ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਕਿਸੇ ਨਵੀਂ ਖੇਡ ਦੀ ਸ਼ੁਰੂਆਤ - ਜਤਿੰਦਰ ਪਨੂੰ
ਦਿੱਲੀ ਦੇ ਦਿਆਲ ਸਿੰਘ ਕਾਲਜ ਦਾ ਨਾਂਅ ਬਦਲ ਕੇ 'ਵੰਦੇ ਮਾਤਰਮ' ਕਾਲਜ ਰੱਖਣ ਦਾ ਫੈਸਲਾ ਕਰਨ ਦੇ ਖਿਲਾਫ ਦਿੱਲੀ ਦੇ ਕੁਝ ਸਿੱਖ ਆਗੂਆਂ ਨੇ ਖੜੇ ਪੈਰ ਵਿਰੋਧ ਪ੍ਰਗਟ ਕਰ ਦਿੱਤਾ। ਇਨ੍ਹਾਂ ਵਿੱਚ ਇੱਕ ਨਾਂਅ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਦਾ ਹੈ, ਜਿਸ ਨੇ ਹੁਣ ਇਸ ਕਾਲਜ ਦੀ ਕਮੇਟੀ ਦੇ ਪ੍ਰਧਾਨ ਵਿਰੁੱਧ ਦਿੱਲੀ ਪੁਲਸ ਕੋਲ ਬਾਕਾਇਦਾ ਸ਼ਿਕਾਇਤ ਵੀ ਲਿਖਵਾ ਦਿੱਤੀ ਹੈ। ਇਸ ਪਿੱਛੋਂ ਪ੍ਰਬੰਧਕੀ ਕਮੇਟੀ ਨੇ ਹੋਰ ਵੀ ਕਰੜਾ ਸਟੈਂਡ ਲੈ ਲਿਆ ਹੈ ਕਿ ਬਦਲ ਦਿੱਤਾ ਤਾਂ ਬਦਲ ਦਿੱਤਾ, ਇਸ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ। ਮਨਜਿੰਦਰ ਸਿੰਘ ਸਿਰਸਾ ਦੇ ਬਾਅਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਅਤੇ ਕੁਝ ਹੋਰ ਲੋਕ ਇਸ ਤਬਦੀਲੀ ਦੇ ਖਿਲਾਫ ਚੁੱਪ ਤੋੜਨ ਲਈ ਸਾਹਮਣੇ ਆਏ ਹਨ। ਸਾਬਕਾ ਪਾਰਲੀਮੈਂਟ ਮੈਂਬਰ ਤਰਲੋਚਨ ਸਿੰਘ ਦੀ ਜਿਹੜੀ ਤਿੱਖੀ ਆਵਾਜ਼ ਪਹਿਲੇ ਦਿਨ ਸੁਣੀਂਦੀ ਸੀ, ਉਹ ਉਸ ਦੇ ਬਾਅਦ ਓਨੀ ਤਿੱਖੀ ਨਹੀਂ ਰਹੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਕਾਲਜ ਦਾ ਨਾਂਅ ਬਦਲਣ ਦਾ ਕਾਫੀ ਤਿੱਖਾ ਵਿਰੋਧ ਕੀਤਾ, ਪਰ ਹੈਰਾਨੀ ਦੀ ਗੱਲ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਬਿਆਨ ਓਦੋਂ ਆਇਆ, ਜਦੋਂ ਇਸ ਵਿਵਾਦ ਨੂੰ ਇੱਕ ਹਫਤੇ ਦੇ ਕਰੀਬ ਹੋ ਗਿਆ। ਏਨਾ ਕੁਵੇਲਾ ਕਰ ਕੇ ਚੁੱਪ ਤੋੜੇ ਜਾਣ ਨਾਲ ਆਮ ਲੋਕਾਂ ਵਿੱਚ ਇਹ ਪ੍ਰਭਾਵ ਬਣਿਆ ਕਿ ਭਾਜਪਾ ਲੀਡਰਸ਼ਿਪ ਦੀ ਕੌੜੀ ਅੱਖ ਤੋਂ ਡਰਦਾ ਹੋਣ ਕਾਰਨ ਉਹ ਏਨੇ ਦਿਨਾਂ ਤੱਕ ਝਿਜਕਦਾ ਰਿਹਾ ਸੀ ਤੇ ਓਦੋਂ ਬੋਲਿਆ ਹੈ, ਜਦੋਂ ਹੋਰ ਕੋਈ ਰਾਹ ਨਹੀਂ ਸੀ ਰਹਿ ਗਿਆ।
ਮਨਜਿੰਦਰ ਸਿੰਘ ਸਿਰਸਾ ਦੀ ਇੱਕ ਮੀਡੀਆ ਚੈਨਲ ਉੱਤੇ ਇਸ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੁਖੀ ਨਾਲ ਚੋਖੀ ਕੌੜੀ ਝੜਪ ਵੀ ਹੋ ਗਈ। ਫਿਰ ਜੋ ਹੁੰਦਾ ਰਹਿੰਦਾ ਹੈ, ਉਹ ਸਿਰਸਾ ਨਾਲ ਵੀ ਹੋ ਗਿਆ। ਅੱਜ-ਕੱਲ੍ਹ ਇਸ ਦੇਸ਼ ਦੀ ਬਹੁ-ਗਿਣਤੀ ਆਬਾਦੀ ਦੇ ਜਜ਼ਬਾਤ ਭੜਕਾ ਕੇ ਰਾਜਨੀਤੀ ਕਰਨ ਵਾਲਿਆਂ ਦਾ ਮਨ-ਭਾਉਂਦਾ ਪੈਂਤੜਾ ਇਹੋ ਹੈ ਕਿ ਜਿਸ ਬੰਦੇ ਨਾਲ ਸੁਰ ਨਹੀਂ ਮਿਲਦੀ, ਉਸ ਨੂੰ ਜਾਂ ਕਹਿ ਦਿਓ ਕਿ ਉਹ ਪਾਕਿਸਤਾਨ ਚਲਾ ਜਾਵੇ ਜਾਂ ਫਿਰ ਧਮਕੀ ਦੇ ਦਿਓ ਕਿ ਤੇਰੇ ਵਰਗਿਆਂ ਨੂੰ ਪਾਕਿਸਤਾਨ ਧੱਕ ਦਿੱਤਾ ਜਾਵੇਗਾ। ਜਦੋਂ ਪੰਜਾਬੀ ਸੂਬਾ ਲਹਿਰ ਚੱਲਦੀ ਸੀ, ਉਸ ਲਹਿਰ ਦਾ ਵਿਰੋਧ ਕਰਨ ਵਾਲੇ ਟੋਲਿਆਂ ਲਈ ਮਨ-ਭਾਉਂਦਾ ਨਾਹਰਾ ਹੁੰਦਾ ਸੀ, 'ਕੱਛ ਕੜਾ ਕ੍ਰਿਪਾਨ, ਧੱਕ ਦਿਆਂਗੇ ਪਾਕਿਸਤਾਨ'। ਕਈ ਸਾਲਾਂ ਤੋਂ ਇਹ ਨਾਹਰਾ ਨਹੀਂ ਸੀ ਸੁਣਿਆ ਗਿਆ ਤੇ ਅਸੀਂ ਇਸ ਗੱਲੋਂ ਖੁਸ਼ ਸਾਂ ਕਿ ਘੱਟੋ-ਘੱਟ ਏਦਾਂ ਦੀ ਬਦ-ਮਜ਼ਗੀ ਹੁਣ ਨਹੀਂ ਹੋ ਰਹੀ। ਇਸ ਵਾਰੀ ਦਿੱਲੀ ਵਾਲੇ ਇਸ ਵਿਵਾਦ ਵਿੱਚ ਮਨਜਿੰਦਰ ਸਿੰਘ ਸਿਰਸਾ ਨਾਲ ਜੋ ਹੋਇਆ, ਉਹ ਪੰਜਾਬੀ ਸੂਬੇ ਵਾਲੇ ਉਨ੍ਹਾਂ ਦਿਨਾਂ ਦੇ ਨਾਹਰੇ ਦਾ ਚੇਤਾ ਕਰਾਉਣ ਲਈ ਕਾਫੀ ਹੈ। ਬਹੁ-ਗਿਣਤੀ ਦੀ ਫਿਰਕਾ ਪ੍ਰਸਤੀ ਦਾ ਜਨੂੰਨ ਇਸ ਹੱਦ ਤੱਕ ਚਲਾ ਗਿਆ ਹੈ ਕਿ ਭਾਜਪਾ ਦੀ ਟਿਕਟ ਉੱਤੇ ਵਿਧਾਇਕ ਬਣੇ ਹੋਏ ਅਕਾਲੀ ਆਗੂ ਸਿਰਸਾ ਨੂੰ ਵੀ ਨਹੀਂ ਬਖਸ਼ਿਆ।
ਜੀ ਹਾਂ, ਇਹ ਹੱਦੋਂ ਵੱਧ ਮਾੜਾ ਰਿਵਾਜ ਪੈ ਰਿਹਾ ਹੈ ਕਿ ਜਿਸ ਕਿਸੇ ਦੀ ਗੱਲ ਬਰਦਾਸ਼ਤ ਨਾ ਹੁੰਦੀ ਹੋਵੇ, ਝੱਟ ਉਸ ਨੂੰ 'ਪਾਕਿਸਤਾਨ ਚਲਾ ਜਾਹ' ਜਾਂ ਫਿਰ 'ਤੈਨੂੰ ਪਾਕਿਸਤਾਨ ਭੇਜ ਦਿਆਂਗੇ' ਆਖਣ ਨੂੰ ਦੇਰ ਨਹੀਂ ਲਾਈ ਜਾਂਦੀ। ਭਾਰਤ ਦੀ ਜਿਸ ਮਿੱਟੀ ਵਿੱਚ ਇਹ ਲੋਕ ਪਲ਼ੇ ਹਨ, ਦੂਸਰੇ ਵੀ ਓਸੇ ਵਿੱਚ ਪਲ਼ੇ ਅਤੇ ਪ੍ਰਵਾਨ ਚੜ੍ਹੇ ਹਨ। ਭਾਰਤ ਕਿਸੇ ਇੱਕ ਸਿਆਸੀ ਪਾਰਟੀ ਜਾਂ ਕਿਸੇ ਇੱਕ ਧਰਮ ਨਾਲ ਜੁੜੇ ਹੋਏ ਲੋਕਾਂ ਦੀ ਜਾਗੀਰ ਨਹੀਂ, ਸਾਰੇ ਭਾਰਤੀਆਂ ਦਾ ਹੈ ਤੇ ਅੱਜ ਦੇ ਪੜਾਅ ਤੱਕ ਜਿਹੜਾ ਪੈਂਡਾ ਇਸ ਨੇ ਤੈਅ ਕੀਤਾ ਹੈ, ਉਸ ਵਿੱਚ ਇਨ੍ਹਾਂ ਸਾਰੇ ਧਰਮਾਂ ਦੇ ਲੋਕਾਂ ਦਾ ਯੋਗਦਾਨ ਹੈ। ਆਜ਼ਾਦੀ ਲੈਣ ਦੇ ਲਈ ਜਿਹੜੀ ਲੜਾਈ ਲੜੀ ਗਈ, ਉਸ ਵਿੱਚ ਭਗਤ ਸਿੰਘ ਦੇ ਨਾਲ ਫਾਂਸੀ ਦਾ ਰੱਸਾ ਚੁੰਮਣ ਵਾਲਿਆਂ ਵਿੱਚ ਰਾਜਗੁਰੂ ਅਤੇ ਸੁਖਦੇਵ ਸਨ ਤਾਂ ਕਾਕੋਰੀ ਕੇਸ ਵਿੱਚ ਉਨ੍ਹਾਂ ਵਾਂਗ ਅਸ਼ਫਾਕ ਉੱਲਾ ਖਾਨ ਨੇ ਫਾਂਸੀ ਦਾ ਝੂਟਾ ਲਿਆ ਸੀ। ਜਦੋਂ ਦੇਸ਼ ਆਜ਼ਾਦ ਹੋ ਗਿਆ ਤਾਂ ਆਜ਼ਾਦੀ ਦੀ ਰਾਖੀ ਲਈ ਕੁਰਬਾਨੀ ਕਰਨ ਵਾਲਿਆਂ ਵਿੱਚ ਵੀ ਸਭ ਧਰਮਾਂ ਦੇ ਲੋਕ ਸ਼ਾਮਲ ਸਨ। ਆਜ਼ਾਦੀ ਮਿਲੀ ਨੂੰ ਅਜੇ ਚੰਦ ਹਫਤੇ ਗੁਜ਼ਰੇ ਸਨ, ਜਦੋਂ ਪਾਕਿਸਤਾਨ ਸਰਕਾਰ ਨੇ ਕਬਾਇਲੀ ਲੋਕਾਂ ਦਾ ਭੇਸ ਬਣਾ ਕੇ ਆਪਣੀ ਫੌਜ ਕਸ਼ਮੀਰ ਘਾਟੀ ਵਿੱਚ ਵਾੜ ਦਿੱਤੀ ਸੀ। ਓਦੋਂ ਤੱਕ ਕਸ਼ਮੀਰ ਦਾ ਰਾਜਾ ਦੋ ਦੇਸ਼ਾਂ ਵਿਚਾਲੇ ਆਜ਼ਾਦ ਰਹਿ ਕੇ ਠਾਠ ਮਾਣਨ ਦੇ ਸੁਫਨੇ ਲੈ ਰਿਹਾ ਸੀ, ਪਰ ਪਾਕਿਸਤਾਨੀ ਫੌਜ ਦੀ ਚੜ੍ਹਤ ਵੇਖ ਕੇ ਉਸ ਨੇ ਭਾਰਤ ਵਿੱਚ ਰਲਣ ਦੀ ਸਹਿਮਤੀ ਦੇ ਦਿੱਤੀ ਤੇ ਇਸ ਮਗਰੋਂ ਭਾਰਤੀ ਫੌਜ ਓਥੇ ਭੇਜੀ ਗਈ ਸੀ। ਹਮਲਾ ਇਸਲਾਮ ਦੇ ਨਾਂਅ ਉੱਤੇ ਨਵੇਂ ਬਣੇ ਹੋਏ ਦੇਸ਼ ਪਾਕਿਸਤਾਨ ਨੇ ਕੀਤਾ ਸੀ, ਪਰ ਉਸ ਨੂੰ ਠੱਲ੍ਹਣ ਲਈ ਪਹਿਲੇ ਪੜਾਅ ਉੱਤੇ ਜਿਹੜੇ ਲੋਕਾਂ ਨੇ ਜਾਨਾਂ ਵਾਰੀਆਂ ਸਨ, ਉਨ੍ਹਾਂ ਵਿੱਚ ਇੱਕ ਨਾਂਅ ਬ੍ਰਿਗੇਡੀਅਰ ਉਸਮਾਨ ਅਲੀ ਦਾ ਸੀ, ਜਿਸ ਨੂੰ ਮਰਨ ਪਿੱਛੋਂ ਮਹਾਂਵੀਰ ਚੱਕਰ ਦਿੱਤਾ ਗਿਆ ਸੀ। ਅਗਲੀ ਜੰਗ ਦੇ ਦੌਰਾਨ ਖੇਮਕਰਨ ਸੈਕਟਰ ਵਿੱਚ ਪਾਕਿਸਤਾਨ ਦੇ ਕਈ ਟੈਂਕ ਤੋੜਨ ਦੇ ਬਾਅਦ ਹਵਾਲਦਾਰ ਅਬਦੁਲ ਹਮੀਦ ਨੇ ਬਹਾਦਰੀ ਨਾਲ ਲੜਦਿਆਂ ਸ਼ਹੀਦੀ ਪਾਈ ਸੀ ਤੇ ਸਭ ਤੋਂ ਵੱਡਾ ਸਨਮਾਨ ਪਰਮਵੀਰ ਚੱਕਰ ਮਰਨ ਪਿੱਛੋਂ ਉਸ ਬਹਾਦਰ ਦੇ ਨਾਂਅ ਐਲਾਨ ਕੀਤਾ ਗਿਆ ਸੀ। ਤੀਸਰੀ ਜੰਗ ਮੌਕੇ ਪਾਕਿਸਤਾਨ ਖਿਲਾਫ ਲੜਦਿਆਂ ਪੰਜਾਬ ਦੇ ਨਿਰਮਲਜੀਤ ਸਿੰਘ ਸੇਖੋਂ ਨੇ ਦੇਸ਼ ਲਈ ਜਾਨ ਵਾਰੀ ਸੀ। ਉਨ੍ਹਾਂ ਸਾਰਿਆਂ ਦੀ ਕੁਰਬਾਨੀ ਕਿਸੇ ਪੱਖੋਂ ਊਣੀ-ਪੌਣੀ ਨਹੀਂ, ਸਗੋਂ ਦੂਣ-ਸਵਾਈ ਸੀ।
ਅਸੀਂ ਪਿਛਲੇ ਦਿਨਾਂ ਤੋਂ ਇੱਕ ਜਾਂ ਦੂਸਰੇ ਬਹਾਨੇ ਹੇਠ ਇੱਕ ਫਿਰਕੂ ਉਬਾਲ ਉੱਠਦਾ ਵੇਖਦੇ ਪਏ ਹਾਂ। ਇਸ ਵੇਲੇ ਦਿੱਲੀ ਵਿੱਚ ਦਿਆਲ ਸਿੰਘ ਕਾਲਜ ਦਾ ਨਾਂਅ ਬਦਲਣ ਦੇ ਬਹਾਨੇ ਏਸੇ ਖੇਡ ਦੀ ਸ਼ੁਰੂਆਤ ਕੀਤੀ ਗਈ ਹੈ। ਦਿਆਲ ਸਿੰਘ ਕਾਲਜ ਦੇ ਬਾਅਦ ਗੱਲ ਰੁਕ ਨਹੀਂ ਜਾਣੀ, ਕੱਲ੍ਹ ਨੂੰ ਕੋਈ ਇਹ ਕਹੇਗਾ ਕਿ ਦਿਆਲ ਸਿੰਘ ਨੇ ਪੰਜਾਬ ਨੈਸ਼ਨਲ ਬੈਂਕ ਸ਼ੁਰੂ ਕਰਵਾਇਆ ਸੀ, ਉਸ ਬੈਂਕ ਦਾ ਨਾਂਅ ਵੀ ਬਦਲ ਦਿੱਤਾ ਜਾਵੇ ਅਤੇ ਇੱਕ ਦਿਨ ਅਚਾਨਕ ਬੈਠਕ ਲਾ ਕੇ ਚਾਰ ਬੰਦੇ ਐਲਾਨ ਕਰ ਦੇਣਗੇ ਕਿ ਇਸ ਦਾ ਨਾਂਅ ਫਲਾਣਾ ਬੈਂਕ ਕਰ ਦਿੱਤਾ ਗਿਆ ਹੈ। ਇੱਕ ਵਾਰੀ ਸ਼ੁਰੂ ਹੋਈ ਏਦਾਂ ਦੀ ਖੇਡ ਫਿਰ ਰੁਕਦੀ ਨਹੀਂ ਹੁੰਦੀ। ਸਿਆਣੇ ਕਹਿੰਦੇ ਹੁੰਦੇ ਸਨ ਕਿ ਕੁਚੱਜ ਦੀ ਸ਼ੁਰੂਆਤ ਇੱਕ ਵਾਰ ਹੋ ਜਾਵੇ ਤਾਂ ਕੱਚੀ ਲੱਸੀ ਵਾਂਗ ਵਧੀ ਜਾਂਦੀ ਹੈ। ਭਾਰਤ ਦੇਸ਼ ਸਦੀਆਂ ਤੋਂ, ਅਤੇ ਉਸ ਤੋਂ ਵੀ ਪਹਿਲਾਂ ਸ਼ਾਇਦ ਯੁੱਗਾਂ ਤੋਂ, ਜਿਵੇਂ ਚੱਲਦਾ ਰਿਹਾ ਹੈ, ਇਸ ਨੂੰ ਆਪਣੇ ਉਸ ਰਾਹ ਉੱਤੇ ਓਸੇ ਤਰ੍ਹਾਂ ਵਧਦੇ ਜਾਣਾ ਚਾਹੀਦਾ ਹੈ। ਅੜਿੱਕੇ ਇਸ ਅੱਗੇ ਉਸ ਵੇਲੇ ਵੀ ਆਏ ਸਨ, ਜਦੋਂ ਮਨੂੰ ਸਿਮ੍ਰਤੀ ਲਾਗੂ ਕੀਤੀ ਤੇ ਕ੍ਰਿਤੀ ਲੋਕਾਂ ਨੂੰ ਆਬਾਦੀਆਂ ਤੋਂ ਦੂਰ ਕਰ ਦਿੱਤਾ ਗਿਆ ਸੀ, ਅਤੇ ਓਦੋਂ ਵੀ ਆਏ, ਜਦੋਂ ਗਰੀਬਾਂ ਦੇ ਕੰਨਾਂ ਵਿੱਚ ਪਿਘਲਿਆ ਸ਼ੀਸ਼ਾ ਪਾਇਆ ਗਿਆ ਸੀ। ਦੇਸ਼ ਨੇ ਆਖਰ ਉਹ ਅੜਿੱਕੇ ਪਾਰ ਕਰ ਲਏ ਸਨ। ਹੁਣ ਨਵੇਂ ਅੜਿੱਕੇ ਖੜੇ ਕੀਤੇ ਜਾ ਰਹੇ ਹਨ, ਪਰ ਇਹ ਸਦਾ ਨਹੀਂ ਰਹਿਣੇ। ਇੱਕ ਜੁਝਾਰੂ ਕਵੀ ਨੇ ਲਿਖਿਆ ਸੀ: 'ਹੌਸਲੇ ਪਏ ਖੇਡਦੇ ਨੇ ਕਾਲੀਆਂ ਰਾਤਾਂ ਦੇ ਨਾਲ, ਇਹ ਭਰੋਸਾ ਹੈ ਮਿਰਾ, ਰੋਸ਼ਨ ਸਵੇਰੇ ਆਉਣਗੇ'। ਇਹ ਭਰੋਸਾ ਦੇਸ਼ ਦੀ ਅਗਵਾਈ ਜ਼ਰੂਰ ਕਰੇਗਾ।
26 Nov 2017