ਕ੍ਰਿਸਮਿਸ 'ਤੇ ਵਿਸ਼ੇਸ਼
ਇੱਕ ਹੱਤਿਆਕਾਂਡ ਦੇ ਪੰਜਾਹ ਸਾਲ
ਮੂਲ ਲੇਖਕ:- ਸੁਭਾਸ਼ਿਨੀ ਸਹਿਗਲ ਅਲੀ
ਪੰਜਾਬੀ ਰੂਪ- ਗੁਰਮੀਤ ਪਲਾਹੀ
ਪੱਚੀ ਦਸੰਬਰ ਕ੍ਰਿਸਮਿਸ ਡੇ, ਖੁਸ਼ੀਆਂ ਦੇ ਦਿਨ ਦੇ ਤਿਉਹਾਰ ਵਜੋਂ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਪਰ ਪੰਜਾਹ ਸਾਲ ਪਹਿਲਾਂ 25 ਦਸੰਬਰ 1969 ਦਾ ਦਿਨ ਤਾਮਿਲਨਾਡੂ ਦੇ ਤੰਜਾਵੁਰ ਜ਼ਿਲੇ ਦੇ ਇੱਕ ਛੋਟੇ ਜਿਹੇ ਪਿੰਡ ਕੀਲਵੇਨਮਨੀ ਲਈ ਬਹੁਤ ਹੀ ਭਿਆਨਕ ਸੰਤਾਪ ਦਾ ਦਿਨ ਸੀ। ਅੱਜ ਵੀ ਉਸ ਦਿਨ ਦੀ ਯਾਦ ਲੋਕਾਂ ਦੇ ਰੌਂਗਟੇ ਖੜੇ ਕਰ ਦਿੰਦੀ ਹੈ। ਕੀਲਵੇਨਮਨੀ ਪਿੰਡ ਵਿੱਚ ਵੱਡੇ ਜਿੰਮੀਦਾਰਾਂ ਦਾ ਬੋਲਬਾਲਾ ਸੀ। ਉਹਨਾ ਦੇ ਖੇਤਾਂ ਵਿੱਚ ਅਨੁਸੂਚਿਤ ਜਾਤੀ ਦੀਆਂ ਔਰਤਾਂ ਅਤੇ ਮਰਦ ਕੰਮ ਕਰਦੇ ਸਨ। ਉਹਨਾ ਕੋਲ ਜ਼ਮੀਨ ਦਾ ਇੱਕ ਵੀ ਟੁੱਕੜਾ ਨਹੀਂ ਸੀ ਅਤੇ ਉਹਨਾ ਕਦੇ ਪੇਟ ਭਰਕੇ ਖਾਕੇ ਸੌਣ ਦਾ ਸੁੱਖ ਸੁਫਨਿਆਂ ਵਿੱਚ ਨਹੀਂ ਸੀ ਪਾਇਆ। ਇਸ ਪਿੰਡ ਦੇ ਕੁੱਝ ਗਰੀਬ ਕਮਿਊਨਿਸਟ ਪਾਰਟੀ ਦੇ ਪ੍ਰਭਾਵ ਵਿੱਚ ਆਏ ਅਤੇ ਫਿਰ ਪਿੰਡ ਦੇ ਸਾਰੇ ਗਰੀਬਾਂ ਨੇ ਪਿੰਡ ਵਿੱਚ ਇੱਕ ਲਾਲ ਝੰਡਾ ਗੱਡ ਦਿੱਤਾ। ਉਹਨਾ ਦੀ ਕੋਈ ਵੱਡੀ ਮੰਗ ਵੀ ਨਹੀਂ ਸੀ। ਦਿਨ ਭਰ ਖੇਤਾਂ ਵਿੱਚ ਮਜ਼ਦੂਰੀ ਕਰਨ ਦੇ ਬਾਅਦ ਉਹਨਾ ਨੂੰ ਚਾਰ ਮੁੱਠੀ ਚਾਵਲ ਮਿਲਦੇ ਸਨ। ਉਹਨਾ ਦੀ ਮੰਗ ਸੀ ਕਿ ਚਾਵਲ ਪੰਜ ਮੁੱਠੀ ਮਿਲਣ। ਲੇਕਿਨ ਇਹ ਵੀ ਜ਼ਿੰਮੀਦਾਰਾਂ ਨੂੰ ਮਨਜ਼ੂਰ ਨਹੀਂ ਸੀ। ਉਹਨਾ ਨੂੰ ਤਾਂ ਇਸ ਗੱਲ ਦਾ ਗੁੱਸਾ ਸੀ ਕਿ ਉਹਨਾ ਦੇ ਗੁਲਾਮਾਂ ਨੇ ਉਹਨਾ ਦੇ ਸਾਹਮਣੇ ਸਿਰ ਚੁੱਕ ਕੇ ਮੰਗ ਕਰਨ ਦੀ ਜੁਰੱਅਤ ਵੀ ਕਿਵੇਂ ਕੀਤੀ? ਉਹਨਾ ਨੇ ਮਜ਼ਦੂਰਾਂ ਨੂੰ ਕਹਿ ਦਿੱਤਾ- ਲਾਲ ਝੰਡਾ ਹਟਾ ਦਿਓ, ਵਰਨਾ ਤੁਹਾਡੀ ਖੈਰ ਨਹੀਂ। ਇਹੀ ਨਹੀਂ, ਦੋ ਪੇਂਡੂਆਂ ਨੂੰ ਉਹਨਾ ਗਾਇਬ ਵੀ ਕਰ ਦਿੱਤਾ। ਉਹਨਾ ਦੀਆਂ ਲਾਸ਼ਾਂ ਕਈ ਦਿਨਾਂ ਬਾਅਦ ਮਿਲੀਆਂ।
ਲੇਕਿਨ ਪਿੰਡ ਵਾਲਿਆਂ ਨੇ ਆਪਣੇ ਝੰਡੇ ਨੂੰ ਛੱਡਣ ਤੋਂ ਨਾਂਹ ਕਰ ਦਿੱਤੀ। ਇਸ ਦੇ ਬਾਅਦ ਉਹਨਾ ਉਤੇ ਹਮਲਾ ਹੋਇਆ। ਜਿੰਮੀਦਾਰਾਂ ਦੇ ਲਠੈਤਾਂ ਨਾਲ ਪੁਲਸ ਵੀ ਆਈ। ਜਿੰਮੀਦਾਰਾਂ ਨੇ ਖੁਦ ਵੀ ਜਬਰਦਸਤ ਭੂਮਿਕਾ ਨਿਭਾਈ। ਜਿਥੇ ਵੀ ਕੋਈ ਮਿਲਿਆ, ਉਸਨੂੰ ਮਾਰ-ਮਾਰ ਕੇ ਅਧਮਰਿਆ ਕਰ ਦਿੱਤਾ। ਕਈ ਤਾਂ ਦੌੜਕੇ ਖੇਤਾਂ ਵਿੱਚ ਲੁਕ ਗਏ। 42 ਮਜ਼ਦੂਰਾਂ ਨੇ ਇੱਕ ਝੌਂਪੜੀ ਵਿੱਚ ਸ਼ਰਨ ਲਈ, ਉਹਨੂੰ ਅੰਦਰੋਂ ਬੰਦ ਕਰ ਲਿਆ। ਉਹਨਾ ਵਿਚੋਂ ਇੱਕ ਦੇ ਕੋਲ ਇੱਕ ਛੋਟਾ ਬੱਚਾ ਵੀ ਸੀ। ਉਹਨਾ ਵਿਚੋਂ ਕਿੰਨੇ ਮਰਦ ਸਨ ਤੇ ਕਿੰਨੀਆਂ ਔਰਤਾਂ ਇਹ ਅੱਜ ਤੱਕ ਵੀ ਪਤਾ ਨਹੀਂ ਲੱਗ ਸਕਿਆ। 