ਪਲਾਸਟਿਕ ਦਾ ਕਹਿਰ - ਡਾ. ਹਰਸ਼ਿੰਦਰ ਕੌਰ, ਐਮ. ਡੀ.

  
ਇਨ੍ਹਾਂ ਤੱਥਾਂ ਵੱਲ ਧਿਆਨ ਕਰੀਏ :-
1.    ਪੂਰੀ ਦੁਨੀਆ ਵਿਚ ਹਰ ਮਿੰਟ ਵਿਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ।
2.    ਪੂਰੀ ਦੁਨੀਆ ਵਿਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿੱਚੋਂ ਲਗਭਗ ਅੱਧੇ ਤੋਂ ਰਤਾ ਕੁ ਵੱਧ ਇਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।
3.    ਇਕੱਲੇ ਭਾਰਤ ਵਿਚ ਲਗਭਗ 4000 ਕਰੋੜ ਪਾਣੀ ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।
4.    ਦੁਨੀਆ ਭਰ ਵਿਚ ਹਰ ਮਿੰਟ ਵਿਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫੇ ਵਿਕ ਰਹੇ ਹਨ।
5.    ਲਗਭਗ 80 ਫੀਸਦੀ ਤੋਂ ਵੱਧ ਟੂਟੀਆਂ ਵਿਚ ਆਉਂਦੇ ਪਾਣੀ ਵਿਚ ਵੀ ਮਾਈਕਰੋਪਲਾਸਟਿਕ ਲੱਭਿਆ ਗਿਆ ਹੈ। ਭਾਰਤ ਇਸ ਲਿਸਟ ਵਿਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਣ ਮੰਨ ਲਿਆ ਗਿਆ ਹੈ।
6.    ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆ ਵਿਚ ਬਣਾਇਆ ਜਾ ਰਿਹਾ ਹੈ।
7.    ਪੂਰੀ ਦੁਨੀਆ ਵਿਚ ਸੰਨ 1950 ਤੋਂ 2018 ਤੱਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ 9 ਫੀਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫੀਸਦੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
8.    ਇਕੱਲੇ ਇੰਗਲੈਂਡ ਵਿਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿੱਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿਚਲੀ ਡੂੰਘੀ ਥਾਂ ਭਰ ਦਿੱਤੀ ਜਾਂਦੀ ਹੈ।
9.    ਸਮੁੰਦਰੀ ਜੀਵਾਂ ਵਿੱਚੋਂ 90 ਫੀਸਦੀ ਦੇ ਨੇੜੇ ਤੇੜੇ ਦੇ ਸਰੀਰਾਂ ਵਿਚ ਪਲਾਸਟਿਕ ਦੇ ਅੰਸ਼ ਲੱਭ ਚੁੱਕੇ ਹਨ।
10.    ਬੰਗਲਾਦੇਸ ਵਿਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿਚ ਬਿਸਫਿਨੋਲ
ਏ, ਐਂਟੀਮਿਨੀ ਟਰਾਈਓਕਸਾਈਡ, ਬਰੋਮੀਨੇਟਿਡ ਫਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ, ਆਦਿ ਜੋ ਅੱਖਾਂ ਵਿਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿਚ ਕਮੀ, ਦਿਲ ਦੇ ਰੋਗ, ਜੀਨ ਵਿਚ ਨੁਕਸ, ਅੰਤੜੀਆਂ ਵਿਚ ਨੁਕਸ, ਆਦਿ ਕਰ ਸਕਦੇ ਹਨ।
11.    ਸਾਬਤ ਹੋ ਚੁੱਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲੱਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿਚ ਘੁਲ ਕੇ ਖ਼ਤਮ ਹੋਣ ਵਿਚ 600 ਸਾਲ ਲੱਗ ਜਾਂਦੇ ਹਨ।
