ਬੀਬੀ ਸੁਭਾਗੀ
ਮੀਰ ਮੰਨੂੰ ਨੂੰ ਕੌਣ ਭੁਲਾ ਸਕਦਾ ਹੈ? ਕਹਿਰ ਵਰਤਾਉਂਦਾ ਵਾ ਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜੱਥੇ ਬਣਾ ਕੇ ਜੰਗਲਾਂ ਵੱਲ ਨਿਕਲ ਗਏ, ਉਹ ਤਾਂ ਬਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ 'ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲ੍ਹਾਂ ਵਿਚ ਡਕ ਦਿੱਤਾ ਗਿਆ।
ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ 'ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ। ਉਨ੍ਹਾਂ ਦੇ ਪਤੀਆਂ ਨੂੰ ਵੱਢ ਦਿੱਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲ੍ਹਾਂ ਵਿਚ ਮੁਗ਼ਲ ਉਨ੍ਹਾਂ ਨੂੰ ਪੁੱਛਦੇ, ''ਹੁਣ ਬੋਲੋ ਕਿੱਥੇ ਐ ਤੁਹਾਡਾ ਖ਼ਾਲਸਾ? ਕੌਣ ਤੁਹਾਨੂੰ ਬਚਾਏਗਾ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।''
ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲ੍ਹਾਂ ਵਿਚ ਡੱਕੀਆਂ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨ੍ਹੇਰੇ ਵਿਚ ਮੁਗ਼ਲਾਂ ਦੀ ਜੇਲ ਵਿਚ ਕੈਦ! ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇਕ ਵਾਰ ਵੀ ਕਿਸੇ ਦਾ ਮਨ ਨਹੀਂ ਡੋਲਿਆ। ਸਿਰਫ਼ 'ਧੰਨ ਵਾਹਿਗੁਰੂ, ਤੇਰਾ ਹੀ ਆਸਰਾ' ਉਚਾਰਦੀਆਂ ਰਹੀਆਂ।
ਮੀਰ ਮੰਨੂ ਇਹ ਸਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿਚ। ਉਸਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਸਿਰਫ਼ ਇਕ ਵੀ ਡੋਲ ਗਈ ਤਾਂ ਸਭ ਯਰਕ ਜਾਣਗੀਆਂ ਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ। ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿਚ ਤੋਰ ਸਕਣ ਤੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰੱਖਦੀਆਂ ਹਨ।
ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀਆਂ ਪੱਥਰ ਦੀਆਂ ਚੱਕੀਆਂ ਰੱਖਵਾ ਦਿੱਤੀਆਂ ਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿੱਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ।
ਬੀਬੀ ਸੁਭਾਗੀ ਨੇ ਆਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾ ਮੱਥੇ ਉੱਤੇ ਰਤਾ ਵੀ ਸ਼ਿਕਨ ਵਿਖਾਇਆਂ 'ਤੇਰਾ ਕੀਆ ਮੀਠਾ ਲਾਗੈ'ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। 'ਵਾਹਿਗੁਰੂ', 'ਵਾਹਿਗੁਰੂ', 'ਧੰਨ ਸਤਿਗੁਰ ਤੇਰਾ ਹੀ ਆਸਰਾ' ਨਾਲ ਜੇਲਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫੱਟਣ ਲੱਗ ਪਏ।
ਸ਼ਿਕਾਇਤ ਫੇਰ ਮੀਰ ਮੰਨੂ ਕੋਲ ਪਹੁੰਚੀ। ਦੱਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇਕ ਸਿੱਖ ਔਰਤ ਨੂੰ ਆਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ?
ਉਸਨੇ ਜ਼ੁਲਮ ਦਾ ਅਤਿ ਕਰਨ ਦੀ ਸੋਚੀ। ਮਨ ਵਿਚ ਡਰ ਸੀ ਕਿ ਇਹ ਔਰਤਾਂ ਅੱਗੋਂ ਆਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸਨੇ ਅਨਾਜ ਦੀ ਮਾਤਰਾ ਵਧਾ ਦਿੱਤੀ ਤੇ ਸਾਰੇ ਦਿਨ ਵਿਚ ਸਿਰਫ਼ ਇਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿੱਤਾ ਜਾਂਦਾ। ਬਥੇਰੀਆਂ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ।
ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿਚ ਅਥਾਹ ਵਿਸ਼ਵਾਸ਼ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿੱਤੀ।
ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ।
ਅਗਲੇ ਦਿਨ ਉਸਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲੋਂ ਉਸਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲੋਂ ਪੁੱਛਿਆ ਗਿਆ, ''ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ। ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿੱਤਾ ਜਾਵੇਗਾ!'' ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ''ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ। ਆਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੂੰ ਤਿਆਰ ਹਾਂ। ਪਰ, ਕਿਸੇ ਵੀ ਹਾਲ ਵਿਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।''
ਏਨਾ ਸੁਣਦੇ ਸਾਰ ਇਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿੱਤਾ। ਬੀਬ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿੱਤਾ ਗਿਆ ਤੇ ਫੇਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿੱਤਾ ਗਿਆ। ਲਹੂ ਦੀਆ ਧਤੀਰੀਆਂ ਵਹਿ ਤੁਰੀਆਂ।
ਕਿਸੇ ਵੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਮਾਅਣਿਆਂ ਵਿਚ ਗੁਰੂ ਸਾਹਿਬ ਦੀ ਸਿੱਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ 'ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ' ਉਚਾਰਨ ਸ਼ੁਰੂ ਕਰ ਦਿੱਤਾ ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿਚ ਤੁੰਨਿਆ ਜਾਵੇ ਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿਚ ਪਾ ਦਿੱਤਾ ਜਾਵੇ।
ਧੰਨ ਗੁਰੂ ਨਾਨਕ ਵੱਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤੱਕ ਕੋਈ ਹੋਰ ਸਾਨੀ ਨਹੀਂ।
ਇਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ! ਦੁਨੀਆਂ ਵਾਸਤੇ ਇਕ ਅਜਿਹੀ ਦਿਲ ਟੁੰਬਵੀਂ ਘਟਨਾ ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ ਆਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨਵਾ ਲਏ। ਉਸ ਬੇਰਹਿਮ ਮੰਨੂ ਵੱਲੋਂ ਇੱਕੋ ਦਿਨ 300 ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇੱਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛੱਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ!
ਇਨ੍ਹਾਂ ਵਿੱਚੋਂ ਇਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ। ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿਚ ਆਪਣਾ ਧਰਮ ਛੱਡਣ ਤੋਂ ਨਾ ਕਰ ਦਿੱਤੀ।
ਅਖ਼ੀਰ ਇਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤਕ ਲੱਛੀ ਦਾ ਆਪਣੇ ਧਰਮ ਉੱਤੇ ਵਿਸ਼ਵਾਸ਼ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿੱਤਾ ਗਿਆ। ਫੇਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤਕ ਮਾਸ ਚੀਰ ਦਿੱਤਾ ਗਿਆ। ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ 'ਮਾਂ' 'ਮਾਂ' ਚੀਕਦਾ, ਹਾੜ੍ਹੇ ਕੱਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਹੀਂ ਆਇਆ। ਫੇਰ ਬੱਚੇ ਦੇ ਟੋਟੇ ਟੋਟੇ ਕਰ ਕੇ, ਤੜਫਾ ਤੜਫਾ ਕੇ ਸ਼ਹੀਦ ਕਰ ਦਿੱਤਾ ਗਿਆ।
ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ''ਗੁਰੂ ਜੀ, ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।''
ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਹੀਂ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿੱਤਾ। ਫੇਰ ਚਾਬੁਕ ਮਾਰ ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ। ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫੇਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜ੍ਹੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿਚ ਵੀ ਉਸਨੇ ਨਾ ਵਿਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਤੇ ਅਖ਼ੀਰ ਅਰਦਾਸ ਕੀਤੀ, ''ਸੱਚੇ ਪਾਤਸ਼ਾਹ ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ। ਆਪ ਜੀ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਣ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮੁਆਫ਼ ਕਰਨਾ।''
ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀਂ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿਚ ਰਾਜ ਕਰਨ ਵਾਲੀ ਹੈ।
ਬਾਕੀ ਸੈਨਿਕ ਹੋਰ ਵੀ ਚਿੜ੍ਹ ਗਏ ਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿੱਤੇ ਤੇ ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿੱਤੀਆਂ। ਆਖ਼ਰੀ ਸਾਹ ਤਿਆਗਣ ਤੱਕ ਕਿਸੇ ਇਕ ਨੇ ਵੀ ਲੱਛੀ ਦੀ ਚੀਕ ਨਹੀਂ ਸੁਣੀ। ਸਿਰਫ਼ 'ਵਾਹਿਗੁਰੂ' ਦਾ ਉਚਾਰਣ ਹੀ ਸੁਣਿਆ।
ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਵਾਉਂਦੇ ਰਹਿਣ ਲਈ ਸੰਨ 1760 ਵਿਚ ਹਰ ਰੋਜ਼ ਕਰਨ ਵਾਲੀ ਅਰਦਾਸ ਵਿਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਆਪਣੇ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।
ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿਚ ਹੀ ਦਫ਼ਨ ਹੋ ਚੁੱਕੇ ਹਨ। ਪਰ, ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ।
ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕੀਤਾ-ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।
ਬੀਬੀ ਲੱਛੀ ਤੇ ਬੀਬੀ ਸੁਭਾਗੀ ਵਾਸਤੇ ਤਾਂ ਦਿਲੋਂ ਹੂਕ ਉੱਠਦੀ ਹੈ ਤੇ ਇਹੀ ਸ਼ਬਦ ਉਚਾਰਨ ਕੀਤਾ ਜਾ ਸਕਦਾ ਹੈ, ''ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।''
26 Dec. 2018