ਮਿੰਨੀ ਕਹਾਣੀ ' ਛੋਟੀ ਭੈਣ ਦੀ ਸਿੱਖਿਆ ' - ਹਾਕਮ ਸਿੰਘ ਮੀਤ ਬੌਂਦਲੀ
ਲਾਲੀ ਇੱਕ ਹੋਣਹਾਰ ਤੇ ਮਿੱਠੇ ਸੁਭਾਅ ਵਾਲਾ ਮੁੰਡਾ ਸੀ , ਜੋ ਮਾਲਵਾ ਕਾਲਜ ਬੌਂਦਲੀ ਬੀ ਏ ਦੀ ਕਲਾਸ ਵਿੱਚ ਪੜ੍ਹਦਾ ਸੀ । ਉਸਦੀ ਛੋਟੀ ਭੈਣ ਪਿੰਕੀ ਪਿੰਡ ਦੇ ਹਾਈ ਸਕੂਲ ਪੜ੍ਹਦੀ ਸੀ । ਅੱਜ ਲਾਲੀ ਕਾਲਜ ਤੋਂ ਜਲਦੀ ਘਰ ਆ ਗਿਆ ਸੀ । ਦੋਹਨੇ ਭੈਣ ਭਾਈ ਇਕ ਮੰਜੇ ਉੱਪਰ ਬੈਠੇ ਆਪਸ ਵਿੱਚ ਮਖੌਲ ਕਰ ਰਹੇ ਸਨ । ਲਾਲੀ ਦੇ ਹੱਥ ਵਿੱਚ ਫੜਿਆ ਮੁਬਾਇਲ ਫੋਨ ਪਿੰਕੀ ਖੋਹਕੇ ਭੱਜ ਗਈ, ਅਤੇ ਫੋਟੋਆਂ ਦੇਖਣੀਆਂ ਸੁਰੂ ਕਰ ਦਿੱਤੀ । ਬਹੁਤ ਮਿੰਨਤਾਂ ਤਰਲੇ ਕਾਰਨ ਤੇ ਵੀ ਨਾ ਦਿੱਤਾ ।
ਪਹਿਲਾ ਮੈਨੂੰ ਦੱਸ ਇਹ ਸੋਹਣੀ ਸੁਨੱਖੀ ਫੋਟੋ ਕਿਹੜੀ ਕੁੜੀ ਦੀ ਹੈ । ਵੀਰ ਜੀ ਇਹ ਕੌਣ ਹੈ ....... ?
ਕੁੜੀ ਦੀ ਫੋਟੋ ਦਿਖਾਉਂਦੀ ਹੋਈ ਪਿੰਕੀ ਨੇ ਆਪਣੇ ਵੀਰ ਨੂੰ ਪੁੱਛਿਆ ।
ਇਹ ਹੋਣ ਵਾਲੀ ਤੇਰੀ ਭਾਬੀ ਪਾਲੀ ਹੈ , ਮੇਰੇ ਨਲ ਪੜ੍ਹਦੀ ਹੈ । ਸੋਹਣੀ ਲੱਗਦੀ ਹੈ ਨਾ .... ? ਮੁਸਕੁਰਾਉਂਦੇ ਹੋਏ ਪੁੱਛਿਆ ! ਕੋਈ ਜਵਾਬ ਨਾ ਦਿੱਤਾ, ਉਹ ਚੁੱਪ ਸੀ । ਕੀ ਗੱਲ ਪਿੰਕੀ ਕੋਈ ਜਵਾਬ ਨਹੀਂ ਦਿੱਤਾ, ਹੱਸਦੇ ਹੋਏ ਨੇ ਕਿਹਾ ।
ਐਨੇ ਨੂੰ ਬੇਬੇ ਬਾਪੂ ਵੀ ਆ ਕੇ ਮੰਜੇ ਤੇ ਬੈਠ ਗਏ !
