'ਸਭ ਤੋਂ ਵੱਡੀ ਸੈਕੂਲਰ' ਹੋਣ ਦੇ ਵਹਿਮ ਹੇਠ 'ਬੇਵਕੂਫਾਂ ਦੀ ਬਰਾਤ' ਬਣੀ ਪਈ ਕਾਂਗਰਸ ਪਾਰਟੀ - ਜਤਿੰਦਰ ਪਨੂੰ
ਹੱਥਲੀ ਲਿਖਤ ਗੁਜਰਾਤ ਵਿਧਾਨ ਸਭਾ ਲਈ ਵੋਟਾਂ ਪੈਣ ਤੋਂ ਬਾਅਦ ਅਤੇ ਨਤੀਜਾ ਨਿਕਲਣ ਤੋਂ ਪਹਿਲਾਂ ਜਾਣ-ਬੁੱਝ ਕੇ ਇਸ ਲਈ ਲਿਖੀ ਗਈ ਹੈ ਕਿ ਇਸ ਨੂੰ ਨਤੀਜਿਆਂ ਦੇ ਇੱਕ ਜਾਂ ਦੂਸਰੇ ਪੱਖ ਵਿੱਚ ਭੁਗਤਣ ਨਾਲ ਜੋੜਨ ਬਿਨਾਂ ਪੜ੍ਹਨ ਦੀ ਕੋਸ਼ਿਸ਼ ਕੀਤੀ ਜਾਵੇ। ਉਮਰ ਦੇ ਚੌਧਵੇਂ ਸਾਲ ਵਿੱਚ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਵੇਖੀ ਸੀ, ਜਿਸ ਵਿੱਚ ਹਰਿਆਣੇ ਤੋਂ ਵੱਖ ਹੋਏ ਪੰਜਾਬ ਦਾ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫਰ ਵੀ ਬੋਲਦਾ ਸੁਣ ਲਿਆ ਸੀ ਤੇ ਅਕਾਲੀ ਦਲ ਦਾ ਪ੍ਰਧਾਨ ਸੰਤ ਫਤਹਿ ਸਿੰਘ ਵੀ। ਉਨ੍ਹਾਂ ਦੇ ਭਾਸ਼ਣ ਸਿਰਾਂ ਉੱਤੋਂ ਲੰਘ ਗਏ ਸਨ। ਰਾਜਨੀਤਕ ਸੂਝ ਨਾ ਹੋਣ ਕਾਰਨ ਬਹੁਤਾ ਕੁਝ ਯਾਦ ਨਹੀਂ ਰਹਿ ਸਕਿਆ, ਪਰ ਓਦੋਂ ਬਾਅਦ ਪੰਜਾਹ ਸਾਲਾਂ ਵਿੱਚ ਜਿੰਨੀਆਂ ਵੀ ਚੋਣਾਂ ਵੇਖਣ ਦਾ ਮੌਕਾ ਮਿਲਿਆ, ਰਾਜਨੀਤਕ ਤੋਹਮਤਾਂ ਦੀ ਏਨੀ ਵਾਛੜ ਕਦੀ ਨਹੀਂ ਸੀ ਵੇਖੀ, ਜਿੰਨੀ ਇਸ ਵਾਰੀ ਚੋਣਾਂ ਦੌਰਾਨ ਗੁਜਰਾਤ ਵਿੱਚ ਵੇਖਣ ਨੂੰ ਮਿਲੀ ਹੈ। ਘੱਟ ਕਿਸ ਨੇ ਕੀਤੀ ਤੇ ਬਹੁਤਾ ਕੌਣ ਵਰ੍ਹਿਆ, ਕਹਿ ਸਕਣਾ ਔਖਾ ਹੈ। ਉਂਜ ਸਿਆਣੇ ਇਹ ਕਹਿੰਦੇ ਸੁਣੇ ਸਨ ਕਿ ਜਿਸ ਦਾ ਜਿੰਨਾ ਰੁਤਬਾ ਉੱਚਾ ਹੋਵੇ, ਉਸ ਕੋਲੋਂ ਓਨੀ ਵੱਧ ਠਰ੍ਹੰਮੇ ਅਤੇ ਅਕਲ ਨਾਲ ਬੋਲਣ ਦੀ ਆਸ ਹੁੰਦੀ ਹੈ। ਇਸ ਵਾਰੀ ਇਹ ਆਸ ਪ੍ਰਧਾਨ ਮੰਤਰੀ ਮੋਦੀ ਤੋਂ ਸੀ, ਪਰ ਪੂਰੀ ਨਹੀਂ ਹੋਈ।
