ਲੀਡਰਾਂ ਲਈ ਤਾਂ ਲੋਕ ਸਿਰਫ ਵੋਟਾਂ ਹਨ, ਇਨ੍ਹਾਂ ਵੋਟਾਂ ਵਿਚਲੀ ਆਤਮਾ ਕਿਸ ਦਿਨ ਜਾਗੇਗੀ? -ਜਤਿੰਦਰ ਪਨੂੰ
ਇੱਕ ਪਿੱਛੋਂ ਦੂਸਰੀ ਉਲਝਣ ਵਿੱਚ ਫਸੇ ਰਹਿਣ ਵਾਲੇ ਦੇਸ਼ ਦਾ ਹਰ ਲੀਡਰ ਸੰਸਾਰ ਭਰ ਵਿੱਚ ਫੈਲੇ ਹੋਏ ਆਪਣੇ ਲੋਕਾਂ ਨੂੰ ਵੀ ਅਤੇ ਹੋਰਨਾਂ ਨੂੰ ਵੀ ਇਹ ਸੱਦੇ ਦੇਣ ਲੱਗਾ ਰਹਿੰਦਾ ਹੈ ਕਿ ਤੁਸੀਂ ਆਣ ਕੇ ਵੇਖੋ ਕਿ ਭਾਰਤ ਐਨੀ ਤਰੱਕੀ ਕਰ ਗਿਆ ਹੈ, ਫਿਰ ਤੁਹਾਡਾ ਮੁੜ-ਮੁੜ ਆਉਣ ਨੂੰ ਦਿਲ ਕਰੇਗਾ। ਵੇਖਣ ਤੇ ਸੁਣਨ ਨੂੰ ਸਾਨੂੰ ਵੀ ਇਹ ਚੰਗਾ ਲੱਗੇਗਾ, ਤੇ ਜਦੋਂ ਕਦੀ ਬਾਹਰ ਜਾਈਏ, ਅਸੀਂ ਵੀ ਉਨ੍ਹਾਂ ਲੋਕਾਂ ਨੂੰ ਆਪਣੇ ਵਤਨ ਦੀ ਮਿੱਟੀ ਨਾਲ ਮੋਹ ਪਾਈ ਰੱਖਣ ਦਾ ਸੱਦਾ ਦੇਣ ਤੋਂ ਨਹੀਂ ਖੁੰਝਦੇ, ਪਰ ਹਕੀਕੀ ਹਾਲਾਤ ਦਾ ਜ਼ਿਕਰ ਕੀਤਾ ਜਾਵੇ ਤਾਂ ਲੀਡਰਾਂ ਦੇ ਚਿੜ ਜਾਣ ਦਾ ਡਰ ਰਹਿੰਦਾ ਹੈ। ਹੋਰਨਾਂ ਦੇ ਕਹਿਣ ਦਾ ਕੀ, ਲੀਡਰ ਤਾਂ ਆਪਸ ਵਿੱਚ ਵੀ ਇੱਕ ਦੂਸਰੇ ਦਾ ਕਿਹਾ ਬਰਦਾਸ਼ਤ ਨਹੀਂ ਕਰਦੇ ਤੇ ਆਪਸੀ ਲੜਾਈ ਸੰਸਾਰ ਅਖਾੜੇ ਵਿੱਚ ਪੁਚਾਉਣ ਤੋਂ ਨਹੀਂ ਰਹਿੰਦੇ। ਨਰਿੰਦਰ ਮੋਦੀ ਸਾਹਿਬ ਦਾ ਫਾਰਮੂਲਾ ਸਭ ਤੋਂ ਅਜੀਬ ਹੈ। ਰੋਜ਼ ਬੋਲਣ ਦਾ ਮੌਕਾ ਉਨ੍ਹਾਂ ਨੂੰ ਭਾਰਤ ਵਿੱਚ ਵੀ ਹੋਰ ਹਰ ਕਿਸੇ ਨਾਲੋਂ ਵੱਧ ਮਿਲਦਾ ਹੈ, ਇਸ ਦੇ ਬਾਵਜੂਦ ਉਹ ਅਮਰੀਕਾ ਜਾਣ ਜਾਂ ਆਸਟਰੇਲੀਆ ਵਿੱਚ, ਜਰਮਨੀ ਜਾਣ ਜਾਂ ਜਾਪਾਨ ਵਿੱਚ, ਓਥੇ ਸਿਆਸੀ ਜਲਸਾ ਜੋੜ ਕੇ ਭਾਰਤੀ ਸਿਆਸਤ ਵਿਚਲੇ ਵਿਰੋਧੀਆਂ ਦਾ ਗੁੱਡਾ ਬੰਨ੍ਹਣ ਜੋਗਾ ਸਮਾਂ ਕੱਢ ਲੈਂਦੇ ਹਨ। ਵਿਰੋਧੀ ਧਿਰ ਵਿਚੋਂ ਰਾਹੁਲ ਗਾਂਧੀ ਬਾਹਰ ਜਾ ਕੇ ਕਿਧਰੇ ਮਾੜਾ ਜਿਹਾ ਜ਼ਿਕਰ ਵੀ ਕਰ ਦੇਵੇ ਤਾਂ ਪੂਰੀ ਭਾਜਪਾਈ ਫੋਰਸ ਉਸ ਨੂੰ ਇਹ ਕਹਿ ਕੇ ਭੰਡਣ ਲੱਗਦੀ ਹੈ ਕਿ ਇਹ ਦੂਸਰੇ ਦੇਸ਼ਾਂ ਦੀ ਧਰਤੀ ਉੱਤੇ ਆਪਣੇ ਦੇਸ਼ ਦੀ ਭੰਡੀ ਕਰਦਾ ਹੈ। ਕਾਂਗਰਸੀ ਆਗੂ ਵੀ ਨਰਿੰਦਰ ਮੋਦੀ ਬਾਰੇ ਇਹੋ ਕਹੀ ਜਾਂਦੇ ਹਨ।
ਭਾਰਤ ਜਿੱਦਾਂ ਦਾ ਵੀ ਹੈ, ਇਹ ਸਾਡਾ ਹੈ ਤੇ ਇਸ ਵਿਚਲੇ ਮਾੜੇ ਪੱਖ ਵੀ ਸਾਡੇ ਆਪਣੇ ਪਾਏ ਹੋਏ ਮੰਨਣੇ ਚਾਹੀਦੇ ਹਨ। ਦੇਸ਼ ਵਿੱਚ ਕੋਈ ਇੱਕ ਪਾਰਟੀ ਵੀ ਇਹੋ ਜਿਹੀ ਨਹੀਂ ਲੱਭ ਸਕਦੀ, ਜਿਸ ਦਾ ਇਸ ਵਿਗਾੜ ਵਿੱਚ ਕੋਈ ਰੋਲ ਨਹੀਂ ਹੋਵੇਗਾ। ਹਰ ਕਿਸੇ ਨੇ ਕੁਝ ਨਾ ਕੁਝ 'ਯੋਗਦਾਨ' ਇਸ ਵਿੱਚ ਪਾਇਆ ਹੋਇਆ ਹੈ। ਨਤੀਜੇ ਵਜੋਂ ਜਿਸ ਭਾਰਤ ਦੇਸ਼ ਵਿੱਚ ਆਉਣ ਲਈ ਅਸੀਂ ਬਾਹਰਲੇ ਲੋਕਾਂ ਨੂੰ ਸੱਦੇ ਦੇਣ ਲੱਗ ਜਾਂਦੇ ਹਾਂ, ਉਸ ਦੇਸ਼ ਦੇ ਹਾਲਾਤ ਬਾਰੇ ਜਦੋਂ ਸਵਾਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਸਾਡੇ ਵਿੱਚੋਂ ਹਰ ਕਿਸੇ ਨੂੰ ਔਖ ਮਹਿਸੂਸ ਹੋਣ ਲੱਗਦੀ ਹੈ। ਇਸ ਤਰ੍ਹਾਂ ਅਸੀਂ ਉਸ ਦ੍ਰਿਸ਼ ਦਾ ਸਾਹਮਣਾ ਕਰਨ ਤੋਂ ਬਚ ਨਹੀਂ ਸਕਦੇ, ਜਿਹੜਾ ਸਾਡੇ ਲੋਕ ਭੁਗਤਦੇ ਹਨ ਤੇ ਜਿਸ ਦਾ ਕੋਈ ਹੱਲ ਪੇਸ਼ ਨਹੀ ਕੀਤਾ ਜਾ ਰਿਹਾ।
