ਸਿਆਸਤ ਨਹੀਂ, ਮਿਸ਼ਨ ਸਵਾਰਥ ਦਾ - ਸ਼ਾਮ ਸਿੰਘ ਅੰਗ ਸੰਗ
ਸਿਆਸਤ ਕਦੇ ਮਿਸ਼ਨ ਹੁੰਦੀ ਸੀ, ਜਿਸ ਦਾ ਮਕਸਦ ਸੂਬੇ ਜਾਂ ਦੇਸ਼ ਨੂੰ ਖ਼ੁਸ਼ਹਾਲ ਬਣਾਉਣਾ ਹੁੰਦਾ ਸੀ ਜਾਂ ਫੇਰ ਬਿਹਤਰ। ਸਿਆਸਤਦਾਨ ਸੇਵਾ ਵਾਸਤੇ ਨਿਕਲਦੇ ਸਨ, ਤਾਂ ਜੁ ਦੇਸ਼ ਵਾਸੀਆਂ ਨੂੰ ਰਾਹਤ ਪਹੁੰਚਾਈ ਜਾ ਸਕੇ।
ਦੇਸ਼ ਲੰਮੀ ਗ਼ੁਲਾਮੀ ਝੱਲਣ ਤੋਂ ਬਾਅਦ ਮਸਾਂ-ਮਸਾਂ ਆਜ਼ਾਦ ਹੋਇਆ ਸੀ, ਜਿਸ ਕਾਰਨ ਹਰ ਛੋਟਾ-ਵੱਡਾ ਨੇਤਾ ਸਮਾਜ ਦਾ ਮੂੰਹ-ਮੱਥਾ ਸੰਵਾਰਨ ਅਤੇ ਨਿਖਾਰਨ 'ਤੇ ਲੱਗਾ ਹੋਇਆ ਸੀ, ਤਾਂ ਜੁ ਵਿਕਾਸ ਦੀ ਗੱਲ ਹੋ ਸਕੇ।
ਹਰ ਨੇਤਾ ਫ਼ਿਰਕਾਪ੍ਰਸਤੀ ਦੇ ਵਿਰੁੱਧ ਬੋਲਦਾ ਸੀ ਅਤੇ ਜਾਤ-ਪਾਤ ਤੋਂ ਮੁਕਤ ਹੋਣ ਦੀਆਂ ਗੱਲਾਂ ਕਰਦਾ ਸੀ, ਜਿਸ ਤੋਂ ਜਾਪਦਾ ਸੀ ਕਿ ਅਸਮਾਨਤਾ ਖ਼ਤਮ ਹੋਈ ਕਿ ਹੋਈ ਅਤੇ ਬਰਾਬਰੀ ਆਈ ਕਿ ਆਈ।
ਸਕੂਲਾਂ, ਕਾਲਜਾਂ ਅਤੇ ਵਿਸ਼ਵਵਿਦਿਆਲਿਆਂ ਵਿੱਚ ਭਾਸ਼ਣ ਹੁੰਦੇ। ਪੱਖਪਾਤ ਦੀਆਂ ਕੁਰੀਤੀਆਂ ਨੂੰ ਭੰਡਿਆ ਜਾਂਦਾ ਅਤੇ ਪੂਰੇ ਜ਼ੋਰਦਾਰ ਢੰਗ ਨਾਲ ਨਿਰਪੱਖਤਾ ਦੀ ਭਰਵੀਂ ਹਮਾਇਤ ਕੀਤੀ ਜਾਂਦੀ।
ਸਿਆਸਤ ਦਾ ਰੂਪ ਸੱਚਾ ਸੀ, ਜੋ ਨਿਰਮਲਤਾ ਦੇ ਰਾਹ ਤੁਰਦੀ। ਉਹ ਸਿਖ਼ਰਾਂ ਫੜਨ ਦਾ ਜਤਨ ਕਰਦੀ, ਜਿਨ੍ਹਾਂ ਨਾਲ ਮਨੁੱਖਤਾ ਵਿੱਚ ਭਾਈਚਾਰੇ ਦੀਆਂ ਤੰਦਾਂ ਮਜ਼ਬੂਤ ਹੁੰਦੀਆਂ ਅਤੇ ਮੁਹੱਬਤ ਪੈਦਾ ਹੁੰਦੀ।