ਅਸੀਂ ਬਹੁਤ ਸਾਰੇ ਲੋਕਾਂ ਨਾਲ ਇਸ ਪੱਖੋਂ ਸਹਿਮਤ ਹਾਂ ਕਿ ਪ੍ਰਧਾਨ ਮੰਤਰੀ ਨੇ ਕਈ ਮੌਕਿਆਂ ਉੱਤੇ ਆਪਣੇ ਅਹੁਦੇ ਦਾ ਅਹਿਸਾਸ ਭੁਲਾ ਕੇ ਦੂਸਰਿਆਂ ਉੱਤੇ ਹਮਲੇ ਕੀਤੇ ਸਨ। ਰਾਹੁਲ ਗਾਂਧੀ ਨੂੰ ਮੁਗਲ-ਵੰਸ਼ ਨਾਲ ਜੋੜ ਦੇਣਾ ਏਸੇ ਦੀ ਇੱਕ ਵੰਨਗੀ ਸੀ। ਦੂਸਰਾ ਮੌਕਾ ਉਹ ਸੀ, ਜਦੋਂ ਉਨ੍ਹਾ ਨੇ ਗੁਜਰਾਤ ਚੋਣਾਂ ਵਿੱਚ ਪਾਕਿਸਤਾਨ ਦਾ ਜ਼ਿਕਰ ਛੋਹ ਦਿੱਤਾ ਅਤੇ ਇੱਕ ਰਾਜ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਦੇ ਆਗੂਆਂ ਉੱਤੇ ਗਵਾਂਢੀ ਦੇਸ਼ ਨਾਲ 'ਸਾਜ਼ਿਸ਼ ਵਰਗੀ ਮੀਟਿੰਗ ਕਰਨ' ਦੀ ਦੁਹਾਈ ਪਾ ਦਿੱਤੀ ਸੀ। ਇਹ ਗੱਲ ਪ੍ਰਧਾਨ ਮੰਤਰੀ ਦੇ ਪੱਧਰ ਦੀ ਨਹੀਂ ਸੀ ਲੱਗਦੀ। ਜਿਸ ਮੀਟਿੰਗ ਦੀ ਗੱਲ ਉਨ੍ਹਾ ਨੇ ਛੇੜੀ, ਉਸ ਵਿੱਚ ਗਏ ਲੋਕਾਂ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਰਹਿ ਚੁੱਕੇ ਮਨਮੋਹਨ ਸਿੰਘ ਵੀ ਸਨ, ਦੇਸ਼ ਦੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅਨਸਾਰੀ ਵੀ ਤੇ ਭਾਰਤੀ ਫੌਜ ਦਾ ਇੱਕ ਸਾਬਕਾ ਮੁਖੀ ਵੀ। ਪ੍ਰਧਾਨ ਮੰਤਰੀ ਮੋਦੀ ਨੇ ਜਦੋਂ ਇਹ ਮੁੱਦਾ ਚੁੱਕ ਲਿਆ, ਮੀਟਿੰਗ ਵਿੱਚ ਗਏ ਸਾਰੇ ਲੋਕ ਸਫਾਈਆਂ ਦੇਣ ਵਿੱਚ ਉਲਝ ਗਏ। ਨਰਿੰਦਰ ਮੋਦੀ ਨੇ ਇਹ ਵੀ ਗੱਲ ਉਛਾਲ ਦਿੱਤੀ ਕਿ ਰਾਤੀਂ ਮੀਟਿੰਗ ਹੋਈ ਅਤੇ ਅਗਲੇ ਦਿਨ ਕਾਂਗਰਸ ਆਗੂ ਮਣੀ ਸ਼ੰਕਰ ਨੇ ਮੇਰੇ ਬਾਰੇ ਇੱਕ ਬੜੇ ਨੀਵੇਂ ਪੱਧਰ ਦੀ ਟਿੱਪਣੀ ਕਰ ਦਿੱਤੀ। ਕਾਂਗਰਸ ਆਗੂ ਮਣੀ ਸ਼ੰਕਰ ਦੀ ਉਹ ਟਿੱਪਣੀ ਵਾਹਯਾਤ ਸੀ। ਕਾਂਗਰਸ ਪਾਰਟੀ ਨੇ ਉਸ ਨੂੰ ਪਹਿਲਾਂ ਸਿਰਫ ਮੁਆਫੀ ਮੰਗਣ ਨੂੰ ਕਿਹਾ ਤੇ ਜਦੋਂ ਏਨੇ ਨਾਲ ਗੱਲ ਨਾ ਬਣੀ ਤਾਂ ਸਸਪੈਂਡ ਕਰ ਦਿੱਤਾ। ਇਹ ਕੰਮ ਪਹਿਲੇ ਪੜਾਅ ਉੱਤੇ ਕੀਤਾ ਜਾ ਸਕਦਾ ਸੀ, ਉਂਜ ਏਦਾਂ ਦਾ ਮੂੰਹ-ਫੱਟ ਲੀਡਰ ਬੜਾ ਪਹਿਲਾਂ ਦਾ ਕਾਂਗਰਸ ਵਿੱਚੋਂ ਕੱਢਿਆ ਜਾਣਾ ਚਾਹੀਦਾ ਸੀ, ਜਿਹੜਾ ਜਦੋਂ ਵੀ ਬੋਲਦਾ ਹੈ, ਕੰਨਾਂ ਤੱਕ ਮੂੰਹ ਪਾੜ ਕੇ ਬੋਲਦਾ ਹੈ। ਪਾਰਟੀ ਵਿੱਚ ਉਸ ਨੂੰ ਸਿਆਣਾ ਗਿਣਿਆ ਜਾਂਦਾ ਹੈ ਤੇ ਜਿੱਥੇ ਏਦਾਂ ਦੇ 'ਸਿਆਣੇ' ਮੌਜੂਦ ਹਨ, ਉਸ ਪਾਰਟੀ ਨੂੰ ਦੁਸ਼ਮਣਾਂ ਦੀ ਕੀ ਲੋੜ ਹੈ!
ਮੈਂ ਭਾਜਪਾ ਤੇ ਇਸ ਦੇ ਸਿਆਸੀ ਪੈਂਤੜਿਆਂ ਨੂੰ ਸਹੀ ਠਹਿਰਾਉਣ ਵਾਲਿਆਂ ਨਾਲ ਨਹੀਂ, ਪਰ ਇਸ ਮੌਕੇ ਇਹ ਕਹੇ ਬਿਨਾਂ ਵੀ ਨਹੀਂ ਰਹਿ ਸਕਦਾ ਕਿ ਭਾਜਪਾ ਅਤੇ ਭਾਰਤ ਨੂੰ ਇਸ ਹੱਦ ਤੱਕ ਉਨ੍ਹਾਂ ਕਾਂਗਰਸ ਵਾਲਿਆਂ ਨੇ ਹੀ ਪੁਚਾਇਆ ਹੈ, ਜਿਹੜੇ ਸੈਕੂਲਰ ਫੋਰਸਾਂ ਦੇ ਆਗੂ ਹੋਣ ਦਾ ਦਾਅਵਾ ਕਰਨ ਲੱਗੇ ਰਹਿੰਦੇ ਹਨ। ਕਾਂਗਰਸ ਨੂੰ ਸੈਕੂਲਰ ਫੋਰਸਾਂ ਦੀ ਅਗਵਾਨੂੰ ਮੰਨਣ ਵਾਲੇ ਸੱਜਣ ਇਹ ਗੱਲ ਭੁੱਲ ਜਾਂਦੇ ਹਨ ਕਿ ਉਸ ਦੇ ਆਪਣੇ ਛੱਤੀ ਨੁਕਸ ਸਨ, ਜਿਨ੍ਹਾਂ ਕਾਰਨ ਦੇਸ਼ ਅੱਜ ਵਾਲੇ ਮੋੜ ਤੱਕ ਆ ਪਹੁੰਚਿਆ ਹੈ, ਪਰ ਕਾਂਗਰਸੀ ਤੇ ਉਨ੍ਹਾਂ ਦੇ ਹਮਾਇਤੀ ਇਹ ਗੱਲ ਯਾਦ ਨਹੀਂ ਕਰਨਾ ਚਾਹੁੰਦੇ। ਜਦੋਂ ਪਿੱਛਲ ਝਾਤ ਮਾਰੀਏ ਤਾਂ ਬਹੁਤ ਸਾਰੇ ਮਾਮਲੇ ਇਹੋ ਜਿਹੇ ਸਿਰ ਚੁੱਕ ਲੈਂਦੇ ਹਨ, ਜਿਹੜੇ ਜਵਾਬ ਮੰਗ ਸਕਦੇ ਹਨ।
ਹਾਲੇ ਕੁਝ ਦਿਨ ਹੋਏ, ਇੱਕ ਮੀਡੀਆ ਚੈਨਲ ਦੀ ਬਹਿਸ ਵਿੱਚ ਕੁਝ ਅਕਾਲੀ ਤੇ ਕੁਝ ਕਾਂਗਰਸੀ ਖਹਿਬੜਦੇ ਵੇਖੇ ਸਨ। ਕਾਂਗਰਸੀ ਸੱਜਣ ਅਕਾਲੀਆਂ ਨੂੰ ਇਹ ਮਿਹਣਾ ਦੇ ਰਿਹਾ ਸੀ ਕਿ ਤੁਸੀਂ ਤਾਂ ਖਾਲਿਸਤਾਨ ਦੀ ਨੀਂਹ ਤਿਆਰ ਕੀਤੀ ਤੇ ਫਿਰ ਸਾਰਾ ਮਾਹੌਲ ਵਿਗਾੜ ਕੇ ਤੁਹਾਡੇ ਆਗੂ ਕੰਨੀ ਕੱਟ ਗਏ ਸਨ। ਮੈਨੂੰ ਉਹ ਦਿਨ ਯਾਦ ਹੈ, ਜਦੋਂ ਪੰਜਾਬ ਵਿੱਚ ਪਹਿਲੀ ਗੈਰ ਕਾਂਗਰਸੀ ਸਰਕਾਰ ਦੇ ਇੱਕ ਮੰਤਰੀ ਲਛਮਣ ਸਿੰਘ ਗਿੱਲ ਨੂੰ ਅਕਾਲੀ ਦਲ ਤੋਂ ਬਾਗੀ ਕਰਵਾ ਕੇ ਉਸ ਦੀ ਅਗਵਾਈ ਹੇਠ ਸਰਕਾਰ ਬਣਵਾਈ ਗਈ ਤੇ ਡਾਕਟਰ ਜਗਜੀਤ ਸਿੰਘ ਚੌਹਾਨ ਵਰਗਾ ਬੰਦਾ ਕਾਂਗਰਸ ਦੀ ਮਦਦ ਨਾਲ ਉਸ ਸਰਕਾਰ ਦਾ ਖਜ਼ਾਨਾ ਮੰਤਰੀ ਬਣਾਇਆ ਸੀ। ਓਦੋਂ ਤੱਕ ਖਾਲਿਸਤਾਨ ਦਾ ਕਿਸੇ ਨੇ ਨਾਂਅ ਨਹੀਂ ਸੀ ਸੁਣਿਆ। 'ਸਿੱਖ ਹੋਮਲੈਂਡ' ਵਾਲਾ ਨਾਅਰਾ ਪਹਿਲੀ ਵਾਰ ਲੱਗਾ ਸੀ ਤੇ ਇਹ ਲਛਮਣ ਸਿੰਘ ਗਿੱਲ ਦੀ ਅਗਵਾਈ ਵਾਲੀ ਸਰਕਾਰ ਟੁੱਟਣ ਪਿੱਛੋਂ ਓਸੇ ਡਾਕਟਰ ਜਗਜੀਤ ਸਿੰਘ ਚੌਹਾਨ ਨੇ ਲਾਇਆ ਸੀ। ਕਾਂਗਰਸੀ ਆਗੂ ਓਦੋਂ ਹੱਸਦੇ ਹੁੰਦੇ ਸਨ ਕਿ ਅਕਾਲੀ ਇਸ ਚਾਲ ਵਿੱਚ ਫਸ ਗਏ ਹਨ, ਪਰ ਹੁਣ ਅਕਾਲੀਆਂ ਨੂੰ ਓਸੇ ਨਾਅਰੇ ਲਈ ਦੋਸ਼ੀ ਠਹਿਰਾਉਂਦੇ ਅਤੇ ਆਪ ਸੈਕੂਲਰ ਬਣਨਾ ਚਾਹੁੰਦੇ ਹਨ। ਇਤਿਹਾਸ ਆਪਣੀ ਬੁੱਕਲ ਦੇ ਕਾਗਜ਼ ਕਦੇ ਫੂਕਦਾ ਨਹੀਂ ਹੁੰਦਾ, ਉਹ ਹਾਲੇ ਵੀ ਕਾਇਮ ਹਨ।
ਇੱਕ ਮਿਸਾਲ ਹੋਰ ਹੈ। ਕਈ ਸਾਲ ਪਹਿਲਾਂ ਇੱਕ ਵਾਰ ਆਜ਼ਾਦੀ ਦਿਨ ਮੌਕੇ ਜਦੋਂ ਅਸੀਂ ਵਿਦੇਸ਼ ਵਿੱਚ ਸਾਂ, ਭਾਰਤ ਦੇ ਦੂਤਘਰ ਵਿੱਚ ਉਸ ਦਿਨ ਕੀਤੇ ਜਾ ਰਹੇ ਸਮਾਗਮ ਦਾ ਸੱਦਾ ਕਿਸੇ ਨੇ ਦੇ ਦਿੱਤਾ। ਭਾਰਤ ਵਿੱਚ ਕਾਂਗਰਸੀ ਸਰਕਾਰ ਸੀ, ਪਰ ਸਮਾਗਮ ਪਿੱਛੋਂ ਖਾਣਾ ਖਾਂਦੇ ਸਮੇਂ ਉਸ ਦੂਤਘਰ ਦਾ ਸਭ ਤੋਂ ਵੱਡਾ ਅਧਿਕਾਰੀ ਦੇਸ਼ ਦੀ ਕਾਂਗਰਸੀ ਸਰਕਾਰ ਹੁੰਦਿਆਂ ਵੀ ਇੱਕ ਨਾ ਇੱਕ ਦਿਨ ਭਾਜਪਾ ਰਾਜ ਆਉਣ ਦੀ ਗੱਲ ਏਦਾਂ ਕਹੀ ਜਾਂਦਾ ਸੀ, ਜਿਵੇਂ ਭਾਜਪਾ ਆਗੂ ਕਹਿੰਦੇ ਸੁਣਦੇ ਸਨ। ਉਸ ਵੱਡੇ ਅਹਿਲਕਾਰ ਦਾ ਪੁੱਤਰ ਭਾਰਤ ਵਿੱਚ ਕਾਂਗਰਸ ਪਾਰਟੀ ਦਾ ਆਗੂ ਸੀ। ਫਿਰ ਉਹ ਰਾਜਦੂਤ ਵਾਪਸ ਆ ਕੇ ਖੁਦ ਭਾਜਪਾ ਦਾ ਆਗੂ ਜਾ ਬਣਿਆ ਤੇ ਪੁੱਤਰ ਕਾਂਗਰਸ ਨਾਲ ਜੁੜਿਆ ਰਿਹਾ। ਜਾਣਕਾਰ ਕਹਿੰਦੇ ਸਨ ਕਿ ਇਸ ਦਾ ਪੁੱਤਰ ਵੀ ਕਾਂਗਰਸੀ ਨਹੀਂ, ਕਾਂਗਰਸ ਦੇ ਵਿੱਚ ਭਾਜਪਾ ਦਾ ਸੈੱਲ ਹੈ। ਕੁਝ ਚਿਰ ਪਿੱਛੋਂ ਅਸੀਂ ਵੇਖਿਆ ਕਿ ਨਰਿੰਦਰ ਮੋਦੀ ਦੀ ਚੜ੍ਹਤ ਵੇਲੇ ਕਾਂਗਰਸ ਵਿੱਚੋਂ ਇਹੋ ਜਿਹੇ ਕਈ ਬੰਦੇ ਨਿਬੇੜੇ ਦੀ ਘੜੀ ਛੜੱਪਾ ਮਾਰ ਕੇ ਭਾਜਪਾ ਵਿੱਚ ਜਾ ਵੜੇ ਸਨ।