ਸਾਨੂੰ ਬਾਹਰਲੇ ਲੋਕ ਇਹ ਪੁੱਛਦੇ ਹਨ ਕਿ ਭਾਰਤ ਵਿੱਚ ਇੱਕ ਤੋਂ ਇੱਕ ਮਹਿੰਗੀ ਕਾਰ ਬਣਨ ਲੱਗ ਪਈ ਤੇ ਵਿਕਣ ਵਿੱਚ ਵੀ ਦੂਸਰੇ ਦੇਸ਼ਾਂ ਨੂੰ ਪਿੱਛੇ ਛੱਡਦੀ ਹੈ, ਪਰ ਉਨ੍ਹਾਂ ਗੱਡੀਆਂ ਦੇ ਹਾਣ ਦੀਆਂ ਸੜਕਾਂ ਕਦੋਂ ਬਣਨਗੀਆਂ? ਇਸ ਦਾ ਜਵਾਬ ਦੇਣਾ ਹੋਵੇ ਤਾਂ ਬੰਦਾ ਸਿਰੇ ਦਾ ਝੂਠ ਬੋਲਣ ਵਾਲਾ ਚਾਹੀਦਾ ਹੈ, ਜਿਹੜਾ ਇਹ ਕਹਿ ਸਕਦਾ ਹੋਵੇ ਕਿ ਭਾਰਤ ਵਿੱਚ ਸੜਕਾਂ ਦੇ ਕੰਮ ਵੱਲੋਂ ਅਮਰੀਕਾ ਤੇ ਕੈਨੇਡਾ ਤੋਂ ਵੱਧ ਤਰੱਕੀ ਹੋ ਚੁੱਕੀ ਹੈ ਤੇ ਪੰਜਾਬ ਕੈਲੇਫੋਰਨੀਆ ਬਣ ਚੁੱਕਾ ਹੈ। ਬਾਹਰ ਬੈਠੇ ਲੋਕਾਂ ਦਾ ਭ੍ਰਿਸ਼ਟਾਚਾਰ ਬਾਰੇ ਸਵਾਲ ਸਾਨੂੰ ਸਾਹ ਚੜ੍ਹਾ ਦੇਂਦਾ ਹੈ। ਅਸੀਂ ਨਰਿੰਦਰ ਮੋਦੀ ਵਾਂਗ ਇਹ ਨਹੀਂ ਕਹਿ ਸਕਦੇ ਕਿ ਜਦੋਂ ਦੀ ਮੇਰੀ ਸਰਕਾਰ ਆਈ ਹੈ, ਭ੍ਰਿਸ਼ਟਾਚਾਰ ਦਾ ਕੋਈ ਕੇਸ ਵਾਪਰਿਆ ਹੀ ਨਹੀਂ। ਗੁਜਰਾਤ ਵਿੱਚ ਮੁੱਖ ਮੰਤਰੀ ਦੀ ਕੁਰਸੀ ਉੱਤੇ ਬੈਠੇ ਹੋਏ ਜਿਸ ਮੋਦੀ ਸਾਹਿਬ ਦੇ ਤਿੰਨ ਵਜ਼ੀਰਾਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਸਜ਼ਾ ਮਿਲ ਗਈ ਸੀ, ਉਹ ਕੇਂਦਰ ਵਿੱਚ ਆਪਣੇ ਰਾਜ ਵਿੱਚ ਪਹਿਲਾਂ ਪੰਜ ਹਜ਼ਾਰ ਕਰੋੜ ਰੁਪਏ ਵਿਦੇਸ਼ ਵਿੱਚ ਭੇਜਣ ਦੇ ਬੈਂਕ ਆਫ ਬੜੌਦਾ ਦੇ ਕੇਸ ਨੂੰ ਵੀ ਟਿੱਚ ਸਮਝ ਕੇ ਈਮਾਨਦਾਰੀ ਦਾ ਹੋਕਾ ਦੇਈ ਜਾਂਦਾ ਰਿਹਾ ਸੀ। ਹੁਣ ਜਦੋਂ ਹੋਰ ਕਈ ਵੱਡੇ ਘਪਲੇ ਵਾਪਰ ਗਏ ਹਨ ਤਾਂ ਉਸ ਦੇ ਭਾਸ਼ਣਾਂ ਦਾ ਕੇਂਦਰੀ ਬਿੰਦੂ ਅਜੇ ਤੱਕ ਇਹੀ ਹੈ ਕਿ ਮੇਰੇ ਰਾਜ ਵਿੱਚ ਕੋਈ ਭ੍ਰਿਸ਼ਟਾਚਾਰ ਨਹੀਂ ਹੋਇਆ। ਰਾਹੁਲ ਗਾਂਧੀ ਨੂੰ ਭਾਸ਼ਣ ਲਿਖ ਕੇ ਦੇਣ ਵਾਲੇ ਵੀ ਏਨੇ ਤਿੱਖੇ ਚੁਣੇ ਹੋਏ ਹਨ ਕਿ ਉਨ੍ਹਾਂ ਨੂੰ ਸਿਰਫ ਭਾਜਪਾ ਦਾ ਭ੍ਰਿਸ਼ਟਾਚਾਰ ਦਿੱਸ ਰਿਹਾ ਹੈ, ਕਾਂਗਰਸੀ ਰਾਜ ਦਾ ਕੋਈ ਘੋਟਾਲਾ ਯਾਦ ਨਹੀਂ। ਫਿਰਕੂ ਦ੍ਰਿਸ਼ ਕਾਂਗਰਸੀ ਰਾਜ ਵਿੱਚ ਵੀ ਬਹੁਤਾ ਸੁਥਰਾ ਨਹੀਂ ਸੀ ਤੇ ਭਾਜਪਾ ਦਾ ਰਾਜ ਆਏ ਤੋਂ ਬੇਯਕੀਨੀ ਏਨੀ ਵਧਦੀ ਜਾਂਦੀ ਹੈ ਕਿ ਘਰੋਂ ਜਾਓ ਤਾਂ ਕਿਸੇ ਵੀ ਥਾਂ ਸਮੇਂ ਸਿਰ ਪਹੁੰਚਣ ਦਾ ਇਸ ਲਈ ਯਕੀਨ ਨਹੀਂ ਹੁੰਦਾ ਕਿ ਕਿਸੇ ਵੀ ਥਾਂ ਕੋਈ ਘਟਨਾ ਵਾਪਰ ਜਾਣ ਨਾਲ ਰਸਤੇ ਜਾਮ ਹੋਏ ਹੋ ਸਕਦੇ ਹਨ।
ਸਿਆਸੀ ਪਾਰਟੀ ਵੱਡੀ ਹੋਵੇ ਜਾਂ ਛੋਟੀ, ਲੱਗਭੱਗ ਹਰ ਕਿਸੇ ਧਿਰ ਕੋਲ ਇਹੋ ਜਿਹੇ ਲੀਡਰਾਂ ਦੀ ਫੌਜ ਮੌਜੂਦ ਹੁੰਦੀ ਹੈ, ਜਿਹੜੇ ਨਿਰਾ ਲੂਣ ਗੁੰਨ੍ਹਣ ਦੇ ਮਾਹਰ ਕਹੇ ਜਾ ਸਕਦੇ ਹਨ। ਲੀਡਰੀ ਕਰਨ ਲਈ ਕਿਸੇ ਨੂੰ ਕੋਈ ਸਾਰਥਿਕ ਮੁੱਦਾ ਵੀ ਲੱਭਣ ਦੀ ਲੋੜ ਨਹੀਂ, ਜਾਤ-ਪਾਤ ਦੀ ਵਰਤੋਂ ਖੁੱਲ੍ਹ ਕੇ ਕੀਤੀ ਜਾ ਸਕਦੀ ਹੈ, ਧਰਮ ਦੇ ਨਾਂਅ ਉੱਤੇ ਵੀ ਵਰਗਲਾਇਆ ਜਾ ਸਕਦਾ ਹੈ ਤੇ ਖੇਤਰੀ ਮੁੱਦਿਆਂ ਉੱਤੇ ਲੋਕਾਂ ਨੂੰ ਲੜਾ ਕੇ ਆਪੋ ਵਿੱਚ ਸਮਾਜੀ ਹੀ ਨਹੀਂ, ਰਾਜਸੀ ਰਿਸ਼ਤੇਦਾਰੀਆਂ ਤੱਕ ਨਿਭੀ ਜਾਂਦੀਆਂ ਹਨ। ਸਤਲੁਜ ਦੇ ਪਾਣੀਆਂ ਲਈ ਪੰਜਾਬ ਦੇ ਅਕਾਲੀ ਅਤੇ ਹਰਿਆਣੇ ਦੇ ਚੌਟਾਲਾ ਪਰਵਾਰ ਵਾਲੇ ਇੱਕ ਦੂਸਰੇ ਦੇ ਵਿਰੁੱਧ ਚੀਕ-ਚੀਕ ਕੇ ਲੋਕਾਂ ਨੂੰ ਡਾਂਗਾਂ ਚੁੱਕਵਾ ਦੇਂਦੇ ਹਨ ਤੇ ਫਿਰ ਹਰਿਆਣੇ ਵਿੱਚ ਚੌਟਾਲਿਆਂ ਵਾਸਤੇ ਚੋਣ ਪ੍ਰਚਾਰ ਕਰਨ ਲਈ ਬਾਦਲ ਪਰਵਾਰ ਪਹੁੰਚ ਜਾਂਦਾ ਹੈ ਤੇ ਲੰਬੀ-ਬਠਿੰਡੇ ਦਾ ਚੋਣ ਮੋਰਚਾ ਸੰਭਾਲਣ ਲਈ ਚੌਟਾਲਿਆਂ ਦਾ ਟੱਬਰ ਬਾਘੀਆਂ ਪਾਉਂਦਾ ਪਹੁੰਚ ਜਾਂਦਾ ਹੈ। ਕਾਵੇਰੀ ਦੇ ਪਾਣੀਆਂ ਲਈ ਕਰਨਾਟਕਾ ਤੇ ਤਾਮਿਲ ਨਾਡੂ ਦਾ ਆਢਾ ਲੱਗਣ ਪਿੱਛੋਂ ਵੀ ਤਾਮਿਲ ਨਾਡੂ ਦੀ ਜੈਲਲਿਤਾ ਨੂੰ ਕਰਨਾਟਕਾ ਦੀ ਜੇਲ੍ਹ ਵਿੱਚ ਵੀ ਆਈ ਪੀ ਸਹੂਲਤਾਂ ਕਾਂਗਰਸੀ ਅਤੇ ਭਾਜਪਾ ਦੋਵਾਂ ਸਰਕਾਰਾਂ ਵੇਲੇ ਮਿਲ ਜਾਂਦੀਆਂ ਹਨ। ਇਹ ਸਾਰਾ ਕੁਝ ਇਸ ਲਈ ਹੁੰਦਾ ਹੈ ਕਿ ਲੀਡਰਾਂ ਦੀਆਂ ਪਾਰਟੀਆਂ ਦਾ ਝੰਡਾ ਵੱਖੋ-ਵੱਖ ਰੱਖਿਆ ਜਾਂਦਾ ਹੈ, ਛਕਣ-ਛਕਾਉਣ ਦੇ ਕੰਮ ਵਿੱਚ ਸਾਰਿਆਂ ਦੀ ਨਾਨੀ-ਦੋਹਤੀ ਅੰਦਰੋਂ ਇੱਕੋ ਹੁੰਦੀ ਹੈ ਤੇ ਦੁਸ਼ਮਣੀ ਕਿਸੇ ਵਿਰਲੇ ਕੇਸ ਵਿੱਚ ਲਗਾਤਾਰ ਨਿਭਦੀ ਹੈ। ਆਮ ਲੋਕ ਇਸ ਖੇਡ ਨੂੰ ਕਦੇ ਵੀ ਨਹੀਂ ਸਮਝ ਸਕਦੇ।
