ਅਖੌਤੀ ਕਲਾਕਾਰ ਹੁਣ ਗੀਤਾਂ ਵਿੱਚ ਮਾਵਾਂ ਭੈਣਾਂ ਦੀਆਂ ਗਾਲ੍ਹਾਂ ਵੀ ਕੱਢਣ ਲੱਗੇ - ਮਨਜਿੰਦਰ ਸਿੰਘ ਸਰੌਦ
ਲੰਘੇ ਦਿਨ੍ਹੀਂ ਇਕ ਵਧੀਆ ਗੀਤ ਗਾਉਣ ਵਾਲੇ ਕਲਾਕਾਰ ਨਾਲ ਲੰਮਾ ਸਮਾਂ ਗੱਲਬਾਤ ਕੀਤੀ ਉਸ ਕਲਾਕਾਰ ਨੇ ਸਦਾ ਹੀ ਲੋਕਾਈ ਦੀ ਸਮਾਜਕ ਜ਼ਿੰਦਗੀ ਨੂੰ ਪਰਦੇ ਤੇ ਰੂਪਮਾਨ ਕਰਕੇ ਲੋਕਾਂ ਦੀ ਕਚਹਿਰੀ ਤੱਕ ਪੁੱਜਦਾ ਕਰਨ ਦਾ ਯਤਨ ਕੀਤੈ । ਗੱਲਾਂ ਗੱਲਾਂ ਵਿੱਚ ਉਸ ਨੇ ਆਪਣੇ ਆਪਣੇ ਸੰਘਰਸ਼ ਭਰੇ ਦਿਨਾਂ ਦੀ ਕਹਾਣੀ ਨੂੰ ਬਿਆਨਦਿਆਂ ਕਾਫੀ ਮਨ ਹੌਲਾ ਕੀਤਾ ਤੇ ਭਾਵੁਕ ਹੁੰਦਿਆਂ ਕਈ ਡਾਇਰੈਕਟਰਾਂ ਤੇ ਪ੍ਰੋਡਿਊਸਰਾਂ ਦੇ ਛੁਪੇ ਰਾਜ਼ ਵੀ ਉਧੇੜ ਦਿੱਤੇ ਕਿ ਕਿੰਝ ਇਹ ਲੋਕ ਰਾਤ ਦੇ ਹਨੇਰਿਆਂ ਚ ਸਾਡੀ ਜੁਆਨੀ ਦਾ ਰੱਜ ਕੇ ਸ਼ੋਸ਼ਣ ਕਰਨ ਤੋਂ ਲੈ ਕੇ ਲੁੱਟਣ ਤੱਕ ਜਾ ਪਹੁੰਚਦੇ ਨੇ । ਖੈਰ ਇਹ ਛੁਪੇ ਰਾਜ਼ ਅੱਜ ਦੀ ਪੰਜਾਬੀ ਗਾਇਕੀ ਦਾ ਚਿਹਰਾ ਮੋਹਰਾ ਕਾਫੀ ਹੱਦ ਤੱਕ ਬਿਆਨ ਕਰਦੇ ਨੇ । ਪੰਜਾਬੀਆਂ ਦੇ ਲਈ ਲੱਚਰ ਗਾਇਕੀ ਅੱਜ ਇੱਕ ਬੇਹੱਦ ਜਟਿਲ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆ ਖੜ੍ਹੀ ਹੋਈ ਹੈ । ਇਸ ਦੇ ਪਨਪਣ ਤੋਂ ਲੈ ਕੇ ਹੁਣ ਤੱਕ ਕੀ ਕੁਝ ਇਸ ਸਾਰੇ ਵਰਤਾਰੇ ਦੌਰਾਨ ਹੋਇਐ ਨੂੰ ਕਾਫੀ ਰੂਹ ਨਾਲ ਉਸ ਵੀਰ ਨੇ ਸਾਂਝਾ ਕੀਤਾ ।