ਸਮਾਂ ਬਦਲਦਾ ਗਿਆ। ਜਿਹੜੇ ਨੇਤਾ ਰਾਜ-ਗੱਦੀਆਂ ਉੱਤੇ ਬੈਠਣ ਦੇ ਆਦੀ ਹੋ ਗਏ, ਉਹ ਸਦਾ-ਸਦਾ ਲਈ ਸਜੇ ਰਹਿਣਾ ਚਾਹੁੰਦੇ ਸਨ, ਪਰ ਛੱਡਣ ਲਈ ਤਿਆਰ ਨਾ ਹੁੰਦੇ। ਏਦਾਂ ਦਾ ਵਰਤਾਰਾ ਹੋਣ ਨਾਲ ਨਿਘਾਰ ਸ਼ੁਰੂ ਹੋ ਗਿਆ।
ਲੰਮਾ ਸਮਾਂ ਰਾਜ-ਭਾਗ ਵਿੱਚ ਰਹਿਣ ਵਾਲੇ ਚੁਸਤ-ਚਲਾਕ ਹੋ ਗਏ। ਮਿਸ਼ਨ ਦਾ ਰਾਹ ਛੱਡ ਕੇ ਭਾਈ-ਭਤੀਜਾਵਾਦ ਦੇ ਰਾਹ ਪੈ ਗਏ। ਇਸ ਤਰ੍ਹਾਂ ਭ੍ਰਿਸ਼ਟਾਚਾਰ ਦੇ ਰਾਹ ਖੁੱਲ੍ਹ ਗਏ, ਜੋ ਮੁੜ ਬੰਦ ਕਰਨੇ ਸੌਖੇ ਨਾ ਰਹੇ।
ਲੋਕਤੰਤਰ ਦਾ ਚੌਥਾ ਥੰਮ੍ਹ ਕਹੀ ਜਾਂਦੀ ਪ੍ਰੈੱਸ ਨੇ ਵੀ ਸਿਆਸਤਦਾਨਾਂ ਨਾਲ ਨੇੜਲੀ ਸਾਂਝ ਪਾ ਲਈ, ਜਿਸ ਕਾਰਨ ਕੁਝ ਘਪਲੇ ਦਬਾਏ ਜਾਣ ਲੱਗ ਪਏ ਅਤੇ ਕੁਝ ਲੋੜ ਤੋਂ ਵੱਧ ਉਛਾਲੇ ਜਾਣੇ ਸ਼ੁਰੂ ਹੋ ਗਏ।
ਸਿਆਸਤਦਾਨ ਵੀ ਮੀਡੀਆ ਵਿੱਚ ਸ਼ਾਮਲ ਹੋ ਗਏ, ਜਿਸ ਕਾਰਨ ਮੀਡੀਆ ਦੇ ਮਿਆਰ ਵੀ ਗੁਆਚ ਗਏ ਅਤੇ ਨਿਰਪੱਖਤਾ ਵੀ ਜਾਂਦੀ ਰਹੀ। ਅਜਿਹਾ ਹੋਣ ਨਾਲ ਭ੍ਰਿਸ਼ਟਾਚਾਰ ਚੋਖਾ ਵਧਣ-ਫੁੱਲਣ ਲੱਗ ਪਿਆ।
ਜਿਹੜੀ ਸਿਆਸਤ ਮਿਸ਼ਨ ਬਣ ਕੇ ਤੁਰੀ ਸੀ, ਉਹੀ ਵਿੰਗ-ਤੜਿੰਗੇ ਰਾਹ ਪੈਣ ਲੱਗ ਪਈ। ਲੋਕਾਂ ਨਾਲ ਠੱਗੀ ਹੋਣ ਲੱਗ ਪਈ। ਉਹ ਪੰਜ ਸਾਲਾਂ ਵਿੱਚ ਇੱਕ ਵਾਰ ਵੋਟ ਪਾ ਕੇ ਫਿਰ ਹਾਕਮਾਂ ਵੱਲ ਦੇਖੀ ਜਾਂਦੇ।
ਜਦੋਂ ਲੋਕ ਮਸਲਿਆਂ ਨੂੰ ਤਰਜੀਹ ਦੇਣੀ ਛੱਡ ਕੇ ਨੇੜਲਿਆਂ ਦੇ ਮਸਲਿਆਂ ਨੂੰ ਪਹਿਲ ਦੇਣੀ ਸ਼ੁਰੂ ਕਰ ਦਿੱਤੀ ਗਈ, ਤਦ ਸਿਆਸਤ ਵਾਸਤੇ ਮਿੱਥਿਆ ਮਿਸ਼ਨ ਅਸਫ਼ਲ ਹੋਣਾ ਸ਼ੁਰੂ ਹੋ ਗਿਆ।
ਸਿਆਸਤ ਵਿੱਚ ਸਦਾਚਾਰ ਦੇ ਮਿੱਥੇ ਮਿਆਰ ਡਿੱਗਣੇ ਸ਼ੁਰੂ ਹੋਏ ਤਾਂ ਸਵਾਰਥ ਭਾਰੂ ਹੋ ਕੇ ਰਹਿ ਗਿਆ, ਜਿਸ ਕਾਰਨ ਸਿਆਸਤਦਾਨਾਂ ਅਤੇ ਹਾਕਮਾਂ ਦਾ ਮਿਸ਼ਨ ਚੰਗੀ ਸਿਆਸਤ ਨਾ ਹੋ ਕੇ ਸਵਾਰਥ ਹੀ ਮਿਸ਼ਨ ਹੋ ਗਿਆ।
ਕਿੱਥੇ ਤਾਂ ਸਿਆਸਤ ਇੱਕ ਮਿਸ਼ਨ ਸੀ, ਜਿਸ ਦਾ ਮਨੋਰਥ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਸੀ ਅਤੇ ਦੇਸ਼ ਨੂੰ ਅੱਗੇ ਲਿਜਾਣਾ ਸੀ, ਤਾਂ ਜੁ ਦੂਜਿਆਂ ਮੁਲਕਾਂ ਦੇ ਬਰ-ਮੇਚ ਹੋਇਆ ਜਾ ਸਕੇ।
ਕਿੱਥੇ ਸਿਆਸਤ ਨੂੰ ਪਟੜੀ ਤੋਂ ਲਾਹ ਕੇ ਲੋਕਾਂ ਨਾਲ ਅਤੇ ਦੇਸ਼ ਦੇ ਭਵਿੱਖ ਨਾਲ ਸਿਆਸਤ ਖੇਡਣੀ ਸ਼ੁਰੂ ਕਰ ਦਿੱਤੀ ਗਈ। ਅਜਿਹਾ ਹੋਣ ਨਾਲ ਤਰੱਕੀ ਦੇ ਰਾਹ 'ਚ ਰੁਕਾਵਟ ਆ ਗਈ।
ਜਿਹੜੇ ਸਿਆਸਤਦਾਨ ਸਵਾਰਥ ਨੂੰ ਹੀ ਆਪਣਾ ਮਿਸ਼ਨ ਬਣਾ ਲੈਣ, ਉਨ੍ਹਾਂ ਨੂੰ ਸਿਆਸਤ ਵਿੱਚ ਉੱਕਾ ਹੀ ਨਹੀਂ ਰਹਿਣ ਦੇਣਾ ਚਾਹੀਦਾ। ਜਦੋਂ ਲੋਕ ਜਾਗਦੇ ਹਨ ਤਾਂ ਨੇਤਾਵਾਂ ਨੂੰ ਸਬਕ ਸਿਖਾਉਣ ਤੋਂ ਗੁਰੇਜ਼ ਵੀ ਨਹੀਂ ਕਰਦੇ।
ਅੱਜ ਜਿਹੜਾ ਨਿਘਾਰ ਸਿਆਸਤ ਵਿੱਚ ਆਇਆ ਹੋਇਆ ਹੈ, ਇਸ ਦਾ ਕਾਰਨ ਇਹੀ ਹੈ ਕਿ ਲੋਕਾਂ ਨੂੰ ਲੋਕਤੰਤਰ ਲਈ ਪੂਰੀ ਤਰ੍ਹਾਂ ਵਰਤਿਆ ਜਾ ਰਿਹਾ ਹੈ, ਉਨ੍ਹਾਂ ਦੀ ਭਰਵੀਂ ਭਾਈਵਾਲੀ ਨਹੀਂ।
ਲੋਕਤੰਤਰੀ ਪ੍ਰਣਾਲੀ ਤਾਂ ਚੰਗੀ ਹੈ, ਪਰ ਇਸ ਵਿੱਚ ਸੁਧਾਰਾਂ ਦੀ ਲੋੜ ਹੈ, ਤਾਂ ਜੁ ਉਨ੍ਹਾਂ ਸਿਆਸਤਦਾਨਾਂ ਨੂੰ ਰਾਹੇ ਪਾਇਆ ਜਾ ਸਕੇ, ਜੋ ਮਰਦੇ ਦਮ ਤੱਕ ਕੁਰਸੀ ਉੱਤੇ ਹੀ ਬੈਠੇ ਰਹਿਣ ਨੂੰ ਪਹਿਲ ਦਿੰਦੇ ਹਨ, ਛੱਡਣ ਨੂੰ ਨਹੀਂ।
ਜਦੋਂ ਨੌਕਰੀਆਂ ਵਾਸਤੇ ਸਮਾਂ ਮੁਕੱਰਰ ਕੀਤਾ ਗਿਆ ਹੈ ਤਾਂ ਸਿਆਸਤ ਵਿੱਚ ਰਹਿਣ ਦਾ ਵਕਤ ਨਿਸਚਿਤ ਕਿਉਂ ਨਹੀਂ ਕੀਤਾ ਜਾਂਦਾ? ਸੱਠ ਜਾਂ ਸੱਤਰ ਸਾਲ ਤੋਂ ਵੱਧ ਕਿਸੇ ਨੂੰ ਸਿਆਸਤ 'ਚ ਨਹੀਂ ਰਹਿਣ ਦੇਣਾ ਚਾਹੀਦਾ।
ਅੱਜ ਦੇਸ਼ ਭਰ ਵਿੱਚ ਸਿਆਸੀ ਹਲਚਲ ਹੋ ਰਹੀ ਹੈ, ਕਿਉਂਕਿ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਜਿਨ੍ਹਾਂ ਲਈ ਸਿਆਸੀ ਪਾਰਟੀਆਂ ਵਿੱਚ ਲੈਣ-ਦੇਣ ਦੇ ਮਸਲੇ ਨਿਪਟਾਏ ਜਾਣ ਲੱਗ ਪਏ।
ਕੁਝ ਪਾਰਟੀਆਂ ਦੇਸ਼ ਵਾਸੀਆਂ ਦੇ ਭਲੇ ਲਈ ਮੁਹਾਜ਼ ਬਣਾ ਰਹੀਆਂ ਹਨ, ਤਾਂ ਕਿ ਉਨ੍ਹਾਂ ਨੂੰ ਹਰਾਇਆ ਜਾ ਸਕੇ, ਜਿਨ੍ਹਾਂ ਨੇ ਲੋਕਾਂ ਦੇ ਨੱਕ ਵਿੱਚ ਦਮ ਕਰ ਕੇ ਰੱਖ ਦਿੱਤਾ।
ਦੇਸ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਸਿਆਸੀ ਪਾਰਟੀਆਂ ਦਾ ਸਾਥ ਦੇਣ, ਜਿਹੜੀਆਂ ਉਨ੍ਹਾਂ ਨਾਲ ਸਿਆਸਤ ਨਾ ਖੇਡਣ। ਝੂਠੇ ਵਾਅਦੇ ਕਰ ਕੇ ਦੇਸ਼ ਵਾਸੀਆਂ ਨੂੰ ਠੱਗਣ ਦਾ ਕੰਮ ਨਾ ਕਰਨ।
ਉਨ੍ਹਾਂ ਲੋਕਾਂ ਦੀ ਨੰਗੀ-ਚਿੱਟੀ ਅਤੇ ਪੂਰੀ ਹਮਾਇਤ ਕਰਨੀ ਚਾਹੀਦੀ ਹੈ, ਜਿਨ੍ਹਾਂ ਦਾ ਮਿਸ਼ਨ ਸੱਚੀ-ਸੁੱਚੀ ਸਿਆਸਤ ਹੋਵੇ ਅਤੇ ਉਨ੍ਹਾਂ ਪਾਰਟੀਆਂ ਨੂੰ ਹਰਾਉਣ ਲਈ ਤਾਣ ਲਾਉਣਾ ਚਾਹੀਦਾ ਹੈ, ਜਿਨ੍ਹਾਂ ਦਾ ਮਿਸ਼ਨ ਸਿਰਫ਼ ਸਵਾਰਥ ਹੋਵੋ।
ਸਵਾਰਥ ਲਈ ਸਜ਼ਾ
ਔਰੰਗਜ਼ੇਬ ਜ਼ਾਲਮ ਬਾਦਸ਼ਾਹ ਸੀ, ਜਿਸ ਨੇ ਆਪਣਿਆਂ ਤੱਕ ਨੂੰ ਨਹੀਂ ਸੀ ਬਖਸ਼ਿਆ। ਨਾ ਪਿਤਾ ਨੂੰ, ਨਾ ਭਰਾਵਾਂ ਨੂੰ। ਉਸ ਨੇ ਰਾਜਨੀਤਕ ਤੌਰ 'ਤੇ ਲੜ ਕੇ ਤਾਂ ਬਹੁਤ ਹਸਤੀਆਂ ਨੂੰ ਮਾਰ ਮੁਕਾਇਆ, ਪਰ ਨਾਲ ਦੀ ਨਾਲ ਸਰਮਦ ਵਰਗੀਆਂ ਰੱਬੀ-ਰੂਹਾਂ ਨੂੰ ਵੀ ਨਹੀਂ ਬਖ਼ਸ਼ਿਆ।
ਉਸ ਦੇ ਸਖ਼ਤ ਹੁਕਮਾਂ ਕਾਰਨ ਹੀ ਬਹੁਤ ਸਾਰੇ ਕੰਮ ਅਜਿਹੇ ਕੀਤੇ ਗਏ, ਜਿਨ੍ਹਾਂ ਕਾਰਨ ਉਸ ਨੂੰ ਮੁਆਫ਼ੀ ਨਹੀਂ ਦਿੱਤੀ ਜਾ ਸਕਦੀ। ਉਸ ਦੇ ਵੱਲੋਂ ਕੀਤੀਆਂ ਗਈਆਂ ਕਰਤੂਤਾਂ ਕਾਰਨ ਉਸ ਦਾ ਨਾਂਅ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖਿਆ ਮਿਲੇਗਾ।
ਸਭ ਤੋਂ ਮਾੜਾ ਕੰਮ ਜੋ ਉਸ ਦੇ ਸੂਬਾ ਵਜ਼ੀਰ ਖ਼ਾਨ ਨੇ ਕੀਤਾ, ਉਸ ਲਈ ਅਸਿੱਧੇ ਤੌਰ 'ਤੇ ਔਰੰਗਜ਼ੇਬ ਹੀ ਜ਼ਿੰਮੇਵਾਰ ਹੈ, ਜਿਸ ਨੇ ਸ਼ਰੀਅਤ ਲਾਗੂ ਕਰਨ ਲਈ ਅਜਿਹੇ ਸਖ਼ਤ ਹੁਕਮ ਦਿੱਤੇ ਹੋਏ ਸਨ ਕਿ ਇਸ ਨੂੰ ਨਾ ਮੰਨਣ ਵਾਲੇ ਬਾਲਾਂ ਨੂੰ ਵੀ ਨਾ ਬਖਸ਼ਿਆ ਜਾਵੇ।
ਰਾਜ-ਭਾਗ 'ਤੇ ਬਣੇ ਰਹਿਣ ਦੇ ਸਵਾਰਥ ਲਈ ਦੂਜਿਆਂ ਨੂੰ ਸਜ਼ਾ ਦੇ ਭਾਗੀ ਬਣਾਉਣਾ ਭਲਾ ਕਿੱਧਰਲੀ ਸ਼ਰੀਅਤ ਹੈ, ਜਿਸ ਦਾ ਗੁਣ ਗਾਇਣ ਕਰਨ ਲਈ ਔਰੰਗਜ਼ੇਬ ਪੂਰੀ ਉਮਰ ਹੀ ਲੱਗਾ ਰਿਹਾ, ਪਰ ਫੇਰ ਵੀ ਕਾਮਯਾਬ ਨਾ ਹੋ ਸਕਿਆ।
ਉਹ ਵੀ ਆਪਣੇ ਸਮੇਂ ਦਾ ਰਾਜਨੀਤਕ ਰਾਜਾ ਸੀ, ਜਿਸ ਨੇ ਲੋਕਾਂ ਦਾ ਨੱਕ ਵਿੱਚ ਦਮ ਕਰੀ ਰੱਖਿਆ ਅਤੇ ਸੁੱਖ ਦਾ ਸਾਹ ਨਾ ਲੈਣ ਦਿੱਤਾ। ਉਸ ਨੇ ਏਨੇ ਜ਼ੁਲਮ ਕੀਤੇ ਕਿ ਖ਼ੁਦ ਵੀ ਬੇਚੈਨ ਹੋ ਕੇ ਹੀ ਮਰਿਆ।
ਜ਼ਰਾ ਸੋਚ ਕੇ ਦੇਖਿਆ ਜਾਵੇ ਤਾਂ ਸੱਤ ਸਾਲ (ਬਾਬਾ ਜ਼ੋਰਾਵਰ ਸਿੰਘ) ਅਤੇ ਪੰਜ ਸਾਲ ਦੇ (ਬਾਬਾ ਫਤਿਹ ਸਿੰਘ) ਨੂੰ ਏਨੀ ਛੋਟੀ ਉਮਰ ਵਿੱਚ ਨਿਹੱਥਿਆਂ ਮਾਰ ਕੇ ਕਿੱਧਰਲੀ ਬਹਾਦਰੀ ਦਿਖਾਈ, ਜੋ ਸਿੱਖਾਂ ਦੇ ਸ਼ਹੀਦ ਹਨ, ਪਰ ਵਜ਼ੀਰ ਖ਼ਾਨ ਤਾਂ ਸਿਫ਼ਰ ਹੋ ਕੇ ਰਹਿ ਗਿਆ।
ਛੋਟੀ ਉਮਰ ਦੇ ਬੱਚਿਆਂ ਨੂੰ ਸਰਹਿੰਦ ਦੇ ਸੂਬੇ ਦੇ ਨਵਾਬ ਵਜ਼ੀਰ ਖ਼ਾਨ ਵੱਲੋਂ ਨੀਂਹਾਂ ਵਿੱਚ ਚਿਣਵਾਉਣ ਦਾ ਹੁਕਮ ਦੇਣਾ ਮੂਰਖਤਾ ਅਤੇ ਕਾਇਰਤਾ ਦੀ ਵੱਡੀ ਮਿਸਾਲ ਹੈ, ਜਿਸ ਲਈ ਵਜ਼ੀਰ ਖ਼ਾਨ ਦੀ ਕਬਰ 'ਤੇ ਰੋਜ਼ ਜੁੱਤੀਆਂ ਮਾਰਨੀਆਂ ਵੀ ਥੋੜ੍ਹੀਆਂ।
ਦੇਸ਼ 'ਤੇ ਰਾਜ-ਭਾਗ ਕਾਇਮ ਰੱਖਣ ਵਾਸਤੇ ਬਾਲ-ਉਮਰਾਂ ਅਤੇ ਰੱਬੀ-ਰੂਹਾਂ ਨੂੰ ਵੀ ਨਾ ਬਖ਼ਸ਼ਣਾ ਬਹੁਤ ਵੱਡਾ ਅਪਰਾਧ ਵੀ ਹੈ ਅਤੇ ਪਾਪ ਵੀ। ਅਪਰਾਧ ਦੀ ਸਜ਼ਾ ਤਾਂ ਕਬਰ 'ਤੇ ਜੁੱਤੀਆਂ ਮਾਰਨਾ ਹੀ ਹੋਵੇਗੀ, ਪਾਪ ਦੀ ਮਿਲੀ ਹੀ ਹੋਵੇਗੀ।
