ਤਾਜ ਮਹਿਲ ਤੱਕ ਵੀ ਜਾ ਪਹੁੰਚੀ ਹੈ ਰਾਜਨੀਤੀ ਦੇ ਖੇਤਰ ਵਿੱਚ ਜੁਮਲੇ ਛੱਡਣ ਦੀ ਖੇਡ - ਜਤਿੰਦਰ ਪਨੂੰ
ਇਸ ਹਫਤੇ ਇੱਕ ਵਾਰ ਫਿਰ ਅਸੀਂ ਭਾਰਤ ਦੀ ਰਾਜਨੀਤੀ ਨੂੰ ਫਿਰਕਾ-ਪ੍ਰਸਤੀ ਦੇ ਉਬਾਲੇ ਖਾਂਦੇ ਵੇਖਿਆ ਤੇ ਫਿਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਆਪਣੀ ਜ਼ਬਾਨ ਬਿਲਕੁਲ ਬੰਦ ਰੱਖ ਕੇ ਤਾਜ ਮਹਿਲ ਅੱਗੇ ਝਾੜੂ ਫੇਰਨ ਨਾਲ ਇਹ ਸੋਚ ਲਿਆ ਕਿ ਹੁਣ ਗੱਲ ਟਲ ਗਈ ਹੈ। ਇਹ ਭਰਮ ਪਾ ਲੈਣਾ ਗਲਤ ਹੈ। ਭਾਰਤ ਵਿੱਚ ਆਮ ਤੌਰ ਉੱਤੇ ਦੋਸ਼ ਲਾਇਆ ਜਾਂਦਾ ਹੈ ਕਿ ਵੋਟਾਂ ਲੈਣ ਖਾਤਰ ਘੱਟ-ਗਿਣਤੀਆਂ ਨੂੰ ਪਤਿਆਉਣ ਵਾਸਤੇ ਗਲਤ ਛੋਟਾਂ ਦਿੱਤੀਆਂ ਜਾਂਦੀਆਂ ਹਨ। ਕੁਝ ਹੱਦ ਤੱਕ ਇਹ ਠੀਕ ਵੀ ਹੈ, ਪਰ ਦੂਸਰੇ ਪਾਸੇ ਘੱਟ-ਗਿਣਤੀਆਂ ਨੂੰ ਮਿਲਦੀਆਂ ਛੋਟਾਂ ਦਾ ਰੌਲਾ ਪਾ ਕੇ ਬਹੁ-ਗਿਣਤੀ ਦੇ ਮਨਾਂ ਵਿੱਚ ਇੱਕ ਖਾਸ ਰੰਗ ਦਾ ਫਿਰਕੂਪੁਣਾ ਵੀ ਭਰਿਆ ਜਾਂਦਾ ਹੈ, ਜਿਹੜਾ ਭਾਰਤ ਦੇ ਭਵਿੱਖ ਵਾਸਤੇ ਚੰਗਾ ਨਹੀਂ। ਇਸ ਵਰਤਾਰੇ ਦੇ ਲੱਛਣ ਮੁੜ-ਮੁੜ ਉੱਭਰਦੇ ਹਨ ਤੇ ਜਦੋਂ ਇਸ ਖੇਡ ਦੀ ਸਿਖਰ ਹੋਣ ਲੱਗਦੀ ਹੈ, ਫਿਰ ਇਸ ਰਾਜਨੀਤਕ ਉਬਾਲੇ ਨੂੰ ਸ਼ੁਰੂ ਕਰਨ ਵਾਲੇ ਲੀਡਰ ਹੀ ਪਾਣੀ ਦਾ ਛੱਟਾ ਮਾਰ ਕੇ ਗੱਲ ਟਲ ਗਈ ਹੋਣ ਦਾ ਪ੍ਰਭਾਵ ਬਣਾਉਣ ਲੱਗਦੇ ਹਨ।