ਬਿਨਾਂ ਸ਼ੱਕ ਲੱਚਰ ਗਾਇਕੀ ਦਾ ਭੂਤ ਸਾਡੇ ਘਰਾਂ, ਵਿਆਹਾਂ ਸ਼ਾਦੀਆਂ, ਮੈਰਜ ਪੈਲੇਸਾਂ, ਪ੍ਰਾਈਵੇਟ ਦਫ਼ਤਰਾਂ ਤੋਂ ਹੁੰਦਾ ਹੋਇਆ ਸਮਾਜ ਦੀ ਸੋਚਣ ਸ਼ਕਤੀ ਤੇ ਇਸ ਕਦਰ ਭਾਰੀ ਪੈ ਗਿਆ ਕਿ ਅਸੀਂ ਇਸ ਨੂੰ ਬਰਦਾਸ਼ਤ ਕਰਨ ਦਾ ਮਨ ਪੂਰੀ ਤਰ੍ਹਾਂ ਬਣਾ ਚੁੱਕੇ ਨਜ਼ਰੀਂ ਪੈਂਦੇ ਹਾਂ । ਕਿਉਂਕਿ ਜਦ ਸਾਡੇ ਢਿੱਡੋਂ ਜੰਮੇ ਸਾਡੇ ਸਾਹਮਣੇ ਹੀ ਵੇ ਹਿਆਈ ਨੂੰ ਦਰਸਾਉਂਦੇ ਗੀਤਾਂ ਦੀਆਂ ਤੁੱਕਾਂ ਨਾਲ ਸਾਨੂੰ ਨਿਹਾਲ ਕਰਦੇ ਨੇ ਤਾਂ ਅਸੀਂ ਉਸ ਸਮੇਂ ਚੁੱਪ ਰਹਿ ਕੇ ਆਪਣੇ ਬੇਗੈਰਤ ਹੋਣ ਦਾ ਸਬੂਤ ਦਿੰਦੇ ਹਾਂ ਘੱਟ ਤੋਂ ਘੱਟ ਅਸੀ ਉਨ੍ਹਾਂ ਨੂੰ ਇਨ੍ਹਾਂ ਮਾੜੇ ਬੋਲਾਂ ਬਾਰੇ ਕੁਝ ਸਵਾਲ ਤਾਂ ਕਰ ਸਕਦੇ ਹਾਂ ਜੋ ਅਸੀਂ ਨਹੀਂ ਕਰ ਰਹੇ । ਹੁਣ ਇਹ ਘਟਨਾਵਾਂ ਬਹੁਤੇ ਘਰਾਂ ਵਿੱਚ ਆਮ ਗੱਲ ਹੋ ਚੁੱਕੀ ਹੈ। ਉਸ ਕਲਾਕਾਰ ਦੀਆਂ ਕਹੀਆਂ ਗੱਲਾਂ ਕਾਫੀ ਵਜ਼ਨਦਾਰ ਤੇ ਸੱਚੀਆਂ ਨੇ , ਕਾਰਨ ਸਪਸ਼ਟ ਹੈ ਕਿ ਸਾਡੀ ਮਾਨਸਿਕਤਾ ਮਾੜੇ ਗੀਤ ਸੰਗੀਤ ਨੂੰ ਪ੍ਰਵਾਨ ਕਰ ਚੁੱਕੀ ਹੈ ਅਸੀਂ ਲੱਚਰ ਕਲਾਕਾਰਾਂ ਨੂੰ ਲੱਖਾਂ ਰੁਪਏ ਲੁਟਾ ਦਿੰਦੇ ਹਾਂ ਪਰ ਚੰਗਿਆਂ ਨੂੰ ਆਪਣੇ ਘਰ ਦੀ ਦਹਿਲੀਜ਼ ਨਹੀਂ ਟੱਪਣ ਦਿੰਦੇ । ਸਾਡੇ ਡਰਾਇੰਗ ਰੂਮ ਅੰਦਰ ਫੁਕਰੇ ਕਲਾਕਾਰਾਂ ਦੀਆਂ ਤਸਵੀਰਾਂ ਤਾਂ ਮਿਲ ਜਾਂਦੀਆਂ ਨੇ ਪਰ ਮਾਂ ਬੋਲੀ ਦੀ ਕਦਰ ਕਰਨ ਵਾਲੇ ਗਵੱਈਆਂ ਤੋਂ ਸਾਨੂੰ ਮੁਸਕ ਆਉਂਦਾ ਹੈ ।
