ਅਖੌਤੀ ਜਮਹੂਰੀਅਤ ਦਾ ਅਲੰਬਰਦਾਰ - ਜਗਦੀਸ਼ ਸਿੰਘ ਚੋਹਕਾ

ਸਾਮਰਾਜੀ ਅਮਰੀਕਾ ਦਾ ਕਰੂਰ ਚਿਹਰਾ ਬੇਨਕਾਬ

   ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਸਾਮਰਾਜੀ ਅਮਰੀਕਾ ਸ਼ੱਟ-ਡਾਊਨ ਕਾਰਨ ਵਿਤੀ, ਸੰਵਿਧਾਨਕ ਅਤੇ ਦੋ ਪਾਰਟੀ ਵਾਲੀ ਰਾਜਸੀ ਖਹਿਬਾਜ਼ੀ ਕਾਰਨ ਇਸ ਅਵਸਥਾ 'ਚੋਂ ਨਿਕਲਣ ਲਈ ਟਰੰਪ ਪ੍ਰਸ਼ਾਸਨ ਐਮਰਜੈਂਸੀ ਵੱਲ ਵੱਧ ਰਿਹਾ ਹੈ। ਟਰੰਪ ਦੇ 2018 ਸਾਲ ਦੇ ਅੰਦਰ ਅੰਦਰ ਤਿੰਨ ਵਾਰ ਸ਼ੱਟ-ਡਾਊਨ, ਜੋ ਅਮਰੀਕੀ ਇਤਿਹਾਸ ਅੰਦਰ ਸਭ ਤੋਂ ਲੰਬਾ ਸੰਕਟ ਹੈ, ਨੇ ਇੱਕ ਸ਼ਕਤੀਸ਼ਾਲੀ ਦੇਸ਼ ਦੀ ਸਰਕਾਰ ਦੀ ਕਾਰਗੁਜਾਰੀ ਤੇ ਬੇ-ਯਕੀਨੀ ਦਾ ਵਿਸਰਾਮ ਚਿੰਨ੍ਹ ਲਾਇਆ ਹੋਇਆ ਹੈ? 1980 ਦੇ ਐਂਟੀਡੇਫੀਸ਼ੀਐਨਸੀ ਐਕਟ ਕਾਰਨ ਫੰਡਜ਼ ਨਾਲ ਕਢਵਾਉਣ ਕਾਰਨ ਫੈਡਰਲ ਸਰਕਾਰ ਦੇ 4 ਲੱਖ ਤੋਂ ਵੱਧ ਮੁਲਾਜ਼ਮਾਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਕਿਸਾਨਾਂ ਦੇ ਪ੍ਰੋਸੈਸਡ ਹੋਏ ਕਰਜ਼ੇ ਰੁਕੇ ਹੋਏ ਹਨ। ਜੇਕਰ ਇਹ ਬੇ-ਯਕੀਨੀ ਵਾਲੀ ਹਾਲਤ ਖ਼ਤਮ ਨਹੀਂ ਹੁੰਦੀ ਤਾਂ ਅਮਰੀਕਾ ਅੰਦਰ ਸ਼ੱਟ-ਡਾਊਨ ਕਾਰਨ ਰਾਸ਼ਟਰਪਤੀ, ਬਹੁ-ਪੁਰਵੀ ਸਦਨ ਅਤੇ ਕੋਰਟ ਅੰਦਰ ਇੱਕ ਯੁੱਧ ਛਿੜ ਸਕਦਾ ਹੈ। ਇਹ ਹਾਲਤ ਹੈ। ਅਮਰੀਕਾ ਅੰਦਰ ਅੱਜ ਜਿਸ ਨੂੰ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਮੰਨਿਆ ਜਾਂਦਾ ਹੈ।
    ਕੇਂਦਰੀ ਸੰਘੀ ਸੰਵਿਧਾਨ ਵਾਲਾ ਯੂਨਾਈਟਿਡ ਸਟੇਟਸ ਆਫ਼ ਅਮਰੀਕਾ, ਜਿਸ ਦਾ ਮੁੱਖੀ ਰਾਸ਼ਟਰਪਤੀ ਹੁੰਦਾ ਹੈ। ਆਪਣੀ ਧੌਂਸ, ਲੁੱਟ-ਖਸੁੱਟ ਅਤੇ ਫ਼ੌਜੀ ਜ਼ੋਰ-ਜ਼ਬਰ ਕਾਰਨ ਜੋ ਦੁਨੀਆਂ ਅੰਦਰ ਹਰ ਪਾਸੇ ਦਨ-ਦਨਾਉਂਦਾ ਹੈ। ਜਿਹੜਾ ਕਿ ਅਖੌਤੀ ਜਮਹੂਰੀਅਤ ਦਾ ਅਲੰਬਰਦਾਰ ਕਹਿਲਾਉਂਦਾ ਸੀ ਦਾ ਕਰੂਰ ਚਿਹਰਾ ਹੁਣ ਬੇ-ਨਕਾਬ ਹੋ ਗਿਆ ਹੈ। ਉਸ ਦੇ ਅੰਦਰ ਝਾਤ ਮਾਰਨੀ ਜ਼ਰੂਰੀ ਬਣਦੀ ਹੈ! ਕੁਦਰਤੀ ਵਸੀਲਿਆਂ-ਉਪਜਾਊ ਜ਼ਮੀਨ, ਖਣਿਜ ਪਦਾਰਥ, ਦਰਿਆ ਆਦਿ ਕਾਰਨਾਂ ਕਰਕੇ ਵਿਰਾਸਤ ਵਿੱਚ ਮਿਲੀ ਸੰਪਤੀ ਅਤੇ ਪਿਛਲੇ 250 ਸਾਲਾਂ ਤੋਂ ਕੀਤੇ ਲੋਕਾਂ ਦੇ ਸ਼ੋਸ਼ਣ ਕਾਰਨ ਇਕੱਠਾ ਹੋਇਆ ਧਨ ਹੀ ਅਮਰੀਕਾ ਦੀ ਖੁਸ਼ਹਾਲੀ ਦਾ ਕਾਰਨ ਹੈ। 17 ਸਤੰਬਰ 1787 ਨੂੰ ਬਸਤੀਵਾਦੀ ਬਰਤਾਨੀਆਂ ਤੋਂ ਖ਼ੁਦ-ਮੁਖਤਾਰੀ ਪ੍ਰਾਪਤ ਕਰਕੇ ਆਪਣਾ ਸੰਵਿਧਾਨ ਬਣਾ ਕੇ 'ਅਮਰੀਕਾ' ਇੱਕ ਮਜ਼ਬੂਤ ਦੇਸ਼ ਹੋਂਦ ਵਿੱਚ ਆਇਆ ਸੀ! ਪਿਛਲੇ 232 ਸਾਲਾਂ ਦੋਂ ਲੰਬੇ ਅਰਸੇ ਤੋਂ ਪਹਿਲਾਂ ਉਤਰੀ ਅਮਰੀਕਾ ਅੰਦਰ, 'ਫਿਰ ਲਤੀਨੀ ਅਮਰੀਕਾ ਤੇ ਕੈਰੀਬੀਅਨ ਖਿਤੇ ਦੇ ਦੇਸ਼ਾਂ ਦੀ ਖੂਬ ਲੁੱਟ ਕੀਤੀ ਗਈ। ਬਾਅਦ ਵਿੱਚ ਪਹਿਲੀ ਤੇ ਦੂਸਰੀ ਸੰਸਾਰ ਜੰਗ ਅੰਦਰ ਖੂਬ ਹੱਥ ਰੰਗੇ ਅਤੇ ਇੱਕ ਸ਼ਕਤੀਸ਼ਾਲੀ ਰਾਜ ਵੱਲੋਂ ਦੁਨੀਆਂ ਦੇ ਅਖਾੜੇ ਅੰਦਰ ਅੱਜ ਸ਼ਕਤੀਸ਼ਾਲੀ ਸਾਮਰਾਜ ਬਣ ਗਿਆ ਹੈ।
    ਸਾਲ 2017-18 ਦੀ ਅਮਰੀਕਾ ਦੀ ਜੀ. ਡੀ. ਪੀ. 19,390 ਲੱਖ ਕਰੋੜ ਭਾਵ ਦੁਨੀਆਂ ਦੀ ਜੀ.ਡੀ.ਪੀ. ਦਾ 25 ਫ਼ੀਸਦੀ ਅਤੇ ਸੰਸਾਰ ਦੀ ਕੁੱਲ ਜੀ.ਡੀ.ਪੀ. ਦੀ ਖ਼ਰੀਦ ਸ਼ਕਤੀ ਦਾ ਪੰਜਵਾਂ ਹਿੱਸਾ ਹੈ। ਸੰਸਾਰ ਦੇ ਕੁਦਰਤੀ ਸੋਮਿਆਂ 'ਤੇ ਕਬਜ਼ੇ, ਗ਼ਰੀਬ ਦੇਸ਼ਾਂ ਦੀ ਲੁੱਟ, ਅਮਰੀਕੀ ਕਾਰਪੋਰੇਟ ਜਗਤ ਅਤੇ ਬਹੁ-ਕੌਮੀ ਕਾਰਪੋਰੇਸ਼ਨਾਂ ਵੱਲੋਂ ਬੈਂਕ ਫੰਡ ਅਤੇ ਮੰਡੀਆਂ 'ਤੇ ਕਬਜ਼ਿਆਂ ਰਾਹੀਂ ਅਮਰੀਕਾ ਇੱਕ ਸ਼ਕਤੀਸ਼ਾਲੀ ਦੇਸ਼ ਬਣਿਆ ਹੈ। 1991 ਨੂੰ ਸਮਾਜਵਾਦੀ ਦੇਸ਼ ਸੋਵੀਅਤ ਯੂਨੀਅਨ ਰੂਸ ਅਤੇ ਯੂਰਪ ਦੇ ਕੁੱਝ ਸਮਾਜਵਾਦੀ ਪੂਰਬੀ ਦੇਸ਼ਾਂ ਦੇ ਢਹਿ-ਢੇਰੀ ਹੋਣ ਕਰਕੇ, ਪਿਛਲੇ 25 ਸਾਲਾਂ ਦੇ ਅਰਸੇ ਤੋਂ ਸਾਮਰਾਜੀ ਅਮਰੀਕਾ ਅਤੇ ਉਸਦੇ ਭਾਈਵਾਲ ਨਾਟੋ ਦੇ ਸਹਿਯੋਗੀ ਦੇਸ਼ ਅੱਜ ਦੁਨੀਆਂ ਅੰਦਰ ਅੱਤਵਾਦ, ਜਮਹੂਰੀਅਤ ਦੀ ਬਹਾਲੀ ਅਤੇ ਨਵ-ਉਦਾਰੀਵਾਦ ਰਾਹੀਂ ਜਿੱਥੇ ਚੰਮ ਦੀਆਂ ਚਲਾ ਰਹੇ ਹਨ, ਉੱਥੇ ਗ਼ਰੀਬ ਦੇਸ਼ਾਂ ਦੀ ਆਰਥਿਕਤਾ ਨੂੰ ਖੂਬ ਲੁੱਟ ਰਹੇ ਹਨ।
    ਸਾਮਰਾਜੀ ਅਮਰੀਕਾ ਅੱਜ ਇੱਕ ਧਰੁਵੀ ਆਰਥਿਕਤਾ ਰਾਹੀਂ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਅੰਦਰ ਉਦਾਰੀਵਾਦੀ ਨੀਤੀਆਂ ਰਾਹੀਂ ਸੰਸਾਰੀਕਰਨ ਅਤੇ ਮੁਕਤ ਬਾਜ਼ਾਰ ਅਰਥਚਾਰੇ ਨੂੰ ਥੋਪਣ ਲਈ ਵਿਤੀਫੰਡ ਅਤੇ ਸ਼ੇਅਰ-ਬਾਜ਼ਾਰ ਦੀ ਵਰਤੋਂ ਕਰਕੇ ਹਰ ਪਾਸੇ ਸ਼ੋਸ਼ਣ ਨੂੰ ਤੇਜ਼ ਕਰ ਰਿਹਾ ਹੈ। ਪਿਛਲੇ ਮਹੀਨਿਆਂ ਦੌਰਾਨ ਮੁਕਤ-ਵਪਾਰ ਅਤੇ ਉਤਰੀ ਅਮਰੀਕਾ-ਮੈਕਸੀਕੋ, ਕੈਨੇਡਾ ਸਮਝੌਤਾ ਇਸ ਦੀ ਇੱਕ ਮਿਸਾਲ ਹੈ। ਪਰ ਇਸ ਦੇ ਬਾਵਜੂਦ ਵੀ ਆਰਥਿਕ ਮੰਦਵਾੜਾ ਅਮਰੀਕਾ ਦਾ ਪਿੱਛਾ ਨਹੀਂ ਛੱਡ ਰਿਹਾ ਹੈ। ਵਰਤਮਾਨ ਮੰਦਾ ਕਿਸੇ ਨੀਤੀ ਦੀ ਪੈਦਾਵਾਰ ਨਹੀਂ ਸਗੋਂ ਤਾਂ ਇਹ ਸਾਰੇ ਪੂੰਜੀਵਾਦੀ ਪ੍ਰਬੰਧ ਦਾ ਹੀ ਸਿੱਟਾ ਹੈ। ਇਸ ਮੰਦੇ ਕਾਰਨ ਪੈਦਾ ਹੋਏ ਵਿਤੀ ਸੰਕਟ ਦੀਆਂ ਜੜ੍ਹਾਂ ਅਤੇ ਦੁਰ-ਪ੍ਰਭਾਵ ਹੁਣ ਸਾਰੇ ਸੰਸਾਰ ਅੰਦਰ ਫੈਲ ਗਏ ਹਨ। ਉਹ ਸਾਮਰਾਜੀ ਅਮਰੀਕਾ ਜੋਕ ਦੀ ਇਸ ਮੰਦੇ ਕਾਰਨ ਭੁੱਖਮਰੀ ਨਾਲ ਮਰਦੇ ਲੋਕਾਂ ਨੂੰ ਦੇਖ ਕੇ ਖੁਸ਼ੀ ਜਾਹਰ ਕਰਦਾ ਸੀ। ਅੱਜ ਉਸ ਦੇ ਆਪਣੇ ਗ੍ਰਹਿਵਾਨ ਅੰਦਰ ਅੱਗ ਲੱਗੀ ਹੋਈ ਹੈ। ਬੇਚੈਨੀ ਕਾਰਨ ਰੋਹ ਅੰਦਰ ਆਏ ਅਮਰੀਕੀਆਂ ਦੇ ਗੁੱਸੇ ਨੂੰ ਦਬਾਉਣ ਲਈ, 'ਮੁਜ਼ਾਹਰਾਕਾਰੀਆਂ' 'ਤੇ ਹਰ ਤਰ੍ਹਾਂ ਦੇ ਤਸ਼ੱਦਦ ਕੀਤੇ ਜਾ ਰਹੇ ਹਨ। ਸਗੋਂ ਤਾਂ ਇਸ ਦਾ ਗੁੱਸਾ, 'ਕਦੀ ਪ੍ਰਵਾਸੀਆਂ ਵਿਰੁੱਧ, ਮੁਸਲਮਾਨਾਂ ਤੇ ਘੱਟ ਗਿਣਤੀ ਲੋਕਾਂ ਵਿਰੁੱਧ ਅਤੇ ਪ੍ਰਵਾਸ ਕਰਨ ਵਾਲੇ ਲੋਕਾਂ ਵਿਰੁੱਧ ਵਰਤ ਰਿਹਾ ਹੈ'। ਅੱਜ ਅਮਰੀਕਾ ਅੰਦਰ ਅਣਮਨੁੱਖੀ ਵਿਵਹਾਰ ਦੀਆਂ ਹਾਕਮਾਂ ਵੱਲੋਂ ਲੋਕਾਂ ਵਿਰੁੱਧ ਹੋ ਰਹੀਆਂ ਕਾਰਵਾਈਆਂ ਕਾਰਨ, 'ਸਰਕਾਰ ਦਾ ਚਿਹਰਾ ਨੰਗਾ ਹੋ ਚੁੱਕਾ ਹੈ?'