ਬੀਤੇ ਹਫਤੇ ਦੇ ਇੱਕ ਦਿਨ ਅਚਾਨਕ ਇਹ ਖਬਰ ਆਈ ਕਿ ਉੱਤਰ ਪ੍ਰਦੇਸ਼ ਵਿੱਚ ਭਾਜਪਾ ਸਰਕਾਰ ਬਣਨ ਪਿੱਛੋਂ ਸੈਰ-ਸਪਾਟਾ ਵਿਭਾਗ ਨੇ ਜਦੋਂ ਬਰੋਸ਼ਰ ਛਾਪਿਆ ਤਾਂ ਉਸ ਵਿੱਚ ਸੰਸਾਰ ਪ੍ਰਸਿੱਧ ਤਾਜ ਮਹਿਲ ਦਾ ਨਾਂਅ ਲਿਖਣ ਤੋਂ ਪ੍ਰਹੇਜ਼ ਕੀਤਾ ਗਿਆ ਹੈ। ਹਾਲੇ ਇਹ ਗੱਲ ਸ਼ੁਰੂ ਹੀ ਹੋਈ ਸੀ ਕਿ ਭਾਜਪਾ ਦੇ ਇੱਕ ਵਿਵਾਦਤ ਵਿਧਾਇਕ ਸੰਗੀਤ ਸੋਮ ਦਾ ਬਿਆਨ ਆ ਗਿਆ ਕਿ ਤਾਜ ਮਹਿਲ ਦਾ ਜ਼ਿਕਰ ਕਰਨ ਦੀ ਲੋੜ ਵੀ ਨਹੀਂ, ਇਹ ਭਾਰਤ ਦੇ ਮੱਥੇ ਉੱਤੇ ਕਲੰਕ ਹੈ। ਭਾਜਪਾ ਦੇ ਇਸ ਵਿਧਾਇਕ ਦੇ ਬਿਆਨ ਤੋਂ ਬਾਅਦ ਸੰਘ ਪਰਵਾਰ ਨਾਲ ਜੁੜੇ ਹੋਏ ਕਈ ਲੋਕਾਂ ਨੇ ਆਨੇ-ਬਹਾਨੇ ਉਸ ਦੀ ਹਮਾਇਤ ਕੀਤੀ ਤੇ ਫਿਰ ਭਾਜਪਾ ਦੇ ਵਿਵਾਦਤ ਪਾਰਲੀਮੈਂਟ ਮੈਂਬਰ ਵਿਨੇ ਕਟਿਆਰ ਦਾ ਹੋਰ ਭੱਦਾ ਬਿਆਨ ਆ ਗਿਆ। ਜਦੋਂ ਸੰਗੀਤ ਸੋਮ ਨੇ ਤਾਜ ਮਹਿਲ ਨੂੰ ਕਲੰਕ ਕਿਹਾ ਸੀ, ਓਦੋਂ ਕਈ ਇਤਰਾਜ਼ ਦੀਆਂ ਆਵਾਜ਼ਾਂ ਉਠੀਆਂ ਸਨ ਕਿ ਦਿੱਲੀ ਦਾ ਲਾਲ ਕਿਲ੍ਹਾ ਵੀ ਤਾਜ ਮਹਿਲ ਬਣਵਾਉਣ ਵਾਲੇ ਬਾਦਸ਼ਾਹ ਨੇ ਬਣਵਾਇਆ ਸੀ, ਓਥੇ ਵੀ ਪੰਦਰਾਂ ਅਗਸਤ ਨੂੰ ਝੰਡਾ ਝੁਲਾਉਣ ਤੋਂ ਨਰਿੰਦਰ ਮੋਦੀ ਨੂੰ ਰੋਕ ਲਓ। ਰਾਸ਼ਟਰਪਤੀ ਭਵਨ ਤੇ ਪਾਰਲੀਮੈਂਟ ਭਵਨ ਬ੍ਰਿਟਿਸ਼ ਸਰਕਾਰ ਨੇ ਬਣਵਾਏ ਸਨ, ਇਨ੍ਹਾਂ ਨੂੰ ਵੀ ਕਲੰਕ ਮੰਨ ਕੇ ਇਨ੍ਹਾਂ ਦੀ ਵਰਤੋਂ ਕਰਨੀ ਛੱਡ ਦਿਓ। ਇਹੋ ਜਿਹੇ ਕਈ ਹੋਰ ਟਿਕਾਣੇ ਵੀ ਗਿਣਾਏ ਜਾਣ ਲੱਗ ਪਏ ਸਨ।
ਵਿਨੇ ਕਟਿਆਰ ਇਸ ਤੋਂ ਵੱਖਰੀ ਬੋਲੀ ਬੋਲਿਆ ਤੇ ਬਹੁਤ ਅੱਗੇ ਤੱਕ ਨਿਕਲ ਗਿਆ। ਉਸ ਨੇ ਤਾਜ ਮਹਿਲ ਲਈ ਕਲੰਕ ਲਫਜ਼ ਨਹੀਂ ਵਰਤਿਆ, ਸਗੋਂ ਇਹ ਆਖ ਦਿੱਤਾ ਕਿ ਮੁਗਲ ਬਾਦਸ਼ਾਹ ਨੇ ਇਹ ਬਣਵਾਇਆ ਹੀ ਨਹੀਂ, ਇਹ ਤਾਂ ਪੁਰਾਣਾ ਹਿੰਦੂ ਮੰਦਰ ਹੈ, ਜਿਸ ਨੂੰ ਉਸ ਮੁਗਲ ਬਾਦਸ਼ਾਹ ਨੇ ਮਜ਼ਾਰ ਵਿੱਚ ਬਦਲ ਦਿੱਤਾ ਸੀ। ਵਿਨੇ ਕਟਿਆਰ ਪਹਿਲਾਂ ਬਾਬਰੀ ਮਸਜਿਦ ਨੂੰ ਢਾਹੁਣ ਦੀ ਮੁਹਿੰਮ ਨਾਲ ਜੁੜਿਆ ਰਿਹਾ ਸੀ ਤੇ ਮਸਜਿਦ ਦੇ ਢਾਹੇ ਜਾਣ ਦਾ ਜਿਹੜਾ ਕੇਸ ਅਜੇ ਤੱਕ ਚੱਲ ਰਿਹਾ ਹੈ, ਉਸ ਦੇ ਦੋਸ਼ੀਆਂ ਵਿੱਚ ਵਿਨੇ ਕਟਿਆਰ ਵੀ ਹੈ। ਉਹ ਏਦਾਂ ਦੀਆਂ ਗੱਲਾਂ ਕਹਿਣ ਦਾ ਆਦੀ ਹੈ। ਇਸ ਵਾਰੀ ਜਦੋਂ ਉਹ ਤਾਜ ਮਹਿਲ ਨੂੰ ਹਿੰਦੂ ਮੰਦਰ ਕਹਿਣ ਲੱਗਾ ਤਾਂ ਨਾਲ ਇਹ ਦਲੀਲ ਜੋੜ ਲਈ ਕਿ ਇਤਹਾਸ ਵਿੱਚ ਇਹ ਜ਼ਿਕਰ ਹੈ ਕਿ ਇਹ ਤਾਜ ਮਹਿਲ ਬਣਨ ਤੋਂ ਪਹਿਲਾਂ ਤੇਜੋ ਮਹਿਲ ਹੁੰਦਾ ਸੀ। ਜਿਸ ਕਹਾਣੀ ਨੂੰ ਵਿਨੇ ਕਟਿਆਰ ਇਤਹਾਸ ਆਖਦਾ ਹੈ, ਉਹ ਬ੍ਰਿਟੇਨ ਸਰਕਾਰ ਦਾ ਕਾਰਿੰਦਾ ਰਹਿ ਚੁੱਕੇ ਪੀ ਐੱਨ ਓਕ ਦਾ ਲਿਖਿਆ ਹੋਇਆ ਇੱਕ ਕਿਤਾਬਚਾ ਹੈ। ਇੱਕ ਖਾਸ ਸੋਚਣੀ ਦੇ ਲਈ ਲਿਖੇ ਗਏ ਇਸ ਕਿਤਾਬਚੇ ਵਿੱਚ ਏਦਾਂ ਦੇ ਯੱਕੜ ਪੇਸ਼ ਕੀਤੇ ਗਏ ਹਨ, ਜਿਨ੍ਹਾਂ ਨੂੰ ਇਤਹਾਸ ਮੰਨਣ ਦਾ ਕੋਈ ਆਧਾਰ ਨਹੀਂ ਮਿਲਦਾ। ਅੱਜ-ਕੱਲ੍ਹ ਭਾਰਤੀ ਰਾਜਨੀਤੀ 'ਜੁਮਲੇ' ਪੇਸ਼ ਕਰਨ ਦੀ ਆਦੀ ਹੋ ਚੁੱਕੀ ਹੈ। 