ਵਿਦੇਸ਼ ਵੱਸਦੇ ਭਾਰਤੀਆਂ ਅਤੇ ਖਾਸ ਤੌਰ ਉੱਤੇ ਸਾਡੇ ਪੰਜਾਬੀਆਂ ਨੂੰ ਇਹ ਰੋਸ ਲਗਾਤਾਰ ਰਹਿੰਦਾ ਹੈ ਕਿ ਉਨ੍ਹਾਂ ਨਾਲ ਜਿਹੜੇ ਵਾਅਦੇ ਕਰ ਦਿੱਤੇ ਜਾਂਦੇ ਹਨ, ਉਹ ਬਾਅਦ ਵਿੱਚ ਨਿਭਾਏ ਨਹੀਂ ਜਾਂਦੇ, ਪਰ ਉਹ ਲੋਕ ਇਸ ਹਕੀਕਤ ਬਾਰੇ ਨਹੀਂ ਜਾਣਦੇ ਕਿ ਉਨ੍ਹਾਂ ਨਾਲ ਹੀ ਨਹੀਂ, ਭਾਰਤ ਵਿੱਚ ਵੱਸਦੇ ਲੋਕਾਂ ਨਾਲ ਵੀ ਇਹੀ ਹੁੰਦਾ ਹੈ। ਇਹ ਭਾਰਤ ਦੇਸ਼ ਹੈ, ਜਿਸ ਦੇ ਆਗੂ ਆਪਣੇ ਲੋਕਾਂ ਨਾਲ ਵਾਅਦੇ ਕਰ ਕੇ ਬਾਅਦ ਵਿੱਚ ਮੁੱਕਰ ਜਾਣ ਵਿੱਚ ਸ਼ਰਮ ਨਹੀਂ ਕਰਦੇ, ਸਗੋਂ ਇਹ ਗੱਲ ਕਹਿ ਕੇ ਲੋਕਾਂ ਨੂੰ ਠਿੱਠ ਕਰ ਦੇਂਦੇ ਹਨ ਕਿ ਤੁਸੀਂ ਐਵੇਂ ਯਕੀਨ ਕਰ ਲਿਆ, ਉਹ ਗੱਲ ਤਾਂ ਸਾਡਾ ਚੋਣ ਜੁਮਲਾ ਸੀ। ਪੰਜਾਬ ਵਿੱਚ ਜਿਨ੍ਹਾਂ ਨੇ ਦਸ ਸਾਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਸੀ ਕੀਤੇ, ਉਹ ਹੁਣ ਇਹ ਮੰਗ ਕਰ ਰਹੇ ਹਨ ਕਿ ਜਿੱਤਣ ਵਾਲੀ ਪਾਰਟੀ ਦੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਮੰਨਿਆ ਜਾਣਾ ਚਾਹੀਦਾ ਹੈ ਅਤੇ ਜੇ ਉਹ ਪਾਰਟੀ ਅਮਲ ਕਰ ਸਕਣ ਵਿੱਚ ਕਾਮਯਾਬ ਨਾ ਹੋਵੇ ਤਾਂ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਉਹ ਏਦਾਂ ਦੀ ਗੱਲ ਪੰਜਾਬ ਸਰਕਾਰ ਅਤੇ ਕਾਂਗਰਸ ਦੇ ਖਿਲਾਫ ਕਹਿੰਦੇ ਹਨ, ਕਦੀ ਕੇਂਦਰ ਦੀ ਸਰਕਾਰ ਅਤੇ ਇਸ ਦੇ ਮੁਖੀ ਨਰਿੰਦਰ ਮੋਦੀ ਨੂੰ ਇਹ ਪੁੱਛਣ ਲਈ ਤਿਆਰ ਨਹੀਂ ਹੋ ਸਕੇ ਕਿ ਉਨ੍ਹਾਂ ਨੇ 'ਚੁਨਾਵ ਜੁਮਲਾ' ਬੋਲ ਕੇ ਲੋਕਾਂ ਨੂੰ ਮੂਰਖ ਕਿਉਂ ਬਣਾਇਆ ਸੀ?
ਅਸੀਂ ਬਾਹਰ ਬੈਠੇ ਆਪਣੇ ਲੋਕਾਂ ਨੂੰ ਇਹੋ ਜਿਹਾ ਸੁਫਨਾ ਨਹੀਂ ਵਿਖਾ ਸਕਦੇ ਕਿ ਤੁਹਾਡਾ ਦੇਸ਼ ਤਰੱਕੀ ਕਰਨ ਵਿੱਚ ਪੱਛਮੀ ਦੇਸ਼ਾਂ ਨੂੰ ਪਿੱਛੇ ਛੱਡੀ ਜਾ ਰਿਹਾ ਹੈ ਜਾਂ ਤੁਹਾਡਾ ਪੰਜਾਬ ਹੁਣ ਕੈਲੇਫੋਰਨੀਆ ਦੀ ਬਰਾਬਰੀ ਕਰੀ ਜਾਂਦਾ ਹੈ। ਇਸ ਦੇ ਬਾਵਜੂਦ ਅਸੀਂ ਉਨ੍ਹਾਂ ਨੂੰ ਆਪਣੇ ਪੰਜਾਬ ਤੇ ਦੇਸ਼ ਨਾਲ ਜੁੜੇ ਰਹਿਣ ਦਾ ਸੱਦਾ ਦੇਂਦੇ ਹਾਂ ਤਾਂ ਇਹ ਗੱਲ ਵੀ ਕਹਿ ਦੇਂਦੇ ਹਾਂ ਕਿ ਕੱਪੜੇ ਮਾੜੇ ਹੋਣ ਜਾਂ ਚੰਗੇ, ਆਪਣੀ ਮਾਂ ਆਪਣੀ ਹੀ ਹੁੰਦੀ ਹੈ। ਇਹ ਜਿੱਦਾਂ ਦਾ ਵੀ ਹੈ, ਸਾਡਾ ਹੈ। ਸਾਡੀ ਧਰਤੀ ਕਦੇ ਧਰਤੀ ਦਾ ਸਵਰਗ ਕਹੀ ਜਾਂਦੀ ਸੀ, ਸੋਨੇ ਦੀ ਚਿੜੀ ਵੀ, ਪਰ ਸਮੇਂ ਦੀਆਂ ਸੱਟਾਂ ਨਾਲ ਇਸ ਦਾ ਹੁਲੀਆ ਵਿਗੜ ਗਿਆ ਹੈ। ਹੁਣ ਵੀ ਇਸ ਦਾ ਸਿਰਫ ਹੁਲੀਆ ਵਿਗੜਿਆ ਹੈ, ਇਸ ਦੀ ਆਤਮਾ ਹਾਲੇ ਜ਼ਿੰਦਾ ਹੈ। ਆਤਮਾ ਜ਼ਿੰਦਾ ਹੋਣ ਕਾਰਨ ਹੀ ਇਸ ਦੇ ਲੋਕ ਆਪਣੇ ਸਮਾਜ ਦੇ ਸੁਧਾਰ ਲਈ ਯਤਨ ਕਰਨ ਨੂੰ ਤਾਂਘਦੇ ਹਨ ਅਤੇ ਕਿਸੇ-ਕਿਸੇ ਥਾਂ ਉਹ ਕੁਝ ਕਰਦੇ ਵੀ ਹਨ, ਪਰ ਇਹ ਕੁਝ ਵੱਡੇ ਲੋਕਾਂ ਦੀ ਨਜ਼ਰ ਹੇਠ ਨਹੀਂ ਆਉਂਦਾ। ਵੱਡੇ ਲੋਕਾਂ ਨੂੰ ਆਮ ਲੋਕ ਕਦੇ ਲੋਕ ਨਹੀਂ ਦਿਸਦੇ, ਬੱਸ ਵੋਟਾਂ ਨਜ਼ਰ ਆਉਂਦੀਆਂ ਹਨ। ਲੋਕ ਉਨ੍ਹਾਂ ਲਈ ਵੋਟਾਂ ਹੋਣਗੇ, ਪਰ ਲੋਕਾਂ ਅੰਦਰ ਵੀ ਆਤਮਾ ਹੈ। ਭਾਰਤ ਉਸ ਦਿਨ ਫਿਰ ਉਸ ਪੁਰਾਣੀ ਸ਼ਾਨ ਨੂੰ ਹਾਸਲ ਕਰ ਲਵੇਗਾ, ਜਿਸ ਦਿਨ ਲੋਕ ਇਸ ਆਤਮਾ ਦੀ ਆਵਾਜ਼ ਸੁਣਨਗੇ। ਉਹ ਇਸ ਆਵਾਜ਼ ਨੂੰ ਕਦੋਂ ਸੁਣਨਗੇ, ਇਹ ਤਾਂ ਦੱਸਣਾ ਔਖਾ ਹੈ, ਪਰ ਇਸ ਗੱਲ ਬਾਰੇ ਸਾਡੇ ਵਿੱਚੋਂ ਹਰ ਕਿਸੇ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਹੈ ਕਿ ਅੱਜ ਨਹੀਂ ਤਾਂ ਕੱਲ੍ਹ ਸਹੀ, ਇੱਕ ਦਿਨ ਲੋਕ ਇਹ ਆਵਾਜ਼ ਸੁਣਨਗੇ, ਅਤੇ ਜ਼ਰੂਰ ਹੀ ਸੁਣਨਗੇ।
18 Feb 2018