    ਦੁਨੀਆਂ ਦੇ ਸਭ ਤੋਂ ਵੱਧ ਵਿਕਸਿਤ ਅਤੇ ਜਮਹੂਰੀਅਤ ਦੇ ਅਲੰਬਰਦਾਰ ਕਹਾਉਣ ਵਾਲੇ ਅਮਰੀਕਾ ਦੇ (ਬਸਤੀਵਾਦੀ ਸਾਮਰਾਜੀ ਬਰਤਾਨੀਆਂ) ਵੱਡੇ-ਵਡੇਰੇ ਜੋ ਚਾਰ ਕੁ ਸਦੀਆਂ ਪਹਿਲਾਂ ਯੂਰਪ ਤੋਂ ਉਤਰੀ ਅਮਰੀਕਾ ਵਿੱਚ ਦਾਖਲ ਹੋਏ ਸਨ। ਇਨ੍ਹਾਂ ਯੂਰਪੀਅਨ ਲੁਟੇਰਿਆਂ ਵਿੱਚੋਂ ਬਰਤਾਨਵੀਂ ਹਾਕਮਾਂ ਨੇ 10 ਹਜ਼ਾਰ ਪਰੂਸ਼ੀਅਨ, 50 ਹਜ਼ਾਰ ਤੋਂ ਵੱਧ ਮੁਜ਼ਰਿਮ ਤੇ ਕੈਦੀ ਬਾਕੀ ਕਾਫ਼ੀ ਲੁਟੇਰੇ ਵਾਪਾਰੀ ਲੋਕਾਂ ਨੂੰ 1607 ਤੋਂ 1614 ਤੱਕ ਅਮਰੀਕਾ ਭੇਜਿਆ। ਇਨ੍ਹਾਂ ਵਿਕਸਿਤ ਹੋਏ ਲੁਟੇਰਿਆਂ ਨੇ ਉਤਰੀ ਅਮਰੀਕਾ ਦੇ ਪਹਿਲੇ ਅਸਲੀ ਨਿਵਾਸੀ ਅਤੇ ਮੂਲ-ਵਾਸੀਆਂ ਦੇ ਇੱਕ ਵੱਢਿਓਂ ਕਤਲੇਆਮ ਕਰਕੇ ਪੂਰੀ ਤਰ੍ਹਾਂ ਉਨ੍ਹਾਂ ਦਾ ਨਸਲਘਾਤ ਕੀਤਾ ਅਤੇ ਉਨ੍ਹਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਲਈ ਕੋਈ ਕਸਰ ਨਾ ਛੱਡੀ? ਯੂਰਪੀ ਪ੍ਰਵਾਸੀ ਲੁਟੇਰਿਆਂ ਨਾਲ ਆਈਆਂ ਭਿਆਨਕ ਛੂਤ-ਛਾਤ ਦੀਆਂ ਬਿਮਾਰੀਆਂ-ਚੇਚਿਕ ਅਤੇ ਹੋਰ ਮਹਾਂਮਾਰੀ ਫੈਲਾਉਣ ਵਾਲੇ ਕੀਟਾਣੂਆਂ ਦੇ ਦਾਖਲੇ ਕਾਰਨ ਲੱਖਾਂ ਮੂਲਵਾਸੀ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਅ ਦਿੱਤਾ ਗਿਆ। ਦੁਨੀਆਂ ਅੰਦਰ ਜਦੋਂ ਗ਼ੁਲਾਮਦਾਰੀ ਯੁੱਗ ਹੌਲੀ-ਹੌਲੀ ਖ਼ਤਮ ਹੋ ਰਿਹਾ ਸੀ ਤਾਂ ਅਮਰੀਕਾ ਅੰਦਰ 17ਵੀਂ ਅਤੇ 18ਵੀਂ ਸਦੀ ਦੌਰਾਨ ਯੂਰਪ ਦੇ ਲੁਟੇਰੇ ਵਪਾਰੀਆਂ ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਯਹੂਦੀ ਵਾਪਾਰੀ ਵੀ ਸ਼ਾਮਲ ਸਨ, ਵੱਲੋਂ ਅਫ਼ਰੀਕਾ ਅਤੇ ਕੈਰੀਬੀਅਨ ਖੇਤਰਾਂ 'ਚ ਕਾਲੇ ਅਫਰੀਕਨ ਤੇ ਕੈਂਰੀਬੀਅਨਾਂ ਲੋਕਾਂ ਨੂੰ ਉਨ੍ਹਾਂ ਦੀ ਮਰਜ਼ੀ ਅਤੇ ਇੱਛਾ ਦੇ ਉਲਟ, ਲੱਖਾਂ ਨੂੰ ਗ਼ੁਲਾਮ ਬਣਾ ਕੇ, ਪਸ਼ੂਆਂ ਵਾਂਗ ਨੂੜ ਕੇ ਅਮਰੀਕਾ ਦੀਆਂ ਮੰਡੀਆਂ 'ਚ ਵੇਚਿਆ ਗਿਆ। ''ਮਨੁੱਖੀ-ਸਲੇਵਰੀ'' ਜਿਹਾ ਕਲੰਕਿਤ ਧੰਦਾ, ਗ਼ੁਲਾਮਾਂ ਪਾਸੋਂ ਮੁਫ਼ਤ ਪਸ਼ੂਆਂ ਵਾਂਗ ਬਿਨਾਂ ਕਿਸੇ ਸਹੂਲਤ ਤੇ ਆਰਾਮ ਦੇ ਕੰਮ ਕਰਾਉਣ ਦਾ ਕਾਲੇ ਕਾਰਨਾਮਿਆਂ ਨਾਲ ਸਾਮਰਾਜੀ ਅਮਰੀਕਾ ਦੇ ਇਤਿਹਾਸ ਦੇ ਪੰਨੇ ਭਰੇ ਹੋਏ ਹਨ। ਜੋ ਅੱਜ ਵੀ ਗ਼ੁਲਾਮਾਂ ਦੀ ਜ਼ਿੰਦਗੀ ਦੀ ਦਾਸਤਾਨ ਸੁਣਾ ਰਹੇ ਹਨ।
    ਦੁਨੀਆਂ ਅੰਦਰ ਜਮਹੂਰੀਅਤ ਦੀ ਬਹਾਲੀ ਦਾ ਢੋਲ ਪਿੱਟਣ ਵਾਲਾ ਅਮਰੀਕਾ ਸ਼ੁਰੂ ਤੋਂ ਹੀ ਹਰ ਥਾਂ ਅਮਨ-ਪਸੰਦ ਜਮਹੂਰੀ ਢੰਗ ਨਾਲ ਚੁਣੀਆਂ ਲੋਕ-ਸਰਕਾਰਾਂ ਦੇ ਤਖ਼ਤੇ ਪਲਟਾਅ ਕੇ ਆਪਣੀ ਮਨ-ਮਰਜ਼ੀ ਵਾਲੀਆਂ ਕਠਪੁਤਲੀ ਸਰਕਾਰਾਂ ਕਾਇਮ ਕਰਨ, ਸਾਜ਼ਿਸ਼ਾਂ ਰੱਚਣ ਅਤੇ ਫ਼ੌਜੀ ਬਗ਼ਾਵਤਾਂ ਕਰਨ ਵਾਲੇ ਕਾਲੇ-ਕਾਰਨਾਮਿਆਂ ਕਰਕੇ ਕਦੀ ਵੀ ਮਨੁੱਖੀ ਇਤਿਹਾਸ ਅੰਦਰ ਬਖਸ਼ਿਆ ਨਹੀਂ ਜਾ ਸਕਦਾ ਹੈ? ਪ੍ਰਸਾਰਵਾਦੀ ਅਮਰੀਕਾ ਨੇ 18ਵੀਂ ਅਤੇ 19ਵੀਂ ਸਦੀ ਦੌਰਾਨ, ਉਤਰੀ ਅਮਰੀਕਾ ਦੇ ਖਿੱਤੇ ਅੰਦਰ ਯੂਰਪੀ ਬਸਤੀਵਾਦੀ ਸਾਮਰਾਜੀ ਦੇਸ਼ਾਂ ਦੀਆਂ ਦੂਸਰੀਆਂ ਬਸਤੀਆਂ-ਫਰਾਂਸੀਸੀ, ਸਪੇਨੀ, ਯੂ. ਕੇ., ਮੈਕਸੀਕੋ, ਰੂਸੀ ਆਦਿ ਨੂੰ ਇੱਕ ਇੱਕ ਕਰਕੇ ਹਥਿਆ ਲਿਆ। ਇੱਥੋਂ ਤੱਕ ਲੋਕਰਾਜੀ ਟੈਕਸਸ ਤੇ ਹਵਾਈ ਰਾਜਾਂ ਨੂੰ ਵੀ ਜ਼ਬਰੀ ਆਪਣੇ ਨਾਲ ਮਿਲਾ ਕੇ ਇੱਕ ਸ਼ਕਤੀਸ਼ਾਲੀ ਅਮਰੀਕਾ ਸਾਮਰਾਜ ਦੀ ਨੀਂਹ ਰੱਖੀ। ਦੇਸ਼ ਦੇ ਦੱਖਣੀ ਰਾਜ, ਜਿੱਥੇ ਖੇਤੀ ਕਰਦੇ ਵੱਡੇ-ਵੱਡੇ ਜਾਗੀਰਦਾਰ ਸਨ। ਉਨ੍ਹਾਂ ਨੂੰ ਖੇਤੀ ਲਈ ਗ਼ੁਲਾਮਾਂ ਦੀ ਲੋੜ ਸੀ। ਜਿਸ ਕਰਕੇ ਉਹ ਦੇਸ਼ ਅੰਦਰ ਗ਼ੁਲਾਮਦਾਰੀ ਪ੍ਰਥਾ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਸਨ। ਪਰ ਦੂਸਰੇ ਉਤਰੀ ਰਾਜ, ਜਿੱਥੇ ਧੜਾ-ਧੜ ਸਨਅਤਾਂ ਦੀ ਉਸਾਰੀ ਹੋ ਰਹੀ ਸੀ, ਕਿਰਤੀਆਂ ਦੀ ਲੋੜ ਸੀ। 1860 ਨੂੰ ਸ਼ੁਰੂ ਹੋਈ ਪਹਿਲੀ ਘਰੇਲੂ ਜੰਗ (ਸਿਵਲ-ਵਾਰ) ਅਸਲੀਅਤ ਵਿੱਚ ਅਮਰੀਕਾ ਅੰਦਰ ਗ਼ੁਲਾਮਾਂ ਨੂੰ ਆਜ਼ਾਦੀ ਦੇਣ ਦੇ ਮਨਸ਼ੇ ਲਈ ਨਹੀਂ ਸੀ? ਸਗੋਂ! ਫਿਰ ਜੰਗ ਸਨਅਤੀ ਵਰਗ ਦੇ ਪੂੰਜੀਪਤੀਆਂ ਅਤੇ ਦੱਖਣ ਦੇ ਖੇਤੀ ਕਰਨ ਵਾਲੇ ਵੱਡੇ-ਵੱਡੇ ਜਾਗੀਰਦਾਰਾਂ ਵਿਚਕਾਰ ਕਿਰਤੀ-ਵਰਗ ਦੀ ਕਿਰਤ ਨੂੰ ਲੁੱਟਣ ਲਈ ਸੀ। ਰਿਪਬਲਿਕ ਪਾਰਟੀ ਦੇ ਆਗੂ ਅਬਰਾਹਿਮ ਲਿੰਕਨ, ਜਿਸ ਦੀ ਪਿੱਠ 'ਤੇ ਅਮਰੀਕਾ ਦਾ ਸਾਰਾ ਪੂੰਜੀਪਤੀ ਅਤੇ ਸਨਅਕਾਰ ਲਾਣਾ ਸੀ, ਸਸਤੀ ਕਿਰਤ ਲਈ ਦੱਖਣੀ ਭਾਗਾਂ ਦੇ ਜਾਗੀਰਦਾਰਾਂ ਵਿਰੁੱਧ ਸੀ, ਜੋ ਗ਼ੁਲਾਮਦਾਰੀ ਪ੍ਰਥਾ ਖ਼ਤਮ ਨਹੀਂ ਕਰਨਾ ਚਾਹੁੰਦੇ ਸਨ। ਇਸ ਘਰੋਗੀ-ਜੰਗ ਵਿੱਚ ਜਾਗੀਰਦਾਰਾਂ ਨੂੰ ਝੁੱਕਣਾ ਪਿਆ। ਜਿਸ ਨਾਲ ਸਲੇਵਰੀ ਦਾ ਅੰਤ ਹੋਇਆ! ਇਹ ਕੋਈ ਮਨੁੱਖੀ ਰਹਿਮ ਅਧੀਨ ਨਹੀਂ, ਸਗੋਂ ਦੋ ਲੁਟੇਰੇ ਵਰਗਾਂ ਵਿਚਕਾਰ ਆਪਣੇ ਹਿੱਤਾਂ ਲਈ ਜੰਗ ਸੀ?
    2008 ਤੋਂ ਅਮਰੀਕਾ ਅੰਦਰ ਸ਼ੁਰੂ ਹੋਇਆ ਆਰਥਿਕ ਮੰਦਾ ਅਜੇ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ? ਸਗੋਂ ਅਮਰੀਕੀ ਪੂੰਜੀਵਾਦੀ ਆਰਥਿਕ ਮਾਹਿਰ ਇਸ ਮੰਦਵਾੜੇ 'ਚੋਂ ਨਿਕਲਣ ਲਈ ਬੜੇ ਜਾਲਮਾਨਾਂ ਢੰਗ, ਕਿਫਾਇਤੀ ਆਰਥਿਕ ਨੀਤੀਆਂ, ਪੂੰਜੀਪਤੀਆਂ ਨੂੰ ਛੋਟਾਂ ਅਤੇ ਪ੍ਰਵਾਸੀਆਂ ਦੇ ਨਿਕਾਲੇ ਰਾਹੀਂ ਇਸ ਦਾ ਹੱਲ ਲੱਭ ਰਹੇ ਹਨ। ਬੇਰੁਜ਼ਗਾਰ ਅਤੇ ਤੰਗੀ ਦੇ ਸ਼ਿਕਾਰ ਅਮਰੀਕੀ ਲੋਕਾਂ ਨੂੰ ਜੋ ਮਾੜੀਆਂ ਮੋਟੀਆਂ ਸਹੂਲਤਾਂ ਮਿਲਦੀਆਂ ਸਨ ਤੋਂ ਵਿਰਵਾ ਕਰਕੇ ਉਨ੍ਹਾਂ ਦੀਆਂ ਮੁਸੀਬਤਾਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ। ਮੰਡੀ ਅੰਦਰ ਵਸਤਾਂ ਦੀ ਮੰਗ ਵਿੱਚ ਕਮੀ ਦਾ ਕਾਰਨ ਮੰਦਾ ਤੇ ਬੇਰੁਜ਼ਗਾਰੀ ਹੋਣ ਕਰਕੇ, 'ਕਿਰਤੀ' ਵਰਗ ਦੀ ਆਮਦਨ ਦਾ ਹੇਠਾਂ ਜਾਣਾ, ਜੋ ਪੈਸਾ ਨਾ ਹੋਣ ਕਾਰਨ ਖ਼ਰੀਦ ਨਹੀਂ ਕਰ ਸਕਦੇ! ਲੋਕਾਂ ਦੀ ਆਮਦਨ ਵਧਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਚਾਹੀਦਾ ਹੈ! ਪਰ ਇਸ ਦੇ ਉਲਟ ਸਰਕਾਰ ਵਿਤੀ ਘਾਟੇ ਨੂੰ ਦੂਰ ਕਰਨ ਲਈ ਬਾਜ਼ਾਰ ਜਾਂ ਪੂੰਜੀਪਤੀਆਂ ਤੋਂ ਰਕਮ ਉਧਾਰ ਲੈ ਕੇ ਬਾਜ਼ਾਰ ਵਿੱਚ ਖ਼ਰਚ ਕਰਦੀ। ਪਰ ਬੈਂਕ ਅੱਗੋਂ ਇਸ ਰਾਸ਼ੀ ਨਾਲ ਹੁੰਡੀਆਂ ਖ਼ਰੀਦ ਲੈਂਦੇ ਹਨ। ਜਦੋਂ ਪੂੰਜੀਪਤੀਆਂ ਦਾ ਸਰਕਾਰ ਤੋਂ ਵਿਸ਼ਵਾਸ ਉੱਠ ਜਾਂਦਾ ਹੈ ਤਾਂ ਬਾਜ਼ਾਰ ਵਿੱਚੋਂ ਉਧਾਰ ਵੀ ਬੰਦ ਹੋ ਜਾਂਦਾ ਹੈ। ਐਸ. ਐਂਡ. ਪੀ. ਵੱਲੋਂ ਅਮਰੀਕਾ ਦੀ ਸਰਕਾਰ ਦਾ ਕਰਜ਼ਾ ਹੱਦ ਘਟਾਉਣ ਦਾ ਵੀ ਇਹ ਹੀ ਅੜਿੱਕਾ ਹੈ। ਸਦਨ ਵੱਲੋਂ ਟਰੰਪ ਨੂੰ ਖ਼ਰਚੇ ਨਾ ਕਢਵਾਉਣ ਲਈ ਰੋਕ, ਜਿਸ ਕਾਰਨ 8.00 ਲੱਖ ਮੁਲਾਜ਼ਮ ਬਿਨਾਂ ਤਨਖਾਹ ਦੇ ਛੁੱਟੀ ਤੇ ਹਨ ਜੋ ਅਮਰੀਕੀ ਵਿਤੀ ਸੰਕਟ ਦਾ ਕਾਰਨ ਹੈ। ਇਸ ਵੇਲੇ ਅਮਰੀਕੀ ਸਰਕਾਰ ਦਾ ਕਰਜ਼ਾ 12 ਖ਼ਰਬ ਡਾਲਰ ਤੋਂ ਵੱਧ ਹੈ।
    ਆਪਣੀਆਂ ਪ੍ਰਸਾਰਵਾਦੀ ਨੀਤੀਆਂ ਕਾਰਨ ਦੁਨੀਆਂ ਦੇ ਗ਼ਰੀਬ ਦੇਸ਼ਾਂ ਦੇ ਕੁਦਰਤੀ ਸੋਮਿਆਂ ਨੂੰ ਹਥਿਆਉਣ ਲਈ, ਅਮਰੀਕਾ ਵੱਲੋਂ ਇਰਾਕ, ਅਫ਼ਗਾਨਿਸਤਾਨ, ਮੱਧ-ਏਸ਼ੀਆ ਦੀ ਜੰਗ ਅਤੇ ਪੈਂਟਾਗਨ ਤੇ ਨਾਟੋ ਅਧੀਨ ਹੁੰਦਾ ਅਥਾਹ ਖਰਚਾ, ਜੋ ਇਕੱਲਾ 70 ਫ਼ੀਸਦੀ ਅਮਰੀਕਾ ਹੀ ਕਰ ਰਿਹਾ ਹੈ। ਇਹ ਸਾਰਾ ਖ਼ਰਚਾ ਅਮਰੀਕੀ ਲੋਕਾਂ 'ਤੇ ਹੀ ਲੱਦਿਆ ਜਾ ਰਿਹਾ ਹੈ। ਇਸ ਕਰਕੇ ਅਮਰੀਕੀ ਅਰਥਚਾਰੇ ਦੀ ਵਾਧਾ ਦਰ ਖੜੌਤ ਵਿੱਚ ਹੀ ਹੈ।ਦੂਸਰੇ ਸੰਸਾਰ ਜੰਗ ਬਾਦ ਸਾਮਰਾਜੀ ਅਮਰੀਕਾ ਨੇ ਹਰ ਖੇਤਰ 'ਚ ਹਮਲਾਵਾਰੀ ਰੁੱਖ ਅਖਤਿਆਰ ਕਰਕੇ ਗ਼ਰੀਬ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਦਬ-ਦਬਾ ਬਣਾਇਆ ਹੋਇਆ ਹੈ। ਅਮਰੀਕਾ ਨੇ ਹੁਣ ਤੱਕ ਸੰਯੁਕਤ ਰਾਸ਼ਟਰ ਦੇ 1400 ਤੋਂ ਵੱਧ ਮੱਤਿਆਂ ਦੀ ਬੜੀ ਬੇਸ਼ਰਮੀ ਨਾਲ ਉਲੰਘਣਾ ਕਰਕੇ ਦੁਨੀਆਂ ਦੇ ਅਮਨ ਅਤੇ ਦੇਸ਼ਾਂ ਦੇ ਆਪਸੀ ਸਹਿ-ਹੋਂਦ ਸਦਭਾਵਨਾਵਾਂ ਨੂੰ ਠੇਸਾਂ ਪਹੁੰਚਾਈਆਂ ਹਨ। ਮਕਾਰ ਅਮਰੀਕਾ ਅੱਜ ਸੰਸਾਰ ਅਮਨ ਲਈ ਸਭ ਤੋਂ ਵੱਧ ਖ਼ਤਰਾ ਬਣਿਆ ਹੋਇਆ ਹੈ। ਆਰਥਿਕ ਸਹਿਯੋਗ ਤੇ ਵਿਕਾਸ ਸੰਗਠਨ ਅਧੀਨ ਹੁਣ ਅਮਰੀਕਾ ਆਪਣੀ ਲੁੱਟ ਲਈ ਬੜੇ ਚਲਾਕੀ ਭਰੇ ਢੰਗ ਤਰੀਕਿਆਂ ਨਾਲ ਵਾਪਾਰ ਸਮਝੌਤੇ ਅਤੇ ਟੈਰਿਫ ਲਾ ਕੇ ਨਵੀਆਂ ਚਾਲਾਂ ਚੱਲ ਰਿਹਾ ਹੈ। ਯੂਰਪ, ਕੈਨੇਡਾ, ਪੈਸੀਫਿਕ, ਜੀ-20 ਆਦਿ ਪੁਰਾਣੇ ਸਮਝੌਤੇ ਤੋੜੇ ਹਨ। ਵਾਤਾਵਰਨ ਸਬੰਧੀ ਅਤੇ ਸੰਸਾਰ ਵਾਪਾਰ ਸੰਗਠਨ ਰਾਹੀਂ ਸੰਸਾਰ ਪੱਧਰ ਤੇ ਹੋਏ ਸਮਝੌਤਿਆਂ ਤੇ ਲੀਕਾਂ ਫੇਰ ਕੇ, ਮਨ ਮਰਜ਼ੀ ਕਰਨਾ ਅਮਰੀਕਾ ਦੀ ਇੱਕ ਆਪਹੁਦਰੀ ਨੀਤੀ ਬਣ ਗਈ ਹੈ।
    ਸਾਮਰਾਜੀ ਅਮਰੀਕਾ ਵੱਲੋਂ ਸੰਸਾਰ ਪੱਧਰ 'ਤੇ ਆਪਣੀ ਲੁੱਟ-ਖਸੁੱਟ ਲਈ ਜ਼ਬਰੀ ਲਾਗੂ ਕੀਤੀਆਂ ਨਵ-ਉਦਾਰੀਵਾਦੀ ਨੀਤੀਆਂ, 'ਕਿਫਾਇਤੀ ਅਜੰਡੇ ਅਤੇ ਸੁਰੱਖਿਆਵਾਦੀ ਮਨਸੂਬਿਆਂ ਕਾਰਨ', 'ਅਮਰੀਕਾ ਹੀ ਨਹੀਂ ਸਗੋਂ ਸਾਰੇ ਸੰਸਾਰ ਅੰਦਰ ਪੈਦਾ ਕੀਤੀ ਬੇਰੁਜ਼ਗਾਰੀ ਕਾਰਨ', 'ਸਮੁੱਚਾ ਕਿਰਤੀ-ਵਰਗ ਅੱਜ ਸੰਘਰਸ਼ ਕਰਨ ਲਈ ਮਜ਼ਬੂਰ ਹੈ!' ਸਾਰੇ ਯੂਰਪ ਖਾਸ ਕਰਕੇ, ਫਰਾਂਸ, ਇਟਲੀ, ਯੂ. ਕੇ. ਆਦਿ ਦੇਸ਼ਾਂ ਤੋਂ ਬਿਨਾਂ ਏਸ਼ੀਆ ਖਾਸ ਕਰਕੇ ਭਾਰਤ ਅੰਦਰ 8-9 ਜਨਵਰੀ 2019 ਦੀ ਦੋ-ਰੋਜ਼ਾ ਹੜਤਾਲ ਅਤੇ ਅਮਰੀਕਾ ਅੰਦਰ ਕਿਰਤੀ ਲੋਕਾਂ ਦਾ ਦਿਨੋਂ-ਦਿਨ ਉਮਡ ਰਿਹਾ ਰੋਹ ਇਨ੍ਹਾਂ ਨੀਤੀਆਂ ਵਿਰੁੱਧ ਲੋਕਾਂ ਦੀ ਬੇਚੈਨੀ ਦਾ ਪ੍ਰਗਟਾਵਾ ਹੈ। ਦੁਨੀਆਂ ਅੰਦਰ ਚੁਣੀਆਂ ਜਮਹੂਰੀ ਸਰਕਾਰਾਂ ਦੇ ਤਖ਼ਤੇ ਪਲਟਣ ਲਈ ਸਭ ਤੋਂ ਪਹਿਲਾਂ ਪੂਰਬੀ ਯੂਰਪ ਦੇ ਦੇਸ਼ਾਂ ਨੂੰ ਤੋੜਨ ਲਈ ਚਲਾਈ ''ਸੰਤਰੀ-ਲਹਿਰ'' (ORANGE) ਚੀਨ ਅੰਦਰ ''ਜੈਸਮੀਨ'', ਮੱਧ ਏਸ਼ੀਆ 'ਚ ''ਸਪਰਿੰਗ-ਲਹਿਰ'' ਅਤੇ ਲਤੀਨੀ ਅਮਰੀਕਾ ਅੰਦਰ ਕਈ ਰੰਗ-ਬਰੰਗੀਆਂ ਲਹਿਰਾਂ ਲਈ ਬਦਨਾਮ ਸੀ. ਆਈ. ਏ. ਜ਼ਿੰਮੇਵਾਰ ਹੈ? ਅੰਕਲ ਸੈਮ ਦੀ ਪੁਲਿਸ ਵੱਲੋਂ 'ਪੁਰ ਅਮਨ' ਅੰਦੋਲਨਕਾਰੀਆਂ 'ਤੇ ਵੈਹਿਸ਼ੀਆਨਾ ਜ਼ਬਰ ਅਮਰੀਕੀ ਮਨਸੂਬਿਆਂ ਨਾਲ ਲੈਸ ਹੋਏ ਪੂੰਜੀਵਾਦੀ ਦੇਸ਼ਾਂ ਦੀਆਂ ਸਰਕਾਰਾਂ ਦੇ ਮਕਾਰ ਭਰੇ ਜਮਹੂਰੀਅਤ ਦੇ ਪਰਦਿਆਂ ਦਾ ਰਾਜ ਇੱਕ ਇੱਕ ਕਰਕੇ ਅੱਜ ਖੁੱਲ੍ਹ ਰਿਹਾ ਹੈ! ਕੋਰੀਆ ਵੀਅਤਨਾਮ, ਮੱਧ ਏਸ਼ੀਆ, ਫਲਸਤੀਨ, ਇਰਾਕ, ਅਫਗਾਨਿਸਤਾਨ, ਲੀਬੀਆ, ਟੂਨੀਸ਼ੀਆਂ, ਸੀਰੀਆ ਅੰਦਰ ਠੋਸੀਆਂ ਜੰਗਾਂ ਨੇ ਅਮਰੀਕਾ ਦੀ ਜਮਹੂਰੀਅਤ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਰੱਚੇ ਜਾਂਦੇ ਮਨਸੂਬਿਆਂ ਤੋਂ ਪਰਦਾ ਚੁੱਕ ਦਿੱਤਾ ਹੈ। ਅਫ਼ਰੀਕਾ ਅਤੇ ਲਤੀਨੀ ਅਮਰੀਕਾ ਅੰਦਰ ਸੀ. ਆਈ. ਏ. ਵੱਲੋਂ ਕਰਾਈਆਂ ਜਾਂਦੀਆਂ ਉਥਲ-ਪੁਥਲ ਦੀਆਂ ਕਾਰਵਾਈਆਂ ਅੱਜ ਜੱਗ ਜ਼ਾਹਰ ਹੋ ਚੁੱਕੀਆਂ ਹਨ!
    ਅਮਰੀਕਾ ਅੱਜ ਦੁਨੀਆਂ ਅੰਦਰ ਖੁਸ਼ਹਾਲੀ ਦੀ ਥਾਂ ਹਰ ਪਾਸੇ ਜੰਗ ਵੰਡ ਰਿਹਾ ਹੈ। ਸੰਸਾਰ ਸਹਿਯੋਗਤਾ ਅਤੇ ਕੂਟਨੀਤੀ ਦੇ ਨਾਂ 'ਤੇ 75 ਤੋਂ ਵੱਧ ਦੇਸ਼ਾਂ ਅੰਦਰ ਫ਼ੌਜੀ ਅੱਡੇ ਕਾਇਮ ਕਰਕੇ ਸੀ. ਆਈ. ਏ. ਦੇ ਹਾਰਡ ਕੋਰ ਦੇ 13000 ਤੋਂ ਵੱਧ ਮੈਂਬਰ ਜਸੂਸੀ ਕਰਨ ਲਈ ਗੁਪਤ ਰੂਪ ਵਿੱਚ ਤਾਇਨਾਤ ਕੀਤੇ ਹੋਏ ਹਨ। ਓਬਾਮਾ ਵੇਲੇ 2010 ਦੌਰਾਨ 6.3 ਅਰਬ ਡਾਲਰ ਦੇ ਮੁਕਾਬਲੇ, ਟਰੰਪ ਵੱਲੋਂ ਇਨ੍ਹਾਂ ਕਾਰਵਾਈਆਂ ਲਈ ਜੀ. ਡੀ. ਪੀ. ਦਾ 3.58 ਫੀਸਦੀ ਬਜ਼ਟ ਫ਼ੌਜੀ ਮਨਸੂਬਿਆਂ ਤੇ ਖ਼ਰਚ ਕੀਤਾ ਜਾ ਰਿਹਾ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਬਾਦ ਇਰਾਨ, ਫਿਲਸਤੀਨ, ਕਿਊਬਾ ਅਤੇ ਅਫਗਾਨਿਸਤਾਨ ਆਦਿ ਦੇ ਮਾਮਲਿਆਂ ਵਿੱਚ ਲਏ ਪਿਛਲੇ ਕਦਮਾਂ ਨੂੰ ਪਲਟ ਕੇ ਸਖ਼ਤ ਕਰਨ ਚੁੱਕੇ ਗਏ ਹਨ। ਟਰੰਪ ਨੇ ਵੈਨਜੂਵੇਲਾ ਅਤੇ ਉਤਰੀ ਕੋਰੀਆ ਵਿਰੁੱਧ ਇੱਕ ਪਾਸੜ ਉਗਰ ਰੁੱਖ ਅਪਣਾਇਆ ਹੈ।ਅਰਬ-ਦੇਸ਼ਾਂ ਅੰਦਰ ਤਨਾਅ ਤੇ ਟਕਰਾਅ ਲਈ ਇਜ਼ਰਾਇਲ ਤੇ ਸਾਊਦੀ ਅਰਬ ਨੂੰ ਹੱਲਾਸ਼ੇਰੀ ਦੇਣੀ ਅਤੇ ਹਰ ਪਾਸੇ ਟਕਰਾਅ ਤੇ ਤਨਾਅ ਖੜੇ ਕੀਤੇ ਹਨ। ਫ਼ੌਜੀ ਖ਼ਰਚਿਆਂ 'ਚ ਵਾਧਾ ਅਤੇ ਸੰਸਾਰ ਤਨਾਅ ਕਾਇਮ ਰੱਖਣਾ, ਆਪਣੀ ਸਰਕਾਰੀ ਨੂੰ ਕਾਇਮ ਰੱਖਣ ਦੀ ਮਹਿੰਮ ਨੂੰ ਹੋਰ ਮਜ਼ਬੂਤ ਕਰਨਾ ਹੈ। ਦੱਖਣੀ ਚੀਨ ਸਾਗਰ ਝਗੜਿਆਂ ਨੂੰ ਤੁਲ ਦੇਣ ਲਈ ਪ੍ਰਸ਼ਾਤ ਸਾਗਰ 'ਚ ਨੌਸੈਨਿਕ ਬੇੜਿਆਂ ਦੀ ਸਰਗਰਮੀ 'ਚ ਵਾਧਾ ਤਾਂ ਕਿ ਚੀਨ ਨੂੰ ਘੇਰਿਆ ਜਾ ਸਕੇ। ਇਹ ਸਾਰੇ ਮਨਸੂਬੇ ਇੱਕ ਸੰਭਾਵਿਤ ਰੂਪ ਵਿੱਚ ਸੰਸਾਰ ਸਰਦਾਰੀ ਨੂੰ ਕਾਇਮ ਰੱਖਣਾ ਹੈ।
    ਆਧੁਨਿਕ ਅਤੇ ਵਿਕਸਿਤ ਸਾਮਰਾਜੀ ਅਮਰੀਕਾ ਦੇ ਘਰ ਅੰਦਰ ਇੱਕ ਝਾਤ ਮਾਰਨੀ ਜ਼ਰੂਰੀ ਹੈ। 1948 ਤੋਂ 1972 ਦੇ ਦਰਮਿਆਨ ਅਮਰੀਕਾ ਅੰਦਰ ਉਸਦੇ ਲੋਕਾਂ ਦਾ ਹਰੇਕ ਹਿੱਸਾ ਆਪਣੇ ਜੀਵਨ ਪੱਧਰ ਵਿੱਚ ਸੁਧਾਰ ਨੂੰ ਮਹਿਸੂਸ ਕਰ ਰਿਹਾ ਸੀ। ਫਿਰ ਵੀ 1972 ਤੋਂ 2013 ਦੇ ਵਿਚਕਾਰ ਸਭ ਤੋਂ ਹੇਠਲੇ 10 ਫ਼ੀਸਦੀ ਨੂੰ ਆਪਣੀ ਅਸਲੀ ਆਮਦਨ ਵਿੱਚ ਗਿਰਾਵਟ ਝੱਲਣੀ ਪਈ ਹੈ। ਜਦਕਿ ਉਪਰਲੇ 10 ਫ਼ੀਸਦ ਨੇ ਜ਼ਬਰਦਸਤ ਪੈਸਾ ਕਮਾਇਆ ਹੈ। ਅੱਜ ਪੂਰਾ ਸਮਾਂ ਮਰਦ ਮਜ਼ਦੂਰ ਦੀ ਔਸਤ ਅਸਲੀ ਆਮਦਨ, ਚਾਰ ਦਹਾਕੇ ਪਹਿਲਾਂ ਜਿੰਨੀ ਸੀ, ਉਸ ਤੋਂ ਘੱਟ ਹੈ ਅਤੇ ਸਭ ਤੋਂ ਹੇਠਾਂ ਦੀ 90 ਫ਼ੀਸਦੀ ਵਸੋਂ ਦੀ ਆਮਦਨ 30 ਸਾਲਾਂ ਤੋਂ ਵੱਧ ਤੋਂ, ਉੱਥੇ ਦੀ ਉੱਥੇ ਟਿਕੀ ਹੋਈ ਹੈ। 25 ਉੱਚ ਆਮਦਨ ਅਰਥਵਿਵਸਥਾਵਾਂ ਵਿੱਚ ਔਸਤਨ 65 ਤੋਂ 70 ਫ਼ੀਸਦੀ ਤੱਕ ਪਰਿਵਾਰਾਂ ਦੀ ਅਸਲ ਆਮਦਨ 2005 ਤੋਂ 2014 ਦੇ ਵਿਚਕਾਰ ਜਾਂ ਤਾਂ ਜਿੱਥੇ ਸੀ, ਉਥੇ ਰਹੀ ਹੈ ਜਾਂ ਉਸ ਵਿੱਚ ਗਿਰਾਵਟ ਆਈ ਹੈ। 2000 ਵਿੱਚ ਸਿਰਫ਼ 22 ਫ਼ੀਸਦੀ ਅਮਰੀਕੀ ਖ਼ੁਦ ਨੂੰ ਮਜ਼ਦੂਰ ਵਰਗ ਦਾ ਹਿੱਸਾ ਮੰਨਦੇ ਸਨ, ਪ੍ਰੰਤੂ 2015 ਤੱਕ ਇਹ ਅੰਕੜਾ 48 ਫ਼ੀਸਦੀ ਤੱਕ ਪੁੱਜ ਚੁੱਕਾ ਹੈ। ਭਾਵ 2018 ਤੱਕ ਅਮਰੀਕਾ ਦੀ ਅੱਧੀ ਆਬਾਦੀ ਮਜ਼ਦੂਰ ਵਰਗ ਦਾ ਹੁਣ ਹਿੱਸਾ ਹੈ (ਗੈਲਪਪੋਲ)। ਸਾਲ 2008 ਦੇ ਮੰਦੇ ਤੋਂ ਪਿੱਛੋਂ 2016 ਦੇ ਕਰਜ਼ਾ ਸੰਕਟ ਕਾਰਨ ਇਸ ਵੇਲੇ ਅਮਰੀਕਾ ਵਿੱਚ ਬੇਰੁਜ਼ਗਾਰੀ ਦੀ ਦਰ 4.0 ਫ਼ੀਸਦੀ (2018) ਤੋਂ ਵੱਧ ਅਤੇ ਗ਼ਰੀਬੀ ਦੀ ਦਰ 12.3 ਫ਼ੀਸਦੀ ਦਾ ਅੰਕੜਾ ਟੱਪ ਚੁੱਕੀ ਹੈ। ਡੁੱਬਿਆ ਅਰਥਚਾਰਾ, ਮਹਿੰਗੀ ਮੁਦਰਾ ਪੂੰਜੀ ਅਤੇ ਸਰਕਾਰੀ ਉਦਾਸੀਨਤਾ ਵਾਲੀ ਨੀਤੀ ਕਾਰਨ ਅਮਰੀਕੀ ਅਰਥਚਾਰੇ ਦੀ ਵਾਧਾ ਦਰ ਕਹਿਣ ਨੂੰ ਤਾਂ 3.4 ਫ਼ੀਸਦੀ ਹੈ, ਪਰ ਅਸਲ ਵਿੱਚ ਇਹ 1.2 ਫ਼ੀਸਦੀ ਦੇ ਆਸ ਪਾਸ ਲਟਕ ਰਹੀ ਹੈ।
    ਅਮਰੀਕਾ ਦੀ ਆਰਥਿਕਤਾ ਵਿੱਚ ਕਾਰਪੋਰੇਟ ਜਗਤ ਦਾ 55.3 ਫ਼ੀਸਦੀ ਹਿੱਸਾ ਹੈ। ਫ਼ੈਡਰਲ ਤੇ ਰਾਜ ਸਰਕਾਰ ਦਾ ਦੇਸ਼ ਦੀਆਂ ਆਰਥਿਕਤਾ ਵਿੱਚ ਸਿਰਫ਼ 20.6 ਫ਼ੀਸਦੀ ਦੇ ਲਗਭਗ ਹਿੱਸਾ ਹੈ। ਇਸੇ ਕਰਕੇ ਅੱਜ ਅਮਰੀਕਾ ਦੀ ਰਾਜਨੀਤੀ ਦੀ ਵਾਂਗਡੋਰ ਮੁਨਾਫ਼ੇਖੋਰ ਕਾਪੋਰੇਟ ਜਗਤ ਦੇ ਹੱਥਾਂ 'ਚ ਹੋਣ ਕਰਕੇ ਪੂੰਜੀ ਤੇ ਵਿਕਾਸ ਦਾ ਵਹਾਅ ਵੀ ਪੂੰਜੀਪਤੀਆਂ ਦੇ ਹੱਕ ਵਿੱਚ ਹੈ। ਅਮਰੀਕਾ ਅੰਦਰ 500 ਤੋਂ ਵੱਧ ਵੱਡੀਆਂ ਕੰਪਨੀਆਂ ਦੇਸ਼ ਦੇ ਸਾਰੇ ਕਾਰੋਬਾਰ ਤੇ ਕਾਬਜ਼ ਹੋਣ ਕਰਕੇ, ਇਹ 1 ਫ਼ੀਸਦੀ ਲੋਕ ਸਾਰੀ ਆਰਥਿਕਤਾ ਤੇ ਕਾਬਜ਼ ਹਨ। ਜਦ ਕਿ ਸਮੁੱਚੀ ਜਨਤਾ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ ਦਾ ਸ਼ਿਕਾਰ ਹੈ। ਕੌਂਸਲ ਆਨ ਗਲੋਬਲ ਅਫੇਅਰਜ਼ ਦੀ ਇੱਕ ਰਿਪੋਰਟ ਅਨੁਸਾਰ 2017 ਦੌਰਾਨ 14.3 ਫ਼ੀਸਦੀ ਅਮਰੀਕੀ ਗ਼ਰੀਬੀ ਦੀ ਰੇਖਾ ਤੋਂ ਹੇਠਾਂ ਸਨ। ਜਿਨ੍ਹਾਂ 