ਕੀ ਇਹ ਗੱਲ ਹੁਣ ਨਹੀਂ ਹੋ ਸਕਦੀ? ਅੱਜ ਦੀ ਕਾਂਗਰਸ ਵੀ ਕਿਹੜੀ ਕਿਸੇ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਚੱਲਦੀ ਹੈ, ਜਿਸ ਵਿੱਚ ਇਹੋ ਜਿਹੇ ਤੱਤਾਂ ਲਈ ਥਾਂ ਨਹੀਂ ਹੋਵੇਗੀ! ਏਦਾਂ ਲੱਗਦਾ ਹੈ ਕਿ ਕੁਝ ਤੱਤ ਖਾਸ ਮੌਕਾ ਚੁਣਦੇ ਤੇ ਕਾਂਗਰਸ ਲੀਡਰਸ਼ਿਪ ਦਾ ਭੱਠਾ ਬਿਠਾਉਣ ਲਈ ਏਦਾਂ ਦਾ ਪੈਂਤੜਾ ਵਰਤਦੇ ਹਨ ਕਿ ਪਾਰਟੀ ਨੂੰ ਆਪਣੇ ਬਚਾਅ ਵਾਸਤੇ ਦਲੀਲਾਂ ਨਹੀਂ ਲੱਭਦੀਆਂ। ਜਦੋਂ ਡੋਕਲਾਮ ਵਿੱਚ ਚੀਨ ਨਾਲ ਬੜੀ ਤਨਾਅ ਦੀ ਸਥਿਤੀ ਬਣੀ ਹੋਈ ਸੀ, ਓਦੋਂ ਭਾਰਤ ਵਿੱਚ ਚੀਨ ਦੇ ਰਾਜਦੂਤ ਨੂੰ ਰਾਹੁਲ ਗਾਂਧੀ ਮਿਲਣ ਚਲਾ ਗਿਆ। ਖਬਰ ਫੈਲ ਗਈ ਤਾਂ ਪਹਿਲਾਂ ਕਾਂਗਰਸ ਨੇ ਇਸ ਦਾ ਖੰਡਨ ਕਰ ਕੇ ਬਾਅਦ 'ਚ ਇਸ ਨੂੰ ਇੱਕ ਸਾਧਾਰਨ ਮਿਲਣੀ ਕਹਿ ਕੇ ਟਾਲਣ ਦੀ ਕੋਸ਼ਿਸ਼ ਕੀਤੀ। ਰਾਹੁਲ ਨੇ ਉਹ ਮੌਕਾ ਚੁਣਿਆ ਕਿਉਂ ਸੀ, ਇਹ ਮਿਲਣੀ ਇੱਕ ਮਹੀਨਾ ਪਹਿਲਾਂ ਜਾਂ ਇੱਕ ਮਹੀਨਾ ਮਗਰੋਂ ਕਿਉਂ ਨਹੀਂ ਸੀ ਹੋ ਸਕਦੀ? ਮਣੀ ਸ਼ੰਕਰ ਅਈਅਰ ਦੀ ਜਿਸ ਮੀਟਿੰਗ ਨੇ ਹੁਣ ਆਖਰੀ ਦਿਨਾਂ ਵਿੱਚ ਗੁਜਰਾਤ ਚੋਣਾਂ ਦਾ ਰਾਜਸੀ ਦ੍ਰਿਸ਼ ਸਾਜ਼ਿਸ਼ ਵਰਗਾ ਬਣਾਉਣ ਵਾਲਾ ਮੌਕਾ ਪੇਸ਼ ਕੀਤਾ, ਇਹ ਮੀਟਿੰਗ ਗੁਜਰਾਤ ਦੀਆਂ ਚੋਣਾਂ ਦੌਰਾਨ ਕਰਨ ਦੀ ਕੀ ਲੋੜ ਸੀ? ਕਮਾਲ ਦੀ ਗੱਲ ਹੈ ਕਿ ਉਸ ਮੀਟਿੰਗ ਵਿੱਚ ਜਿਹੜੇ ਲੋਕ ਗਏ, ਉਨ੍ਹਾਂ ਵਿੱਚ ਨਟਵਰ ਸਿੰਘ ਦਾ ਨਾਂਅ ਵੀ ਹੈ, ਜਿਹੜਾ ਕਦੀ ਦੇਸ਼ ਦਾ ਵਿਦੇਸ਼ ਮੰਤਰੀ ਹੁੰਦਾ ਸੀ ਤੇ ਇਰਾਕ ਨਾਲ ਅਨਾਜ ਬਦਲੇ ਤੇਲ ਦੇ ਸਕੈਂਡਲ ਵਿੱਚ ਫਸਣ ਪਿੱਛੋਂ ਅਹੁਦਾ ਛੱਡਣ ਨੂੰ ਮਜਬੂਰ ਹੋਇਆ ਸੀ। ਅਹੁਦਾ ਛੱਡਣ ਤੱਕ ਉਸ ਨੂੰ ਭਾਜਪਾ ਨੇ ਘੇਰੀ ਰੱਖਿਆ ਤੇ ਛੱਡਦੇ ਸਾਰ ਉਹ ਭਾਜਪਾ ਨਾਲ ਸੈਨਤ ਮਿਲਾ ਕੇ ਇੱਕ ਕਿਤਾਬ ਲਿਖਣ ਬੈਠ ਗਿਆ, ਜਿਸ ਵਿੱਚ ਨਹਿਰੂ-ਗਾਂਧੀ ਖਾਨਦਾਨ ਦੇ ਖਿਲਾਫ ਕਈ ਕੁਝ ਲਿਖ ਦਿੱਤਾ ਸੀ। ਇਸ ਕਿਤਾਬ ਵਿੱਚ ਸੰਭਲ ਕੇ ਕੁਝ ਲਿਖਣ ਲਈ ਉਸ ਨੂੰ ਮਨਾਉਣ ਵਾਸਤੇ ਸੋਨੀਆ ਗਾਂਧੀ ਤੇ ਰਾਹੁਲ ਦੋਵੇਂ ਮਾਂ-ਪੁੱਤਰ ਉਚੇਚੇ ਉਸ ਕੋਲ ਗਏ ਸਨ, ਪਰ ਉਹ ਮੰਨਿਆ ਨਹੀਂ ਸੀ ਅਤੇ ਨਾ ਮੰਨਣ ਬਦਲੇ ਅਗਲੀ ਵਾਰੀ ਰਾਜਸਥਾਨ ਵਿਧਾਨ ਸਭਾ ਚੋਣਾਂ ਵਿੱਚ ਉਸ ਦੇ ਪੁੱਤਰ ਜਗਤ ਨੂੰ ਭਾਜਪਾ ਨੇ ਟਿਕਟ ਦੇ ਕੇ ਵਿਧਾਇਕ ਬਣਵਾ ਦਿੱਤਾ ਸੀ। ਉਹ ਕਾਂਗਰਸੀ ਲੀਡਰ ਨਟਵਰ ਸਿੰਘ ਵੀ ਮਣੀ ਸ਼ੰਕਰ ਅਈਅਰ ਨੂੰ ਏਨਾ ਯੋਗ ਵਿਅਕਤੀ ਜਾਪਿਆ ਕਿ ਇਸ ਚਰਚਿਤ ਮੀਟਿੰਗ ਵਿੱਚ ਸੱਦ ਲਿਆ ਗਿਆ। ਇਹੋ ਜਿਹੇ ਕਈ ਕਿੱਸੇ ਗਿਣਾਏ ਜਾ ਸਕਦੇ ਹਨ, ਜਿਹੜੇ ਸਾਬਤ ਕਰਨਗੇ ਕਿ ਕਾਂਗਰਸ ਪਾਰਟੀ ਦੇ ਵੱਡੇ ਦੁਸ਼ਮਣ ਤਾਂ ਖੁਦ ਕਾਂਗਰਸੀ ਹਨ।
ਜਿਹੜਾ ਰੰਗ ਗੁਜਰਾਤ ਦੀਆਂ ਚੋਣਾਂ ਦੌਰਾਨ ਵੇਖਿਆ ਗਿਆ ਹੈ, ਇਹ ਸੁਲੱਖਣਾ ਨਹੀਂ ਸੀ। ਫਿਰ ਵੀ ਇਹ ਰੰਗ ਨਾ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਤੇ ਨਾ ਇਹ ਆਖਰੀ ਵਾਰੀ ਹੋਣਾ ਹੈ। ਆਮ ਗੱਲ ਸੁਣੀ ਜਾਂਦੀ ਰਹੀ ਕਿ ਗੁਜਰਾਤ ਦੇ ਲੋਕਾਂ ਨੇ ਫਿਰਕੂ ਤੇ ਸੈਕੂਲਰ ਧਿਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੈ, ਪਰ ਸੈਕੂਲਰ ਧਿਰਾਂ ਦੀ ਅਗਵਾਈ ਦੇ ਦਾਅਵੇ ਕਰ ਰਹੀ ਕਾਂਗਰਸ ਪਹਿਲਾਂ ਇੱਕ-ਸਾਰ ਸੈਕੂਲਰ ਬਣ ਕੇ ਤਾਂ ਵਿਖਾਵੇ। ਉਸ ਕਾਂਗਰਸ ਦਾ ਤਾਂ ਸਿਰਫ ਨਾਂਅ ਹੈ, ਜਿਹੜੀ ਕਦੇ ਸੈਕੂਲਰ ਵੀ ਹੁੰਦੀ ਸੀ ਤੇ ਕਿਸੇ ਪੈਂਤੜੇ ਵਾਲੀ ਵੀ, ਹੁਣ ਵਾਲੀ ਕਾਂਗਰਸ ਤਾਂ ਹੈ ਹੀ ਹੋਰ ਤਰ੍ਹਾਂ ਦੀ, ਜਿਸ ਦੇ ਲੀਡਰਾਂ ਦਾ ਭਰੋਸਾ ਕਰਨ ਵਾਸਤੇ ਨਾਲ ਤੁਰੇ ਜਾਂਦੇ ਲੋਕਾਂ ਨੂੰ ਵੀ ਸੌ ਵਾਰ ਸੋਚਣਾ ਪੈਂਦਾ ਹੈ। ਪੰਜਾਬੀ ਦਾ ਅਖਾਣ ਹੈ ਕਿ 'ਬੇਵਕੂਫ ਦੀ ਬਰਾਤੇ ਜਾਣ ਨਾਲੋਂ ਅਕਲਮੰਦ ਦੀ ਅਰਥੀ ਨਾਲ ਜਾਣਾ ਬਿਹਤਰ ਹੁੰਦਾ ਹੈ।' ਇਸ ਅਖਾਣ ਵਿੱਚ ਦਮ ਹੈ। ਕਾਂਗਰਸ ਪਾਰਟੀ ਇਸ ਵਕਤ 'ਬੇਵਕੂਫਾਂ ਦੀ ਬਰਾਤ' ਵਾਲੇ ਹਾਲਾਤ ਵਿੱਚ ਫਸੀ ਦਿਖਾਈ ਦੇਂਦੀ ਹੈ।
ਭਾਰਤ ਦੇਸ਼ ਅੱਜ ਜਿਹੜੀ ਜਿੱਲ੍ਹਣ ਵਿੱਚ ਫਸਿਆ ਪਿਆ ਹੈ, ਸਭ ਤੋਂ ਵੱਡੀ ਸੈਕੂਲਰ ਧਿਰ ਹੋਣ ਦੇ ਦਾਅਵੇ ਕਰਨ ਵਾਲੀ ਪਾਰਟੀ ਨੇ ਹੀ ਇਸ ਨੂੰ ਫਸਾਇਆ ਹੈ। ਇਹ ਹੁਣ ਵੀ ਬੁੱਕਲ ਵਿੱਚ ਨਹੀਂ ਝਾਕਦੀ। ਜਦੋਂ ਇਹ ਬੁੱਕਲ ਵਿੱਚ ਝਾਤੀ ਮਾਰਨ ਦੀ ਹਿੰਮਤ ਕਰੇਗੀ, ਫਿਰ ਇਸ ਨੂੰ ਕਈ ਭਬੀਖਣ ਆਪਣੇ ਵਿਹੜੇ ਵਿੱਚ ਨਜ਼ਰ ਆ ਜਾਣਗੇ। ਉਂਜ ਇਹ ਗੱਲ ਸਾਰਿਆਂ ਨੂੰ ਪਤਾ ਹੈ ਕਿ ਇਹ ਪਾਰਟੀ ਆਪਣੇ ਅੰਦਰਲੇ ਮਣੀ ਸ਼ੰਕਰਾਂ ਨੂੰ ਕੰਟਰੋਲ ਕਰਨ ਜੋਗੀ ਰਹੀ ਹੀ ਨਹੀਂ।
17 Dec 2017