ਗਿਆਨ-ਵਿਗਿਆਨ - ਸਵਰਾਜਬੀਰ
ਹਰ ਵਰ੍ਹੇ ਭਾਰਤੀ ਵਿਗਿਆਨ ਕਾਂਗਰਸ ਐਸੋਸੀਏਸ਼ਨ ਦਾ ਸਾਲਾਨਾ ਇਜਲਾਸ ਵਰ੍ਹੇ ਦੇ ਪਹਿਲੇ ਹਫ਼ਤੇ ਵਿਚ ਹੁੰਦਾ ਹੈ। ਇਸ ਵਿਚ ਦੇਸ਼ ਅਤੇ ਵਿਦੇਸ਼ ਦੇ ਉੱਘੇ ਵਿਗਿਆਨੀ ਸ਼ਾਮਲ ਹੁੰਦੇ ਹਨ, ਵਿਗਿਆਨਕ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਦੇ ਹਨ ਅਤੇ ਖੋਜਾਂ ਤੇ ਪ੍ਰਾਪਤੀਆਂ ਬਾਰੇ ਪੇਸ਼ਕਾਰੀਆਂ ਹੁੰਦੀਆਂ ਹਨ। 1914 ਤੋਂ ਸ਼ੁਰੂ ਹੋਈ ਇਸ ਰਵਾਇਤ ਨੂੰ ਆਜ਼ਾਦੀ ਤੋਂ ਬਾਅਦ ਵੱਡਾ ਹੁਲਾਰਾ ਉਦੋਂ ਮਿਲਿਆ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਵਿਚ ਸ਼ਾਮਲ ਹੋਣਾ ਸ਼ੁਰੂ ਕੀਤਾ ਅਤੇ ਦੇਸ਼ ਵਿਚ ਵਿਗਿਆਨਕ ਸੋਚ ਨੂੰ ਉਤਸ਼ਾਹਿਤ ਕਰਨ ਦੀ ਸਮਝ ਨੂੰ ਸਾਲਾਨਾ ਇਜਲਾਸ ਦੇ ਉਦੇਸ਼ਾਂ ਦਾ ਹਿੱਸਾ ਬਣਾਇਆ ਗਿਆ। ਪਰ ਪਿਛਲੇ ਕੁਝ ਵਰ੍ਹਿਆਂ ਤੋਂ ਇਸ ਕਾਂਗਰਸ ਦੀਆਂ ਕਾਰਵਾਈਆਂ ਦੌਰਾਨ ਗ਼ੈਰ-ਵਿਗਿਆਨਕ ਦਾਅਵੇ ਪੇਸ਼ ਕੀਤੇ ਜਾ ਰਹੇ ਹਨ। ਉਦਾਹਰਨ ਦੇ ਤੌਰ 'ਤੇ ਇਸ ਵਰ੍ਹੇ ਲਵਲੀ ਪ੍ਰੋਫੈਸ਼ਨਲ ਯੂਨੀਵਰਿਸਟੀ ਵਿਚ ਹੋਈ ਸਾਇੰਸ ਕਾਂਗਰਸ ਵਿਚ ਆਂਧਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫ਼ੈਸਰ ਜੀ. ਨਗੇਸ਼ਵਰ ਰਾਓ ਅਤੇ ਇਕ ਹੋਰ ਖੋਜਕਾਰ ਨੇ ਇਹ ਦਾਅਵੇ ਕੀਤੇ : ਪੁਰਾਤਨ ਭਾਰਤ ਵਿਚ ਮਨੁੱਖੀ ਸਰੀਰ ਬਾਰੇ ਅਜਿਹਾ ਗਿਆਨ-ਵਿਗਿਆਨ ਮੌਜੂਦ ਸੀ ਜਿਸ ਰਾਹੀਂ ਟੈਸਟ ਟਿਊਬਾਂ ਵਿਚ ਬੱਚੇ ਪੈਦਾ ਕੀਤੇ ਗਏ ਅਤੇ ਇਸ ਦਾ ਵਰਨਣ ਸਾਡੀਆਂ ਪੁਰਾਣੀਆਂ ਮਹਾਂ-ਕਾਵਿਕ ਰਚਨਾਵਾਂ ਵਿਚ ਮਿਲਦਾ ਹੈ, ਪੁਰਾਤਨ ਭਾਰਤ ਦੇ ਯੋਧਿਆਂ ਤੇ ਸੈਨਾਵਾਂ ਕੋਲ ਮਿਸਾਈਲ ਤਕਨਾਲੋਜੀ ਮੌਜੂਦ ਸੀ, ਰਾਜਿਆਂ ਕੋਲ ਸਫ਼ਰ ਕਰਨ ਲਈ ਹਵਾਈ ਜਹਾਜ਼ ਸਨ ਅਤੇ ਉਨ੍ਹਾਂ ਦੇ ਉੱਡਣ ਵਾਸਤੇ ਹਵਾਈ ਅੱਡੇ ਬਣਾਏ ਗਏ ਸਨ। ਇਸੇ ਕਾਂਗਰਸ ਵਿਚ ਨਿਊਟਨ ਅਤੇ ਆਈਨਸਟਾਈਨ ਵਰਗੇ ਵਿਗਿਆਨੀਆਂ ਦੁਆਰਾ ਕੀਤੀਆਂ ਗਈਆਂ ਖੋਜਾਂ ਨੂੰ ਗ਼ਲਤ ਦੱਸਿਆ ਗਿਆ ਅਤੇ ਇਹ ਵੀ ਕਿਹਾ ਗਿਆ ਕਿ ਇਕ ਪੁਰਾਤਨ ਦੇਵਤਾ ਨੂੰ ਧਰਤੀ 'ਤੇ ਖ਼ਤਮ ਹੋ ਚੁੱਕੀ ਡਾਇਨਾਸੋਰਾਂ ਦੀ ਨਸਲ ਬਾਰੇ ਪਤਾ ਸੀ ਅਤੇ ਉਸ ਨੇ ਪੁਰਾਣੇ ਗ੍ਰੰਥਾਂ ਵਿਚ ਇਸ ਦਾ ਵਰਨਣ ਕੀਤਾ ਹੈ। ਸਾਇੰਸ ਕਾਂਗਰਸ ਵਿਚ ਬੋਲਣ ਵਾਲੇ ਇਨ੍ਹਾਂ ਬੁਲਾਰਿਆਂ ਨੇ ਇਨ੍ਹਾਂ ਦਾਅਵਿਆਂ ਬਾਰੇ ਕੋਈ ਠੋਸ ਸਬੂਤ ਜਾਂ ਗਵਾਹੀ ਪੇਸ਼ ਨਹੀਂ ਕੀਤੀ।
ਇੱਥੇ ਇਹ ਦਲੀਲ ਦਿੱਤੀ ਜਾ ਸਕਦੀ ਹੈ ਕਿ ਕਿਸੇ ਵੀ ਸਾਇੰਸਦਾਨ ਜਾਂ ਖੋਜਕਾਰ ਨੂੰ ਕੁਝ ਵੀ ਬੋਲਣ ਦੀ ਆਜ਼ਾਦੀ ਹੈ ਅਤੇ ਜੇ ਉਹ ਆਧੁਨਿਕ ਗਿਆਨ ਨੂੰ ਪੁਰਾਤਨ ਗ੍ਰੰਥਾਂ ਵਿਚੋਂ ਤਲਾਸ਼ ਕਰਦਾ ਹੈ ਤਾਂ ਇਸ ਵਿਚ ਕੀ ਖਰਾਬੀ ਹੈ? ਇਸ ਤਰ੍ਹਾਂ ਦੀ ਵਿਆਖਿਆ ਵਿਰੁੱਧ ਮੁੱਢਲੀ ਦਲੀਲ ਇਹ ਹੈ ਕਿ ਕਿਸੇ ਵਿਗਿਆਨਕ ਖੋਜ ਜਾਂ ਦਾਅਵੇ ਦਾ ਆਧਾਰ ਪ੍ਰਮਾਣ, ਤਰਕ, ਗਣਿਤ ਜਾਂ ਪ੍ਰਯੋਗ ਹੁੰਦੇ ਹਨ। ਪੁਰਾਣੀਆਂ ਕਥਾਵਾਂ ਦੇ ਆਧਾਰ 'ਤੇ ਇਹ ਦਾਅਵੇ ਕਰਨਾ ਨਾ ਸਿਰਫ਼ ਗ਼ੈਰ-ਵਿਗਿਆਨਕ ਹੈ ਸਗੋਂ ਉਨ੍ਹਾਂ ਕਥਾਵਾਂ ਦੇ ਰਚਣਹਾਰਿਆਂ ਦੀ ਕਲਪਨਾ ਦਾ ਮਖ਼ੌਲ ਉਡਾਉਣਾ ਵੀ ਹੈ। ਪਰ ਇਸ ਦਾ ਇਹ ਮਤਲਬ ਨਹੀਂ ਕਿ ਪੁਰਾਤਨ ਹਿੰਦੋਸਤਾਨ ਵਿਚ ਵਿਗਿਆਨ ਦੇ ਖੇਤਰ ਵਿਚ ਤਰੱਕੀ ਨਹੀਂ ਸੀ ਹੋਈ। ਪੁਰਾਣੇ ਸਮਿਆਂ ਵਿਚ ਭਾਰਤ ਵਿਚ ਆਰੀਆ ਭੱਟ, ਬ੍ਰਹਮ ਗੁਪਤਾ, ਵਰਾਹ ਮਿਹਰ ਜਿਹੇ ਹਿਸਾਬਦਾਨ ਅਤੇ ਵਿਗਿਆਨੀ ਹੋਏ ਜਿਨ੍ਹਾਂ 'ਤੇ ਕੋਈ ਵੀ ਦੇਸ਼ ਮਾਣ ਕਰ ਸਕਦਾ ਹੈ। ਉਨ੍ਹਾਂ ਨੇ ਗਣਿਤ, ਤਾਰਾ ਵਿਗਿਆਨ, ਸਿਹਤ ਤੇ ਹੋਰ ਖੇਤਰਾਂ ਵਿਚ ਹੈਰਾਨ ਕਰ ਦੇਣ ਵਾਲੀਆਂ ਖੋਜਾਂ ਕੀਤੀਆਂ।
ਭਾਰਤ ਦੇ ਦਰਸ਼ਨਾਂ ਵਿਚੋਂ ਵੈਸ਼ਸਿਕ ਦਰਸ਼ਨ ਦਾ ਆਧਾਰ ਹੀ ਵਿਗਿਆਨਕ ਸੀ ਕਿਉਂਕਿ ਇਸ ਅਨੁਸਾਰ ਇਹ ਬ੍ਰਹਿਮੰਡ, ਅਣੂਆਂ-ਪ੍ਰਮਾਣੂਆਂ ਦਾ ਬਣਿਆ ਹੋਇਆ ਹੈ। ਕਣਾਦ ਰਿਸ਼ੀ ਨੂੰ ਇਸ ਦਰਸ਼ਨ ਦਾ ਮੁੱਖ ਸਿਧਾਂਤਕਾਰ ਮੰਨਿਆ ਜਾਂਦਾ ਹੈ ਪਰ ਉਸ ਸਮੇਂ ਦੀ ਅਣੂਆਂ ਤੇ ਪ੍ਰਮਾਣੂਆਂ ਬਾਰੇ ਸਮਝ ਬਹੁਤ ਬੁਨਿਆਦੀ ਹੈ ਅਤੇ ਬਾਅਦ ਵਿਚ ਹੋਈਆਂ ਵਿਗਿਆਨਕ ਖੋਜਾਂ ਨਾਲ ਮੇਲ ਨਹੀਂ ਖਾਂਦੀ। ਵਿਗਿਆਨ ਦਾ ਮੁੱਢਲਾ ਸਿਧਾਂਤ ਇਹ ਹੈ ਕਿ ਸੰਸਾਰ ਦੀ ਭੌਤਿਕਤਾ ਬਾਰੇ ਸਾਡੀ ਸਮਝ ਹਮੇਸ਼ਾ ਬਦਲਦੀ ਰਹਿੰਦੀ ਹੈ। ਨਵਾਂ ਗਣਿਤ, ਨਵਾਂ ਵਿਗਿਆਨ ਅਤੇ ਨਵੀਆਂ ਖੋਜਾਂ, ਨਵੀਂ ਸਮਝ, ਨਵੇਂ ਪ੍ਰਮਾਣ ਅਤੇ ਨਵੇਂ ਸਿਧਾਂਤ ਪੇਸ਼ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਵਿਗਿਆਨ ਤੇ ਸਮਾਜ ਤਰੱਕੀ ਕਰਦੇ ਹਨ।
ਬੁਨਿਆਦੀ ਪ੍ਰਸ਼ਨ ਇਹ ਹੈ ਕਿ ਅਸੀਂ ਇਸ ਤਰ੍ਹਾਂ ਦੇ ਦਾਅਵੇ ਕਿਉਂ ਕਰਦੇ ਹਾਂ ਕਿ ਅਜੋਕਾ ਵਿਗਿਆਨ ਸਾਡੇ ਪੁਰਾਤਨ ਗ੍ਰੰਥਾਂ ਵਿਚ ਪਿਆ ਹੋਇਆ ਹੈ, ਸਾਡੇ ਪੂਰਵਜ ਸਭ ਕੁਝ ਜਾਣਦੇ ਸਨ, ਪੱਛਮੀ ਵਿਗਿਆਨੀਆਂ ਤੇ ਖੋਜਕਾਰਾਂ ਨੇ ਸਾਡੇ ਗ੍ਰੰਥਾਂ ਵਿਚੋਂ ਖੋਜਾਂ ਲੈ ਕੇ ਉਨ੍ਹਾਂ ਨੂੰ ਆਪਣਾ ਬਣਾ ਕੇ ਪੇਸ਼ ਕੀਤਾ ਹੈ। ਇਸ ਤਰ੍ਹਾਂ ਦਾ ਰੁਝਾਨ ਉਸ ਸਮੇਂ ਜ਼ੋਰ ਪਕੜਦਾ ਹੈ ਜਦ ਸਮਾਜ ਸੱਭਿਆਚਾਰਕ ਤੇ ਸਮਾਜਿਕ ਸੰਕਟ ਵਿਚੋਂ ਲੰਘ ਰਿਹਾ ਹੁੰਦਾ ਹੈ ਅਤੇ ਉਸ ਦਾ ਟਾਕਰਾ ਬਾਹਰਲੇ ਕੁਝ ਇਹੋ ਜਿਹੇ ਸਮਾਜਾਂ ਨਾਲ ਹੁੰਦਾ ਹੈ ਜਿਹੜੇ ਜ਼ਿਆਦਾ ਵਿਕਾਸ ਕਰ ਗਏ ਹੁੰਦੇ ਹਨ ਜਾਂ ਜਿਨ੍ਹਾਂ ਨੂੰ ਵਿਕਸਿਤ ਤੇ ਅਗਾਂਹਵਧੂ ਬਣਾ ਕੇ ਪੇਸ਼ ਕੀਤਾ ਜਾਂਦਾ ਹੈ। ਸਾਡੇ ਦੇਸ਼ ਵਿਚ ਇਹ ਵਰਤਾਰਾ ਬਸਤੀਵਾਦੀ ਦੌਰ ਦੌਰਾਨ ਵਾਪਰਿਆ। ਅੰਗਰੇਜ਼ਾਂ ਨੇ ਆਪਣੇ ਆਪ ਨੂੰ ਇਕ ਸ੍ਰੇਸ਼ਠ ਤੇ ਉੱਤਮ ਸੱਭਿਅਤਾ ਵਜੋਂ ਪੇਸ਼ ਕੀਤਾ। ਉਨ੍ਹਾਂ ਨੇ ਬਸਤੀਵਾਦ ਨੂੰ ਇਸ ਤਰੀਕੇ ਨਾਲ ਨਿਆਂਸੰਗਤ ਠਹਿਰਾਇਆ ਕਿ ਉਹ ਪਛੜੇ ਹੋਏ ਦੇਸ਼ਾਂ ਵਿਚ ਵਿਕਾਸ ਕਰਨ ਆਏ ਸਨ ਅਤੇ ਇਹ ਧਾਰਨਾ ਵੀ ਪੇਸ਼ ਕੀਤੀ ਗਈ ਕਿ ਪਛੜੇ ਹੋਏ ਦੇਸ਼ਾਂ ਦੇ ਵਾਸੀ ਜ਼ਿਆਦਾਤਰ ਜਜ਼ਬਾਤੀ ਤੇ ਆਪਸ ਵਿਚ ਲੜਨ ਵਾਲੇ ਹੁੰਦੇ ਹਨ ਅਤੇ ਇਸ ਲਈ ਉਹ ਖ਼ੁਦ ਰਾਜ ਕਰਨ ਦੇ ਕਾਬਲ ਨਹੀਂ ਜਦੋਂਕਿ ਪੱਛਮੀ ਦੇਸ਼ਾਂ ਦੇ ਵਸਨੀਕ ਤਰਕਸ਼ੀਲ ਤੇ ਵਿਗਿਆਨਕ ਸੋਚ ਵਾਲੇ ਹੁੰਦੇ ਹਨ। ਇਸ ਤਰ੍ਹਾਂ ਦੀ ਸਾਮਰਾਜੀ ਸੋਚ ਦਾ ਵਿਰੋਧ ਕਰਨ ਲਈ ਹਿੰਦੋਸਤਾਨੀ ਚਿੰਤਕਾਂ ਤੇ ਆਗੂਆਂ ਨੇ ਕਈ ਤਰ੍ਹਾਂ ਦੇ ਤਰਕ ਪੇਸ਼ ਕੀਤੇ। ਉਨ੍ਹਾਂ ਵਿੱਚੋਂ ਸਭ ਤੋਂ ਵੱਡਾ ਤਰਕ ਇਹ ਸੀ ਕਿ ਪੁਰਾਤਨ ਭਾਰਤ ਦੇ ਲੋਕ ਧਾਰਮਿਕ ਤੇ ਰੂਹਾਨੀ ਖੇਤਰਾਂ ਵਿਚ ਬਹੁਤ ਜ਼ਿਆਦਾ ਤਰੱਕੀ ਕਰ ਚੁੱਕੇ ਸਨ ਜਦੋਂਕਿ ਪੱਛਮੀ ਦੇਸ਼ ਪਦਾਰਥਵਾਦੀ ਸੋਚ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ ਅਤੇ ਇਸ ਤਰ੍ਹਾਂ ਭਾਰਤ ਰੂਹਾਨੀ ਮਸਲਿਆਂ ਵਿਚ ਪੱਛਮ ਤੋਂ ਜ਼ਿਆਦਾ ਗਿਆਨ ਰੱਖਦਾ ਹੈ ਅਤੇ ਉਸ ਨੂੰ ਰਾਹ ਦਿਖਾਏਗਾ। ਇਸੇ ਤਰ੍ਹਾਂ ਕੁਝ ਵਿਆਖਿਆਕਾਰਾਂ ਨੇ ਸਾਡੀਆਂ ਪੌਰਾਣਿਕ ਕਥਾਵਾਂ ਵਿਚ ਪਈਆਂ ਕਾਲਪਨਿਕ ਕਹਾਣੀਆਂ ਨੂੰ ਵਿਗਿਆਨਕ ਪੁੱਠ ਦੇਣ ਦੀ ਕੋਸ਼ਿਸ਼ ਕੀਤੀ। ਇਸ ਤਰ੍ਹਾਂ ਇਨ੍ਹਾਂ ਯਤਨਾਂ ਹੇਠਲੀ ਮੂਲ ਭਾਵਨਾ ਅੰਗਰੇਜ਼ਾਂ ਦੇ ਮੁਕਾਬਲੇ ਪੁਰਾਤਨ ਹਿੰਦੋਸਤਾਨ ਦੀ ਸਮਾਜਿਕ, ਧਾਰਮਿਕ ਤੇ ਵਿਗਿਆਨਕ ਸਰਬਉੱਚਤਾ ਨੂੰ ਸਿੱਧ ਕਰਨਾ ਸੀ। ਸਪਸ਼ਟ ਹੈ ਕਿ ਇਸ ਤਰ੍ਹਾਂ ਇਹ ਸੋਚ ਸਾਮਰਾਜੀ ਸੋਚ ਦੇ ਸਾਹਮਣੇ ਸਾਡੀ ਹੀਣ-ਭਾਵਨਾ ਤੋਂ ਉਪਜੀ ਹੈ।
ਇਸ ਤਰ੍ਹਾਂ ਦੇ ਦਾਅਵੇ ਸਾਡੇ ਪੁਰਾਤਨ ਗ੍ਰੰਥਾਂ ਨਾਲ ਵੀ ਨਿਆਂ ਨਹੀਂ ਕਰਦੇ। ਪੁਰਾਤਨ ਗ੍ਰੰਥਾਂ ਵਿਚ ਦਿੱਤੇ ਗਏ ਕਈ ਸਿਧਾਂਤ ਵਿਗਿਆਨਕ ਸਮਝ ਦੇ ਪਹਿਲੂਆਂ ਨਾਲ ਮੇਲ ਖਾਂਦੇ ਹਨ। ਉਦਾਹਰਨ ਦੇ ਤੌਰ 'ਤੇ ਬ੍ਰਹਿਮੰਡ ਦੀ ਉਤਪਤੀ ਬਾਰੇ ਰਿਗਵੇਦ ਦਾ ਨਸਦੀਆ ਸਲੋਕ ਕਹਿੰਦਾ ਹੈ : ''ਉਹ ਸਮੇਂ ਤਾਂ ਕੁਝ ਵੀ ਨਹੀਂ ਸੀ, ਸੱਤ ਵੀ ਨਹੀਂ, ਅਸੱਤ ਵੀ ਨਹੀਂ, ਨਾ ਅੰਤਰਿਕਸ਼ ਸੀ ਅਤੇ ਨਾ ਬ੍ਰਹਿਮੰਡ, ਨਾ ਆਕਾਸ਼, ਸਭ ਕੁਝ ਢਕਿਆ ਹੋਇਆ ਸੀ, ਕਿਸ ਨੇ ਢਕਿਆ ਸੀ? ਅਗੰਮ, ਅਥਾਹ ਜਲ, ਉਸ ਸਮੇਂ ਕਿੱਥੇ ਸੀ?'' ਇਹ ਵਿਗਿਆਨਕ ਸੋਚ ਹੈ, ਸੰਦੇਹ ਕਰਨ ਵਾਲੀ ਤੇ ਪ੍ਰਸ਼ਨ ਕਰਨ ਵਾਲੀ ਦ੍ਰਿਸ਼ਟੀ। ਅਜਿਹੀ ਦ੍ਰਿਸ਼ਟੀ ਹੀ ਲੋਕਾਂ ਵਿਚ ਸਮੂਹਿਕ ਤੌਰ 'ਤੇ ਵਿਗਿਆਨਕ ਸੋਚ ਨੂੰ ਸੰਚਾਰਿਤ ਕਰਨ ਦਾ ਆਧਾਰ ਹੋ ਸਕਦੀ ਹੈ, ਨਾ ਕਿ ਕਾਲਪਨਿਕ ਕਥਾਵਾਂ ਵਿਚਲੇ 'ਹਵਾਈ ਜਹਾਜ਼ਾਂ' ਬਾਰੇ ਦਾਅਵੇ ਜਾਂ ਅਸਤਰਾਂ-ਸ਼ਸਤਰਾਂ ਦੀ 'ਮਿਸਾਈਲਾਂ' ਵਜੋਂ ਵਿਆਖਿਆ।