ਭਾਵੇਂ ਮਾੜਾ ਗਾਉਣ ਵਾਲੇ ਜਿੰਨਾ ਮਰਜ਼ੀ ਗੰਦ ਸਾਡੇ ਪਰਿਵਾਰਾਂ ਵਿੱਚ ਬੈਠ ਕੇ ਗਾ ਜਾਣ ਸਾਨੂੰ ਕੋਈ ਫਰਕ ਨਹੀਂ ਪੈਂਦਾ । ਉਂਜ ਅਸੀ ਨਿੱਕੀਆਂ ਨਿੱਕੀਆਂ ਗੱਲਾਂ ਪਿੱਛੇ ਇੱਜ਼ਤ ਦਾ ਢੰਡੋਰਾ ਪਿੱਟ ਕੇ ਆਪਣੇ ਅਣਖੀ ਹੋਣ ਦਾ ਭਰਮ ਗਾਹੇ ਬਗਾਹੇ ਪਾਲਦੇ ਰਹਿੰਦੇ ਹਾਂ । ਉਸ ਸਮੇਂ ਸਾਡੀ ਅਣਖ ਕਿੱਥੇ ਚਲੀ ਜਾਂਦੀ ਹੈ ਜਦ ਇਕ ਫੁਕਰਾਪੰਥੀ ਕਲਾਕਾਰ ਸ਼ਰੇਆਮ ਕੁੜੀ ਨੂੰ ਘਰੋਂ ਚੁੱਕ ਕੇ ਲੈ ਜਾਣ ਅਤੇ ਧੱਕੇ ਨਾਲ ਵਿਆਹ ਕਰਵਾਉਣ ਦੀਆਂ ਧਮਕੀਆਂ ਸਟੇਜਾਂ ਤੋਂ ਦਿੰਦਾ ਹੈ। ਅਗਲਾ ਕਲਾਕਾਰ ਅਸ਼ਲੇ ਦੇ ਜ਼ੋਰ ਤੇ ਜੰਗ ਲੜ ਚਿੱਟੇ ਦਿਨ ਪਿੰਡ ਵਾਲਿਆਂ ਨੂੰ ਸਭ ਦੇ ਸਾਹਮਣੇ , ਨਮਰਦ , ਤੱਕ ਆਖਦੈ ਕੀ ਹੋ ਗਿਆ ਸਾਡੀਆਂ ਸੋਚਾਂ ਨੂੰ ਪੰਜਾਬੀ ਕਿੱਧਰ ਨੂੰ ਤੁਰ ਚੱਲੇ । ਇਹ ਲੋਕ ਸੰਘ ਪਾੜ ਪਾੜ੍ਹ ਸਾਡੀਆਂ ਧੀਆਂ ਨੂੰ ਸ਼ਰਾਬ ਦੀਆਂ ਪਿਆਕੜ ਤੱਕ ਕਹਿ ਗਏ ਪਰ ਸਾਡੀ ਚੁੱਪ ਫੇਰ ਵੀ ਨਾ ਟੁੱਟੀ ਮੈਂ ਕਈ ਵਰੇ ਪਹਿਲਾਂ ਆਖਿਆ ਸੀ ਕਿ ਇਨ੍ਹਾਂ ਫੁਕਰੇ ਕਲਾਕਾਰਾਂ ਨੇ ਸਾਡੀ ਜੁਆਨੀ ਨੂੰ ਬੇਪਰਦ ਕਰਕੇ ਸਕਰੀਨ ਤੇ ਲੈ ਕੇ ਆਉਣਾ ਹੈ ਉਹ ਵੀ ਹੋ ਗਿਐ ਫਿਰ ਮੈਂ ਆਖਿਆ ਕਿ ਇਹ ਲੋਕ ਅਗਲੇ ਸਮੇਂ ਨੂੰ ਗੀਤਾਂ ਵਿੱਚ ਮਾਵਾਂ ਭੈਣਾਂ ਦੀਆਂ ਗਾਲਾਂ ਸਭ ਦੇ ਸਾਹਮਣੇ ਕੱਢਣਗੇ ।
ਉਸ ਸਮੇਂ ਕੁਝ ਲੋਕਾਂ ਕਿਹਾ ਸੀ ਕਿ ਇਹ ਕਿੰਝ ਹੋ ਸਕਦਾ ਹੈ ਜਿਸ ਨੂੰ ਸੱਚ ਕਰ ਵਿਖਾਇਐ ਮਾਂ ਬੋਲੀ ