ਗੁਰਦੁਆਰਾ ਗਿਆਨ ਗੋਦੜੀ : ਕੀ ਉਸਦੀ ਮੂਲ ਅਸਥਾਨ ਪੁਰ ਸਥਾਪਨਾ ਸੰਭਵ ਨਹੀਂ ਰਹੀ? - ਜਸਵੰਤ ਸਿੰਘ 'ਅਜੀਤ'
ਬੀਤੇ ਦਿਨੀਂ ਜਦੋਂ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਰਾਵਤ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਸਾਹਿਬ ਪੁਜੇ, ਤਾਂ ਉਸ ਮੌਕੇ ਪਤ੍ਰਕਾਰਾਂ ਵਲੋਂ ਹਰਿਦੁਆਰ ਵਿਖੇ ਹਰਿ ਕੀ ਪੌੜੀ, ਗੰਗਾ ਕਿਨਾਰੇ ਗੁ. ਗਿਅਨ ਗੋਦੜੀ ਦੀ ਮੁੜ ਸਥਾਪਨਾ ਕੀਤੇ ਜਾਣ ਦੇ ਸੰਬੰਧ ਵਿੱਚ ਪੁਛੇ ਗਏ ਸੁਆਲ ਦਾ ਸਿੱਧਾ ਜਵਾਬ ਨਾ ਦੇ, ਉਨ੍ਹਾਂ ਇਹ ਕਹਿ ਕੇ ਗਲ ਟਾਲ ਦਿੱਤੀ ਕਿ ਗੁ. ਗਿਆਨ ਗੋਦੜੀ ਦੀ ਮੁੜ ਸਥਾਪਨਾ ਲਈ 'ਲੋੜੀਂਦੀ ਜ਼ਮੀਨ' ਦਿੱਤੇ ਜਾਣ ਦੇ ਸੰਬੰਧ ਵਿੱਚ ਉਸੇ ਸਮੇਂ ਵਿਚਾਰ ਕੀਤੀ ਜਾਇਗੀ, ਜਦੋਂ ਸਿੱਖ ਜਗਤ ਇਸ ਮੁੱਦੇ ਪੁਰ ਇਕ-ਮੱਤ ਹੋਵੇਗਾ। ਉਨ੍ਹਾਂ ਦੇ ਇਸ ਜਵਾਬ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਰਾਜ ਸਰਕਾਰ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਨੂੰ ਉਸਦੇ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਮੂਲ ਅਸਥਾਨ ਪੁਰ ਸਥਾਪਤ ਕੀਤੇ ਜਾਣ ਦੀ ਸਿੱਖ ਜਗਤ ਦੀ ਮੰਗ ਸਵੀਕਾਰ ਕਰਨ ਲਈ ਤਿਆਰ ਨਹੀਂ। ਕਿਉਂਕਿ ਸਿੱਖ ਜਗਤ ਵਿੱਚ ਇਸ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਦੇ ਮਾਮਲੇ 'ਤੇ ਜੇ ਕੋਈ ਮਤਭੇਦ ਹੋ ਸਕਦਾ ਹੈ, ਤਾਂ ਉਹ ਇਸਦੇ ਮੂਲ ਅਸਥਾਨ ਪੁਰ ਸਥਾਪਤ ਕੀਤੇ ਜਾਣ ਪੁਰ ਨਹੀਂ, ਸਗੋਂ ਇਸਨੂੰ ਕਿਸੇ ਹੋਰ ਅਸਥਾਨ ਪੁਰ ਸਥਾਪਤ ਕੀਤੇ ਜਾਣ ਦੇ ਸੁਆਲ 'ਤੇ ਹੀ ਹੋ ਸਕਦਾ ਹੈ।
ਇਥੇ ਇਹ ਗਲ ਵਰਨਣਯੋਗ ਹੈ ਕਿ ਹਰਿਦੁਆਰ, ਗੰਗਾ ਕਿਨਾਰੇ, ਹਰਿ ਕੀ ਪੌੜੀ ਸਥਿਤ ਇਤਿਹਾਸਕ 'ਗੁਰਦੁਆਰਾ ਗਿਆਨ ਗੋਦੜੀ' ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁਜ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ 'ਗਿਆਨ ਦਾ ਪ੍ਰਕਾਸ਼' ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ 'ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਸੀ, ਜਿਸਨੂੰ 1979 ਵਿੱਚ ਹਰਿਦੁਆਰ ਵਿਖੇ ਗੰਗਾ ਕਿਨਾਰੇ ਲਗੇ ਕੁੰਭ ਦੇ ਮੇਲੇ ਵਿੱਚ ਮਚੀ ਭਗਦੜ ਦੌਰਾਨ ਚਾਰ ਸੌ ਦੇ ਲਗਭਗ ਵਿਅਕਤੀਆਂ ਦੇ ਮਾਰੇ ਜਾਣ ਦੇ ਹੋਏ ਦੁਖਾਂਤ ਤੋਂ ਬਾਅਦ. ਢਾਹ ਦਿੱਤਾ ਗਿਆ ਸੀ। ਦਸਿਆ ਗਿਆ ਹੈ ਕਿ ਇਸ ਸਮੇਂ ਇਸ ਅਸਥਾਨ ਪੁਰ 'ਉਤਰਾਂਚਲ ਭਾਰਤੀ ਸਕਾਊਟਸ' ਵਲੋਂ ਸੰਚਲਿਤ ਸੇਵਾ ਕੇਂਦ੍ਰ ਸਥਾਪਤ ਹੈ।
ਦਸਿਆ ਜਾਂਦਾ ਹੈ ਕਿ ਗੁਰਦੁਆਰਾ ਸਾਹਿਬ ਢਾਹੇ ਜਾਣ ਦੇ ਸਮੇਂ (1979) ਤੋਂ ਹੀ ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਗੁਰਦੁਆਰਾ (ਗਿਆਨ ਗੋਦੜੀ) ਸਾਹਿਬ ਨੂੰ ਉਸੇ ਸਥਾਨ ਪੁਰ ਮੁੜ ਸਥਾਪਤ ਕੀਤੇ ਜਾਣ ਦੀ ਮੰਗ ਨੂੰ ਲੈ ਕੇ, ਲਗਾਤਾਰ ਸੰਘਰਸ਼ ਵਿਢਿਆ ਚਲਿਆ ਆ ਰਿਹਾ ਹੈ। ਇਹ ਵੀ ਦਸਿਆ ਗਿਆ ਹੈ ਕਿ ਭਾਵੇਂ ਨਵੰਬਰ, 1984 ਵਿੱਚ ਦੇਸ਼ ਭਰ ਵਿੱਚ ਚਲੀ ਸਿੱਖ ਨਸਲਕੁਸ਼ੀ ਦੀ ਲਹਿਰ ਦੇ ਫਲਸਰੂਪ, ਇਹ ਸੰਘਰਸ਼, ਜੋ ਲਗਭਗ ਮੰਜ਼ਿਲ ਪੁਰ ਪੁਜ ਚੁਕਿਆ ਹੋਇਆ ਸੀ, ਸਫਲ ਨਹੀਂ ਹੋ ਸਕਿਆ, ਪ੍ਰੰਤੂ ਇਸ ਦੁਖਾਂਤ ਵਿਚੋਂ ਉਭਰਨ ਤੋਂ ਤੁਰੰਤ ਬਾਅਦ ਹੀ ਗੁਰਦੂਆਰਾ ਗਿਆਨ ਗੋਦੜੀ ਕਮੇਟੀ ਦੇ ਮੁਖੀਆਂ ਨੇ ਫਿਰ ਤੋਂ ਮੁਢੋਂ-ਸੁਢੋਂ ਇਸ ਸੰਘਰਸ਼ ਨੂੰ ਅਰੰਭ ਦਿੱਤਾ, ਜੋ ਕਿ ਅਜੇ ਤਕ ਜਾਰੀ ਹੈ। ਗੁਰਦੁਆਰਾ ਗਿਆਨ ਗੋਦੜੀ ਕਮੇਟੀ ਵਲੋਂ ਆਪਣੇ ਹੀ ਬੂਤੇ ਹੀ ਲੜੀ ਜਾ ਰਹੀ ਇਸ ਲੜਾਈ ਵਿੱਚ ਸਹਿਯੋਗ ਕਰਨ ਲਈ, ਤਿੰਨ-ਕੁ ਵਰ੍ਹੇ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੇ ਆਪਣੇ ਕਦਮ ਵਧਾ 'ਗੁਰਦੁਆਰਾ ਗਿਆਨ ਗੋਦੜੀ ਮੁਹਿੰਮ' ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਦੇਸ਼-ਵਿਦੇਸ਼ ਵਿੱਚ ਵਸ ਰਹੇ ਗੁਰੂ ਨਾਨਕ ਨਾਮ ਲੇਵਾਵਾਂ ਨੂੰ ਵੀ ਇਸ ਮੁਹਿੰਮ ਵਿੱਚ ਹਿਸੇਦਾਰ ਬਣਨ ਲਈ ਅਗੇ ਆਉਣ ਦਾ ਸਦਾ ਦੇ ਦਿੱਤਾ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਇਸ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਲਈ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੂੰ ਪ੍ਰੇਰ ਮੁਹਿੰਮ ਦੀ ਅਗਵਾਈ ਅਤੇ ਮਾਰਗ ਦਰਸ਼ਨ ਕਰਨ ਦੀ ਜ਼ਿਮੇਂਦਾਰੀ ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪ ਦਿਤੇ ਜਾਣ ਦਾ ਐਲਾਨ ਕਰ ਦਿੱਤਾ। ਚਾਹੀਦਾ ਤਾਂ ਇਹ ਸੀ, ਕਿ ਮੁਹਿੰਮ ਦੀ ਅਰੰਭਤਾ ਲਈ ਹੋਏ ਇਸ ਸਮਾਗਮ ਦੀ ਸਫਲਤਾ ਦੇ ਤੁਰੰਤ ਬਾਅਦ ਹੀ ਅਗਲੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਜਾਂਦਾ, ਪਰ ਇਹ ਆਖਦਿਆਂ ਇਸਨੂੰ ਲਟਕਾ ਦਿੱਤਾ ਗਿਆ ਕਿ ਅਕਾਲ ਤਖਤ ਦੇ ਜੱਥੇਦਾਰ, ਹੋਰ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਨਾਲ ਸਲਾਹ-ਮਸ਼ਵਰਾ ਕਰ ਅਗਲੇ ਪ੍ਰੋਗਰਾਮ ਦਾ ਐਲਾਨ ਕਰਨਗੇ।
ਇਸਤੋਂ ਬਾਅਦ ਜਥੇਦਾਰ ਅਕਾਲ ਤਖਤ ਵਲੋਂ ਸਦੀ ਗਈ ਮੀਟਿੰਗ ਵਿੱਚ, ਗੁਰਦੁਆਰਾ ਗਿਆਨ ਗੋਦੜੀ ਦੇ ਇਤਿਹਾਸ ਤੋਂ ਜਾਣੂ ਕਰਵਾਣ ਲਈ ਇੱਕ ਕਮੇਟੀ ਬਣਾਉਣ, ਮੁਹਿੰਮ ਦੇ ਸੰਬੰਧ ਵਿੱਚ ਸਾਰੀਆਂ ਸਿੱਖ ਸੰਸਥਾਵਾਂ ਪਾਸੋਂ ਲਿਖਤੀ ਸੁਝਾਉ ਲੈਣ, ਮਸਲੇ ਦੇ ਹਲ ਲਈ ਪੰਥਕ ਆਗੂਆਂ ਪੁਰ ਅਧਾਰਤ ਉੱਚ ਪਧਰੀ ਕਮੇਟੀ ਬਣਾਉਣ, ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਵਿਚਾਰਨ ਆਦਿ ਤੋਂ ਲੈ ਕੇ ਸਿੱਖ ਜਥੇਬੰਦੀਆਂ ਪਾਸੋਂ ਅਕਾਲ ਤਖਤ ਦੇ ਹੁਕਮ ਅਨੁਸਾਰ ਚਲਣ ਦਾ ਐਲਾਨ ਕਰਵਾ, ਇੱਕ ਅਜਿਹਾ ਜਾਲ ਬੁਣ ਦਿੱਤਾ ਗਿਆ, ਜਿਸਦਾ ਸਿਰਾ ਲਭ ਪਾਣਾ ਅਜੇ ਤਕ ਸੰਭਵ ਨਹੀਂ ਹੋ ਸਕਿਆ।
ਮੂਲ ਅਸਥਾਨ ਦੇਣ ਤੋਂ ਇਨਕਾਰ: ਦਸਿਆ ਗਿਆ ਹੈ ਕਿ ਮੂਲ ਸਥਾਨ 'ਤੇ ਹੀ 'ਗੁਰਦੁਆਰਾ ਗਿਆਨ ਗੋਦੜੀ' ਦੀ ਮੁੜ ਸਥਾਪਨਾ ਕਰਾਣ ਵਿੱਚ ਆਪਣਾ ਹਿੱਸਾ ਪਾਣ ਦੇ ਉਦੇਸ਼ ਨਾਲ ਕੌਮੀ ਘਟ ਗਿਣਤੀ ਕਮਸ਼ਿਨ ਨੇ ਵੀ ਸੰਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ। ਪ੍ਰੰਤੂ ਹਰਿਦੁਆਰ ਦੇ ਜ਼ਿਲਾ ਜੱਜ ਨੇ ਇਹ ਕਹਿੰਦਿਆਂ ਉਸਦੀ ਮੰਗ ਨਾ-ਮੰਨਜ਼ੂਰ ਕਰ ਦਿਤੀ ਕਿ ਸੰਬੰਧਤ ਸਥਾਨ 'ਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਕੀਤਾ ਜਾਣਾ ਸੰਭਵ ਨਹੀਂ। ਇਹ ਵੀ ਦਸਿਆ ਗਿਆ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਗੰਗਾ ਕਿਨਾਰੇ ਹੀ ਕੋਈ ਹੋਰ ਜਗ੍ਹਾ ਅਲਾਟ ਕਰ ਦਿੱਤੇ ਜਾਣ ਦੀ ਗਲ ਵੀ ਹੋਈ। ਪਰ ਸੁਆਲ ਉਠਦਾ ਹੈ ਕਿ ਗੁਰਦੁਆਰਾ ਸਾਹਿਬ ਦੀ ਜੋ ਇਤਿਹਾਸਕਤਾ ਮੂਲ ਸਥਾਨ ਨਾਲ ਜੁੜੀ ਹੋਈ ਹੈ, ਕੀ ਉਹੀ ਇਤਿਹਾਸਕਤਾ ਗੁਰਦੁਆਰਾ ਸਾਹਿਬ ਨੂੰ ਕਿਸੇ ਹੋਰ ਸਥਾਨ ਪੁਰ ਸਥਾਪਤ ਕਰ ਦੇਣ ਨਾਲ ਜੁੜ ਸਕਦੀ ਹੈ?
ਗੁਰਦੁਆਰੇ ਦੀ ਇਤਿਹਾਸਕਤਾ ਸਥਾਨਕ ਲੋਕ ਵੀ ਸਵੀਕਾਰਦੇ ਹਨ: ਗੁਰਦੁਆਰਾ ਗਿਆਨ ਗੋਦੜੀ ਦੇ ਹਰਿ ਕੀ ਪੌੜੀ ਪੁਰ ਸਥਾਪਤ ਹੋਣ ਦੀ ਇਤਿਹਾਸਕਤਾ ਦੀ ਗੁਆਹੀ ਨਾ ਕੇਵਲ ਹਰਿਦੁਆਰ ਦੀ ਪੁਰਾਣੀ ਪੀੜੀ ਦੇ ਲੋਕੀ ਹੀ ਭਰਦੇ ਹਨ, ਸਗੋਂ 'ਹਰਿ ਕੀ ਪੌੜੀ' ਪੁਰ ਹੋਰ ਧਰਮ ਅਸਥਾਨਾਂ ਦੇ ਮੁਖੀ ਵੀ ਇਸਦੀ ਗੁਆਹੀ ਭਰਦੇ ਹਨ। ਇਹੀ ਨਹੀਂ, ਗਲਬਾਤ ਦੌਰਾਨ ਉਹ ਇਹ ਇੱਛਾ ਵੀ ਪ੍ਰਗਟ ਕਰਦੇ ਹਨ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਮੁੜ ਇਸੇ ਸਥਾਨ 'ਤੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਇਸੇ ਸਥਾਨ ਤੋਂ ਗੁਰੂ ਸਾਹਿਬ ਵਲੋਂ ਜਗਾਈ 'ਗਿਆਨ ਦੀ ਜੋਤਿ' ਦੀਾ ਪ੍ਰਕਾਸ਼ ਦੂਰ-ਦੂਰ ਤਕ ਫੈਲਦਾ ਰਹਿ ਸਕੇ।
...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਇਕ ਮੁਲਾਕਾਤ ਦੌਰਾਨ ਦਾਅਵਾ ਕੀਤਾ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਦਸਤਾਵੇਜ਼ ਅੱਜਕਲ ਲੋਕ-ਚਰਚਾ ਦਾ ਵਿਸ਼ਾ ਬਣੇ ਹੋਏ ਹਨ, ਉਹ ਗੁਰਦੁਆਰਾ ਕਮੇਟੀ ਦੇ ਹੀ ਇੱਕ ਅਹੁਦੇਦਾਰ ਵਲੋਂ ਹੋਰ ਲੋਕਾਂ ਦੇ ਨਾਲ, ਉਨ੍ਹਾਂ ਤਕ ਵੀ ਪਹੁੰਚਾਏ ਗਏ ਹਨ। ਉਨ੍ਹਾਂ ਇਹ ਵੀ ਕਿਹਾ ਦਸਿਆ ਜਾਂਦਾ ਹੈ ਕਿ ਜੇ ਸੰਬੰਧਤ ਅਹੁਦੇਦਾਰ ਦੇ ਦਿਲ ਵਿੱਚ ਗੁਰਦੁਆਰਾ ਗੋਲਕ ਦੀ ਲੁਟ ਰੋਕਣ ਵਿੱਚ ਦਿਲਚਸਪੀ ਹੁੰਦੀ ਤਾਂ ਉਹ ਇਹ ਦਸਤਾਵੇਜ਼ ਪਾਰਟੀ ਹਾਈਕਮਾਂਡ ਤਕ ਪਹੁੰਚਾ, ਉਸਨੂੰ ਇਸ ਲੁਟ ਨੂੰ ਰੋਕਣ ਦੀ ਸਲਾਹ ਦਿੰਦਾ, ਪਰ ਉਸਨੇ ਇਨ੍ਹਾਂ ਦਸਤਾਵੇਜ਼ਾਂ, ਜੋ ਸ਼ਾਇਦ ਉਸਨੇ ਪ੍ਰਧਾਨ ਦੇ ਵਿਦੇਸ਼ ਦੌਰੇ ਤੇ ਹੋਣ ਦੌਰਾਨ ਰਿਕਾਰਡ ਵਿਚੋਂ ਕਢਵਾਏ ਹਨ, ਨੂੰ ਨਸ਼ਰ ਕਰਵਾ, ਗੁਰਦੁਆਰਾ ਕਮੇਟੀ ਵਿੱਚ ਹੋ ਰਹੀ ਲੁਟ ਲਈ ਪ੍ਰਧਾਨ ਨੂੰ ਦੋਸ਼ੀਆਂ ਦੇ ਕਟਹਿਰੇ ਵਿੱਚ ਲਿਆ ਖੜਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਲੁਟ ਕਿਸੇ ਇੱਕ ਵਲੋਂ ਨਹੀਂ, ਸਗੋਂ ਕਮੇਟੀ ਦੇ ਸਰਪ੍ਰਸਤਾਂ (ਬਾਦਲ ਅਕਾਲੀ ਦਲ ਦੇ ਮੁੱਖੀਆਂ) ਸਹਿਤ, ਸਮੁਚੇ ਰੂਪ ਗੁਰਦੁਆਰਾ ਕਮੇਟੀ ਦੇ ਬਾਦਲ ਦਲ ਦੇ ਮੈਂਬਰਾਂ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਇਸੇ ਮੁਲਾਕਾਤ ਦੌਰਾਨ ਇਹ ਵੀ ਕਿਹਾ ਕਿ ਇਸ ਸਮੇਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਿਸ ਸੰਕਟ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ, ਉਸਦੇ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਹੀ ਜ਼ਿਮੇਂਦਾਰ ਹਨ, ਜਿਨ੍ਹਾਂ ਆਪਣੇ ਰਾਜਸੀ ਸਵਾਰਥ ਲਈ ਗੁਰਦੁਆਰਾ ਕਮੇਟੀ ਵਿਚੋਂ ਪੰਥਕ ਹਿਤਾਂ ਦੇ ਏਜੰਡੇ ਨੂੰ ਮਨਫੀ ਕਰ ਸਿੱਖ ਅਤੇ ਸਿੱਖੀ-ਵਿਰੋਧੀਆਂ ਦਾ ਏਜੰਡਾ ਲਾਗੂ ਕਰਵਾ ਰਖਿਆ ਹੈ। ਜਿਸਦੇ ਚਲਦਿਆਂ ਗੁਰਦੁਆਰਾ ਕਮੇਟੀ ਸਿੱਖ ਹਿਤਾਂ ਅਤੇ ਸਿੱਖੀ ਨੂੰ ਬਚਾਣ ਦੀ ਗਲ ਕਰਨ ਦੀ ਬਜਾਏ ਸਿੱਖ ਅਤੇ ਸਿੱਖੀ-ਵਿਰੋਧੀਆਂ ਪ੍ਰਤੀ ਸਮਰਪਿਤ ਹੋ ਚਲ ਰਹੀ ਹੈ।000
Mobile : +91 95 82 71 98 90
E-Mail : jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085
24 Jan. 2019