12.    ਧਰਤੀ ਵਿਚ ਰਲਦੇ ਪਲਾਸਟਿਕ ਵਿੱਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਕੇ ਉਸ ਨੂੰ ਹਾਣੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤੱਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵੱਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।
13.    ਮਿੱਟੀ ਵਿਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕੱਢਦੇ ਕੀਟਾਣੂ, ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।
14.    ਸੰਨ 2012 ਵਿਚ 165 ਮਿਲੀਅਨ ਟਨ ਪਲਾਸਟਿਕ ਦੁਨੀਆ ਭਰ ਦੇ ਸਮੁੰਦਰਾਂ ਵਿਚ ਫੈਲ ਚੁੱਕਿਆ ਸੀ। ਪਲਾਸਟਿਕ ਦੀ ਇਕ ਕਿਸਮ 'ਨਰਡਲ' ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਮੁਲਕਾਂ ਵਿਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਦੇ ਵਿਚ ਗਲ ਜਾਂਦੇ ਹਨ ਤੇ ਇਸ ਵਿੱਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਏ ਸਮੁੰਦਰੀ ਪਾਣੀ ਵਿਚ ਘੁਲ ਜਾਂਦੇ ਹਨ।
15.    ਤਾਜ਼ਾ ਖੋਜ ਅਨੁਸਾਰ ਪੰਜ ਟਰੀਲੀਅਨ ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫਾਫੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿਚ ਲਗਭਗ 38 ਫੀਸਦੀ ਵਾਧਾ ਹੋ ਚੁੱਕਿਆ ਹੈ।
16.    ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿੱਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਣੀਕਾਰਕ ਤੱਤ ਆਪਣੇ ਅੰਦਰ ਲੰਘਾ ਰਹੇ ਹਨ ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।
17.    ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿਚ, ਖ਼ਾਸ ਕਰ 'ਹਵਾਈ' ਲਾਗੇ ਪਲਾਸਟਿਕ ਦੇ ਢੇਰ ਨੂੰ 'ਗਰੇਟ ਗਾਰਬੇਜ ਪੈਚ' ਦਾ ਨਾਂ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿਚ ਦੋ ਲੱਖ 60,000 ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।
18.    ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ ਜੋ ਸਮੁੰਦਰ ਲਾਗਲੇ 192 ਮੁਲਕਾਂ ਵਿਚਲੀ ਗੰਦਗੀ ਸੀ।
'ਸਾਇੰਸ' ਰਸਾਲੇ ਵਿਚ ਛਪੀ ਖੋਜ ਅਨੁਸਾਰ ਸੰਨ 2015 ਵਿਚ 10 ਮੁਲਕਾਂ ਵੱਲੋਂ ਸਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿਚ ਪਹੁੰਚਿਆ। ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫਿਲੀਪੀਨ, ਵਿਅਤਨਾਮ, ਸਿਰੀ ਲੰਕਾ, ਥਾਈਲੈਂਡ, ਈਜਿਪਟ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ।