'ਇਤਹਾਸ' ਦੇ ਨਾਂਅ ਉੱਤੇ ਜਿਹੜਾ ਕੁਝ ਪੀ ਐੱਨ ਓਕ ਨੇ ਕਈ ਸਾਲ ਪਹਿਲਾਂ ਲਿਖਿਆ ਸੀ, ਉਹ ਉਸ ਵੱਲੋਂ ਓਦੋਂ ਪੇਸ਼ ਕੀਤੇ ਗਏ ਜੁਮਲੇ ਲੱਗਦੇ ਹਨ, ਜਦੋਂ ਇਸ ਦੇਸ਼ ਵਿੱਚ ਰਾਜਸੀ ਜੁਮਲੇ ਪੇਸ਼ ਹੋਣੇ ਹਾਲੇ ਸ਼ੁਰੂ ਨਹੀਂ ਸੀ ਹੋਏ।
ਕਈ ਕਿਤਾਬਾਂ ਨਾ ਚਾਹੁੰਦੇ ਹੋਏ ਵੀ ਸਾਡੇ ਵਰਗੇ ਲੋਕਾਂ ਨੂੰ ਇਸ ਲਈ ਪੜ੍ਹਨੀਆਂ ਪੈ ਜਾਂਦੀਆਂ ਹਨ ਕਿ ਇਨ੍ਹਾਂ ਵਿੱਚ ਲਿਖਿਆ ਹੋਇਆ ਮਸਾਲਾ ਵੇਖਣ ਪਿੱਛੋਂ ਹਕੀਕਤਾਂ ਸਮਝਣ ਦਾ ਯਤਨ ਕਰ ਸਕੀਏ। ਪੀ ਐੱਨ ਓਕ ਦੇ ਲਿਖੇ ਹੋਏ ਅਖੌਤੀ ਇਤਹਾਸ ਨੂੰ ਵੀ ਇਸੇ ਪੱਖ ਤੋਂ ਵੇਖਿਆ ਜਾ ਸਕਦਾ ਹੈ। ਉਹ ਜਦੋਂ ਗਪੌੜ ਛੱਡਦਾ ਹੈ ਤਾਂ ਉਨ੍ਹਾਂ ਨਾਲ ਇਤਹਾਸ ਦੇ ਹਵਾਲੇ ਨਹੀਂ ਦੇਂਦਾ, ਆਪਣੇ ਸੋਚਣੀ ਦੀ ਕਾੜ੍ਹਨੀ ਵਿੱਚੋਂ ਉਬਾਲੇ ਖਾ ਕੇ ਨਿਕਲੇ ਸਿੱਟੇ ਪੇਸ਼ ਕਰੀ ਜਾਂਦਾ ਹੈ। ਇਸ ਦੀ ਆਖਰੀ ਹੱਦ ਵੇਖੀਏ ਤਾਂ ਹਾਸੋਹੀਣੀਆਂ ਗੱਲਾਂ ਪੜ੍ਹਨ ਨੂੰ ਮਿਲਦੀਆਂ ਹਨ। ਪੀ ਐੱਨ ਓਕ ਕਹਿੰਦਾ ਹੈ ਕਿ ਸੰਸਾਰ ਵਿੱਚ ਫੈਲਿਆ ਈਸਾਈ ਮੱਤ ਆਪਣੇ ਆਪ ਵਿੱਚ ਧਰਮ ਹੀ ਨਹੀਂ, ਇਹ ਤਾਂ ਭਾਰਤੀ ਲੋਕਾਂ ਦੀ ਸ਼ਰਧਾ ਦੇ ਭਗਵਾਨ ਕ੍ਰਿਸ਼ਨ ਦੇ ਵਿਚਾਰਾਂ ਦੀ ਇੱਕ ਸ਼ਾਖਾ ਸੀ, ਜਿਹੜੀ ਪਹਿਲੇ ਦਿਨਾਂ ਵਿੱਚ 'ਕ੍ਰਿਸ਼ਨ ਨੀਤੀ', ਕਹਿਣ ਤੋਂ ਭਾਵ ਕਿ ਕ੍ਰਿਸ਼ਨ-ਮਾਰਗ ਸੀ, ਫਿਰ ਇਸ ਦੀ ਨਵੀਂ ਚੱਲੀ ਇਸ ਸ਼ਾਖਾ ਨੂੰ 'ਕ੍ਰਿਸ਼ਨ ਨੀਤੀ' ਤੋਂ ਥੋੜ੍ਹਾ ਬਦਲ ਕੇ 'ਕਿਸ਼ਚਨਟੀ' ਵਜੋਂ ਈਸਾਈ ਧਰਮ ਬਣਾ ਲਿਆ। ਇੱਕ ਹੋਰ ਕਦਮ ਅੱਗੇ ਵਧ ਕੇ ਉਹ ਨਵਾਂ ਯੱਕੜ ਮਾਰਦਾ ਹੈ ਕਿ ਈਸਾਈ ਲੋਕਾਂ ਦਾ ਜਿਹੜਾ ਸਭ ਤੋਂ ਵੱਡਾ ਧਰਮ ਅਸਥਾਨ ਵੈਟੀਕਨ ਹੈ, ਉਹ ਅਸਲੀ ਲਫਜ਼ ਨਹੀਂ। ਪੀ ਐੱਨ ਓਕ ਕਹਿੰਦਾ ਹੈ ਕਿ ਰਾਵਣ ਨੇ ਸੀਤਾ ਨੂੰ ਕੈਦ ਕਰਨ ਮਗਰੋਂ 'ਅਸ਼ੋਕ ਵਾਟਿਕਾ' ਵਿੱਚ ਤਿੰਨ ਸਾਲ ਤੱਕ ਰੱਖਿਆ ਸੀ, ਉਹ 'ਅਸ਼ੋਕ ਵਾਟਿਕਾ' ਦੇ ਰੂਪ ਵਿੱਚ 'ਅਸ਼ੋਕ ਬਗੀਚੀ' ਸੀ। ਓਸੇ ਤਰ੍ਹਾਂ ਕ੍ਰਿਸ਼ਨ-ਨੀਤੀ ਦੇ ਲੋਕਾਂ ਵਿੱਚੋਂ ਕਿਸੇ ਇੱਕ ਨੇ ਇਟਲੀ ਵਿੱਚ ਜਾ ਕੇ 'ਵਾਟਿਕਾ', ਯਾਨੀ ਬਗੀਚੀ, ਬਣਾਈ ਤਾਂ ਉਸ ਨੂੰ ਹੌਲੀ-ਹੌਲੀ ਬਦਲ ਕੇ 'ਵਾਟਿਕਾ' ਤੋਂ ਈਸਾਈ ਲੋਕਾਂ ਨੇ 'ਵੈਟੀਕਨ' ਦਾ ਰੂਪ ਦੇ ਦਿੱਤਾ ਸੀ। ਕੁਝ ਹੋਰ ਕਦਮ ਪੁੱਟਣ ਪਿੱਛੋਂ ਪੀ ਐੱਨ ਓਕ ਈਸਾਈ ਧਰਮ ਦੀਆਂ ਮੁੱਢਲੀਆਂ ਹਸਤੀਆਂ ਵਿੱਚੋਂ 'ਅਬਰਾਹਮ' ਨੂੰ 'ਬ੍ਰਹਮ' ਤੋਂ ਬਦਲ ਕੇ ਬਣਿਆ ਮੰਨ ਬਹਿੰਦਾ ਹੈ ਤੇ 'ਜਾਰਜ' ਨੂੰ ਉਹ 'ਗਰਗ' ਦਾ ਬਦਲਿਆ ਰੂਪ ਬਣਾ ਕੇ ਪੇਸ਼ ਕਰਨ ਲੱਗਦਾ ਹੈ। ਇਹੋ ਜਿਹੀ ਖੁਸ਼ਫਹਿਮੀ ਖਿਲਾਰ ਕੇ ਆਪਣੇ ਆਪ ਨੂੰ 'ਇਤਹਾਸਕਾਰ' ਵਜੋਂ ਪੇਸ਼ ਕਰਨ ਵਾਲਾ ਉਹ ਬੰਦਾ ਬੜੀ ਦੂਰ ਤੱਕ ਚਲਾ ਜਾਂਦਾ ਹੈ।
