ਪੰਜਾਬੀ ਅਕਾਦਮੀ ਦਿੱਲੀ ਨੂੰ ਅਗਾਂਹ ਵਧੂ ਸੋਚ ਨਾਲ ਤੋਰਨ ਵਾਲੇ ਸ. ਗੁਰਭੇਜ ਸਿੰਘ ਗੁਰਾਇਆ ਪੰਜਾਬੀ  ਅਕਾਦਮੀ ਦਿੱਲੀ ਦੇ ਸਕੱਤਰ  - ਅਰਵਿੰਦਰ ਕੌਰ ਸੰਧੂ

ਸ. ਗੁਰਭੇਜ ਸਿੰਘ ਗੁਰਾਇਆ ਦਿੱਲੀ ਦੇ ਸਾਹਿਤਕ, ਸਮਾਜਕ ਅਤੇ ਸਰਕਾਰੀ ਹਲਕਿਆਂ ਵਿੱਚ ਕਿਸੇ ਜਾਣ ਪਛਾਣ ਦੇ ਮੁਥਾਜ ਨਹੀਂ । ਉਹ ਬਹੁਤ ਹੀ ਮਿੱਠੇ-ਬੋਲੜੇ ਅਤੇ ਮਿਲਣਸਾਰ ਸੁਭਾਅ ਦੇ ਮਾਲਕ ਹਨ ,
ਲੋਹੜੀ ਦੇ ਮੁਬਾਰਕ ਮੌਕੇ ਤੇ’ ਪਿਤਾ ਸ.ਬੱਲੀ ਸਿੰਘ ਗੁਰਾਇਆ ਮਾਤਾ (ਸਵ.)ਗੁਰਮੀਤ ਕੌਰ ਦੇ ਘਰ ਜਨਮੇ ਗੁਰਭੇਜ ਸਿੰਘ ਗੁਰਾਇਆ ਨੇ ਮੁੱਢਲੀ ਸਕੂਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਗੈਜੂਏਸ਼ਨ, ਐਲ  ਐਲ ਬੀ ਅਤੇ  ਐਮ ਏ ਪੰਜਾਬੀ, ਪੰਜਾਬ  ਯੂਨੀਵਰਸਿਟੀ ਚੰਡੀਗੜ੍ਹ ਅਤੇ  ਪੰਜਾਬੀ  ਯੂਨੀਵਰਸਿਟੀ  ਪਟਿਆਲਾ ਤੋਂ ਪੂਰੀ  ਕੀਤੀ ।ਗੁਰਭੇਜ ਸਿੰਘ ਗੁਰਾਇਆ ਨੇ ਅਪਣਾ ਵਕਾਲਤ  ਦਾ ਸ਼ਫਰ 1990 ਵਿੱਚ ਸਿਰਸਾ  (ਹਰਿਆਣਾ) ਦੀ ਜ਼ਿਲ੍ਹਾ ਕਚਹਿਰੀ ਤੋਂ ਸੁਰੂ ਕੀਤਾ ਅਤੇ ਜਿਲਾ ਬਾਰ ਅਸੋਸੀਏਸ਼ਨ ਸਿਰਸਾ ਦੇ ਸਕਤੱਰ ਵੀ ਰਹੇ ।1996 ਵਿੱਚ ਉਨ੍ਹਾਂ ਦੀ ਚੋਣ ਦਿੱਲੀ ਸਰਕਾਰ ਦੇ ਗ੍ਰਿਹ ਵਿਭਾਗ ਅਧੀਨ ਆਂਉਦੇ  ਪਾਰਸੀਕਿਉਸ਼ਨ ਡਾਇਰੈਕਟੋਰੇਟ ਵਿੱਚ ਬਤੌਰ ਪਬਲਿਕ ਪਾਰਸੀਕਿਉਟਰ ਹੋਈ। ਪੰਜਾਬੀ ਅਕਾਦਮੀ ਦੇ ਸਕੱਤਰ  ਨਿਯੁਕਤ ਹੋਣ  ਤਕ ਉਨ੍ਹਾਂ ਇਸ ਅਹੁਦੇ ਦੀ ਮਾਣ ਮਰਿਆਦਾ ਨੂੰ  ਬਰਕਰਾਰ ਰੱਖਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਈਆਂ । ਗੁਰਭੇਜ ਸਿੰਘ ਗੁਰਾਇਆ ਨੂੰ ਸਹਿਤ ਪੜਨ ਅਤੇ ਲਿਖਣ ਦੀ ਚੇਟਕ ਘਰੋਂ ਹੀ ਲੱਗੀ ਹੈ । ਉਨ੍ਹਾਂ ਦੇ ਦਾਦਾ ਜੀ ਸ.ਤਰਨ ਸਿੰਘ ਵਹਿਮੀ ਨੇ ਅਨੇਕ ਇਤਿਹਾਸਕ ਪੁਸਤਕਾਂ ਪੰਜਾਬੀ ਸਹਿਤ ਦੀ ਝੋਲੀ ਪਾਈਆਂ ਹਨ।   ਅਪਣੇ ਦਾਦਾ ਸ੍ਰ ਤਰਨ ਸਿੰਘ ਵਹਿਮੀ ਦੀਆਂ ਲਿਖਤਾਂ ਦੀ ਸੰਪਾਦਨਾਂ ਬੜੀ ਖ਼ੂਬਸੂਰਤੀ ਅਤੇ ਇੱਕ ਪਰਪੱਕ ਸੰਪਾਦਕ ਵਜੋਂ ਕਰਕੇ ਸਹਿਤ ਦੇ ਖੇਤਰ ਵਿੱਚ ਆਪਣਾ  ਨਾਮ  ਬਣਾਇਆ ।ਕਿਸਾਨੀ ਪਰਿਵਾਰ ਨਾਲ ਸਬੰਧਤ ਸ. ਗੁਰਭੇਜ ਸਿੰਘ ਗੁਰਾਇਆ  ਨੇ  ਕਾਨੂੰਨ ਦੀਆਂ ਬਾਰੀਕੀਆਂ ਨਾਲ ਦਸਤਪੰਜਾ ਲੈਂਦਿਆ ਸਹਿਤ ਨਾਲ ਵੀ ਨਿਰੰਤਰ ਨਾਤਾ ਜੌੜੀ ਰੱਖਿਆ ।ਸਮੇਂ  ਸਮੇਂ ਤੇ ਉਨ੍ਹਾਂ ਦੇ ਲੇਖ ਮਾਸਿਕ ਰਸਾਲੇ “ਵਰਿਆਮ” ਅਤੇ “ਸਤਿਜੁਗ”  ਵਿੱਚ ਛਪਦੇ ਰਹਿੰਦੇ ਹਨ।।ਉਹ 1990 ਤੋਂ ਪੰਜਾਬੀ ਸਹਿਤ ਸਭਾ ਸਿਰਸਾ ਦੇ ਮੈਂਬਰ ਚਲੇ ਆ  ਰਹੇ ਹਨ। ਉਹਨਾਂ ਦੀਆਂ ਪੰਜਾਬੀ  ਅਕਾਦਮੀ ਦਿੱਲੀ ਦੇ ਸਕੱਤਰ ਵਜੋ ਪੰਜਾਬੀ ਭਾਸ਼ਾ ਦੀ ਬਿਹਤਰੀ  ਲਈ  ਵੀ ਜਿਕਰਯੋਗ ਪਰਾਪਤੀਆਂ ਹਨ।ਉਹਨਾਂ ਨੇ ਜਿੱਥੇ ਦਿੱਲੀ ਤੋਂ ਇਲਾਵਾ ਪੰਜਾਬ, ਹਰਿਆਣਾ,ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਸਾਹਿਤਕਾਰਾਂ ਨੂੰ ਸਹਿਤ ਅਕਾਦਮੀ ਨਾਲ ਜੋੜਿਆ ਓਥੇ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ, ਧਾਰਮਿਕ ਅਤੇ ਸੱਭਿਆਚਾਰਿਕ ਖੇਤਰ ਵਿੱਚ ਵੀ ਅਜਿਹੇ ਮੀਲ ਪੱਥਰ ਗੱਡੇ ਜਿੰਨਾਂ ਨੂੰ ਹਮੇਸਾ ਯਾਦ ਰੱਖਿਆ ਜਾਵੇਗਾ। ਸ. ਗੁਰਭੇਜ ਸਿੰਘ ਗੁਰਾਇਆ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮੌਕੇ ਦਿੱਲੀ ਦੇ ਦਿਲ ‘ਕਨਾਟ ਪਲੇਸ’ ਵਿੱਚ ਸਟੇਜ ਸ਼ੋਅ ਕਰਕੇ ਦੁਨੀਆਂ ਭਰ ਵਿੱਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਕਾਦਮੀ ਸਿਰਫ਼ ਸਾਹਿਤਕ ਪੱਧਰ ਦੇ ਹੀ ਕਾਰਜ ਨਹੀਂ ਕਰਦੀ ਹੈ ਬਲਕਿ ਸੱਭਿਆਚਾਰ ਵਿੱਚ ਵੀ ਨਿਵੇਕਲੀ ਪਹਿਲਕਦਮੀ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬੀ ਅਕਾਦਮੀ ਵੱਲੋਂ ਗੁਰੂ ਗੋਬਿੰਦ ਸਿੰਘ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਕੌਮੀ ਸੈਮੀਨਾਰ ਵਿੱਚ ਵੱਖ-ਵੱਖ ਧਰਮਾਂ ਦੇ ਮੁਖੀਆਂ ਤੇ ਵਿਦਵਾਨਾਂ ਦਾ ਇਕੱਠ ਕਰ ਕੇ ਇਹ ਸਿੱਧ ਕਰ ਦਿੱਤਾ ਕਿ ਜੇਕਰ ਤੁਹਾਡੀ ਸੋਚ ਉਸਾਰੂ ਹੈ ਤਾਂ ਤੁਸੀਂ ਹਰ ਕਿਸੇ ਨੂੰ ਆਪਣੇ ਨਾਲ ਜੋੜ ਸਕਦੇ ਹੋ। ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਗੁਰਾਇਆ ਹੁਰਾਂ ਨੇ ਸਿਰਫ਼ ਆਪਣੀ ਪਹੁੰਚ ਦਿੱਲੀ ਦੇ ਸਰਕਾਰੀ ਸਕੂਲਾਂ ਤੱਕ ਹੀ ਸੀਮਿਤ ਨਹੀਂ ਰੱਖੀ ਬਲਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਾਏ ਜਾ ਰਹੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪੰਜਾਬੀ ਅਧਿਆਪਕਾਂ ਨੂੰ ਵੀ ਆਪਣੇ ਪ੍ਰੋਗਰਾਮਾਂ ਵਿੱਚ ਖ਼ਾਸ ਤੌਰ ’ਤੇ ਪੰਜਾਬੀ ਅਧਿਆਪਕਾਂ ਨੂੰ ਸਿਖਲਾਈ ਦੇਣ ਦੇ ਸੈਮੀਨਾਰਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਕਰ ਕੇ ਇਹ ਪ੍ਰਤੱਖ ਦਿਖਾ ਦਿੱਤਾ ਹੈ ਕਿ ਉਹ ਪੰਜਾਬੀ ਭਾਸ਼ਾ ਅਤੇ ਪੰਜਾਬੀਅਤ ਲਈ ਪੂਰੀ ਤਨਦੇਹੀ ਨਾਲ ਕਾਰਜਸ਼ੀਲ ਹਨ ਅਤੇ ਰਹਿਣਗੇ। ਉਨ੍ਹਾਂ ਦੀ ਇਸੇ ਸੋਚ ਦੀ ਅੱਜ ਦਿੱਲੀ ਦੀਆਂ ਸਾਹਿਤਕ ਗੋਸ਼ਟੀਆਂ, ਸੈਮੀਨਾਰਾਂ, ਸਭਾਵਾਂ ਤੇ ਸੰਸਥਾਵਾਂ ਵਿੱਚ ਚਰਚਾ ਹੁੰਦੀ ਰਹਿੰਦੀ ਹੈ।ਪੰਜਾਬੀ ਅਕਾਦਮੀ ਦਿੱਲੀ ਵੱਲੋਂ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਪਿਛਲੇ ਅਨੇਕਾਂ ਸਾਲਾ ਤੋਂ ਯਤਨ ਕੀਤੇ ਜਾ ਰਹੇ ਹਨ | ਹਰ ਸਾਲ ਅਕਾਦਮੀ ਵੱਲੋਂ ਗਰਮੀ ਦੀਆਂ ਛੁੱਟੀਆਂ ਵਿਚ ਪੰਜਾਬੀ ਭਾਸ਼ਾ ਸਿਖਾਉਣ ਲਈ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਪੰਜਾਬੀ ਦੇ ਕੇਂਦਰ ਖੋਲ੍ਹੇ ਜਾਂਦੇ ਹਨ, ਜੋ ਕਿ ਸਮੁਦਾਇ ਕੇਂਦਰਾਂ ਤੇ ਗੁਰਦੁਆਰਿਆਂ ਵਿਚ ਚਲਾਏ ਜਾਂਦੇ ਹਨ | ਇਨ੍ਹਾਂ ਕੇਂਦਰਾਂ ਵਿਚ ਪੜ੍ਹਨ-ਪੜ੍ਹਾਉਣ ਦੀ ਸਮੱਗਰੀ ਅਤੇ ਅਧਿਆਪਕ ਦੀ ਵਿਵਸਥਾ ਪੰਜਾਬੀ ਅਕਾਦਮੀ ਵੱਲੋਂ ਕੀਤੀ ਜਾਂਦੀ ਹੈ |ਪੂਰੀ ਤਰਾਂ ਅਪਣੇ ਫਰਜ਼ਾਂ ਪ੍ਰਤੀ ਸਮੱਰਪਿਤ ਰਹਿਣ ਵਾਲੀ ਸਖਸ਼ੀਅਤ ਸ. ਗੁਰਭੇਜ ਸਿੰਘ ਗੁਰਾਇਆ ਉਹਨਾਂ ਵੱਲੋਂ ਕੀਤੇ ਕਾਰਜਾਂ ਦੀ ਹਰ ਪਾਸੇ ਤੋ ਸਰਾਹਨਾ ਹੋ ਰਹੀ ਹੈ। ਅੱਜ ਉਹਨਾਂ ਦੇ ਜਨਮ ਦਿਨ ਦੇ ਅਸੀਂ  ਉਹਨਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੇ ਹਾਂ ਤਾਂ ਕਿ ਉਹ ਬਹੁਤ ਲੰਮਾ ਸਮਾ ਦੇਸ਼, ਕੌੰਮ ਅਤੇ ਧਰਮ ਦੀ ਤਨਦੇਹੀ ਨਾਲ ਸੇਵਾ ਕਰਦੇ ਰਹਿਣ।


ਅਰਵਿੰਦਰ ਕੌਰ ਸੰਧੂ
 ਸਿਰਸਾ (ਹਰਿਆਣਾ)

12 Jan. 2019