ਲੀਡਰਸ਼ਿਪ ਦੀ ਅਣਹੋਂਦ ਦੇ ਸੰਕਟ ਦਾ ਸ਼ਿਕਾਰ ਹੋਈ ਪਈ ਹੈ ਪੰਜਾਬ ਦੀ ਵਿਰੋਧੀ ਧਿਰ -ਜਤਿੰਦਰ ਪਨੂੰ
ਭਾਰਤ ਵਿੱਚ ਲੋਕਤੰਤਰ ਹੈ। ਪੰਜਾਬ ਵੀ ਇਸ ਲੋਕਤੰਤਰ ਦਾ ਅੰਗ ਹੈ। ਲੋਕਤੰਤਰ ਵਿੱਚ ਵਿਰੋਧੀ ਧਿਰ ਦਾ ਮੌਜੂਦ ਹੋਣਾ ਅਤੇ ਨਾਲ ਇਸ ਵਿਰੋਧੀ ਧਿਰ ਦਾ ਮਜ਼ਬੂਤ ਹੋਣਾ ਜ਼ਰੂਰੀ ਸਮਝਿਆ ਜਾਂਦਾ ਹੈ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਨਿਰੰਕੁਸ਼ ਕਿਹਾ ਜਾਂਦਾ ਹੈ। ਅੰਕੁਸ਼ ਲੋਹੇ ਦਾ ਉਹ ਤਿੱਖੀਆਂ ਨੋਕਾਂ ਵਾਲਾ ਕੁੰਡਾ ਹੁੰਦਾ ਹੈ, ਜਿਹੜਾ ਹਾਥੀ ਨੂੰ ਕਾਬੂ ਵਿੱਚ ਰੱਖਣ ਲਈ ਹਾਥੀ ਦਾ ਮਹਾਵਤ ਆਪਣੇ ਹੱਥ ਵਿਚ ਰੱਖਦਾ ਹੈ। ਜੇ ਅੰਕੁਸ਼ ਕੋਲ ਨਾ ਹੋਵੇ ਤਾਂ ਹਾਥੀ ਕਾਬੂ ਵਿੱਚ ਨਹੀਂ ਰਹਿੰਦਾ। ਵਿਰੋਧੀ ਧਿਰ ਮਜ਼ਬੂਤ ਨਾ ਹੋਵੇ ਤਾਂ ਲੋਕਤੰਤਰ ਵਿੱਚ ਰਾਜ ਕਰਦੀ ਧਿਰ ਦੇ ਉਸ ਹਾਥੀ ਵਾਂਗ ਕਾਬੂ ਤੋਂ ਬਾਹਰ ਹੋ ਜਾਣ ਦਾ ਡਰ ਰਹਿੰਦਾ ਹੈ। ਪੰਜਾਬ ਵਿੱਚ ਇਸ ਵਕਤ ਵਿਰੋਧੀ ਧਿਰ ਲੀਡਰਸ਼ਿਪ ਤੋਂ ਸੱਖਣੀ ਹੋਈ ਜਾਪਦੀ ਹੈ।
ਹੁਣੇ-ਹੁਣੇ ਗੁਰਦਾਸਪੁਰ ਦੀ ਪਾਰਲੀਮੈਂਟਰੀ ਸੀਟ ਲਈ ਉੱਪ ਚੋਣ ਹੋਈ ਹੈ। ਓਥੇ ਕਾਂਗਰਸ ਪਾਰਟੀ ਜਿੱਤ ਗਈ ਤੇ ਇਸ ਜਿੱਤ ਦੇ ਲਈ ਆਪਣੀਆਂ ਨੀਤੀਆਂ ਨੂੰ ਜਾਇਜ਼ ਦੱਸ ਰਹੀ ਹੈ। ਉਸ ਨੂੰ ਏਦਾਂ ਕਰਨ ਦਾ ਹੱਕ ਹੈ। ਅਸਲ ਵਿੱਚ ਜਿੱਤ ਦੇ ਦੋ ਮੁੱਖ ਕਾਰਨ ਸਨ। ਪਹਿਲਾ ਇਹ ਕਿ ਇੱਕ ਵੱਡੇ ਅਕਾਲੀ ਆਗੂ ਤੇ ਖੁਦ ਭਾਜਪਾ ਉਮੀਦਵਾਰ ਦੇ ਨਿੱਜੀ ਜੀਵਨ ਨਾਲ ਜੁੜੇ ਹੋਏ ਕੁਝ ਅਣਸੁਖਾਵੇਂ ਮੁੱਦੇ ਓਥੇ ਸਿਆਸੀ ਮੁੱਦਿਆਂ ਉੱਤੇ ਭਾਰੂ ਹੋ ਗਏ ਸਨ। ਦੂਸਰਾ ਕਾਰਨ ਹੁਣ ਤੱਕ ਕਿਸੇ ਇੱਕ ਵੀ ਪਾਰਟੀ ਨੇ ਚਰਚਾ ਵਿੱਚ ਨਹੀਂ ਰੱਖਿਆ ਤੇ ਉਹ ਕਾਰਨ ਇਹ ਹੈ ਕਿ ਵਿਰੋਧੀ ਧਿਰ ਦੀਆਂ ਦੋ ਮੁੱਖ ਪਾਰਟੀਆਂ ਸਾਹਮਣੇ ਲੀਡਰਸ਼ਿਪ ਦਾ ਇੱਕ ਗੰਭੀਰ ਸੰਕਟ ਹੈ, ਜਿਸ ਦਾ ਕੋਈ ਹੱਲ ਨਿਕਲਦਾ ਦਿਖਾਈ ਨਹੀਂ ਦੇ ਰਿਹਾ।
ਅਕਾਲੀ ਦਲ ਦਾ ਮੁਖੀ ਭਾਵੇਂ ਅੱਜ-ਕੱਲ੍ਹ ਸੁਖਬੀਰ ਸਿੰਘ ਬਾਦਲ ਹੈ, ਲੋਕਾਂ ਦੀਆਂ ਵੋਟਾਂ ਹਾਲੇ ਤੱਕ ਵੱਡੇ ਬਾਦਲ ਦੇ ਨਾਂਅ ਉੱਤੇ ਹੀ ਪੈਂਦੀਆਂ ਹਨ ਤੇ ਇਸ ਚੋਣ ਵਿੱਚ ਉਸ ਨੇ ਗੁਰਦਾਸਪੁਰ ਦਾ ਗੇੜਾ ਨਹੀਂ ਲਾਇਆ। ਇਸ ਦਾ ਇੱਕ ਖਾਸ ਕਾਰਨ ਹੈ, ਜਿਸ ਨੂੰ ਸਮਝਣ ਤੋਂ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਇਨਕਾਰੀ ਹੈ, ਪਰ ਜਦੋਂ ਇਸ ਬਾਰੇ ਸੋਚਣ ਲਈ ਸਮਾਂ ਸੀ, ਅਤੇ ਸਥਿਤੀ ਹਾਲੇ ਹੱਥੋਂ ਪੂਰੀ ਤਰ੍ਹਾਂ ਨਹੀਂ ਸੀ ਨਿਕਲੀ, ਓਦੋਂ ਵੱਡੇ ਬਾਦਲ ਨੇ ਵੀ ਨਹੀਂ ਸੀ ਸੋਚਿਆ।
ਇੱਕ ਵਾਰਦਾਤ ਹੋਈ ਸੀ ਦਸੰਬਰ 2012 ਵਿੱਚ। ਅੰਮ੍ਰਿਤਸਰ ਸ਼ਹਿਰ ਦੇ ਛੇਹਰਟਾ ਥਾਣੇ ਤੋਂ ਸਿਰਫ ਸੌ ਗਜ਼ ਦੂਰ ਪੰਜਾਬ ਪੁਲਸ ਦੇ ਇੱਕ ਥਾਣੇਦਾਰ ਦਾ ਕਤਲ ਹੋਇਆ ਸੀ। ਕਤਲ ਕਰਨ ਵਾਲਾ ਯੂਥ ਅਕਾਲੀ ਦਲ ਦਾ ਆਗੂ ਸੀ। ਕਾਰਨ ਇਹ ਸੀ ਕਿ ਉਹ ਯੂਥ ਆਗੂ ਉਸ ਥਾਣੇਦਾਰ ਦੀ ਧੀ ਨੂੰ ਤੰਗ ਕਰਦਾ ਸੀ ਤੇ ਥਾਣੇਦਾਰ ਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਸੀ। ਯੂਥ ਲੀਡਰ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਗੋਲੀਆਂ ਮੁੱਕ ਗਈਆਂ ਤਾਂ ਘਰੋਂ ਦੂਸਰੀ ਗੰਨ ਤੇ ਹੋਰ ਗੋਲੀਆਂ ਲਿਆ ਕੇ ਮਾਰੀਆਂ ਤੇ ਇੱਕ ਧੜੱਲੇਦਾਰ ਅਕਾਲੀ ਮੰਤਰੀ ਦੀ ਜ਼ਿੰਦਾਬਾਦ ਦੇ ਨਾਅਰੇ ਲਾਏ ਸਨ। ਸਿਰਫ ਸੌ ਗਜ਼ ਦੂਰ ਛੇਹਰਟਾ ਥਾਣੇ ਦੇ ਪੁਲਸ ਵਾਲੇ ਵਾਰਦਾਤ ਹੁੰਦੀ ਵੇਖਦੇ ਰਹੇ, ਪਰ ਆਪਣੇ ਪੇਟੀਬੰਦ ਭਰਾ ਨੂੰ ਛੁਡਾਉਣਾ ਕੀ, ਉਸ ਦੀ ਲਾਸ਼ ਚੁੱਕਣ ਵੀ ਵੱਡੇ ਅਫਸਰਾਂ ਦੇ ਆਉਣ ਤੱਕ ਨਹੀਂ ਸੀ ਆਏ। ਇਸ ਘਟਨਾ ਨਾਲ ਸਾਰਾ ਪੰਜਾਬ ਕੰਬ ਗਿਆ ਸੀ। ਓਦੋਂ ਅਸੀਂ ਲਿਖਿਆ ਸੀ: 'ਸ਼ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ, ਭੂਤ ਮੰਡਲੀ ਹੋਈ ਪ੍ਰਧਾਨ ਮੀਆਂ'। ਕਨੇਡਾ ਦੀ ਇੱਕ ਪੰਜਾਬੀ ਲੇਖਕਾ, ਜਿਸ ਨੂੰ ਅਸੀਂ ਕਦੇ ਮਿਲੇ ਨਹੀਂ, ਨੇ ਇਸ ਦੇ ਪ੍ਰਤੀਕਰਮ ਵਿੱਚ ਲਿਖਿਆ ਸੀ; 'ਜਤਿੰਦਰ ਪਨੂੰ ਨੇ ਕਲਮ ਦਾ ਕਰਜ਼ਾ ਲਾਹਿਆ ਹੈ'। ਅਸੀਂ ਫਿਰ ਵੀ ਇਹ ਮੰਨਦੇ ਰਹੇ ਕਿ ਕਲਮ ਦਾ ਕਰਜ਼ਾ ਏਡਾ ਵੱਡਾ ਹੈ ਕਿ ਇੱਕ ਲੇਖ ਦੇ ਨਾਲ ਲੱਥਣ ਵਾਲਾ ਨਹੀਂ ਸੀ ਤੇ ਮਹੱਤਵ ਕਲਮ ਦੇ ਕਰਜ਼ੇ ਤੋਂ ਵੀ ਵੱਧ ਉਸ ਲਿਖਤ ਵਿੱਚ ਪੇਸ਼ ਕੀਤੀ ਇਸ ਸੋਚ ਦਾ ਸੀ ਕਿ ਜੇ ਭੂਤ ਮੰਡਲੀ ਏਦਾਂ ਹੀ ਧਮੱਚੜ ਪਾਉਂਦੀ ਰਹੇਗੀ ਤਾਂ ਬਜ਼ੁਰਗੀ ਦੌਰ ਵਿੱਚ ਪ੍ਰਕਾਸ਼ ਸਿੰਘ ਬਾਦਲ ਲਈ ਅਣਸੁਖਾਵੇਂ ਹਾਲਾਤ ਪੈਦਾ ਕਰੇਗੀ। ਇਸ ਸਾਲ ਵਿਧਾਨ ਸਭਾ ਚੋਣਾਂ ਦੇ ਨਤੀਜੇ ਨੇ ਇਹ ਸਾਬਤ ਕਰ ਦਿੱਤਾ ਹੈ। ਗੁਰਦਾਸਪੁਰ ਉੱਪ ਚੋਣ ਵਿੱਚ ਬਾਦਲ ਸਾਹਿਬ ਏਸੇ ਲਈ ਨਹੀਂ ਗਏ ਜਾਪਦੇ। ਇਹ ਪੰਜਾਬ ਦੇ ਇਤਹਾਸ ਵਿੱਚ ਇਸ ਪਾਰਟੀ ਲਈ ਸਭ ਤੋਂ ਵੱਡਾ ਝਟਕਾ ਹੈ, ਪਰ ਇਸ ਦਾ ਹੱਲ ਵੀ ਕੋਈ ਨਹੀਂ, ਕਿਉਂਕਿ ਔਖੇ ਦੌਰ ਦੇ ਬਾਦਲ ਦੇ ਸਾਥੀ ਆਗੂ ਇਸ ਨਵੀਂ ਪਨੀਰੀ ਸਾਹਮਣੇ ਸਿਰ ਚੁੱਕਣ ਜੋਗੇ ਨਹੀਂ ਰਹਿ ਗਏ, ਆਪਣੇ ਪੁੱਤਰ ਦੀ ਉਮਰ ਵਾਲੇ ਆਗੂ ਦੇ ਗੋਡੀਂ ਹੱਥ ਲਾਈ ਜਾਂਦੇ ਹਨ।
ਦੂਸਰੀ ਤੇ ਸਭ ਤੋਂ ਮਾੜੀ ਹਾਲਤ ਆਮ ਆਦਮੀ ਪਾਰਟੀ ਦੀ ਹੈ। ਗੁਰਦਾਸਪੁਰ ਦੀ ਚੋਣ ਦੌਰਾਨ ਵਿਦੇਸ਼ ਵਿਚੋਂ ਫੋਨ ਕਰ ਕੇ ਸਾਨੂੰ ਇਸ ਪਾਰਟੀ ਦੇ ਕੁਝ ਸਮੱਰਥਕਾਂ ਨੇ ਗਾਲ੍ਹਾਂ ਵਰਗੀ ਭਾਸ਼ਾ ਵਰਤੀ ਕਿ ਸਾਡੀ ਪਾਰਟੀ ਜਿੱਤਦੀ ਪਈ ਹੈ, ਤੈਨੂੰ ਦਿੱਸਦਾ ਨਹੀਂ। ਉਨ੍ਹਾਂ ਨੇ ਵਿਧਾਨ ਸਭਾ ਚੋਣਾਂ ਮੌਕੇ ਵੀ ਬੁਰਾ-ਭਲਾ ਬੋਲਿਆ ਸੀ। ਸਾਡੀ ਮੁਸ਼ਕਲ ਇਹ ਸੀ ਕਿ ਸਾਨੂੰ ਜੋ ਦਿਖਾਈ ਦੇਂਦਾ ਸੀ, ਉਹ ਕਹਿਣ ਤੋਂ ਨਹੀਂ ਸੀ ਰਹਿ ਸਕਦੇ ਤੇ ਉਨ੍ਹਾਂ ਨੂੰ ਹਜ਼ਮ ਨਹੀਂ ਸੀ ਹੁੰਦਾ। ਉਨ੍ਹਾਂ ਵਿੱਚ ਕੁਝ ਲੋਕ ਉਹ ਵੀ ਸਨ, ਜਿਹੜੇ ਪਹਿਲਾਂ ਕਿਸੇ ਸਮੇਂ ਪੰਜਾਬ ਪੀਪਲਜ਼ ਪਾਰਟੀ ਦੇ ਮਗਰ ਧੂੜਾਂ ਪੱਟ ਮੁਹਿੰਮ ਚਲਾ ਕੇ ਖੱਜਲ ਹੋ ਚੁੱਕੇ ਸਨ ਅਤੇ ਇਸ ਵਾਰੀ ਫਿਰ ਮੱਛੀ ਦੇ ਪੱਥਰ ਚੱਟ ਕੇ ਮੁੜਨ ਤੱਕ ਆਪਣੀ ਗੱਲ ਉੱਤੇ ਅੜੇ ਰਹੇ ਸਨ।
ਆਮ ਆਦਮੀ ਪਾਰਟੀ ਨੂੰ ਇਤਹਾਸ ਨੇ ਮੌਕਾ ਬਖਸ਼ਿਆ ਸੀ। ਨਰਿੰਦਰ ਮੋਦੀ ਨੂੰ ਜਦੋਂ ਦੇਸ਼ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਦਾ ਮੌਕਾ ਦਿੱਤਾ, ਜਿਸ ਦਿੱਲੀ ਵਿੱਚ ਆਪ ਪਾਰਟੀ ਉਨੰਜਾ ਦਿਨ ਸਰਕਾਰ ਚਲਾ ਚੁੱਕੀ ਸੀ, ਓਥੋਂ ਉਸ ਨੂੰ ਓਦੋਂ ਬੜੀ ਵੱਡੀ ਆਸ ਸੀ, ਪਰ ਓਥੋਂ ਉਹ ਇੱਕ ਵੀ ਪਾਰਲੀਮੈਂਟ ਸੀਟ ਨਹੀਂ ਸੀ ਜਿੱਤ ਸਕੀ। ਪੰਜਾਬ ਦੇ ਲੋਕਾਂ ਨੇ ਉਸ ਦੀ ਝੋਲੀ ਵਿੱਚ ਚਾਰ ਸੀਟਾਂ ਪਾਈਆਂ, ਦੋ ਸੀਟਾਂ ਉੱਤੇ ਮਾਮੂਲੀ ਫਰਕ ਨਾਲ ਹਾਰਨ ਦੇ ਨਾਲ ਤਿੰਨ ਹੋਰ ਸੀਟਾਂ ਉੱਤੇ ਦੋ ਲੱਖ ਤੋਂ ਟੱਪ ਗਈ ਸੀ। ਫਿਰ ਇਹ ਪਾਰਟੀ ਆਪਣੀ ਬਣੀ ਹੋਈ ਭੱਲ ਨਹੀਂ ਪਚਾ ਸਕੀ। ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਕੁਝ ਆਗੂ ਵੋਟਾਂ ਪੈਣ ਦੀ ਘੜੀ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਦੀ ਰਿਹਰਸਲ ਕਰਦੇ ਸੁਣੇ ਜਾਣ ਲੱਗੇ ਅਤੇ ਜਿਹੜਾ ਵਕਤ ਕੰਮ ਕਰਨ ਉੱਤੇ ਲਾਉਣਾ ਚਾਹੀਦਾ ਸੀ, ਉਹ ਇਸ ਰਿਹਰਸਲ ਦੇ ਲੇਖੇ ਲਾ ਦਿੱਤਾ। ਸਰਕਾਰ ਨਾ ਬਣ ਸਕੀ ਤਾਂ ਇਹ ਵੱਡੀ ਸੱਟ ਨਹੀਂ ਸੀ। ਉਹ ਇਸ ਰਾਜ ਵਿੱਚ ਮੁੱਖ ਵਿਰੋਧੀ ਧਿਰ ਦਾ ਦਰਜਾ ਹਾਸਲ ਕਰ ਕੇ ਪੰਜ ਵਾਰੀਆਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਾਰਟੀ ਤੋਂ ਪੰਜ ਸੀਟਾਂ ਵੱਧ ਜਿੱਤ ਗਈ, ਪਰ ਸਬਰ ਨਹੀਂ ਸੀ ਆਇਆ। ਇਸ ਲਈ ਨਵੇਂ ਸਿਰੇ ਤੋਂ ਕੋੜਮੇ ਅੰਦਰ ਕਿੜਾਂ ਕੱਢਣ ਦਾ ਦੌਰ ਸ਼ੁਰੂ ਹੋ ਗਿਆ ਤੇ ਹੁਣ ਤੱਕ ਰੁਕ ਨਹੀਂ ਰਿਹਾ। ਪਹਿਲਾਂ ਫੂਲਕਾ ਹੁਰਾਂ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ। ਉਸ ਵਕੀਲ ਨੇ ਪਿਛਲੇ ਚੌਤੀ ਸਾਲਾਂ ਵਿੱਚ ਜਿਵੇਂ ਦਿੱਲੀ ਦੇ ਪੀੜਤਾਂ ਦੇ ਕੇਸ ਮੁਫਤ ਲੜੇ ਹਨ, ਮੌਜੂਦਾ ਪੜਾਅ ਉੱਤੇ ਉਹ ਕੇਸ ਛੱਡ ਸਕਣੇ ਮੁਸ਼ਕਲ ਸਨ। ਫਿਰ ਸੁਖਪਾਲ ਸਿੰਘ ਖਹਿਰਾ ਨੂੰ ਆਪ ਪਾਰਟੀ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਪੇਸ਼ ਕੀਤਾ। ਪਾਰਟੀ ਕੋਲ ਹੋਰ ਕੋਈ ਏਨੀ ਜੋਗਾ ਬੰਦਾ ਹੀ ਨਹੀਂ, ਪਰ ਮੁਸ਼ਕਲ ਇਹ ਹੈ ਕਿ ਖਹਿਰਾ ਨੂੰ ਪਾਰਟੀ ਵਿੱਚੋਂ ਪੂਰਾ ਸਾਥ ਨਹੀਂ ਮਿਲਦਾ। ਇੱਕ ਪਾਸੇ ਕਾਂਗਰਸੀ ਆਗੂਆਂ ਨਾਲ ਉਸ ਦੀ ਟੱਕਰ ਦੀ ਲਗਾਤਾਰਤਾ ਹੈ ਤੇ ਦੂਸਰੇ ਪਾਸੇ ਅਕਾਲੀਆਂ ਦੀ ਧੜੱਲੇਦਾਰ ਇਸਤਰੀ ਆਗੂ ਬੀਬੀ ਜਗੀਰ ਕੌਰ ਨਾਲ ਪੱਕਾ ਆਢਾ ਲੱਗਾ ਰਹਿੰਦਾ ਹੈ। ਬੀਬੀ ਜਗੀਰ ਕੌਰ ਉੱਤੇ ਏਨੇ ਦੋਸ਼ ਹਨ ਕਿ ਗਿਣੇ ਨਹੀਂ ਜਾ ਸਕਦੇ ਤੇ ਖਹਿਰੇ ਦੀਆਂ ਪਾਰਟੀ ਦੇ ਅੰਦਰੋਂ ਤੇ ਬਾਹਰੋਂ ਲੱਤਾਂ ਖਿੱਚਣ ਵਾਲੀਆਂ ਬਲਾਵਾਂ ਗਿਣੀਆਂ ਨਹੀਂ ਜਾਂਦੀਆਂ। ਭਗਵੰਤ ਮਾਨ ਇਸ ਪਾਰਟੀ ਦਾ ਕਦੀ ਸਭ ਤੋਂ ਮਕਬੂਲ ਲੀਡਰ ਹੁੰਦਾ ਸੀ, ਅੱਜ ਵੀ ਜਿੱਥੇ ਜਾਵੇ, ਭੀੜਾਂ ਜੁੜ ਜਾਂਦੀਆਂ ਹਨ, ਪਰ ਉਹ ਇਸ ਗੱਲੋਂ ਇਨਕਾਰ ਨਹੀਂ ਕਰ ਸਕਦਾ ਕਿ ਜਲਾਲਾਬਾਦ ਸਮੇਤ ਕਈ ਸੀਟਾਂ ਦਾ ਵਿਧਾਨ ਸਭਾ ਦਾ ਨਤੀਜਾ ਉਸੇ ਕਾਰਨ ਚੰਗਾ ਆਉਣ ਦੀ ਆਸ ਸੀ ਤੇ ਉਸੇ ਕਾਰਨ ਆਖਰੀ ਦਿਨਾਂ ਵਿੱਚ ਕਈ ਥਾਂਈਂ ਬਾਜ਼ੀ ਪੁੱਠੀ ਪੈ ਗਈ ਸੀ। ਉਹ ਬਹੁਤਾ ਸੋਚਦਾ ਨਹੀਂ ਜਾਪਦਾ।