'ਚ 19 ਸਾਲ ਤੋਂ ਹੇਠਾਂ 23.2 ਫ਼ੀਸਦੀ ਗ਼ਰੀਬ ਬੱਚੇ ਸਨ (ਗ਼ਰੀਬੀ ਦੀ ਰੇਖਾ ਤੋਂ ਹੇਠਾਂ ਦਾ ਮੁਲਾਂਅੰਕਣ, ''ਪ੍ਰਵਾਰ ਦੇ 4 ਜੀਆਂ ਦੀ ਸਾਲਾਨਾ ਆਮਦਨ ਜੋ 21,954 ਡਾਲਰ ਹੋਵੇ'' ਉਹ ਗ਼ਰੀਬ ਪ੍ਰਵਾਰ ਹੈ)। ਇਲਾਜ ਮਹਿੰਗਾ ਹੋਣ ਕਾਰਨ 50.7 ਮਿਲੀਅਨ ਤੋਂ ਵੱਧ ਅਮਰੀਕੀ ਲੋਕ ਹੈਲਥ ਇੰਸ਼ੂਰੈਂਸ ਨਾ ਹੋਣ ਕਰਕੇ ਬੇ-ਇਲਾਜੇ ਰਹਿ ਜਾਂਦੇ ਹਨ। ਜ਼ੁਰਮਾਂ ਦੀ ਦੁਨੀਆਂ ਵਿੱਚ ਅਮਰੀਕਾ ਦੇ ਪਿਛਲੇ ਅੰਕੜਿਆਂ ਮੁਤਾਬਿਕ 2.3 ਮਿਲੀਆਨ ਮੁਜ਼ਰਿਮ, ਭਾਵ 100 ਬਾਲਗ ਪਿੱਛੇ ਇੱਕ ਦੋਸ਼ੀ ਹੈ। ਗੰਨ-ਕਲਚਰ ਦੇ ਖੁੱਲੇ ਪਸਾਰੇ ਕਾਰਨ ਸਕੂਲਾਂ, ਮਾਲ, ਗਲੀਆਂ, ਬੱਸਾਂ ਦੁਕਾਨਾਂ 'ਚ ਥੋਕ 'ਚ ਵਿਕ ਰਹੀਆਂ ਗੋਲੀਆਂ ਰਾਹੀਂ ਸ਼ਰੇਆਮ ਲੋਕਾਂ ਦੇ ਕਤਲ ਹੁੰਦੇ ਹਨ। ਹਰ ਰੋਜ਼ ਇੱਕ ਸਿਆਹ (ਅਫ਼ਰੀਕੀ-ਅਮਰੀਕੀ) ਬਸ਼ਿੰਦਾ ਪੁਲਿਸ ਦੀ ਗੋਲੀ ਦਾ ਸ਼ਿਕਾਰ ਬਣਦਾ ਹੈ। ਇਹ ਹਾਲ ਹੈ ਅਮਰੀਕਾ ਅੰਦਰ ਅਮਨ-ਚੈਨ ਦਾ?
    ਹੇਠਲੀ ਆਮਦਨ ਵਾਲੇ ਗ਼ਰੀਬ ਅਮਰੀਕੀਆਂ ਦੇ 10 ਫ਼ੀਸਦੀ ਬੱਚੇ ਅਗਲੀਆਂ ਜਮਾਤਾਂ 'ਚ ਦਾਖਲਾ ਲੈਣ ਤੋਂ ਮਜ਼ਬੂਰ ਹਨ! ਬਹੁਤ ਹੀ ਗ਼ਰੀਬ ਲੋਕਾਂ ਦੇ 20 ਫ਼ੀਸਦੀ ਬੱਚੇ ਐਲੀਮੈਂਟਰੀ ਤੱਕ ਹੀ ਰਹਿ ਜਾਂਦੇ ਹਨ। 59 ਫ਼ੀਸਦੀ ਡਰਾਪ-ਆਊਟ ਰੇਟ ਹੈ। ਅਮਰੀਕਾ ਦਾ ਸਿੱਖਿਆ ਇੰਡੈਕਸ 0.97 ਭਾਵ 12ਵੀਂ ਥਾਂ 'ਤੇ ਹੈ। ਕੁੱਲ ਮਿਲਾ ਕੇ ਸੰਸਾਰ ਮਨੁੱਖੀ ਵਿਕਾਸ ਇੰਡੈਕਸ ਦੀ 2018 ਦੀ ਰਿਪੋਰਟ ਅਨੁਸਾਰ ਅਮਰੀਕਾ 13ਵੀਂ ਥਾਂ ਹੈ। ਭਾਵੇਂ ਅਮਰੀਕਾ ਅੰਦਰ ਫੈਲੀ ਬੇਰੁਜ਼ਗਾਰੀ ਅਤੇ ਮੰਦਹਾਲੀ ਕਾਰਨ ਅੱਜ ਹਾਕਮਾਂ ਨੂੰ ਕਿਰਤੀ ਲੋਕਾਂ ਦੇ ਤਿੱਖੇ ਵਿਰੋਧਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਕਦੀ ਵੀ ਤਿੱਖੇ ਜਮਾਤੀ ਘੋਲਾਂ ਦਾ ਰੂਪ ਧਾਰਨ ਕਰ ਸਕਦਾ ਹੈ? ਪਰ ਜਦੋਂ ''ਬਰਨੀ ਸੈਂਡਰਸ'' ਅਤੇ ਉਸ ਵਰਗੀ ਸੋਚ ਵਾਲੇ ਲੋਕਾਂ ਦਾ ਜਨ-ਸਮੂਹ ਜੁੜ ਜਾਵੇਗਾ ਤਾਂ ਹੀ ਪਾਸਾ ਤਬਦੀਲੀ ਵੱਲ ਪਰਤਣ ਦੀ ਆਸ ਰੱਖੀ ਜਾ ਸਕਦੀ ਹੈ। ਉਪਰੋਕਤ ਹਕੀਕਤਾਂ ਦੇ ਅਹਿਸਾਸ ਨੇ ਅੱਜ ਸਾਮਰਾਜੀ ਅਮਰੀਕਾ ਦਾ ਅਸਲੀ ਚਿਹਰਾ ਦੁਨੀਆਂ ਭਰ ਵਿੱਚ ਬੇਨਕਾਬ ਕਰ ਦਿੱਤਾ ਹੈ। ਸ਼ਿਕਾਗੋ ਕੌਂਸਲ ਆਨ ਗਲੋਬਲ ਅਫੇਅਰਜ਼ ਦੇ ਸਰਵੇਖਣ ਅਨੁਸਾਰ ਅਮਰੀਕਾ ਦਾ ਦੁਨੀਆਂ ਵਿੱਚ ਅਸਰ-ਰਸੂਖ ਘੱਟ ਰਿਹਾ ਹੈ! 78 ਫ਼ੀਸਦੀ ਲੋਕਾਂ ਨੇ ਇਸ ਨੂੰ ਕਬੂਲ ਲਿਆ ਹੈ। 10 ਅਮਰੀਕੀਆਂ ਵਿੱਚੋਂ 9 ਅਮਰੀਕੀ ਇਹ ਮਹਿਸੂਸ ਕਰਨ ਲੱਗ ਪਏ ਹਨ ਕਿ ਅਮਰੀਕਾ ਨੂੰ ਸੰਸਾਰ ਦੇ ਆਪ ਸਹੇੜੇ ਮਸਲਿਆਂ ਤੋਂ ਕਿਨਾਰਾ ਕਰਕੇ ਦੇਸ਼ ਦੇ ਲੋਕਾਂ ਅਤੇ ਘਰੇਲੂ ਮਸਲਿਆਂ ਦੇ ਹੱਲ ਲਈ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ! ਇਸ ਵਿੱਚ ਹੀ ਅਮਰੀਕੀਆਂ ਦਾ ਭਲਾ ਹੋਵੇਗਾ ਕਿਉਂਕਿ ਪੂੰਜੀਵਾਦ ਹੀ ਸਾਰੀਆਂ ਬੁਰਾਈਆਂ ਦੀ ਜੜ੍ਹ ਹੈ।

ਜਗਦੀਸ਼ ਸਿੰਘ ਚੋਹਕਾ
ਫੋ:403-285-4208
ਮੋ:9217997445

24 Jan. 2019