ਭਾਰਤ ਦੇਸ਼ ਦੇ ਲੋਕਾਂ ਲਈ ਇਹ ਸੋਚ ਬਹੁਤ ਵੱਡੇ ਬਖੇੜੇ ਪੈਦਾ ਕਰਨ ਵਾਲੀ ਹੋ ਸਕਦੀ ਹੈ। ਹਿੰਦੂ ਧਰਮ ਤੇ ਜੈਨ ਜਾਂ ਬੁੱਧ ਧਰਮ ਪੁਰਾਤਨ ਸਮਿਆਂ ਤੋਂ ਇੱਕੋ ਭਾਰਤ ਵਿੱਚ ਇੱਕ-ਦੂਸਰੇ ਨੂੰ ਬਰਦਾਸ਼ਤ ਕਰਦੇ ਆਏ ਸਨ, ਪਰ ਕੁਝ ਦਹਾਕੇ ਪਹਿਲਾਂ ਉਨ੍ਹਾਂ ਦੋਵਾਂ ਧਰਮਾਂ ਅੰਦਰ ਵੀ ਹਿੰਦੂ ਧਰਮ ਦੇ ਕੁਝ ਲੋਕਾਂ ਨੇ ਮੱਤਭੇਦ ਪੈਦਾ ਕਰ ਲਏ ਹਨ। ਬਿਹਾਰ ਵਿੱਚ ਬੁੱਧ ਧਰਮ ਦਾ ਬਹੁਤ ਵੱਡਾ ਤੀਰਥ ਬੋਧ ਗਯਾ ਵਿੱਚ ਹੈ ਅਤੇ ਸਾਰੀ ਦੁਨੀਆ ਵਿੱਚੋਂ ਲੋਕ ਓਥੇ ਪੂਜਾ ਕਰਨ ਅਤੇ ਮਨ ਦੀ ਸ਼ਾਂਤੀ ਹਾਸਲ ਕਰਨ ਆਇਆ ਕਰਦੇ ਹਨ। ਉਸ ਅਸਥਾਨ ਬਾਰੇ ਦੋਵਾਂ ਧਰਮਾਂ ਦੀ ਖਿੱਚੋਤਾਣ ਹੋ ਚੁੱਕੀ ਹੈ। ਜੈਨ ਧਰਮ ਨਾਲ ਹਿੰਦੂ ਧਰਮ ਨੂੰ ਸਦੀਆਂ ਤੱਕ ਕਦੇ ਕਿਸੇ ਤਰ੍ਹਾਂ ਦੀ ਸਮੱਸਿਆ ਨਹੀਂ ਸੀ, ਪਰ ਹੁਣ ਜੂਨਾਗੜ੍ਹ ਨੇੜੇ ਗਿਰਨਾਰ ਪਰਬਤ ਦੇ ਮੁੱਦੇ ਤੋਂ ਉਨ੍ਹਾਂ ਨਾਲ ਵੀ ਤਨਾਅ ਪੈਦਾ ਹੋਣ ਲੱਗ ਪਿਆ ਹੈ। ਜੈਨ ਭਾਈਚਾਰਾ ਇਸ ਤੋਂ ਦੁਖੀ ਹੈ, ਪਰ ਬੋਲ ਨਹੀਂ ਰਿਹਾ। ਇਹੋ ਜਿਹੇ ਕਈ ਹੋਰ ਮੁੱਦੇ ਦੱਸੇ ਜਾ ਸਕਦੇ ਹਨ, ਜਿਨ੍ਹਾਂ ਨੂੰ ਫੋਲਣ ਨਾਲ ਇਹੋ ਕਚਰਾ ਨਿਕਲੇਗਾ।
ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਨੇ ਅੱਗੇ ਵਧਣਾ ਹੈ ਤਾਂ ਇਸ ਨੂੰ ਆਪਣੇ ਲੋਕਾਂ ਦੀ ਇੱਕ-ਸੁਰਤਾ ਪੈਦਾ ਕਰਨ ਦੀ ਲੋੜ ਹੈ, ਹਰ ਵਕਤ ਵਿਵਾਦਾਂ ਨੂੰ ਹਵਾ ਦੇਣ ਜਾਂ ਨਵੇਂ ਵਿਵਾਦ ਪੈਦਾ ਕਰਨ ਦੀ ਨੀਤੀ ਭਲਾ ਨਹੀਂ ਕਰ ਸਕਦੀ। ਜਿੱਥੋਂ ਤੱਕ ਸੰਗੀਤ ਸੋਮ ਤੇ ਵਿਨੇ ਕਟਿਆਰ ਵੱਲੋਂ ਉਠਾਏ ਤਾਜ ਮਹਿਲ ਦੇ ਮੁੱਦੇ ਦਾ ਸਵਾਲ ਹੈ, ਇਸ ਬਾਰੇ ਇਹੋ ਯਾਦ ਰੱਖਣਾ ਕਾਫੀ ਹੈ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਦੋ ਵਾਰੀ ਪਾਰਲੀਮੈਂਟ ਵਿੱਚ ਇਹ ਗੱਲ ਕਹੀ ਗਈ ਹੈ ਕਿ ਸਾਰੀ ਘੋਖ ਕਰ ਲੈਣ ਪਿੱਛੋਂ ਵੀ ਤਾਜ ਮਹਿਲ ਦੇ ਹਿੰਦੂ ਭਵਨ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ। ਇਹ ਗੱਲ ਪਾਰਲੀਮੈਂਟ ਵਿੱਚ ਮਹੇਸ਼ ਸ਼ਰਮਾ ਨਾਂਅ ਦੇ ਉਸ ਸੱਭਿਆਚਾਰ ਮੰਤਰੀ ਨੇ ਇੱਕ ਬਾਕਾਇਦਾ ਸਵਾਲ ਦੇ ਜਵਾਬ ਵਿੱਚ ਕਹੀ, ਜਿਹੜਾ ਗਊ ਮਾਸ ਦੇ ਦੋਸ਼ ਨਾਲ ਕੁੱਟ-ਕੁਟ ਕੇ ਮਾਰੇ ਗਏ ਅਖਲਾਕ ਦੇ ਪਿੰਡ ਵਾਲੀ ਲੋਕ ਸਭਾ ਸੀਟ ਤੋਂ ਭਾਜਪਾ ਟਿਕਟ ਉੱਤੇ ਜਿੱਤਿਆ ਸੀ। ਉਸ ਨੇ ਇਹ ਗੱਲ ਜਦੋਂ ਕਹੀ ਹੈ ਤਾਂ ਇਸ ਲਈ ਨਹੀਂ ਕਹੀ ਕਿ ਉਹ ਸੈਕੂਲਰ ਬਣਨ ਲੱਗਾ ਹੈ, ਸਗੋਂ ਇਸ ਲਈ ਕਹੀ ਕਿ ਸਮੁੱਚੀ ਘੋਖ ਦੇ ਬਾਅਦ ਸਾਹਮਣੇ ਆਏ ਤੱਥਾਂ ਨੂੰ ਝੁਠਲਾਉਣਾ ਔਖਾ ਸੀ। ਇਸ ਦੇ ਬਾਅਦ ਵੀ ਜਦੋਂ ਕੋਈ ਗਿਆਨ ਦੇ ਗਲ਼ ਰੱਸਾ ਪਾ ਕੇ ਆਪਣੀ ਮਰਜ਼ੀ ਦੇ ਮਾਰਗ ਉੱਤੇ ਧੂਹਣਾ ਚਾਹੁੰਦਾ ਹੈ ਤਾਂ ਉਸ ਤੋਂ ਦੇਸ਼ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ।
29 Oct 2017