ਹੁਣ ਗੁਰਦਾਸਪੁਰ ਦੀ ਉੱਪ ਚੋਣ ਦੇ ਨਤੀਜੇ ਵਿੱਚ ਜਿੰਨੀਆਂ ਵੋਟਾਂ ਇਸ ਪਾਰਟੀ ਨੂੰ ਪਈਆਂ ਹਨ, ਇਸ ਤੋਂ ਵਧੇਰੇ ਤਾਂ ਜੇ ਕਾਮਰੇਡ ਖੜੇ ਹੋ ਜਾਂਦੇ, ਉਹ ਵੀ ਲੈ ਜਾਂਦੇ। ਮਾੜੀ ਹਾਲਤ ਦਾ ਕਾਰਨ ਆਪ ਪਾਰਟੀ ਨੂੰ ਲੱਭਣਾ ਪੈਣਾ ਹੈ। ਫਰਵਰੀ ਦੀ ਚਾਰ ਤਰੀਕ ਨੂੰ ਜਿਹੜੇ ਨੌਂ ਉਮੀਦਵਾਰ ਖੜੇ ਕਰ ਕੇ ਵਿਧਾਨ ਸਭਾ ਦੀਆਂ ਗੁਰਦਾਸਪੁਰ ਵਿੱਚ ਸਾਰੀਆਂ ਸੀਟਾਂ ਲੜ ਕੇ ਇੱਕ ਲੱਖ ਤੋਂ ਵੱਧ ਵੋਟਾਂ ਪ੍ਰਾਪਤ ਕੀਤੀਆਂ ਸਨ, ਉਨ੍ਹਾਂ ਨੌਂ ਉਮੀਦਵਾਰਾਂ ਵਿੱਚੋਂ ਇੱਕ ਗੁਰਪ੍ਰੀਤ ਘੁੱਗੀ ਪਹਿਲਾਂ ਛੱਡ ਗਿਆ। ਪਾਰਲੀਮੈਂਟ ਉੱਪ ਚੋਣ ਚੱਲਦੀ ਦੌਰਾਨ ਚਾਰ ਉਮੀਦਵਾਰ ਹੋਰ ਇਸ ਨੂੰ ਛੱਡ ਗਏ ਤੇ ਬਾਕੀ ਚਾਰ ਜਣੇ ਰਹਿ ਗਏ। ਇਸ ਪਾਰਟੀ ਨੂੰ ਇਸ ਦਾ ਕਾਰਨ ਲੱਭਣਾ ਚਾਹੀਦਾ ਹੈ। ਜਦੋਂ ਉਹ ਕਾਰਨ ਲੱਭਣ ਤਾਂ ਪਤਾ ਲੱਗੇਗਾ ਕਿ ਪਾਰਟੀ ਲੀਡਰਸ਼ਿਪ ਦੇ ਗੰਭੀਰ ਸੰਕਟ ਦੀ ਸ਼ਿਕਾਰ ਹੈ। ਇਹ ਪਾਰਟੀ ਅਜੇ ਤੱਕ ਪਾਰਟੀ ਨਹੀਂ ਬਣ ਸਕੀ ਅਤੇ ਲਸ਼ਕਰ ਜਿਹਾ ਭੱਜਾ ਫਿਰਦਾ ਹੈ। ਏਨਾ ਚਿਰ ਬਾਅਦ ਵੀ ਇਸ ਪਾਰਟੀ ਦੀ ਲੀਡਰਸ਼ਿਪ ਕੋਈ ਖਿੱਚ ਪਾਉਣ ਵਾਲਾ ਸਰਬ ਪ੍ਰਵਾਨਤ ਚਿਹਰਾ ਪੇਸ਼ ਨਹੀਂ ਕਰ ਸਕੀ, ਕਿੰਨੇ ਸਾਰੇ ਚਿਹਰਿਆਂ ਵਿੱਚ ਉਲਝਿਆ ਪਿਆ ਲਸ਼ਕਰ ਵੱਖੋ-ਵੱਖ ਦਿਸ਼ਾਵਾਂ ਨੂੰ ਘੋੜੇ ਭਜਾਈ ਜਾਂਦਾ ਹੈ। ਅਜੇ ਤੱਕ ਵੀ ਇਸ ਪਾਰਟੀ ਨੇ ਇਸ ਸਥਿਤੀ ਨੂੰ ਨਹੀਂ ਸਮਝਿਆ ਜਾਂ ਫਿਰ ਸਮਝਣ ਦੀ ਲੋੜ ਨਹੀਂ ਸਮਝ ਰਹੀ।
ਪੰਜਾਬ ਦਾ ਰਾਜ ਸੰਭਾਲ ਚੁੱਕੀ ਕਾਂਗਰਸ ਪਾਰਟੀ ਲਈ ਇਹ ਬਹੁਤ ਸੁਖਾਵਾਂ ਸਮਾਂ ਹੈ ਕਿ ਉਸ ਅੱਗੇ ਵਿਰੋਧੀ ਧਿਰ ਕੋਲ ਕੋਈ ਯੋਗ ਆਗੂ ਨਹੀਂ। ਅਕਾਲੀ ਦਲ ਦੀ ਅਗਵਾਈ ਜਿਨ੍ਹਾਂ ਕੋਲ ਹੈ, ਉਹ ਆਗੂ ਬਣਨਾ ਚਾਹੁੰਦੇ ਹਨ, ਪਰ ਅਕਾਲੀ ਦਲ ਦੇ ਇਤਹਾਸ ਤੇ ਰਿਵਾਇਤਾਂ ਨੂੰ ਨਹੀਂ ਮੰਨਣਾ ਚਾਹੁੰਦੇ, ਪਾਰਟੀ ਨੂੰ ਗੈਂਗ ਵਾਂਗ ਚਲਾਉਣਾ ਚਾਹੁੰਦੇ ਹਨ। ਆਪ ਪਾਰਟੀ ਕੋਲ ਉਹ ਆਗੂ ਹਨ, ਜਿਹੜੇ ਵਿਧਾਇਕ ਤੇ ਪਾਰਲੀਮੈਂਟ ਮੈਂਬਰ ਤਾਂ ਹਨ, ਪਰ ਵਕਤ ਵੱਲੋਂ ਅਚਾਨਕ ਪੈਦਾ ਕੀਤੇ ਖਲਾਅ ਕਾਰਨ ਜਿੱਤ ਲਈਆਂ ਸੀਟਾਂ ਦੇ ਸਹਾਰੇ ਲੀਡਰ ਨਹੀਂ ਬਣ ਸਕਦੇ। ਇਹ ਦੁਖਾਂਤ ਹੈ ਪੰਜਾਬ ਦਾ। ਲੋਕਤੰਤਰ ਲਈ ਕਿਸੇ ਵੀ ਰਾਜ ਵਿੱਚ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ, ਪਰ ਏਥੇ ਵਿਰੋਧੀ ਧਿਰ ਨਹੀਂ ਉੱਭਰ ਸਕੀ। ਜਿਹੜੀ ਸਥਿਤੀ ਬਣੀ ਪਈ ਹੈ, ਇਸ ਵਿੱਚ ਆਗੂ ਵਜੋਂ ਕਿਸੇ ਇਹੋ ਜਿਹੇ ਚਿਹਰੇ ਦੀ ਲੋੜ ਹੈ, ਜਿਹੜਾ ਬੁਲਾਰਾ ਵੀ ਹੋਵੇ, ਰਿਵਾਇਤਾਂ ਦੀ ਜਾਣਕਾਰੀ ਤੇ ਸ਼ਰਮ ਰੱਖਣ ਵਾਲਾ ਵੀ ਅਤੇ ਸਭ ਤੋਂ ਵੱਡੀ ਗੱਲ ਕਿ ਏਨੀ ਅਣਖ ਵਾਲਾ ਹੋਵੇ ਕਿ ਸਾਹਮਣੇ ਖੜੇ ਬੰਦੇ ਦੀ ਅੱਖ ਵਿੱਚ ਅੱਖ ਪਾ ਕੇ ਉਸ ਨੂੰ ਉਸ ਦੀ ਹੈਸੀਅਤ ਦਾ ਅਹਿਸਾਸ ਕਰਵਾ ਸਕਦਾ ਹੋਵੇ। ਪੰਜਾਬ ਨੂੰ ਵਿਰੋਧੀ ਧਿਰ ਦੇ ਇਹੋ ਜਿਹੇ ਕਿਸੇ ਆਗੂ ਦੀ ਉਡੀਕ ਜ਼ਰੂਰ ਹੈ, ਪਰ ਉਹ ਮਿਲੇਗਾ ਕਦੋਂ, ਇਹ ਕਹਿਣਾ ਹਾਲ ਦੀ ਘੜੀ ਔਖਾ ਹੈ।
22 Oct 2017