ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
20 ਜਨਵਰੀ 2019
ਰਹਿੰਦੇ ਕੰਮ ਪੂਰੇ ਕਰਨ ਲਈ ਮੋਦੀ ਦਾ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਜ਼ਰੂਰੀ-ਮਨੋਜ ਤਿਵਾੜੀ
ਕਿਉਂ ਕੋਈ ਕਰੰਸੀ ਨੋਟ ਬਚਿਆ ਰਹਿ ਗਿਆ?
ਪਹਿਲੀਆਂ ਸਰਕਾਰਾਂ ਨੇ ਦੇਸ਼ 'ਤੇ ਸੁਲਤਾਨਾਂ ਵਾਂਗ ਰਾਜ ਕੀਤਾ- ਮੋਦੀ
ਤੇ ਤੇਰਾ ਵੀ ਦਸ ਲੱਖਾ ਸੂਟ ਲੋਕਾਂ ਨੂੰ ਭੁੱਲਿਆ ਨਹੀਂ।
ਪੰਥ ਦੋਖੀ ਸ਼ਕਤੀਆਂ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਹੋਣ ਲਈ ਯਤਨਸ਼ੀਲ - ਬਾਦਲ
ਕੋਈ ਰੋੋਕੋ ਬਈ ਓਏ ਰੋਕੋ, ਲੁੱਟ ਲੈਣ ਨਾ ਸ਼ਹਿਰ ਭੰਬੌਰ ਮੇਰਾ।
ਪ੍ਰਧਾਨ ਮੰਤਰੀ ਨੇ ਕਰਤਾਰ ਪੁਰ ਲਾਂਘੇ ਦਾ ਕੰਮ ਤੇਜ਼ੀ ਨਾਲ਼ ਕਰਵਾਉਣ ਦਾ ਵਿਸ਼ਵਾਸ ਦੁਆਇਆ - ਲੌਂਗੋਵਾਲ
ਨਿੰਮ ਨਾਲ਼ ਝੂਟਦੀਏ, ਤੋਤਾ ਪੀ ਗਿਆ ਗੁਲਾਬੀ ਰੰਗ ਤੇਰਾ।
ਰਾਜ ਠਾਕਰੇ ਨੇ ਮੋਦੀ ਨੂੰ ਦਰਕਿਨਾਰ ਕਰਦਿਆਂ ਰਾਹੁਲ ਨੂੰ ਬੇਟੇ ਦੇ ਵਿਆਹ ਦਾ ਸੱਦਾ ਭੇਜਿਆ- ਇਕ ਖ਼ਬਰ
ਕਾਹਨੂੰ ਕੀਤੀ ਅਸਾਂ ਨਾਲ ਬੱਸ ਵੇ, ਕੋਈ ਦੋਸ਼ ਅਸਾਡਾ ਦੱਸ ਵੇ।
ਸੌਦਾ ਸਾਧ ਨੂੰ ਸਜ਼ਾ 'ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਨੇ ਤਸੱਲੀ ਪ੍ਰਗਟਾਈ- ਇਕ ਖ਼ਬਰ
ਤੇਰੇ 'ਵੱਡੇ ਭਾ ਜੀ' ਨੇ ਤਾਂ ਫੱਟੀ ਹੀ ਪੋਚ 'ਤੀ ਸੀ ਭਾਈ।
ਸੁਰੇਸ਼ ਅਰੋੜਾ ਦੇ ਸੇਵਾ ਕਾਲ 'ਚ ਵਾਧੇ ਨਾਲ਼ ਕੈਪਟਨ ਫ਼ਸੇ ਮਹਿਸੂਸ ਕਰਦੇ ਹਨ- ਇਕ ਖ਼ਬਰ
ਰੁੱਖਾਂ ਪੌਣ ਪਰਿੰਦਿਆਂ ਡਿੱਠੀ ਜੋ ਨਾਲ਼ ਯੂਸਫ਼ ਦੇ ਬੀਤੀ।
