ਭਾਰਤ ਦੇ ਵਿਚਾਰਧਾਰਕ ਵਹਿਣ ਦਾ ਅਜੋਕਾ ਦੌਰ ਵੀ ਪੱਕਾ ਜਾਂ ਸਥਾਈ ਨਹੀਂ ਕਿਹਾ ਜਾ ਸਕਦਾ -ਜਤਿੰਦਰ ਪਨੂੰ
ਭਾਰਤ ਦੇਸ਼ ਇਸ ਵੇਲੇ ਇੱਕ ਵਿਚਾਰਧਾਰਕ ਲੀਹ ਛੱਡ ਕੇ ਦੂਸਰੀ ਵੱਲ ਜਾਣ ਦੀ ਤਬਦੀਲੀ ਦੇ ਇਹੋ ਜਿਹੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਹੜਾ ਸੁਲੱਖਣਾ ਤਾਂ ਹੈ ਨਹੀਂ, ਪਰ ਗਲਤ ਕਹਿਣ ਤੋਂ ਕਈ ਲੋਕਾਂ ਨੂੰ ਆਪਣੇ ਭਵਿੱਖ ਲਈ ਖਤਰੇ ਦਾ ਅਹਿਸਾਸ ਹੋਣ ਲੱਗਦਾ ਹੈ। ਕੁਲਬੁਰਗੀ, ਨਰਿੰਦਰ ਡਾਭੋਲਕਰ ਜਾਂ ਗੋਵਿੰਦ ਪਾਂਸਰੇ ਦੀ ਸਿਫਤ ਕਰਨਾ ਚੰਗਾ ਲੱਗਦਾ ਹੋਵੇਗਾ, ਪਰ ਏਦਾਂ ਦਾ ਕਦਮ ਖੁਦ ਪੁੱਟਣ ਦਾ ਜੋਖਮ ਉਠਾਉਣ ਤੋਂ ਕਈ ਸੱਜਣ ਡਰ ਜਾਣਗੇ। ਕਿਸੇ ਵਿਅਕਤੀ ਦੀ ਅਕਲ ਚੰਗੀ ਜਾਂ ਮਾੜੀ ਜਿੱਦਾਂ ਦੀ ਵੀ ਹੋਵੇ, ਉਸ ਨੂੰ ਰੱਬੀ-ਤੋਹਫਾ ਕਹਿਣ ਦਾ ਰਿਵਾਜ ਹੈ, ਪਰ ਇਹ ਸੱਚਾਈ ਬਹੁਤੇ ਲੋਕ ਨਹੀਂ ਜਾਣਦੇ ਕਿ 'ਗੌਡ ਗਿਫਟਿਡ' ਸਿਆਣਿਆਂ ਵਿੱਚੋਂ ਬਹੁਤੇ ਅਕਲਮੰਦ ਵਗਦੇ ਵਹਿਣ ਦੇ ਗੁਣ ਗਿਣਾਉਣ ਤੇ ਇਸ ਗਿਣਤੀ-ਮਿਣਤੀ ਵਿੱਚੋਂ ਆਪਣਾ ਭਵਿੱਖ ਉੱਜਲਾ ਕਰਨ ਦੀ ਆਦਤ ਦਾ ਸ਼ਿਕਾਰ ਬਣ ਸਕਦੇ ਹਨ। ਇੱਕ ਸਮਾਂ ਇਹੋ ਜਿਹਾ ਵੀ ਸੀ, ਜਦੋਂ ਯੂਨੀਵਰਸਿਟੀਆਂ ਵਿੱਚ ਸਿਖਰ ਉੱਤੇ ਆਉਣ ਵਾਲੇ ਬਹੁਤਿਆਂ ਨੂੰ ਸਾਰੀ ਲੋਕਾਈ ਦਾ ਭਲਾ ਕਿਰਤੀ ਜਮਾਤ ਦੀ ਬੰਦ ਖਲਾਸੀ ਕਰ ਸਕਣ ਵਾਲੇ ਇਨਕਲਾਬ ਵਿੱਚ ਦਿਖਾਈ ਦਿੰਦਾ ਸੀ। ਹੁਣ ਇਹੋ ਜਿਹੇ ਲੋਕਾਂ ਦੀ ਵੱਡੀ ਗਿਣਤੀ ਅਸਲੋਂ ਉਲਟੇ ਵਹਿਣ ਨਾਲ ਵਗਦੀ ਲੱਗਦੀ ਹੈ। ਇਹ ਵਰਤਾਰਾ ਲੱਗਭੱਗ ਹਰ ਦੇਸ਼ ਵਿੱਚ ਏਦਾਂ ਹੀ ਚੱਲਦਾ ਹੈ। ਈਰਾਨ ਵਿੱਚ ਇਸਲਾਮੀ ਦੌਰ ਦੀ ਚੜ੍ਹਤ ਪਿੱਛੋਂ ਓਥੋਂ ਦੇ ਬੁੱਧੀਜੀਵੀ, ਬੁੱਧੀ ਆਸਰੇ ਰੋਟੀ ਕਮਾਉਣ ਵਾਲੇ, ਲੋਕਾਂ ਦਾ ਵੱਡਾ ਵਰਗ ਆਇਤੁਲਾ ਖੁਮੈਨੀ ਦੀ ਵਿਚਾਰਧਾਰਾ ਨੂੰ ਸਹੀ ਸਾਬਤ ਕਰਨ ਰੁੱਝ ਗਿਆ ਸੀ ਤੇ ਫਿਰ ਇੱਕ ਵੇਲੇ ਕੁਝ ਅਕਲ ਦੇ ਭੜੋਲੇ ਜਾਪਦੇ ਏਦਾਂ ਦੇ ਲੋਕ ਫੌਜੀ ਤਾਨਾਸ਼ਾਹ ਮੁਸ਼ਰੱਫ਼ ਦੇ ਗੁਣ ਗਾਉਂਦੇ ਫਿਰਦੇ ਸਨ। ਉਨ੍ਹਾਂ ਵਿੱਚੋਂ ਇੱਕ ਜਣਾ ਇੰਗਲੈਂਡ ਵਿੱਚ ਇੱਕ ਸੈਮੀਨਾਰ ਦੌਰਾਨ ਭਾਰਤੀ ਲੋਕਾਂ ਨੂੰ ਵੀ ਫੌਜੀ ਤਾਨਾਸ਼ਾਹੀ ਦਾ ਤਜਰਬਾ ਕਰ ਕੇ ਵੇਖਣ ਲਈ ਕਹਿਣ ਲੱਗ ਪਿਆ ਸੀ।
ਅੱਜ ਦਾ ਸੱਚ ਇਹ ਹੈ ਕਿ ਭਾਜਪਾ ਦੀ ਸਿਆਸੀ ਚੜ੍ਹਤ ਦਾ ਦੌਰ ਹੋਣ ਕਾਰਨ ਬਹੁਤ ਸਾਰੇ ਰਾਜਾਂ ਵਿੱਚੋਂ ਹਰ ਰੰਗ ਦੀ ਰਾਜਨੀਤੀ ਤੋਂ ਦਲ-ਬਦਲੀਆਂ ਕਰ ਕੇ ਲੋਕ ਇਸ ਪਾਰਟੀ ਨਾਲ ਜੁੜ ਰਹੇ ਹਨ। ਸੰਸਾਰ ਵਿੱਚ ਲੋਕਤੰਤਰੀ ਉਠਾਣ ਦੇ ਨਾਲ ਅੰਗਰੇਜ਼ੀ ਭਾਸ਼ਾ ਦਾ ਨਵਾਂ ਸ਼ਬਦ 'ਜੈਰੀਮੈਂਡਰਿੰਗ' ਪਿਛਲੀ ਸਦੀ ਦੌਰਾਨ ਵਰਤੋਂ ਵਿੱਚ ਆਇਆ ਸੀ। ਇਸ ਦਾ ਭਾਵ ਏਦਾਂ ਦੀ ਕੋਸ਼ਿਸ਼ ਕਰਨਾ ਸੀ, ਜਿਸ ਵਿੱਚ ਕੋਈ ਆਗੂ ਚੋਣ ਲੜਨ ਲਈ ਕਾਂਟ-ਛਾਂਟ ਨਾਲ ਏਦਾਂ ਦਾ ਹਲਕਾ ਬਣਵਾ ਲਵੇ, ਜਿੱਥੇ ਵੋਟਰਾਂ ਦੀ ਬਹੁ-ਗਿਣਤੀ ਉਸ ਆਗੂ ਦੇ ਪੱਖ ਦੀ ਹੋਵੇ। ਭਾਰਤ ਵਿੱਚ ਇਸ ਵੇਲੇ ਏਹੋ ਜਿਹੀ ਰਾਜਸੀ ਖੇਡ ਹੋ ਰਹੀ ਹੈ ਕਿ ਜਿਹੜੇ ਰਾਜ ਵਿੱਚ ਅਗਲੀ ਚੋਣ ਵਿੱਚ ਜਿੱਤਣ ਦਾ ਇਰਾਦਾ ਹੋਵੇ, ਓਥੇ ਚਲੰਤ ਸਦਨ ਵਿੱਚੋਂ ਹੀ ਰਾਜ ਕਰਦੀ ਧਿਰ ਦੇ ਬੰਦਿਆਂ ਨੂੰ ਚੋਣ ਕਰਵਾਉਣ ਤੋਂ ਪਹਿਲਾਂ ਕੁੰਡੀਆਂ ਪਾ ਕੇ ਖਿੱਚਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ। ਮੇਘਾਲਿਆ ਵਿੱਚ ਅਗਲੇ ਸਾਲ ਚੋਣਾਂ ਹੋਣੀਆਂ ਹਨ, ਹੁਣ ਓਥੇ ਅੱਠ ਜਣੇ ਓਦਾਂ ਹੀ ਰਾਜ ਕਰਦੀ ਪਾਰਟੀ ਛੱਡ ਕੇ ਦੂਸਰੇ ਪਾਸੇ ਚਲੇ ਗਏ ਹਨ, ਜਿਵੇਂ ਪੰਜਾਬ ਦੇ ਨਾਲ ਹੋਈਆਂ ਚੋਣਾਂ ਤੋਂ ਪਹਿਲਾਂ ਮਨੀਪੁਰ ਵਿੱਚ ਹੋਇਆ ਸੀ। ਮਨੀਪੁਰ ਦੇ ਹਰ ਦਲ-ਬਦਲੂ ਨੂੰ ਇਹੀ ਪੇਸ਼ਕਸ਼ ਕੀਤੀ ਗਈ ਕਿ ਤੂੰ ਆ ਜਾਹ, ਮੁੱਖ ਮੰਤਰੀ ਤੈਨੂੰ ਬਣਾਵਾਂਗੇ ਤੇ ਜਦੋਂ ਇਹੋ ਜਿਹੇ ਕਈ ਦਲ-ਬਦਲੂ ਆ ਗਏ ਤੇ ਖਿੱਚੋਤਾਣ ਵਧ ਗਈ ਤਾਂ ਜਿਸ ਨੇ ਸਭ ਤੋਂ ਅਖੀਰ ਵਿੱਚ ਪੂਰੀ ਸੌਦੇਬਾਜ਼ੀ ਕਰਨ ਪਿੱਛੋਂ ਕੁੜਤਾ ਬਦਲਿਆ ਸੀ, ਉਸ ਨੂੰ ਰਾਜ ਕਰਨ ਦਾ ਹੱਕ ਦੇ ਦਿੱਤਾ ਗਿਆ। ਬਾਕੀ ਸਾਰੇ ਜਣੇ ਔਖੇ ਭਾਵੇਂ ਜਿੰਨੇ ਵੀ ਹੋਏ ਹੋਣ, ਪਿੱਛੇ ਨਹੀਂ ਸੀ ਮੁੜ ਸਕਦੇ।
ਦੂਸਰਾ ਮੋੜਾ ਵਿਚਾਰਧਾਰਕ ਪੱਖ ਤੋਂ ਭਾਰਤੀ ਸਮਾਜ ਦੀ ਮੁੱਖ ਧਾਰਾ ਵਿਚਾਲੇ ਆ ਰਿਹਾ ਹੈ। ਜਿਹੜੇ ਲੋਕਾਂ ਨੂੰ ਇਸ ਮੋੜੇ ਦਾ ਅਹਿਸਾਸ ਹੈ, ਉਹ ਸਿਰਫ ਵਿਰੋਧ ਖਾਤਰ ਵਿਰੋਧ ਕਰੀ ਜਾ ਰਹੇ ਹਨ, ਕਿਉਂਕਿ ਹੋਰ ਕੁਝ ਕਰਨ ਲਈ ਹੁਣ ਸਮਾਂ ਨਹੀਂ ਰਹਿ ਗਿਆ ਜਾਪਦਾ। ਜਦੋਂ ਇਸ ਦਾ ਸਮਾਂ ਸੀ, ਓਦੋਂ ਉਹ ਇਸ ਬਾਰੇ ਚੁੱਪ ਰਹੇ ਤੇ ਜਾਂ ਫਿਰ ਅਸਲੋਂ ਵਿਖਾਵੇ ਜੋਗੀ ਜ਼ਬਾਨ ਹਿਲਾ ਕੇ ਆਪਣੇ ਵਿਚਾਰਾਂ ਦੀ ਹਾਜ਼ਰੀ ਲਵਾਉਣ ਤੱਕ ਸੀਮਤ ਹੋ ਗਏ ਸਨ। ਮਿਸਾਲ ਵਜੋਂ ਮੁਸਲਿਮ ਸਮਾਜ ਵਿੱਚ ਤਿੰਨ ਤਲਾਕ ਦੀ ਰਵਾਇਤ ਨੂੰ ਸਾਰੇ ਗਲਤ ਕਹਿੰਦੇ ਸਨ, ਮੌਜੂਦਾ ਸਰਕਾਰ ਨੇ ਇਸ ਦੇ ਖਿਲਾਫ ਸਖਤ ਕਦਮ ਚੁੱਕਿਆ ਹੈ ਤਾਂ ਆਨੇ-ਬਹਾਨੇ ਇਸ ਨੂੰ ਇੱਕ ਜਾਂ ਦੂਸਰੀ ਕਮੇਟੀ ਨੂੰ ਸੌਂਪਣ ਦੀ ਗੱਲ ਉਹ ਲੋਕ ਕਹਿ ਰਹੇ ਹਨ, ਜਿਨ੍ਹਾਂ ਨੇ ਸ਼ਾਹ ਬਾਨੋ ਕੇਸ ਵੇਲੇ ਇਹੋ ਕੰਮ ਖੁਦ ਕਰਨ ਦਾ ਮੌਕਾ ਵੋਟਾਂ ਦੀ ਗਿਣਤੀ-ਮਿਣਤੀ ਕਰਦਿਆਂ ਅਜਾਈਂ ਗਵਾ ਲਿਆ ਸੀ। ਸ਼ਾਹ ਬਾਨੋ ਬਚਪਨ ਵਿੱਚ ਜਿਸ ਵਕੀਲ ਨਾਲ ਵਿਆਹੀ ਗਈ, ਧੌਲਾ ਝਾਟਾ ਹੋਣ ਪਿੱਛੋਂ ਉਸ ਬੰਦੇ ਨੂੰ ਕੋਈ ਨੱਢੀ ਮਿਲ ਗਈ ਤਾਂ ਉਸ ਨੇ ਅਠਤਾਲੀ ਸਾਲ ਪਹਿਲਾਂ ਦੀ ਵਿਆਹੀ ਬੀਵੀ ਘਰੋਂ ਕੱਢ ਦਿੱਤੀ। ਅਦਾਲਤ ਵਿੱਚੋਂ ਉਸ ਵਕੀਲ ਦੇ ਖਿਲਾਫ ਫੈਸਲਾ ਆ ਗਿਆ ਤੇ ਨਾਲ ਇਹ ਕਹਾਣੀ ਵੀ ਨਿਕਲ ਆਈ ਕਿ ਆਪਣੀ ਬੀਵੀ ਨੂੰ ਉਸ ਦਾ ਹੱਕ ਦੇਣ ਤੋਂ ਇਨਕਾਰ ਕਰਨ ਵਾਲਾ ਉਹ ਵਕੀਲ ਹੋਰਨਾਂ ਆਦਮੀਆਂ ਦੀਆਂ ਏਸੇ ਢੰਗ ਨਾਲ ਤਿਆਗੀਆਂ ਹੋਈਆਂ ਔਰਤਾਂ ਦੇ ਕੇਸ ਅਦਾਲਤਾਂ ਵਿੱਚ ਲੜਦਾ ਪਿਆ ਹੈ ਤਾਂ ਇਸ ਕੁਰੀਤੀ ਦੇ ਖਿਲਾਫ ਸਟੈਂਡ ਲੈਣਾ ਚਾਹੀਦਾ ਸੀ। ਓਦੋਂ ਦੇ ਪ੍ਰਧਾਨ ਮੰਤਰੀ ਅਤੇ ਕਾਂਗਰਸੀ ਆਗੂ ਰਾਜੀਵ ਗਾਂਧੀ ਨੇ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਦੇ ਇਸ ਫੈਸਲੇ ਨੂੰ ਬਦਲਣ ਲਈ ਪਾਰਲੀਮੈਂਟ ਤੋਂ ਬਹੁ-ਸੰਮਤੀ ਦੇ ਜ਼ੋਰ ਨਾਲ ਮੋਹਰ ਲਵਾ ਲਈ ਸੀ। ਖੱਬੇ ਪੱਖੀ ਇਸਤਰੀ ਆਗੂ ਨੁਸਰਤ ਬਾਨੋ ਰੂਹੀ ਨੇ ਓਦੋਂ ਲਿਖਿਆ ਸੀ ਕਿ ਅੱਜ ਕੀਤੀ ਹੋਈ ਭੁੱਲ ਭਲਕ ਨੂੰ ਜਦੋਂ ਭੁਗਤਣੀ ਪਈ ਤਾਂ ਅੱਜ ਦੇ ਹਾਕਮਾਂ ਦੀ ਅਗਲੀ ਪੀੜ੍ਹੀ ਵੀ ਰੋਵੇਗੀ ਤੇ ਇਹ ਪਾਪ ਕੀਤੇ ਜਾਣ ਦੌਰਾਨ ਚੁੱਪ ਵੱਟੀ ਰੱਖਣ ਵਾਲੇ ਵੀ ਇੱਕ ਦਿਨ ਇਸ ਭੁੱਲ ਦਾ ਨਤੀਜਾ ਭੁਗਤਣਗੇ। ਅੱਜ ਉਹ ਵਕਤ ਆ ਗਿਆ ਹੈ।
ਸਾਨੂੰ ਪ੍ਰਸਿੱਧ ਖੱਬੇ ਪੱਖੀ ਸ਼ਾਇਰ ਕੈਫੀ ਆਜ਼ਮੀ ਦੀ ਪਟਨੇ ਵਿੱਚ ਪੈਂਤੀ ਕੁ ਸਾਲ ਪਹਿਲਾਂ ਕੀਤੀ ਤਕਰੀਰ ਵੀ ਨਹੀਂ ਭੁੱਲਦੀ ਕਿ ਇਸ ਵੇਲੇ ਰਾਜ ਕਰ ਰਹੀ ਕਾਂਗਰਸ ਪਾਰਟੀ ਆਪਣੇ ਨਹਿਰੂ-ਗਾਂਧੀ ਦੇ ਵਿਰਸੇ ਨੂੰ ਭੁੱਲਦੀ ਜਾਂਦੀ ਹੈ ਤੇ ਇਸ ਵਿੱਚ ਉਹ ਲੋਕ ਭਾਰੂ ਹੋ ਰਹੇ ਹਨ, ਜਿਹੜੇ ਉੱਤੋਂ ਇਸ ਦੇ ਆਗੂ ਤੇ ਅੰਦਰੋਂ ਕਿਸੇ ਹੋਰ ਦੇ ਏਜੰਟ ਹਨ। ਬਦਲੇ ਦੌਰ ਵਿੱਚ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਬਾਰੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਪੁੱਤਰ ਅਜੀਤ ਸਿੰਘ ਦਾ ਕਿਹਾ ਵੀ ਸਾਨੂੰ ਯਾਦ ਹੈ ਕਿ ਨਰਸਿਮਹਾ ਰਾਓ ਵਿਖਾਵੇ ਦਾ ਕਾਂਗਰਸੀ ਹੈ ਅਤੇ ਅੰਦਰਖਾਤੇ ਕਾਂਗਰਸ ਵਿਰੋਧੀ ਤਾਕਤਾਂ ਦੇ ਹੱਥਾਂ ਦਾ ਖਿਡੌਣਾ ਹੈ। ਬਾਅਦ ਵਿੱਚ ਜਦੋਂ ਨਰਸਿਮਹਾ ਰਾਓ ਦੇ ਨੇੜਲੇ ਸਾਥੀ ਕਾਂਗਰਸ ਛੱਡ ਕੇ ਇੱਕ ਖਾਸ ਪਾਰਟੀ ਵੱਲ ਜਾਣ ਲੱਗ ਪਏ ਤਾਂ ਇਹ ਗੱਲ ਹੋਰ ਸਾਫ ਹੋ ਗਈ ਸੀ। ਏਦਾਂ ਦੇ ਬੰਦੇ ਸੋਨੀਆ ਗਾਂਧੀ ਦੇ ਸੇਵਕ ਵੀ ਬਣੇ ਸਨ। ਰਾਜ ਸੱਤਾ ਦਾ ਲਾਭ ਲੈਣ ਲਈ ਉਹ ਲੋਕ ਸੋਨੀਆ ਗਾਂਧੀ ਦੇ ਜੀ-ਹਜ਼ੂਰੀਏ ਸਨ, ਪਰ ਸੋਚਣੀ ਦੀ ਸਾਂਝ ਕਿਸੇ ਹੋਰ ਪਾਸੇ ਨਾਲ ਹੁੰਦੀ ਸੀ। ਉਹ ਹੁਣ ਅਸਲੀ ਟਿਕਾਣੇ ਜਾ ਪਹੁੰਚੇ ਹਨ ਅਤੇ ਜਿਹੜੀਆਂ ਗੱਲਾਂ ਪਿਛਲੇ ਰਾਜ ਦੌਰਾਨ ਕਿਹਾ ਕਰਦੇ ਸਨ, ਹੁਣ ਉਹ ਐਨ ਉਸ ਤੋਂ ਉਲਟ ਗੱਲਾਂ ਕਰਦੇ ਅਤੇ ਇਨ੍ਹਾਂ ਨਵੀਂਆਂ ਕਹੀਆਂ ਗੱਲਾਂ ਨੂੰ ਸਾਬਤ ਕਰਨ ਵਾਲੇ ਹਵਾਲੇ ਪੇਸ਼ ਕਰਦੇ ਹਨ।
ਹੁਣ ਜਦੋਂ ਇਸ ਦੇਸ਼ ਦੀ ਵਿਚਾਰਧਾਰਾ ਦਾ ਵਹਿਣ ਪਹਿਲਾਂ ਵਾਲੀ ਲੀਹ ਛੱਡ ਕੇ ਨਵੀਂ ਦਿਸ਼ਾ ਨੂੰ ਵਹਿੰਦਾ ਦਿਖਾਈ ਦੇਂਦਾ ਹੈ, ਪਹਿਲੀ ਸੋਚ ਦੀ ਪ੍ਰਤੀਬੱਧਤਾ ਵਾਲੇ ਲੋਕਾਂ ਨੂੰ ਸਭ ਕੁਝ ਰੁੜ੍ਹਦਾ ਲੱਗ ਸਕਦਾ ਹੈ। ਭਾਰਤ ਦੇ ਲੋਕਾਂ ਨੇ ਕਈ ਦੌਰ ਦੇਖੇ ਹੋਏ ਹਨ ਤੇ ਕਈ ਹਾਲੇ ਵੇਖਣੇ ਹਨ। ਕੋਈ ਵੀ ਦੌਰ ਸਥਾਈ ਹੋਣ ਦੀ ਗਾਰੰਟੀ ਨਹੀਂ ਹੁੰਦੀ। ਅਜੋਕਾ ਦੌਰ ਕਿੰਨਾ ਕੁ ਲੰਮਾ ਹੈ, ਇਸ ਦਾ ਪਤਾ ਓਦੋਂ ਲੱਗੇਗਾ, ਜਦੋਂ ਹਾਲਾਤ ਕਿਸੇ ਅਗਲੀ ਕਰਵਟ ਦਾ ਵਕਤ ਮਹਿਸੂਸ ਕਰਨਗੇ।
31 Dec 2017