ ਕਾਲਜ ਵਿੱਚ ਉਸ ਦੇ ਸਨਮਾਨ ਸਮਾਗਮ ਸਮੇਂ ਉਸ ਦਾ ਭਾਸ਼ਣ ਇਨ੍ਹਾਂ ਸਤਰਾਂ ਦੇ ਲੇਖਕ ਨੇ ਖੁਦ ਸੁਣਿਆ ਸੀ। ਫਿਰ ਉਹ ਭਾਜਪਾ ਵਿੱਚ ਜਾ ਰਲਿਆ। ਹੁਣ ਉਹ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਮੰਤਰੀ ਹੈ ਤੇ ਉਸ ਨੂੰ ਘੱਟ ਗਿਣਤੀਆਂ ਦਾ ਭਲਾ ਭਾਜਪਾ ਦੇ ਰਾਜ ਵਿੱਚ ਦਿਖਾਈ ਦੇਂਦਾ ਹੈ। ਏਦਾਂ ਦੇ ਕਈ ਹੋਰ ਰਾਜਸੀ ਆਗੂ ਛੜੱਪੇ ਮਾਰ ਕੇ ਓਥੇ ਜਾ ਪਹੁੰਚੇ ਹਨ। ਉੱਘਾ ਹਿੰਦੀ ਵਿਅੰਗਕਾਰ ਸੰਪਤ ਸਰਲ ਮਜ਼ਾਕ ਕਰਦਾ ਹੈ ਕਿ ਇੱਕ ਸਮਾਗਮ ਵਿੱਚ ਇੱਕ ਵਿਧਾਇਕ ਨੂੰ ਬੈਠੇ ਵੇਖ ਕੇ ਮੈਂ ਪੁੱਛ ਲਿਆ ਕਿ 'ਕੀ ਇਹ ਕਾਂਗਰਸ ਦੇ ਆਗੂ ਹਨ'! ਕੋਲ ਖੜੇ ਗੰਨਮੈਨ ਨੇ ਕਿਹਾ: 'ਜੀ ਨਹੀਂ, ਇਹ ਭਾਜਪਾ ਦੇ ਆਗੂ ਹਨ, ਕਾਂਗਰਸ ਦੇ ਇੱਕ ਘੰਟਾ ਪਹਿਲਾਂ ਸਨ।' ਉਹ ਮਜ਼ਾਕ ਨਾਲ ਕਹਿੰਦਾ ਹੈ ਕਿ ਅਗਲੀਆਂ ਪਾਰਲੀਮੈਂਟ ਚੋਣਾਂ ਵੇਲੇ ਭਾਜਪਾ ਦਾ ਚੋਣ ਨਿਸ਼ਾਨ 'ਕਮਲ ਦਾ ਫੁੱਲ' ਸ਼ਾਇਦ ਨਾ ਰਹੇ ਤੇ ਉਸ ਦੀ ਥਾਂ ਨਵਾਂ ਨਿਸ਼ਾਨ 'ਹੱਥ ਵਿੱਚ ਫੜਿਆ ਕਮਲ ਦਾ ਫੁੱਲ' ਵੇਖਣਾ ਹੀ ਪੈ ਜਾਵੇ। ਇਸ ਲਈ ਇਹੋ ਜਿਹੇ ਦਲ ਬਦਲਦੇ ਸਿਆਸੀ ਆਗੂਆਂ ਉੱਤੇ ਕੋਈ ਗਿਲਾ ਨਹੀਂ ਕੀਤਾ ਜਾ ਸਕਦਾ।
ਗਿਲਾ ਸਾਨੂੰ ਉਨ੍ਹਾਂ ਲੋਕਾਂ ਉੱਤੇ ਹੈ, ਜਿਹੜੇ ਕਿਸੇ ਸਮੇਂ ਭਾਰਤ ਵਿੱਚ ਧਰਮ ਨਿਰਪੱਖਤਾ ਦੇ ਝੰਡੇ ਬਰਦਾਰ ਹੋਇਆ ਕਰਦੇ ਸਨ। ਤੀਹ ਕੁ ਸਾਲ ਪਹਿਲਾਂ ਅਸੀਂ ਬਹੁਤੀ ਅੰਗਰੇਜ਼ੀ ਨਾ ਆਉਂਦੀ ਹੋਣ ਦੇ ਬਾਵਜੂਦ ਅੰਗਰੇਜ਼ੀ ਕਿਤਾਬ 'ਇੰਡੀਆ : ਦ ਸੀਜ਼ ਵਿਦਿਨ'' ਬੜੇ ਔਖੇ ਹੋ ਕੇ ਪੜ੍ਹੀ ਸੀ, ਕਿਉਂਕਿ ਉਹ ਕਿਤਾਬ ਕਸ਼ਮੀਰ ਵਾਦੀ ਤੋਂ ਲੈ ਕੇ ਭਾਰਤ ਦੀ ਹਰ ਨੁੱਕਰ ਵਿੱਚ ਫੈਲਦੀ ਜਾਂਦੀ ਫਿਰਕਾਪ੍ਰਸਤੀ ਅਤੇ ਵੱਖਵਾਦ ਦੀ ਰੁਚੀ ਬਾਰੇ ਬਹੁਤ ਵਧੀਆ ਢੰਗ ਨਾਲ ਸੁਚੇਤ ਕਰਦੀ ਸੀ। ਜਿਹੜੇ ਲੇਖਕ ਨੇ ਇਹ ਸ਼ਾਨਦਾਰ ਕਿਤਾਬ ਲਿਖੀ ਸੀ, ਐੱਮ ਜੇ ਅਕਬਰ ਨਾਂਅ ਦਾ ਉਹ ਸੱਜਣ ਕੁਝ ਦੇਰ ਬਾਅਦ ਕਾਂਗਰਸ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਬਣ ਗਿਆ। ਕੁਝ ਲੋਕਾਂ ਨੂੰ ਚੰਗਾ ਨਹੀਂ ਸੀ ਲੱਗਾ, ਪਰ ਕੁਝ ਲੋਕ ਇਹ ਕਹਿੰਦੇ ਸਨ ਕਿ ਭਾਜਪਾ ਦੀ ਫਿਰਕਾਪ੍ਰਸਤੀ ਦਾ ਮੁਕਾਬਲਾ ਕਰਨ ਲਈ ਏਦਾਂ ਕਰਨਾ ਉਸ ਦੀ ਮਜਬੂਰੀ ਹੋਵੇਗੀ। ਉਹ ਰਾਜਨੀਤੀ ਵਿੱਚ ਆਣ ਕੇ ਉਸੇ ਪਹਿਲੀ ਸੋਚ ਦੇ ਮੁਤਾਬਕ ਲਿਖਦਾ ਰਿਹਾ। ਪਿਛਲੀ ਵਾਰ ਜਦੋਂ ਭਾਜਪਾ ਨੂੰ ਭਾਰਤ ਉੱਤੇ ਕਾਬਜ਼ ਹੁੰਦੀ ਮਹਿਸੂਸ ਕੀਤਾ ਤਾਂ ਕਈ ਹੋਰਨਾਂ ਵਾਂਗ ਉਹ ਵੀ ਉਡਾਰੀ ਲਾ ਕੇ ਉਸੇ ਵਾੜੇ ਜਾ ਵੜਿਆ। ਅੱਜ ਉਹ ਕੇਂਦਰੀ ਰਾਜ ਮੰਤਰੀ ਹੈ। ਓਸੇ ਤੀਹ ਕੁ ਸਾਲ ਪਹਿਲਾਂ ਦੇ ਦੌਰ ਵਿੱਚ ਪੰਜਾਬ ਦਾ ਇੱਕ ਸਿੱਖ ਵਕੀਲ ਇਹ ਗੱਲ ਹਿੱਕ ਠੋਕ ਕੇ ਕਹਿੰਦਾ ਹੁੰਦਾ ਸੀ ਕਿ ਸਿੱਖਾਂ ਨੇ ਹਿੰਦੂਕਰਨ ਤੋਂ ਬਚਣਾ ਹੈ ਤਾਂ ਉਨ੍ਹਾਂ ਨੂੰ ਆਪਣੇ ਲਈ ਇੱਕ ਵੱਖਰਾ ਦੇਸ਼ ਸਿਰਜਣਾ ਪਵੇਗਾ ਤੇ ਇਸ ਦੇ ਲਈ ਕੁਰਬਾਨੀਆਂ ਦੇਣ ਤੋਂ ਝਿਜਕਣਾ ਨਹੀਂ ਚਾਹੀਦਾ। ਅੱਜਕੱਲ੍ਹ ਉਹੋ ਸਿੱਖ ਆਗੂ ਆਰ ਐੱਸ ਐੱਸ ਦੀ ਅਗਵਾਈ ਹੇਠ ਚੱਲਦੀ ਰਾਸ਼ਟਰੀ ਸਿੱਖ ਸੰਗਤ ਨਾਲ ਜਾ ਜੁੜਿਆ ਹੈ ਅਤੇ ਸਿੱਖੀ ਦੀਆਂ ਤੰਦਾਂ ਹਿੰਦੂ ਧਰਮ ਦੀ ਪ੍ਰਾਚੀਨਤਾ ਨਾਲ ਇਸ ਤਰ੍ਹਾਂ ਜੋੜ ਕੇ ਗੱਲ ਕਰਦਾ ਹੈ, ਜਿਵੇਂ ਕੋਈ ਆਰ ਐੱਸ ਐੱਸ ਦਾ ਜਮਾਂਦਰੂ ਸੋਇਮ ਸੇਵਕ ਵੀ ਨਹੀਂ ਕਰ ਸਕਦਾ ਹੋਵੇਗਾ।
ਕੁਝ ਸਾਲ ਪਹਿਲਾਂ ਜਦੋਂ ਮੈਨੂੰ ਪੂਨੇ ਜਾਣਾ ਪਿਆ ਤਾਂ ਓਥੇ ਇਹ ਗੱਲ ਸੁਣ ਕੇ ਹੈਰਾਨੀ ਹੋਈ ਸੀ ਕਿ ਗੋਵਿੰਦ ਪਾਂਸਰੇ ਅਤੇ ਨਰਿੰਦਰ ਡਬੋਲਕਰ ਦੇ ਵਿਰੋਧ ਦੀ ਮੁਹਿੰਮ ਚਲਾਉਣ ਵਾਲਿਆਂ ਵਿੱਚ ਕੁਝ ਖੱਬੇ ਪੱਖੀ ਲਹਿਰ ਦੇ ਭਗੌੜੇ ਵੀ ਹਨ ਤੇ ਉਹ ਹੋਰਨਾਂ ਤੋਂ ਵੱਧ ਤਿੱਖਾ ਬੋਲਦੇ ਹਨ। ਇਸ ਮਾਹੌਲ ਵਿੱਚ ਉਰਦੂ ਦਾ ਸ਼ੇਅਰ ਯਾਦ ਆਉਂਦਾ ਹੈ, 'ਹਮੇਂ ਅਪਨੋ ਨੇ ਮਾਰਾ, ਗੈਰੋਂ ਮੇਂ ਕਹਾਂ ਦਮ ਥਾ। ਹਮਾਰੀ ਕਿਸ਼ਤੀ ਵਹਾਂ ਡੂਬੀ, ਜਹਾਂ ਪਾਨੀ ਕਮ ਥਾ'। ਕੁਝ ਲੋਕ ਇਹ ਦੌਰ ਵੇਖ ਕੇ ਪੁੱਛਦੇ ਹਨ ਕਿ ਹੁਣ ਕੀ ਹੋਵੇਗਾ, ਕੀ ਇਸ ਹਨੇਰੀ ਅੱਗੇ ਹਰ ਕੋਈ ਝੁਕ ਜਾਵੇਗਾ? ਸਾਡੇ ਮੂੰਹੋਂ ਹਾਂ ਨਹੀਂ ਨਿਕਲਦਾ, ਸਗੋਂ ਜੈਮਲ ਪੱਡਾ ਦਾ ਗੀਤ ਯਾਦ ਆਉਂਦਾ ਹੈ: ''ਪੈਰ ਸੂਲਾਂ 'ਤੇ ਵੀ ਨੱਚਦੇ ਰਹਿਣਗੇ, ਬੁੱਤ ਬਣ ਕੇ ਪੀੜ ਨੂੰ ਜਰਨਾ ਨਹੀਂ।" ਜਿਨ੍ਹਾਂ ਨੇ ਸੋਚ ਉੱਤੇ ਪਹਿਰਾ ਦੇਣ ਲਈ ਅੰਮ੍ਰਿਤਸਰ ਵਿੱਚ ਸਮਾਗਮ ਕੀਤਾ ਤੇ ਕਰਵਾਇਆ ਹੈ, ਉਹ ਪੀੜ ਨੂੰ ਬੁੱਤ ਬਣ ਕੇ ਜਰਨ ਵਾਲੇ ਨਹੀਂ, ਸੂਲਾਂ ਉੱਤੇ ਨੱਚਣ ਦੀ ਸੋਚ ਦੇ ਝੰਡਾ ਬਰਦਾਰ ਹਨ ਤੇ ਅਸੀਂ ਜਿੱਥੇ ਵੀ ਹਾਂ, ਉਨ੍ਹਾਂ ਦੇ ਨਾਲ ਹਾਂ।
08 Oct 2017