'ਦਰਬਾਰ-ਏ-ਖਾਲਸਾ' ਜਥੇਬੰਦੀ ਦੀ ਗਵਾਹੀ ਨਾਲ਼ ਕਸੂਤੇ ਫ਼ਸ ਸਕਦੇ ਹਨ ਗਿਆਨੀ ਗੁਰਬਚਨ ਸਿੰਘ-ਇਕ ਖ਼ਬਰ
ਵੱਡੀ ਬੰਨ੍ਹ ਦਸਤਾਰ ਤੇ ਪਹਿਨ ਜਾਮੇ, ਝੂਠ ਬੋਲ ਕੇ ਵੱਢੀਆਂ ਲੀਤੀਆਂ ਨੇ।
ਪੰਜਾਬ ਅਤੇ ਚੰਡੀਗੜ੍ਹ 'ਚ ਅਕਾਲੀ-ਭਾਜਪਾ ਗੱਠਜੋੜ ਕਾਇਮ ਰਹੇਗਾ-ਕੈਪਟਨ ਅਭਿਮੰਨਿਊਂ
ਯਾਨੀ ਕਿ 'ਤੀਵੀਂ ਆਦਮੀ' ਦੇ ਤਲਾਕ ਦੀ ਅਜੇ ਕੋਈ ਉਮੀਦ ਨਹੀਂ।
ਚੋਣ ਮੈਨੀਫੈਸਟੋ ਨੂੰ ਕਾਨੂੰਨੀ ਮਾਨਤਾ ਦੇਣ ਦੇ ਹੱਕ ਕਿਉਂ ਨਹੀਂ ਸਿਅਸਤਦਾਨ?- ਸ਼ਿੰਗਾਰਾ ਸਿੰਘ ਭੁੱਲਰ
ਜੜ੍ਹੀਂ ਆਪਣੀ ਕੌਣ ਤੇਲ ਦਿੰਦਾ, ਕਬਰ ਆਪਣੀ ਕੌਣ ਆਪੇ ਪੁੱਟਦਾ ਏ?
'ਆਪ' ਐਮ.ਐਲ.ਏ. ਮਾਸਟਰ ਬਲਦੇਵ ਸਿੰਘ ਵਲੋਂ ਪਾਰਟੀ ਤੋਂ ਅਸਤੀਫ਼ਾ- ਇਕ ਖ਼ਬਰ
ਹੋਣਾ ਬੜਾ ਹੀ ਫ਼ਸਵਾਂ ਮੈਚ ਕਿ ਵਿਕਟਾਂ ਡਿਗ ਰਹੀਆਂ।
ਸੁਪਰੀਮ ਕੋਰਟ ਨੇ ਵੀ ਬੰਗਾਲ 'ਚ ਭਾਜਪਾ ਦੀ ਰੱਥ ਯਾਤਰਾ 'ਤੇ ਲਾਈ ਪਾਬੰਦੀ- ਇਕ ਖ਼ਬਰ
ਜੱਗ ਭਾਵੇਂ ਕਰੇ ਨਿੰਦਿਆ, ਸੱਸ ਪਿੱਟਣੀ ਪੰਜੇਬਾਂ ਪਾ ਕੇ।
ਮੈਨੂੰ ਸਰਕਾਰ ਤੋਂ ਬਾਹਰ ਕਰਨ ਦੀਆਂ ਹੋ ਰਹੀਆਂ ਨੇ ਸਾਜ਼ਿਸ਼ਾਂ- ਮੋਦੀ
ਸੀਟੀ ਵਿਚ ਆਂਦਰਾਂ ਦੇ ਵੱਜਦੀ, ਕੰਨ ਲਾ ਕੇ ਸੁਣ ਅੜੀਏ।
ਵਿਧਾਨ ਸਭਾ ਦੀ ਮਰਿਆਦਾ ਕਮੇਟੀ ਜਲਦੀ ਹੀ ਸੁਖਬੀਰ ਬਾਦਲ ਨੂੰ ਸੰਮਨ ਕਰੇਗੀ- ਇਕ ਖ਼ਬਰ
ਉੱਤੋਂ ਰਾਤ ਹਨੇਰੀ ਵੇ, ਏਥੇ ਕੋਈ ਨਾ ਮੇਰਾ ਦਰਦੀ।
ਸਿੱਖਾਂ ਨੂੰ ਪਰਭਾਵਤ ਕਰਨ ਲਈ ਮੋਦੀ ਸਰਕਾਰ ਲੱਗੀ ਸਿਆਸੀ ਪੱਤੇ ਖੇਡਣ- ਬੀਬੀ ਭੱਠਲ
ਆ ਜਾ ਰਲ ਮਿਲ ਦੋਵੇਂ ਨੱਚੀਏ, ਆਪਾਂ ਭੈਣ ਭਰਾ।