ਅੱਜ ਸਾਡੇ ਦੇਸ਼ ਨੂੰ ਆਜ਼ਾਦ ਹੋਏ 71 ਵਰ੍ਹੇ ਤੋਂ ਜ਼ਿਆਦਾ ਹੋ ਗਏ ਹਨ। ਹੁਣ ਅਸੀਂ ਗ਼ੁਲਾਮ ਨਹੀਂ ਤਾਂ ਫਿਰ ਅਜਿਹੇ ਫਰਜ਼ੀ ਦਾਅਵੇ ਕਿਉਂ ਕਰਦੇ ਹਾਂ? ਇਸ ਦਾ ਕਾਰਨ ਇਹ ਹੈ ਕਿ ਸਾਡੇ ਦੇਸ਼ ਵਿਚ ਇਕ ਖ਼ਾਸ ਤਰ੍ਹਾਂ ਦੀ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਜਿਸ ਅਨੁਸਾਰ ਪੁਰਾਤਨ ਭਾਰਤ ਵਿਚ ਸੁੱਖ, ਸ਼ਾਂਤੀ, ਸਮਰਿਧੀ, ਗਿਆਨ ਤੇ ਵਿਗਿਆਨ ਦੀ ਪ੍ਰਧਾਨਤਾ ਸੀ, ਉਸ ਸਮਾਜ ਵਿਚ ਕੋਈ ਕੁਰੀਤੀਆਂ ਨਹੀਂ ਸਨ, ਸਮਾਜਿਕ ਸੰਘਰਸ਼ ਨਹੀਂ ਸੀ ਪਰ ਵਿਦੇਸ਼ੀਆਂ, ਜਿਨ੍ਹਾਂ ਵਿਚ ਇਸਲਾਮ ਧਰਮ ਨਾਲ ਸਬੰਧ ਰੱਖਣ ਵਾਲੇ ਹਮਲਾਵਰਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਦੇ ਆਉਣ ਨਾਲ ਉਹ ਪੁਰਾਤਨ ਪਵਿੱਤਰਤਾ ਭੰਗ ਹੋ ਗਈ ਤੇ ਸਮਾਜ ਦਾ ਪਤਨ ਹੋਇਆ। ਇਸ ਤਰ੍ਹਾਂ ਦੀ ਸੋਚ ਬਹੁਗਿਣਤੀ ਵਾਲੇ ਲੋਕਾਂ ਦੇ ਮੂਲਵਾਦੀ ਧਾਰਮਿਕ ਏਜੰਡੇ ਦੀ ਸੇਵਾ ਕਰਦੀ ਹੈ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕਰਦੀ ਹੈ ਕਿ ਬਹੁਗਿਣਤੀ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਧਰਮ ਤੇ ਸੱਭਿਆਚਾਰ ਸਰਬਉੱਤਮ ਹੈ। ਇਸ ਤਰ੍ਹਾਂ ਦੇ ਦਾਅਵੇ ਅਤੇ ਵਿਚਾਰਧਾਰਾ ਨਾ ਸਿਰਫ਼ ਹਾਸੇ ਤੇ ਮਖ਼ੌਲ ਦਾ ਹੀ ਵਿਸ਼ਾ ਬਣਦੇ ਹਨ ਸਗੋਂ ਇਹ ਬਹੁਗਿਣਤੀ ਦੇ ਲੋਕਾਂ ਨੂੰ ਝੂਠਾ ਦਿਲਾਸਾ ਦੇਣ ਦੀ ਕੋਸ਼ਿਸ਼ ਵੀ ਕਰਦੇ ਹਨ ਕਿ ਪੁਰਾਤਨ ਦੁਨੀਆਂ ਵਿਚ ਉਹ ਸਭ ਤੋਂ ਉਚੇਰੇ ਸਨ ਅਤੇ ਇਸ ਲਈ ਹੁਣ ਵੀ ਆਪਣੇ ਆਲੇ-ਦੁਆਲੇ ਦੇ ਭਾਈਚਾਰੇ ਤੋਂ ਉਚੇਰੇ ਹਨ।
ਸ਼ਾਇਦ ਸਾਡੇ ਵਿਚੋਂ ਬਹੁਤੇ ਲੋਕ ਅਜੇ ਵੀ ਇਹ ਮਹਿਸੂਸ ਕਰਦੇ ਹਨ ਕਿ ਅਸੀਂ ਹੁਣ ਵੀ ਪੱਛਮੀ ਸੰਸਾਰ ਦੇ ਮੁਕਾਬਲੇ ਵਿਗਿਆਨ ਦੇ ਖੇਤਰ ਵਿਚ ਬਹੁਤ ਪਛੜੇ ਹੋਏ ਹਾਂ। ਨਿਸ਼ਚੇ ਹੀ ਪੱਛਮੀ ਯੂਰੋਪ, ਅਮਰੀਕਾ, ਚੀਨ ਤੇ ਜਾਪਾਨ ਆਦਿ ਦੇਸ਼ਾਂ ਕੋਲ ਸਾਡੇ ਨਾਲੋਂ ਜ਼ਿਆਦਾ ਸਾਧਨ, ਧਨ, ਸੰਪਤੀ ਤੇ ਸਮੂਹਿਕ ਵਸੀਲੇ ਹਨ ਅਤੇ ਉਹ ਦੇਸ਼ ਵਿਗਿਆਨ ਸਬੰਧੀ ਬੁਨਿਆਦੀ ਖੋਜ ਉੱਤੇ ਸਾਡੇ ਨਾਲੋਂ ਕਿਤੇ ਜ਼ਿਆਦਾ ਧਨ ਖਰਚ ਕਰਦੇ ਹਨ। ਇਨ੍ਹਾਂ ਕਮੀਆਂ ਦੇ ਬਾਵਜੂਦ ਵੀ ਸਾਡੇ ਦੇਸ਼ ਨੇ ਉੱਚਪਾਏ ਦੇ ਵਿਗਿਆਨੀ ਪੈਦਾ ਕੀਤੇ ਹਨ ਅਤੇ ਸਾਡੇ ਕੁਝ ਵਿਗਿਆਨੀਆਂ ਨੇ ਬਾਹਰਲੇ ਦੇਸ਼ਾਂ ਵਿਚ ਜਾ ਕੇ ਵਡਮੁੱਲੀ ਖੋਜ ਕੀਤੀ ਹੈ ਅਤੇ ਉਨ੍ਹਾਂ ਨੂੰ ਨੋਬੇਲ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਲਈ ਸਾਨੂੰ ਹਕੀਕਤ ਦਾ ਸਾਹਮਣਾ ਕਰਨ ਦੀ ਜ਼ਰੂਰਤ ਹੈ ਤੇ ਲੋੜ ਹੈ ਕਿ ਅਸੀਂ ਵਿਗਿਆਨਕ ਖੋਜ ਕਰਨ ਲਈ ਸਮੂਹਿਕ ਵਸੀਲੇ ਪ੍ਰਦਾਨ ਕਰੀਏ ਤਾਂ ਕਿ ਦੇਸ਼ ਵਿਚ ਵਿਗਿਆਨ ਤਰੱਕੀ ਕਰੇ ਅਤੇ ਵਿਗਿਆਨਕ ਸੋਚ ਪਣਪੇ।
20 Jan. 2018