ਚੁੰਝਾਂ-ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
24 Dec. 2018
ਸੱਜਣ ਕੁਮਾਰ ਦੀ ਸਜ਼ਾ ਦਾ ਸਿਆਸੀਕਰਣ ਨਾ ਕੀਤਾ ਜਾਵੇ-ਕਾਂਗਰਸ ਆਗੂ ਸਿੰਘਵੀ
ਕਿਉਂ ਦੁੱਖ ਲਗਦੈ ਹੁਣ?
ਡੇਰਾ ਪ੍ਰੇਮੀਆਂ ਖ਼ਿਲਾਫ਼ ਦੋਸ਼ ਪੱਤਰ ਦਾਇਰ ਕਰਨ ਲਈ ਗ੍ਰਹਿ ਵਿਭਾਗ ਮੰਨਜ਼ੂਰੀ ਨਹੀਂ ਦੇ ਰਿਹਾ- ਇਕ ਖ਼ਬਰ
ਯਾਰ ਦੀ ਕਸਮ ਨਾ ਖਾਵਾਂ, ਪੁੱਤ ਵਾਲਾ ਨੇਮ ਚੁੱਕ ਲਾਂ।
ਰਾਫੇਲ ਸੌਦੇ ਬਾਰੇ ਧਮੱਚੜ, ਸੱਜਣ ਕੁਮਾਰ ਵੇਲੇ ਕਾਂਗਰਸੀ ਨੇਤਾ ਕੁਮਾਰੀ ਸ਼ੈਲਜਾ ਭੱਜੀ- ਇਕ ਖ਼ਬਰ
ਮਿੱਠੇ ਮਿੱਠੇ ਗੜੁੱਪ, ਕੌੜੇ ਕੌੜੇ ਥੂਹ।
ਬਾਦਲਾਂ ਵਿਰੁੱਧ ਵੱਡੀ ਲਹਿਰ ਖੜ੍ਹੀ ਕਰਨ 'ਚ ਨਾਕਾਮ ਰਹੇ ਟਕਸਾਲੀ ਆਗੂ- ਇਕ ਖ਼ਬਰ
ਜੇ ਮਾਏਂ ਕੁਝ ਦਿਸਦਾ ਹੋਵੇ, ਕਰਾਂ ਅੰਦੇਸਾ ਥੋੜ੍ਹਾ ।
ਚੋਣਾਂ 'ਚ ਕੈਪਟਨ ਨਾਲ਼ ਪੇਚਾ ਪਾਉਣਗੀਆਂ ਮੁਲਾਜ਼ਮ ਜਥੇਬੰਦੀਆਂ- ਇਕ ਖ਼ਬਰ
ਬੰਤੋ ਦਿਆਂ ਯਾਰਾ ਨੇ, ਬੋਤਾ ਪਾ ਲਿਆ ਸ਼ਰੀਂਹ ਵਾਲੀ ਸੜਕੇ।
ਚੀਨ ਨੂੰ ਕੋਈ 'ਚਿਤਾਵਨੀ' ਨਹੀਂ ਦੇ ਸਕਦਾ- ਜਿਨਪਿੰਗ
ਨੀਂ ਛੜੇ ਅੱਜ ਭਜਨ ਕੁਰੇ, ਹੋ ਕੇ ਸ਼ਰਾਬੀ ਬੁੱਕਦੇ।
ਰਾਜਨਾਥ ਤੇ ਗਡਕਰੀ ਵਲੋਂ ਰਾਮ ਮੰਦਰ ਦੇ ਮੁੱਦੇ 'ਤੇ ਸੰਜਮ ਰੱਖਣ ਦਾ ਸੱਦਾ- ਇਕ ਖ਼ਬਰ
ਇਹ ਵਿਚਾਰੇ ਸਹੀ ਕਹਿ ਰਹੇ ਐ ਭਾਈ, ਸੋਨੇ ਦੇ ਆਂਡੇ ਦੇਣ ਵਾਲ਼ੀ ਮੁਰਗ਼ੀ ਨਾ ਮਾਰੋ, ਮੂਰਖੋ!
ਚੋਣਾਂ 'ਚ ਹਾਰ ਦਾ ਅਸਰ, ਜੀ.ਐੱਸ.ਟੀ. ਦੀਆਂ ਦਰਾਂ ਘਟਾਈਆਂ ਜਾਣਗੀਆਂ- ਇਕ ਖ਼ਬਰ
ਹੁਣ ਗਈ ਵਸਤ ਨੂੰ ਝੂਰਦਾ, ਜਿਉਂ ਪੈਰਾਂ ਨੂੰ ਝੂਰੇ ਮੋਰ।
ਭਾਜਪਾ ਦੇ ਕੁਝ ਬੰਦਿਆਂ ਨੂੰ ਘੱਟ ਬੋਲਣਾ ਚਾਹੀਦਾ ਹੈ- ਗਡਕਰੀ
ਅੱਤ ਨਾ ਬਹੁਤਾ ਬੋਲਣਾ ਅੱਤ ਨਾ ਬਹੁਤੀ ਚੁੱਪ, ਅੱਤ ਨਾ ਬਹੁਤਾ ਮੇਘਲਾ ਅੱਤ ਨਾ ਬਹੁਤੀ ਧੁੱਪ।
ਸਿੱਖ ਕਤਲੇਆਮ 'ਚ ਨਿਆਇਕ ਪ੍ਰਕ੍ਰਿਆ ਪ੍ਰਭਾਵਿਤ ਕੀਤੀ ਗਈ- ਅਮਿਤ ਸ਼ਾਹ
ਬਿਲਕੁਲ ਠੀਕ, ਪਰ ਗੁਜਰਾਤ ਕਤਲੇਆਮ 'ਚ ਤਾਂ ਵਿਚਾਰੇ ਜੱਜ ਹੀ ਗੁੰਮ ਗਏ।
ਮੁਤਵਾਜ਼ੀ ਜਥੇਦਾਰਾਂ ਵਿਚਾਲੇ ਸੁਲ੍ਹਾ-ਸਫ਼ਾਈ ਦੇ ਯਤਨ- ਇਕ ਖ਼ਬਰ
ਉੱਠ ਖੜ੍ਹ ਨੀਂ ਬੱਲੀਏ, ਨਬਜ਼ਾਂ ਦੇਖਣ ਪਿਆਰੇ।
ਬਰਗਾੜੀ ਮੋਰਚਾ: ਮੰਡ ਨੇ ਆਪਹੁਦਰੀ ਕੀਤੀ- ਹਵਾਰਾ
ਡਿਕਟੇਟਰ ਹੋਰ ਕੀ ਕਰਦੇ ਹੁੰਦੇ ਐ ਬਈ?
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਨੂੰ ਫੰਡਾਂ ਦਾ ਸੋਕਾ- ਇਕ ਖ਼ਬਰ
ਫੰਡ ਤਾਂ ਉੱਥੇ ਗੁਰੂ ਡੰਮ ਨੂੰ ਫੈਲਾਉਣ ਲਈ ਦਿੱਤੇ ਜਾ ਰਹੇ ਐ।
ਸ਼ਹੀਦੀ ਸਭਾ ਵੇਲੇ ਮਾਨ ਦਲ ਰਾਜਨੀਤਕ ਕਾਨਫਰੰਸ ਕਰਨ ਲਈ ਬਜ਼ਿਦ- ਇਕ ਖ਼ਬਰ
ਕਰ ਲੈਣ ਦਿਉ, ਫੇਰ ਕਿਹੜਾ ਕੱਦੂ 'ਚ ਤੀਰ ਮਾਰ ਲੈਣਾ।