42 ਦੇ 42 ਜਿੰਦਾ ਜਾਲ ਦਿੱਤੇ ਗਏ ਸਨ। ਉਹਨਾ ਦੀ ਸਰੀਰਕ ਸਥਿਤੀ ਦਾ ਬਿਆਨ ਪੋਸਟ ਮਾਰਟਮ ਰਿਪੋਰਟ ਕਰਦੀ ਹੈ। ਉਹਨਾ ਵਿਚੋਂ ਇੱਕ ਵੀ ਪੰਜ ਫੁੱਟ ਤੋਂ ਲੰਬਾ ਨਹੀਂ ਸੀ। ਇੱਕ ਲਾਸ਼ ਤਾਂ ਤਿੰਨ ਫੁੱਟ ਦੀ ਸੀ। ਕੁਪੋਸ਼ਨ ਦਾ ਅਸਰ ਵੀ ਇਹ ਜਲੀਆਂ ਹੋਈਆਂ ਲਾਸ਼ਾਂ ਬਿਆਨ ਕਰ ਰਹੀਆਂ ਸਨ। ਅਨੁਸੂਚਿਤ ਜਾਤਾਂ ਦੇ ਇਹ 42 ਮਜ਼ਦੂਰ ਅਤੇ ਇੱਕ ਛੋਟਾ ਬੱਚਾ ਲੂਹ ਕੇ ਮਾਰ ਦਿੱਤਾ ਗਿਆ, ਲੇਕਿਨ ਇੱਕ ਵੀ ਜਿੰਮੀਦਾਰ ਨੂੰ ਸਜ਼ਾ ਨਹੀਂ ਹੋਈ।
ਅਦਾਲਤ ਵਿੱਚ ਮਜਿਸਟ੍ਰੇਟ ਨੇ ਕਿਹਾ ਕਿ ਜਿੰਮੀਦਾਰਾਂ ਨੇ ਝੌਂਪੜੀਆਂ ਨੂੰ ਅੱਗ ਲਗਾਈ ਸੀ, ਲੇਕਿਨ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਸੁਣਾਈ ਗਈ। ਕੁਝ ਹੀ ਸਮੇਂ ਵਿੱਚ ਜਿੰਮੀਦਾਰ ਜਮਾਨਤ ਉਤੇ ਛੁਟਕੇ ਬਾਹਰ ਆ ਗਏ ਅਤੇ ਉੱਚ ਅਦਾਲਤ ਚਲੇ ਗਏ।
ਉਚ ਅਦਾਲਤ ਦਾ ਫੈਸਲਾ ਤਾਂ ਹੋਰ ਵੀ ਹੈਰਾਨੀਜਨਕ ਸੀ। ਮੁਲਾਜਮਾਂ ਦੇ ਧਨ ਦੌਲਤ ਅਤੇ ਸਮਾਜਿਕ ਉੱਚਤਾ ਦੇ ਵਖਿਆਨ ਤੋਂ ਬਾਅਦ ਇਹ ਕਿਹਾ ਗਿਆ ਕਿ ਹਾਲਾਂਕਿ ਇਹ ਬਹੁਤ ਹੀ ਦੁਖਾਦਾਇਕ ਹੈ ਕਿ 42 ਲੋਕ ਇੱਕ ਝੌਪੜੀ 'ਚ ਜਲਕੇ ਮਰ ਗਏ, ਪਰ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਉਹਨਾ ਦੀ ਜਾਨ ਲੈਣ ਲਈ ਕਿਸੇ ਨੇ ਝੌਪੜੀ ਨੂੰ ਅੱਗ ਲਗਾਈ ਸੀ। ਸਾਰੇ ਮੁਲਜਮਾਂ ਨੂੰ ਬਰੀ ਕਰ ਦਿੱਤਾ ਗਿਆ।