ਰਾਜ-ਭਾਗ ਨੂੰ ਕਾਇਮ ਰੱਖਣ ਲਈ ਏਨੇ ਮਾੜੇ ਕੰਮ ਕਰਨੇ ਸਿਰੇ ਦਾ ਸਵਾਰਥ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਸ਼ੇਰ ਮੁਹੰਮਦ ਖ਼ਾਨ ਨੇ ਹਾਅ ਦਾ ਨਾਹਰਾ ਤਾਂ ਜ਼ਰੂਰ ਮਾਰਿਆ, ਪਰ ਉਸ ਨੂੰ ਬਾਲਾਂ ਨਾਲ ਹੋਏ ਮਾੜੇ ਸਲੂਕ ਨੂੰ ਰੋਕਣ ਲਈ ਤਾਣ ਲਾਉਣਾ ਚਾਹੀਦਾ ਸੀ, ਤਾਂ ਜੁ ਬਦਲਾ ਬੱਚਿਆਂ ਤੋਂ ਨਾ ਲਿਆ ਜਾਂਦਾ।
ਲਤੀਫੇ ਦਾ ਚਿਹਰਾ-ਮੋਹਰਾ
ਮਾਸਟਰ : ਹਾਂ ਬਈ, ਕੱਲ੍ਹ ਮੱਝ 'ਤੇ ਲੇਖ ਲਿਖਣ ਵਾਸਤੇ ਕਿਹਾ ਸੀ, ਲਿਖਿਆ ਤੁਸੀਂ?
ਝੰਡੂ : ਹਾਂ ਜੀ, ਲਿਖਿਆ ਜੀ।
ਮਾਸਟਰ : ਵਿਖਾ ਕਾਪੀ।
ਝੰਡੂ : ਉਹ ਤਾਂ ਮੱਝ ਦੇ ਉੱਤੇ ਲਿਖਿਆ ਜੀ। ਮੇਰਾ ਬਾਪੂ ਕਹਿੰਦਾ, ਜੇ ਮਾਸਟਰ ਨੇ ਪੜ੍ਹਨਾ ਤਾਂ ਐਥੇ ਆ ਕੇ ਪੜ੍ਹ ਲਵੇ।
' ' '
ਕਵੀ ਜੰਗਲ ਵਿੱਚੋਂ ਲੰਘ ਰਿਹਾ ਸੀ। ਉੱਥੇ ਉਸ ਨੇ ਕਿਸੇ ਨੂੰ ਡੂੰਘੇ ਟੋਏ ਵਿੱਚ ਡਿੱਗੇ ਹੋਏ ਦੇਖਿਆ। ਝੱਟ ਆਪ ਵੀ ਟੋਏ ਵਿੱਚ ਛਾਲ ਮਾਰ ਦਿੱਤੀ।
ਟੋਏ ਵਿੱਚ ਡਿੱਗੇ ਹੋਏ ਨੇ ਪੁੱਛਿਆ : ਭਲੇ ਲੋਕਾ, ਕੀ ਤੂੰ ਮੈਨੂੰ ਬਾਹਰ ਕੱਢਣ ਵਾਸਤੇ ਆਇਆ ਏਂ?
ਕਵੀ : ਜੀ ਨਹੀਂ।
ਤਾਂ ਤੂੰ ਵੀ ਮੇਰੇ ਵਾਂਗ ਅਚਾਨਕ ਹੀ ਟੋਏ ਵਿੱਚ ਡਿੱਗ ਪਿਆਂ?
ਕਵੀ : ਨਹੀਂ, ਮੈਂ ਤਾਂ ਤੈਨੂੰ ਆਪਣੀਆਂ ਕਵਿਤਾਵਾਂ ਸੁਣਾਊਂ, ਕਿਉਂਕਿ ਤੂੰ ਇੱਥੋਂ ਕਿਧਰੇ ਦੌੜ ਵੀ ਨਹੀਂ ਸਕਦਾ।
ਸੰਪਰਕ : 98141-13338
26 Dec. 2018