ਧਰਤੀ ਉੱਪਰਲਾ ਪਲਾਸਟਿਕ, ਗਾਵਾਂ, ਕੁੱਤਿਆਂ, ਆਦਿ ਦੇ ਢਿੱਡ ਅੰਦਰ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ।
ਜਾਪਾਨ, ਹਵਾਈ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ ਜੋ 100 ਫੁੱਟ ਡੂੰਘਾ ਪਹੁੰਚ ਚੁੱਕਿਆ ਹੋਇਆ ਹੈ।
19.    ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲੱਭਿਆ ਗਿਆ ਤੇ ਇਸ ਵਿਚ 37.7 ਮਿਲੀਅਨ ਵੱਖੋ-ਵੱਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫਾਫੇ, ਬੋਤਲਾਂ ਆਦਿ ਲੱਭੇ।
ਦਸ ਮੀਟਰ ਤੱਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿੱਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।
20.    ਸੰਨ 2017 ਵਿਚ ਦੁਨੀਆ ਭਰ ਦੀਆਂ ਟੂਟੀਆਂ ਵਿੱਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 83 ਫੀਸਦੀ ਸੈਂਪਲਾਂ ਵਿਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫੀਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿਚ ਪਲਾਸਟਿਕ ਲੱਭਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉੱਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ, ਜਿਸ ਵਿਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿਚ 72 ਫੀਸਦੀ ਟੂਟੀਆਂ ਵਿਚ ਪਲਾਸਟਿਕ ਦੇ ਅੰਸ਼ ਲੱਭੇ।
ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ ਅੰਸ਼ ਹਰ ਸਾਲ ਪਾਣੀ ਰਾਹੀਂ ਆਪਣੇ ਅੰਦਰ ਲੰਘਾ ਰਹੇ ਹਨ।
21.    ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਅਨੇਕ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਜੋਗਾ ਛੱਡਦਾ ਹੀ ਨਹੀਂ।
ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ।
ਵਹੇਲ ਮੱਛੀਆਂ ਵੀ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਬੜੀ ਦਰਦਨਾਕ ਮੌਤ ਮਰ ਰਹੀਆਂ ਹਨ।
ਮੌਜੂਦਾ ਖੋਜ ਰਾਹੀਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਵਿਚ 200 ਤੋਂ 1000 ਮੀਟਰ ਤੱਕ ਸਮੁੰਦਰ ਤਲ ਤੱਕ ਪਹੁੰਚੇ ਇਸ ਪਲਾਸਟਿਕ ਨੇ ਉੱਥੇ ਹਨ੍ਹੇਰੇ ਵਿਚ ਤੇ ਡੂੰਘਾਈ ਵਿਚ ਰਹਿੰਦੀਆਂ ਬਰੀਕ ਮੱਛੀਆਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਇਹ ਪਲਾਸਟਿਕ ਆਪਣੇ ਅੰਦਰ ਲੰਘਾਇਆ ਹੋਇਆ ਹੈ।
ਸਮੁੰਦਰਾਂ ਉੱਤੇ ਖੋਜ ਕਰਨ ਵਾਲਿਆਂ ਨੇ ਤੱਥਾਂ ਦੇ ਆਧਾਰ ਉੱਤੇ ਮੱਛੀਆਂ ਦੇ ਢਿੱਡਾਂ 'ਚੋਂ ਕੱਢੇ ਪਲਾਸਟਿਕ ਤੇ ਸਮੁੰਦਰ ਦੀ ਡੂੰਘਾਈ 'ਚੋਂ ਕੱਢੇ ਪਲਾਸਟਿਕ ਦੇ ਹਿਸਾਬ ਨਾਲ ਦੱਸਿਆ ਹੈ ਕਿ 12000 ਤੋਂ 24000 ਟਨ ਪਲਾਸਟਿਕ ਹਰ ਸਾਲ ਸਮੁੰਦਰੀ ਜੀਵ, ਖ਼ਾਸ ਕਰ ਮੱਛੀਆਂ ਆਪਣੇ ਸਰੀਰਾਂ ਅੰਦਰ ਲੰਘਾਈ ਜਾ ਰਹੀਆਂ ਹਨ ਜੋ ਅੱਗੋਂ ਮਨੁੱਖੀ ਖ਼ੁਰਾਕ ਦਾ ਹਿੱਸਾ ਬਣਦੇ ਹਨ।
22.    ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਬਚੇ ਨਹੀਂ।
ਸੰਨ 2004 ਵਿਚ ਵੱਡੇ ਪੰਛੀਆਂ ਦੇ ਢਿੱਡਾਂ ਵਿੱਚੋਂ ਔਸਤਨ 30 ਪਲਾਸਟਿਕ ਦੇ ਲਿਫਾਫੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ।
ਇਨ੍ਹਾਂ ਵਿੱਚੋਂ ਅਨੇਕ ਕਿਸਮਾਂ ਲਗਭਗ ਲੋਪ ਹੋਣ ਦੇ ਨੇੜੇ ਪਹੁੰਚ ਗਈਆਂ ਹਨ। ਜੀਨ ਤੇ ਹਾਰਮੋਨਾਂ ਉੱਤੇ ਅਸਰ ਪੈਣ ਸਦਕਾ ਮੱਛੀਆਂ ਤੇ ਪੰਛੀਆਂ ਦੀਆਂ ਪੂਛਾਂ, ਬੱਚੇ ਜੰਮਣ ਦੀ ਸਮਰਥਾ, ਲੰਬਾਈ, ਉਚਾਈ ਆਦਿ ਉੱਤੇ ਸਦੀਵੀ ਅਸਰ ਪੈ ਚੁੱਕਿਆ ਹੈ।
23.    ਪਲਾਸਟਿਕ ਦੇ ਅਸਰ ਹੇਠ ਆਈਆਂ ਸਬਜ਼ੀਆਂ, ਪਾਣੀ ਜਾਂ ਮਾਸ ਮੱਛੀ ਖਾਣ ਵਾਲੇ ਮਨੁੱਖਾਂ ਉੱਤੇ ਪਲਾਸਟਿਕ ਦੇ ਅਸਰ ਜੋ ਦਿਸ ਰਹੇ ਹਨ, ਉਹ ਹਨ-ਹਾਰਮੋਨਾਂ ਵਿਚ ਗੜਬੜੀ, ਕੈਂਸਰ, ਚਮੜੀ ਦੇ ਰੋਗ, ਐਲਰਜ਼ੀ, ਦਮਾ ਅਤੇ ਗੁਰਦੇ ਉੱਤੇ ਅਸਰ।
ਇਸ ਸਮੇਂ ਅਮਰੀਕਾ ਦੇ 95 ਫੀਸਦੀ ਬਾਲਗਾਂ ਦੇ ਪਿਸ਼ਾਬ ਵਿਚ 'ਬੀ.ਪੀ.ਏ.' ਲੱਭਿਆ ਜਾ ਚੁੱਕਿਆ ਹੈ ਜੋ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਰੀਰ ਪਲਾਸਟਿਕ ਦੇ ਮਾੜੇ ਅਸਰਾਂ ਹੇਠ ਆ ਚੁੱਕਿਆ ਹੈ। ਬੀ.ਪੀ.ਏ. ਬੱਚੇ ਜੰਮਣ ਦੀ ਸਮਰਥਾ ਬਹੁਤ ਘਟਾ ਦਿੰਦਾ ਹੈ, ਲੰਬਾਈ ਘੱਟ ਕਰ ਦਿੰਦਾ ਹੈ ਤੇ ਹੋਰ ਵੀ ਅਨੇਕ ਪਹਿਲਾਂ ਦੱਸੇ ਜਾ ਚੁੱਕੇ ਮਾੜੇ ਅਸਰ ਵਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਥਾਇਰਾਇਡ ਹਾਰਮੋਨਾਂ ਦੀ ਕਮੀ ਤੇ ਸੈਕਸ ਹਾਰਮੋਨਾਂ ਦੀ ਕਮੀ ਬਹੁਤ ਜ਼ਿਆਦਾ ਵੇਖਣ ਵਿਚ ਆ ਰਹੀ ਹੈ।
24.    ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ :-
    ਕਿਸੇ ਵਿਰਲੇ ਹੀ ਮੁਲਕ ਵਿਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅੱਜ ਕੱਲ ਟੀ-ਬੈਗਜ਼ ਵਿਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿਚ 70 ਤੋਂ 80 ਫੀਸਦੀ ਕਾਗਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ ਜੋ ਬਹੁਤੀ ਗਰਮੀ ਨੂੰ ਝਲ ਜਾਂਦਾ ਹੈ, ਪਾਇਆ ਗਿਆ ਹੈ। ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਵੋ, ਹਰ ਕਿਸੇ ਵਿਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿਚ ਡੁਬਾਉਣ ਨਾਲ ਚਾਹ ਦੇ ਵਿਚ ਰਲ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ।
    ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਓਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ। ਕਾਗਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿਚ 'ਐਪੀਕਲੋਰੋਹਾਈਡਰਿਨ' ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁੱਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿਚ ਰਲ ਕੇ 'ਤਿੰਨ-ਐਮ.ਸੀ.ਪੀ.ਡੀ.' ਵਿਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ।
    ਸਟਾਰਚ ਨੂੰ ਐਨਜ਼ਾਈਮ ਰਸ ਵਿਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ।
    ਜਦੋਂ ਇਹ ਚਾਹ ਦੀਆਂ ਨਿੱਕੀਆਂ ਥੈਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ ਤਾਂ ਧਰਤੀ ਵਿਚ ਸਿੰਮ ਕੇ ਇਹ ਪਲਾਸਟਿਕ ਜ਼ਮੀਨ ਵਿਚ ਰਚ ਜਾਂਦਾ ਹੈ। ਬਥੇਰੇ ਟੀ-ਬੈਗਜ਼ ਉੱਤੇ ਲਿਖਿਆ ਮਿਲਦਾ ਹੈ ਕਿ ਇਹ ਪੂਰੀ ਤਰ੍ਹਾਂ ਘੁਲਣ ਵਾਲਾ ਹੈ ਪਰ ਅਜਿਹੇ ਬੈਗਜ਼ ਵੀ ਨਾਈਲਾਨ ਦੀਆਂ ਤਾਰਾਂ ਤੋਂ ਬਣਦੇ ਹਨ ਜੋ ਸੈਂਕੜੇ ਸਾਲ ਵੀ ਧਰਤੀ ਵਿਚ ਗਲਦੇ ਨਹੀਂ।
    ਕਈ ਲੋਕ ਚਾਹ ਦੀਆਂ ਥੈਲੀਆਂ ਨੂੰ ਕੱਪ ਵਿਚ ਨੱਪ ਕੇ ਨਿਚੋੜ ਲੈਂਦੇ ਹਨ। ਇੰਜ ਥੈਲੀ ਵਿਚਲੇ 'ਥੈਲੇਟ' ਵੀ ਬਾਹਰ ਨਿਕਲ ਆਉਂਦੇ ਹਨ ਜੋ ਹੋਰ ਵੀ ਹਾਣੀਕਾਰਕ ਹੁੰਦੇ ਹਨ।
    ਏਸੇ ਲਈ ਅੱਗੋਂ ਤੋਂ ਪਹਿਲਾਂ ਵਾਲੇ ਤਰੀਕੇ ਹੀ ਸਿੱਧੀ ਚਾਹ ਪੱਤੀ ਉਬਾਲ ਕੇ ਪੀਣੀ ਹੀ ਠੀਕ ਰਹਿਣੀ ਹੈ। ਰੁਤਬਾ ਵਧਾਉਣ ਦੇ ਚੱਕਰ ਵਿਚ ਵੇਖਿਓ ਕਿਤੇ ਜ਼ਿੰਦਗੀ ਦੇ ਵੀਹ ਸਾਲ ਛੋਟੇ ਨਾ ਹੋ ਜਾਣ। ਇਸ ਪਲਾਸਟਿਕ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।
ਨਿਚੋੜ :-
    ਇਹ ਸਾਰਾ ਕੁੱਝ ਵੇਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਣੀ ਹੈ।
    ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
    ਕਿਸੇ ਇਕ ਮੁਲਕ ਵਿਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।
    ਭਾਰਤ ਵਿਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਓ ਹੋ ਗਿਆ। ਜੁਲਾਈ 2018 ਵਿਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਾ ਦਿੱਤਾ ਹੈ।
    ਜੇ ਅਸੀਂ ਆਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ ਦੇ ਨਾਲ ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਵੋ!


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783