ਹਾਂ ਬਹੁਤ ਹੀ ਸੋਹਣੀ ਹੈ , ਕੀ ਬਹੁਤ ਸੋਹਣੀ ਹੈ ਪੁੱਤਰ ਪਿੰਕੀ ਸਾਨੂੰ ਵੀ ਦੱਸ , ਗੱਲ ਕੱਟਦੇ ਹੋਏ ਬਾਪੂ ਨੇ ਕਿਹਾ ।
ਪਰ ਤੂੰ ਇਹ ਮੁਬਾਇਲ ਫੋਨ ਵਿੱਚ ਕਿਉ ਰੱਖੀ ਹੈ ? ਉਸ ਕੋਲ ਕੋਈ ਜਵਾਬ ਨਹੀਂ ਸੀ । ਐਨੇ ਨੂੰ ਬਾਪੂ ਨੇ ਫਿਰ ਕਿਹਾ, ਕੀ ਰੱਖੀ ਏ ।
ਪੁੱਛੋਂ ਆਪਣੇ ਲਾਡਲੇ ਨੂੰ ?
ਬੇਬੇ ਨੇ ਗਲ ਨਾਲ ਲਾਉਂਦੇ ਪੁਛਿਆ ਕੀ ਹੈ ਪੁੱਤਰ । ਹਾਂ ਦੱਸ ਵੱਡੇ ਵੀਰ ਤੋਂ ਅੱਜ ਛੋਟੀ ਭੈਣ ਪੁੱਛ ਰਹੀ ਹੈ । ਲਾਲੀ ਪਿੰਕੀ ਕੀ ਪੁੱਛਦੀ ਹੈ? ਬੇਬੇ ਮੇਰੇ ਨਾਲ ਇਕ ਕੁੜੀ ਪੜ੍ਹਦੀ ਆ ਉਹਦੀ ਫੋਟੋ ਆ , ਲਿਆ ਭਲਾ ਮੈਨੂੰ ਵੀ ਦਿਖਾ । ਹੱਸਦੇ -ਹੱਸਦੇ ਨੇ ਹੱਥ ਤੇ ਮੁਬਾਇਲ ਰੱਖ ਦਿੱਤਾ, ਹਾਏ ਮੈ ਮਰਜਾ ਕਿੰਨੀ ਸੋਹਣੀ ਆ , ਕਿਹੜੇ ਪਿੰਡ ਦੀ ਹੈ ? ਕਿਉ ਤਾਏ ਰਿਸ਼ਤਾ ਪੱਕਾ ਕਰਨਾ, ਬਾਪੂ ਨੇ ਕਿਹਾ, ਦੇਖੋ ਤਾਂ ਜੀ ਕੁੜੀ ਕਿੰਨੀ ਸੋਹਣੀ ਐ । ਇਸ ਦਾ ਜਵਾਬ ਆਪਣੀ ਧੀ ਪਿੰਕੀ ਮੰਗ ਰਹੀ ਹੈ , ਉਸਨੂੰ ਜਵਾਬ ਦਿਓ ? ਹੁਣ ਮਾਂ ਪੁੱਤ ਕੋਲ ਕੋਈ ਜਵਾਬ ਨਹੀਂ ਸੀ ।
ਵੀਰੇ ਮੈ ਤੇਰੀ ਛੋਟੀ ਭੈਣ ਆ ,'' ਮੇਰੇ ਵੱਲ ਦੇਖ , ਬਾਪੂ ਦੀ ਪੱਗ ਤੇ ਵੀਰੇ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀਆਂ ਭੈਣਾਂ ਹੀ ਹੁੰਦੀਆਂ ਨੇ ।'' ਇਹ ਵੀ ਕਿਸੇ ਬਾਪ ਦੀ ਧੀ ਹੈ ਤੇ ਭਾਈ ਦੀ ਸਰਦਾਰੀ ਦਾ ਖਿਆਲ ਰੱਖਣ ਵਾਲੀ ਕਿਸੇ ਦੀ ਭੈਣ ਹੈ । ਜਿਸ ਦੀ ਫੋਟੋ ਮੁਬਾਇਲ ਵਿੱਚ ਰੱਖਕੇ ਇੱਜ਼ਤ ਨਿਲਾਮ ਕਰਨ ਤੁਰਿਆ ਐ ।
ਕੱਲ੍ਹ ਨੂੰ ਤੇਰੀ ਛੋਟੀ ਭੈਣ ਇਸ ਤਰ੍ਹਾਂ ਦਾ ਕੋਈ ਗਲਤ ਕਦਮ ਚੱਕਦੀ ਹੈ । ਤੂੰ ਬਰਦਾਸ਼ਤ ਕਰ ਪਾਏਗਾ ? ਨਾਲੇ ਫਿਰ ਤੂੰ ਮੈਨੂੰ ਕੀ ਸਮਝਾਏ ਗਾ । ਐਨੀ ਗੱਲ ਸੁਣਕੇ ਲਾਲ ਪੀਲਾ ਹੁੰਦਾ ਹੋਇਆ ਮਾਰਨ ਲਈ ਆਪਣੀ ਭੈਣ ਵੱਲ ਨੂੰ ਵੱਧ ਰਿਹਾ ਸੀ ।
''ਬਸ ਪੁੱਤਰਾਂ ਬਸ ਮੇਰੀ ਧੀ ਪਿੰਕੀ ਨੇ ਠੀਕ ਹੀ ਕਿਹਾ ਹੈ ।'' ਅਜੇ ਕੋਈ ਗਲਤ ਕਦਮ ਚੱਕਿਆ ਨਹੀਂ , ਉਦਾਹਰਣ ਦਿੱਤੀ ਹੈ, ਜਦ ਤੂੰ ਆਪਣੀ ਭੈਣ ਦੀ ਦਿੱਤੀ ਹੋਈ ਉਦਾਹਰਣ ਬਰਦਾਸ਼ਤ ਨਹੀਂ ਕਰ ਸਕਿਆ । '' ਜਿਹਨਾਂ ਦੀ ਧੀ ਫੋਟੋ ਤੂੰ ਆਪਣੇ ਮੁਬਾਇਲ ਵਿੱਚ ਰੱਖੀ ਐ,ਜਦ ਇਸ ਗੱਲ ਦਾ ਉਹਨਾਂ ਪਤਾ ਲੱਗੂਗਾ,ਫਿਰ ਉਹ ਕਿਵੇਂ ਬਰਦਾਸ਼ਤ ਕਰਨਗੇ ।''
ਬਾਪੂ ਜੀ ਅੱਜ ਤੁਸੀਂ ਮੇਰੀ ਸੁੱਤੀ ਪਈ ਜ਼ਮੀਰ ਜਗ੍ਹਾ ਦਿੱਤਾ ਮੈਨੂੰ ਮੁਆਫ ਕਰ ਦਿਓ। ਮੁਆਫੀ ਮੰਗ ਆਪਣੀ ਭੈਣ ਕੋਲੋ ? ਅੱਜ ਗਲਤੀ ਕਾਰਨ ਕਰਕੇ ਵੱਡੇ ਵੀਰ ਨੂੰ ਆਪਣੀਆਂ ਅੱਖਾਂ ਨੀਵੀਆਂ ਕਰਕੇ ਛੋਟੀ ਭੈਣ ਤੋਂ ਮੁਆਫੀ ਮੰਗਣੀ ਪਈ , ਅਤੇ ਭੈਣ ਨਾਲ ਅੱਗੇ ਵਾਸਤੇ ਇਹੋ ਜਿਹੀ ਕੋਈ ਗਲਤੀ ਨਾ ਕਰਨ ਵਾਆਦਾ ਕੀਤਾ । ਛੋਟੀ ਭੈਣ ਦੀ ਸਿੱਖਿਆ ਤੋਂ ਇੰਝ ਲੱਗ ਰਿਹਾ ਸੀ, '' ਜਿਵੇਂ ਬਾਪੂ ਦੀ ਪੱਗ ਨੂੰ ਦਾਗ ਅਤੇ ਆਪਣੀਆਂ ਸਰਦਾਰੀਆਂ ਗਵਾਉਣਾ ਵਾਲੇ ਅਸੀਂ ਖੁਦ ਆਪ ਹਾਂ, '' ਨਾ ਕੇ ਸਾਡੀਆਂ ਧੀਆਂ ਭੈਣਾਂ ਅਤੇ ਪਤਨੀਆਂ ਹਨ ।'' ( ਸੋਚ ਆਪੋ ਆਪਣੀ )
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ,
15 Jan. 2019