ਡੰਗ ਤੇ ਚੋਭਾਂ - ਗੁਰਮੀਤ ਪਲਾਹੀ

ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ?
ਏਥੇ ''ਕਵੀਆ'' ਫੇਲ੍ਹ  ਸਰਕਾਰ ਹੋਈ।

ਖ਼ਬਰ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ 'ਭੁੱਖ' ਵਰਗੀ ਵੱਡੀ ਚਣੌਤੀ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਾਰਤ ਵਿੱਚ ਅਸਹਿਣਸ਼ੀਲਤਾ ਅਤੇ ਗੁੱਸਾ ਵਧਿਆ ਹੈ ਅਤੇ ਇਹ ਸੱਤਾ ਵਿੱਚ ਬੈਠੇ ਲੋਕਾਂ ਦੀ ਮਾਨਸਿਕਤਾ ਦੀ ਉਪਜ ਹੈ। ਉਧਰ ਮਾਇਆਵਤੀ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਐਲਾਨੀ ਐਮਰਜੈਂਸੀ ਸੀ ਹੁਣ ਤਾਂ ਦੇਸ਼ ਵਿੱਚ ਅਣਐਲਾਨੀ ਐਮਰਜੈਂਸੀ ਹੈ। ਯੂ.ਪੀ. ਦੇ ਸਾਬਕਾ ਮੁੱਖਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋ ਚੁੱਕੀ ਹੈ ਅਤੇ ਭਾਜਪਾ ਨੇ ਮਾੜੇ ਕੰਮ ਕਰਨ ਵਾਲਿਆਂ ਤੇ ਕਾਰਵਾਈ ਕਰਨ ਦੀ ਥਾਂ ਉਨ੍ਹਾਂ ਨੂੰ ਮੰਤਰੀ ਬਣਾਕੇ ਇਨਾਮ ਦੇ ਦਿੱਤਾ ਹੈ।
        ਕੀ ਫਰਕ ਪੈਂਦਾ ਭਾਈ, ਲੋਕ ਭੁੱਖ ਝੱਲਣ ਜਾਂ ਦੁੱਖ ਝੱਲਣ। ਜਦੋਂ ਬਿੱਲਾ ਦੁੱਧ ਦੀ ਰਾਖੀ ਬੈਠਾ ਹੋਵੇ, ਤਾਂ ਚਾਟੀ ਵਿਚੋਂ ਮੱਖਣ ਕਿੱਥੋਂ ਨਿਕਲੂ? ਜਦੋਂ ਵਾੜ ਹੀ ਖੇਤ ਨੂੰ ਖਾ ਰਹੀ ਹੋਊ ਤਾਂ ਖੇਤ ਵਿਚੋਂ ਹਦਵਾਣੇ, ਖਰਬੂਜਿਆਂ ਦੀ ਆਸ ਕਿਸਨੂੰ ਰਹੂ, ਰਾਤੋ ਰਾਤ ਗਿੱਦੜ ਹਜ਼ਮ ਕਰ ਜਾਂਦੇ ਆ। ਰਾਹੁਲ ਹੋਵੇ ਜਾਂ ਮੋਦੀ! ਸੋਨੀਆ ਹੋਵੇ ਜਾਂ ਸ਼ਾਹ! ਮਾਇਆ ਹੋਵੇ ਜਾਂ ਮਮਤਾ! ਅੰਬਾਨੀ ਹੋਵੇ ਜਾਂ ਅੰਡਾਨੀ! ਜਾਂ ਫਿਰ ਆਰ ਐਸ ਐਸ ਹੋਵੇ ਜਾਂ ਮੁਸਲਿਮ ਲੀਗ! ਸੱਭੋ, ਭਾਈ, ਆਪੋ ਆਪਣੀਆਂ ਰੋਟੀਆਂ ਸੇਕਦੇ ਆ।
ਲੋਕ ਬਿਨ੍ਹਾਂ ਛੱਤੋਂ ਸੜਕਾਂ ਤੇ ਸੌਂਦੇ ਆ, ਬਿਨ੍ਹਾਂ ਕੱਪੜਿਉਂ ਜੀਵਨ ਬਸਰ ਕਰਦੇ ਆ, ਇਸਦਾ ਰਾਹੁਲ ਜਾਂ ਮੋਦੀ ਨਾਲ ਕੀ ਵਾਹ-ਵਸਤਾ? ਲੋਕਾਂ ਨੂੰ ਭ੍ਰਿਸ਼ਟਾਚਾਰ ਨੇ ਮਾਰਿਆ ਹੈ ਜਾਂ ਮਹਿੰਗਾਈ ਨੇ, ਲੋਕਾਂ ਨੂੰ ਭੁੱਖ ਨੰਗ, ਗਰੀਬੀ ਨੇ ਮਧੋਲਿਆ ਹੈ ਜਾਂ ਨਸ਼ੇ ਨੇ, ਮੋਦੀ ਨੂੰ ਕੀ ਜਾਂ ਪੱਪੂ ਰਾਹੁਲ ਕੀ ਜਾਣੇ? ਲੋਕਾਂ ਦੇ ਬੱਚਿਆਂ ਲਈ ੳ ਅ ੲ ਪੜ੍ਹਨ ਲਈ ਸਕੂਲ ਨਹੀਂ, ਜਾਂ ਧੀਆਂ ਪੁੱਤ ਜੰਮਣ ਲਈ ਹਸਪਤਾਲ ਨਹੀਂ ਤਾਂ ਮੋਦੀ ਕੀ ਕਰੇ? ਰਾਹੁਲ ਨੂੰ ਇਸ ਬਾਰੇ ਫਿਕਰ ਕਰਨ ਦੀ ਕੀ ਲੋੜ! ਤੱਪੜ ਵਾਲੇ ਸਕੂਲ 'ਚ ਕਾਕਾ ਪੜ੍ਹਦਾ ਆ, ਪਿੰਡ ਦੀ ਮਾਲਾਂ ਜਾਂ ਜੀਣੀ ਪ੍ਰਸੂਤੀ ਪੀੜਾਂ ਸਹਿੰਦੀ ਜੁਆਨ ਧੀ ਦੀ ਕੁਖੋਂ ਮਰੀ ਹੋਈ ਕੁੜੀ ਪੈਦਾ ਕਰਵਾ ਦਿੰਦੀ ਆ, ਤਾਂ ਮੋਦੀ ਜਾਂ ਰਾਹੁਲ ਨੂੰ ਕੀ ਪਤਾ, ਦੋਵੇਂ ਛੜੇ ਨੇ, ਜੁਆਨਾਂ ਦਾ ਦਰਦ ਉਹ ਕੀ ਜਾਨਣ? ਤਦੇ ਤਾਂ ਭਾਈ ਬੇਦਰਦ ਸਰਕਾਰਾਂ ਫੇਲ੍ਹ ਹੋ ਰਹੀਆਂ ਨੇ, ਲੋਕ ਮਾਰੇ ਮਾਰੇ ਫਿਰ ਰਹੇ ਆ ਤੇ ਆਪਣੀ ਹਾਲਾਤ ਤੇ ਝੂਰੀ ਜਾਂਦੇ ਆ, ਤੇ ਕਵੀ ਲੋਕਾਂ ਨੂੰ ਢਾਰਸ ਦਿੰਦਾ ਕੁਝ ਇੰਝ ਬਿਆਨ ਕਰਦਾ ਆ, ''ਹੋਇਆ ਫੇਲ੍ਹ ਕਾਕਾ, ਕਾਹਨੂੰ ਝੂਰਦਾ ਏਂ, ਏਥੇ ਕਵੀਆ ਫੇਲ੍ਹ ਸਰਕਾਰ ਹੋਈ''।
----
ਬਹਿੰਦਾ ਕੁਰਸੀ ਤੇ ਚੌਂਕੜਾ ਮਾਰ ਜਿਹੜਾ,
ਪੈਸਾ  ਚਾਰ  ਚੁਫੇਰਿਉਂ  ਮੁੱਛਦਾ  ਹੈ।

ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਜਪਾ ਰਾਸ਼ਟਰੀ ਪ੍ਰੀਸ਼ਦ ਦੀ ਬੈਠਕ ਵਿੱਚ ਆਪਣੇ ਭਾਸ਼ਨ ਵਿੱਚ ''ਭ੍ਰਿਸ਼ਟ ਪ੍ਰੀਵਾਰ ਬਨਾਮ ਇਮਾਨਦਾਰ ਪੀ ਐਮ'' ਦਾ ਨਾਹਰਾ ਦੇਕੇ ਚੋਣਾਂ ਦੀ ਲਕੀਰ ਖਿੱਚ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਗਲੀ ਚੋਣ 'ਸਲੱਤਨਤ ਬਨਾਮ ਸੰਵਿਧਾਨ' ਦੀ ਲੜਾਈ ਹੈ। ਮੋਦੀ ਨੇ ਕਿਹਾ ਕਿ ਕਾਂਗਰਸ ਦੇ ਵਿਰੋਧ ਵਿੱਚ ਜਨਮੇ ਅਤੇ ਕਾਂਗਰਸ ਦੀ ਕੁੱਖ ਵਿਚੋਂ ਨਿਕਲੇ ਦਲ ਇੱਕ ਜੁੱਟ ਹੋ ਰਹੇ ਹਨ, ਉਹ ਵੀ ਉਸ ਪਾਰਟੀ ਅਤੇ ਪਰਿਵਾਰ ਦੇ ਲਈ ਜਿਸਨੇ 12 ਲੱਖ ਕਰੋੜ ਰੁਪਿਆਂ ਦੀ ਲੁੱਟ ਕੀਤੀ ਹੈ।
       ਦੇਸ਼ 'ਚ ਨਵਾਂ ਮੌਸਮ ਆ। ਦੇਸ਼ 'ਚ ਨਵਾਂ ਦੌਰ ਆ। ਦੇਸ਼ 'ਚ ਹਰ ਪਾਸੇ ਚਹਿਲ ਪਹਿਲ ਆ। ਇਹੋ ਜਿਹੀ ਚਹਿਲ, ਪਹਿਲ ਬਾਰੇ ਲਉ ਸੁਣੋ ਕਵੀਓ ਵਾਚ, ''ਪਹਿਲਾਂ ਦੇਸ਼ ਵਿੱਚ ਰਾਜ ਸੀ ਗੋਰਿਆਂ ਦਾ, ਹੁਣ ਦੇਸ਼ ਵਿੱਚ ਰਾਜ ਹੈ ਕਾਲਿਆਂ ਦਾ! ਪਰਿਵਾਰਵਾਦ ਦੀ ਜੜ੍ਹ ਮਜ਼ਬੂਤ ਹੋਈ, ਰਾਜ ਪੁੱਤਾਂ, ਭਤੀਜਿਆਂ, ਸਾਲਿਆਂ ਦਾ! ਭ੍ਰਿਸ਼ਟਾਚਾਰ ਦਾ ਮੀਂਹ ਨਾ ਰੁਕੇ ਸਾਈਂ, ਪਾਣੀ ਚੜ੍ਹ ਜਾਂਦਾ, ਨਦੀ ਨਾਲਿਆਂ ਦਾ! ਪੂੰਜੀਵਾਦ ਦੀ ''ਕੈਲਵੀ'' ਵਗੇ ਨ੍ਹੇਰੀ, ਆਇਆ ਮੌਸਮ ਹੈ ਹੁਣ ਘੁਟਾਲਿਆਂ ਦਾ''।
       ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਭਾਵੇਂ ਪੰਚ ਬਣ ਜਾਏ ਜਾਂ ਖੜਪੈਂਚ ਬਣ ਜਾਏ, ਸੀਰਨੀ ਆਪਣਿਆਂ ਨੂੰ ਹੀ ਵੰਡਦਾ ਆ। ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਭਾਵੇਂ ਸਮਾਜ ਸੇਵਕ ਬਣ ਜਾਏ ਜਾਂ ਮੰਦਰ, ਗੁਰਦੁਆਰੇ ਦਾ ਪ੍ਰਧਾਨ, ਨੇਤਾਗਿਰੀ 'ਚੋਂ ਕੁਝ ਨਾ ਕੁਝ ਭਾਲਦਾ ਜ਼ਰੂਰ ਆ। ਸੱਚੀ ਗੱਲ ਤਾਂ ਇਹੋ ਆ ਕਿ ਬੰਦਾ ਜੇ ''ਵੱਡਾ'' ਬਣ ਜਾਏ, ਚਾਹੇ ਅਫਸਰ ਵੱਡਾ, ਚਾਹੇ ਨੇਤਾ ਵੱਡਾ, ਚਾਹੇ ਸਮਾਜ ਸੁਧਾਰਕ ਵੱਡਾ 'ਕੁਰਸੀ' ਆਪਣੀ ਦਾ ਲਾਹਾ ਜ਼ਰੂਰ ਚੁੱਕਦਾ ਆ। ਚਾਹੇ ਔਲਾਦ ਨੂੰ ਕੁਰਸੀ ਦੇ ਕੇ। ਚਾਹੇ ਰਿਸ਼ਤੇਦਾਰਾਂ ਨੂੰ ਨੌਕਰੀ ਦੇਕੇ ਜਾਂ ਕੁਰਸੀ ਤੇ ਬੈਠਕੇ ਬੋਝਾ ਭਰਕੇ। ਤਦੇ ਭਾਈ ਕਵੀ ਲਿਖਦਾ ਆ, ਸੱਚੋ ਸੱਚ ਬਿਆਨ ਕਰਦਾ ਆ, ''ਬਹਿੰਦਾ ਕੁਰਸੀ ਤੇ ਚੌਂਕੜਾ ਮਾਰ ਜਿਹੜਾ, ਪੈਸਾ ਚਾਰ ਚੁਫੇਰਿਉਂ ਮੁੱਛਦਾ ਹੈ।''
---
ਵਿਕਿਆ ਮੀਡੀਆ,  ਖ਼ਬਰਾਂ  ਪਰੋਸਦਾ ਉਹ,
ਨਿਊਜ਼ ਰੀਡਰ ਉਹ ਮੁੜ ਮੁੜ ਪੜ੍ਹਨ ਖ਼ਬਰਾਂ।

ਖ਼ਬਰ ਹੈ ਕਿ ਨਰੇਂਦਰ ਮੋਦੀ ਬੜੇ ਜ਼ੋਰ ਸ਼ੋਰ ਨਾਲ ਦਾਅਵੇ ਕਰ ਰਹੇ ਹਨ ਕਿ ਉਹ ਕਿਸਾਨਾਂ ਦੇ ਹਿੱਤੂ ਹਨ ਅਤੇ ਉਨ੍ਹਾਂ ਦੀ ਆਮਦਨ ਦੁਗਣੀ ਕਰਨ ਲਈ ਕੰਮ ਕਰ ਰਹੇ ਹਨ। ਉਹ ਇਹ ਵੀ ਕਹਿ ਰਹੇ ਸਨ ਕਿ ਮੋਦੀ ਸਰਕਾਰ ਹਰ ਸਾਲ ਦੋ ਕਰੋੜ ਨੌਜਵਾਨਾਂ ਨੂੰ ਨੌਕਰੀਆਂ ਦੇਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਾਰੇ ਲਾਏ ਸਨ। ਲੈਪਟਾਪ ਦੇਣ ਦਾ ਲਾਲੀਪਾਪ ਦਿੱਤਾ ਸੀ। ਕਰਜ਼ੇ ਮੁਆਫ ਕਰਨ ਲਈ ਕਿਸਾਨਾਂ ਨਾਲ ਵੱਡੇ ਵਾਅਦੇ ਕੀਤੇ ਸਨ ਅਤੇ ਇਹ ਸਾਰੀਆਂ ਖ਼ਬਰਾਂ ਅੱਜ ਤੱਕ ਵੀ ਮੀਡੀਆ 'ਚ ਛਾਪੀਆਂ ਜਾ ਰਹੀਆਂ ਹਨ, ਪਰ ਦੇਸ਼ 'ਚ ਮਰ ਰਹੇ ਕਿਸਾਨਾਂ, ਮਜ਼ਦੂਰਾਂ, ਬਲਤਕਾਰਾਂ, ਠੱਗਾਂ, ਨਸ਼ਾ ਤਸਕਰਾਂ ਬਲੈਕ ਮਾਰਕੀਟੀਆਂ ਦੀਆਂ ਖ਼ਬਰਾਂ ਛਾਪਣ ਤੋਂ ਮੀਡੀਆ ਗੁਰੇਜ਼ ਕਰਦਾ ਹੈ।
      ਝੂਠ ਮੇਰੇ ਤੋਂ ਕਿਹਾ ਨਹੀਂ ਜਾਂਦਾ, ਤੇ ਸੱਚ ਲਿਖਣ ਦੀ ਤਾਕਤ ਤਾਂ ਭਾਈ ਜਿਗਰੇ ਵਾਲਿਆਂ ਕੋਲ ਆ, ਜਿਹੜੇ ਨੰਗੇ ਧੜ ਲੜਦੇ ਆ। ਇਹੋ ਜਿਹਾ ਨੰਗੇ ਧੜ ਲੜਨ ਵਾਲੇ ਕਿੰਨੇ ਕੁ ਆ ਭਾਈ?
      ਮੰਤਰੀ ਕੋਈ ਗੱਲ ਆਂਹਦਾ ਆ, ਤਾਂ ਮੀਡੀਆ ਉਹ ਗੱਲ ਸੱਤ ਅਸਮਾਨੀਂ ਪਹੁੰਚਾ ਦਿੰਦਾ ਆ। ਨੇਤਾ ਕੋਈ ਗੱਲ ਆਂਹਦਾ ਆ, ਤਾਂ ਮੀਡੀਆ ਉਹ ਗੱਲ ਵਾਰ-ਵਾਰ ਟੀ.ਵੀ, ਰੇਡੀਓ, ਫੇਸਬੁੱਕ, ਵਰਡਜ਼ ਐਪ ਅਤੇ ਪਤਾ ਨਹੀਂ ਹੋਰ ਕਿਹੜੇ ਕਿਹੜੇ ਸਾਧਨਾਂ ਰਾਹੀਂ ਲੋਕਾਂ ਨੂੰ ਸੁਣਾਈ ਜਾਂਦਾ ਆ, ਜਿਵੇਂ ਲੋਕ ਬੋਲੇ ਹੋਣ, ਜਿਵੇਂ ਲੋਕ ਅਨਪੜ੍ਹ ਹੋਣ, ਜਿਵੇਂ ਲੋਕ-ਲਾਈ ਲੱਗ ਹੋਣ। ਸਰਕਾਰ ਕੋਈ ਗੱਲ ਆਂਹਦੀ ਆ ਕਿ ਵੇਖੋ ਦੇਸ਼ ਦਾ ਵਿਕਾਸ ਹੋ ਗਿਆ। ਵੇਖੋ ਦੇਸ਼ ਤਰੱਕੀ ਕਰ ਗਿਆ। ਵੇਖੋ ਦੇਸ਼ ਦੁਨੀਆਂ ਦੀ ਮੂਹਰਲੀ ਕਤਾਰ 'ਚ ਖੜ ਗਿਆ। ਤਾਂ ਮੀਡੀਆ ਵਾਲੇ ਧੁਤੂ ਫੜ, ਰੌਲਾ ਪਾਉਣ ਲੱਗ ਪੈਂਦੇ ਆ ਤੇ ਵੇਖਦੇ ਹੀ ਨਹੀਂ ਕਿ ਲੱਛੂ ਬਾਬੇ ਦਾ ਢਿੱਡ ਤਾਂ ਰਾਤੀਂ ਭਰਿਆ ਹੀ ਨਹੀਂ, ਦੇਸ਼ ਤਰੱਕੀ ਕਿਵੇਂ ਕਰ ਗਿਆ? ਮਾਈ ਭਾਨੀ ਦੀਆਂ ਚੁੰਨੀਆਂ ਅੱਖਾਂ ਨੂੰ ਐਨਕ ਤਾਂ ਕਿਸੇ ਲਾਈ ਨਹੀਂ, ਦੇਸ਼ ਤਰੱਕੀ ਕਿਵੇਂ ਕਰ ਗਿਆ? ਕੇਹਰੂ ਚਾਚੇ ਦੇ ਨਿਆਣੇ ਤਾਂ ਦੋ ਜਮਾਤਾਂ ਵੀ ਨਹੀਂ ਪੜ੍ਹੇ, ਬੱਕਰੀਆਂ ਚਾਰਨ ਲੱਗ ਪਏ ਆ, ਦੇਸ਼ ਤਰੱਕੀ ਕਿਵੇਂ ਕਰ ਗਿਆ ਪਰ ਭਾਈ ਸਭ ਪੈਸੇ ਦਾ ਖੇਲ ਆ। ਨਿਊਜ਼ ਚੈਨਲ ਸਰਕਾਰ ਦੀ ਜੇਬ ਵਿੱਚ ਹਨ, ਉਹ ਤਾਂ ਉਹੀ ਕੁਝ ਸੁਣਾਉਣਗੇ ਜੋ ਸਰਕਾਰ ਆਖੂ! ਉਹ ਤਾਂ ਉਹੀ ਕੁਝ ਲੋਕਾਂ ਨੂੰ ਪਰੋਸਣਗੇ ਜੋ ਸਰਕਾਰ ਆਖੂ! ਉਹ ਤਾਂ ਉਹੀ ਢੋਲ ਪਿੱਟਣਗੇ, ਜਿਹੜੇ ਉਹਦੇ ਗ਼ਲ ਪਾਇਆ ਹੋਊ ਤਦੇ ਤਾਂ ਕਹਿੰਦੇ ਆ।

''ਵਿਕਿਆ  ਮੀਡੀਆ  ਖ਼ਬਰਾਂ ਪਰੋਸਦਾ ਉਹ,
ਨਿਊਜ਼ ਰੀਡਰ ਉਹ ਮੁੜ ਮੁੜ ਪੜ੍ਹਨ ਖ਼ਬਰਾਂ।''

------
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਇਕਨੋਮਿਸਟ ਇੰਟੈਲੀਜੈਂਸ ਯੂਨਿਟਸ ਡੈਮੋਕ੍ਰੇਸੀ ਇੰਡੈਕਸ 2018 ਦੇ ਮਤਾਬਿਕ ਯੂਰਪੀ ਦੇਸ਼ ਨਾਰਵੇ ਦੁਨੀਆ ਦਾ ਸਭ ਤੋਂ ਬੇਹਤਰੀਨ ਲੋਕਤੰਤਰ ਹੈ। ਇਸ ਸੂਚੀ ਵਿੱਚ ਅਮਰੀਕਾ ਦਾ 25ਵਾਂ ਅਤੇ ਭਾਰਤ ਦਾ 41ਵਾਂ ਸਥਾਨ ਹੈ।
----
ਇੱਕ ਵਿਚਾਰ
ਕਲਾ, ਆਜ਼ਾਦੀ ਅਤੇ ਰਚਨਾਤਮਕਤਾ ਸਿਆਸਤ ਦੇ ਮੁਕਾਬਲੇ 'ਚ ਸਮਾਜ ਨੂੰ ਤੇਜ਼ੀ ਨਾਲ ਬਦਲੇਗੀ  - ਵਿਕਟਰ ਪਿੰਚੁਕ।

ਸੰਪਰਕ : 9815802070