ਪਲਾਂ ਵਿੱਚ ਸਦੀ ਦਾ ਹਿਸਾਬ ਕਰ ਲੈਂਦੇ ਹਾਂ  - ਜਸਵਿੰਦਰ 'ਜਲੰਧਰੀ'

ਪਲਾਂ ਵਿੱਚ ਸਦੀ ਦਾ ਹਿਸਾਬ ਕਰ ਲੈਂਦੇ ਹਾਂ,
ਦੁੱਖ ਦੇਣੀ ਯਾਦ ਨੂੰ ਵੀ ਯਾਦ ਕਰ ਲੈਂਦੇ ਹਾਂ।

ਸੁੰਨੇ-ਸੁੰਨੇ ਰਾਹਾਂ ਵਿੱਚ ਨਜ਼ਰਾਂ ਦਾ ਪਹਿਰਾ ਦੇ,
ਆਪਣੀਆਂ ਨੀਂਦਰਾਂ ਖ਼ਰਾਬ ਕਰ ਲੈਂਦੇ ਹਾਂ।

ਪਤਾ ਵੀ ਏ ਮੜ੍ਹੀਏ ਮਸਾਣੋਂ ਨਾ ਕੋਈ ਮੁੜਦਾ,
ਐਂਵੇਂ ਬੱਸ ਸਜਦਾ- ਸਲਾਮ ਕਰ ਲੈਂਦੇ ਹਾਂ।

ਜਾਣਦੇ ਹਾਂ ਨਾਨਕਾ ਸਿਆਣੀ ਹੋ ਗੀ ਦੁਨੀਆ,
ਪੱਟਾਂ ਉੱਤੇ ਬੇਸੁਰੀ ਰਬਾਬ ਧਰ ਲੈਂਦੇ ਹਾਂ।

ਅੱਧੀਆਂ ਅਧੂ੍ਰਰੀਆਂ ਨਾ ਹੋਈਆਂ ਕਦੇ ਪੂਰੀਆਂ,
ਸੱਧਰਾਂ ਦਾ ਕੱਲਿਆਂ ਸ਼ਰਾਧ ਕਰ ਲੈਂਦੇ ਹਾਂ।

ਸੋਹਣੀ ਦੇ ਖ਼ਿਆਲਾਂ ਦਾ ਦੀਦਾਰ ਲੈਣ ਵਾਸਤੇ,
ਰਾਵੀ ਤੇ ਬਿਆਸ ਨੂੰ ਚਨਾਬ ਕਰ ਲੈਂਦੇ ਹਾਂ।

  
 ਜਸਵਿੰਦਰ 'ਜਲੰਧਰੀ'
  98768-07218