ਲੇਕਿਨ ਐਸ ਸੀ/ ਐਸ ਟੀ ਅਤਿਆਚਾਰ ਵਿਰੋਧੀ ਕਾਨੂੰਨ ਬਹੁਤ ਸਖਤ ਹੈ। ਉਸਨੂੰ ਨਿਰਾਰਥਕ ਬਨਾਉਣ ਦੀ ਸੁਪਰੀਮ ਕੋਰਟ ਵਲੋਂ ਕੀਤੀ ਗਈ ਕੋਸ਼ਿਸ਼, ਉਸਦੇ ਵਿਰੁੱਧ ਚਾਰ ਅਪ੍ਰੈਲ ਦਾ ਭਾਰਤ ਬੰਦ, ਅਤੇ ਫਿਰ ਸਰਕਾਰ ਵਲੋਂ ਇਸਦੀ ਬਹਾਲੀ- ਇਸ ਸਭ ਕੁਝ ਨੂੰ ਲੈ ਕੇ ਹੰਗਾਮਾ ਹੋਇਆ। ਚੋਣ ਮੁਹਿੰਮ ਦੌਰਾਨ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਇਹ ਚੌਣਾਵੀ ਮੁੱਦਾ ਵੀ ਬਣਿਆ। ਕਿਸੇ ਨੇ ਵੀ ਇਹ ਨਹੀਂ ਪੁੱਛਿਆ ਕਿ ਬੰਦ ਵਿੱਚ ਸ਼ਾਮਲ ਲੋਕ ਅੱਜ ਤੱਕ ਕਿਉਂ ਬੰਦ ਹਨ? ਉਹਨਾ ਉਤੇ ਇੰਨੇ ਸੰਗੀਨ ਦੋਸ਼ ਕਿਉਂ ਲਗਾਏ ਗਏ ਹਨ? ਅਤੇ ਬੰਦ ਦੇ ਦਿਨ, ਵਿਖਾਵਾਕਾਰੀਆਂ ਉਤੇ ਗੋਲੀ ਚਲਾਉਣ ਵਾਲੇ ਅੱਜ ਤੱਕ ਅਜ਼ਾਦ ਕਿਉਂ ਘੁੰਮ ਰਹੇ ਹਨ? ਕੀਲਵੇਨਮਨੀ ਦੇ ਭਿਆਨਕ ਹੱਤਿਆ ਕਾਂਡ ਨੂੰ 50 ਸਾਲ ਹੋ ਗਏ ਹਨ। ਅਸੀਂ ਅਤੇ ਸਾਡਾ ਸਮਾਜ ਇਹਨਾ 50 ਸਾਲਾਂ ਵਿੱਚ ਕਿੰਨਾ ਬਦਲਿਆ ਹੈ? ਇੱਕ ਹਫਤਾ ਪਹਿਲਾਂ ਹੀ, ਉਤਰਪ੍ਰਦੇਸ਼ ਦੇ ਏਟਾ ਵਿੱਚ ਅਨੁਸੂਚਿਤ ਜਾਤੀ ਦੇ ਇੱਕ ਵਿਆਹਦੜ ਨੂੰ ਘੋੜੀ ਤੋਂ ਹੇਠ ਉਤਾਰਕੇ ਕੁਟਿਆ ਗਿਆ। ਫਿਰ ਉਸਨੂੰ ਪੈਦਲ ਹੀ ਬਰਾਤ ਨਾਲ ਜਾਣ ਦੀ ਆਗਿਆ ਦਿੱਤੀ।
ਕੀਲਵੇਨਮਨੀ ਤੋਂ ਏਟਾ ਤੱਕ, 1968 ਤੋਂ 2018 ਤੱਕ ਬਹੁਤ ਕੁਝ ਨਹੀਂ ਬਦਲਿਆ।
ਗੁਰਮੀਤ ਪਲਾਹੀ
9815802070
24 Dec. 2018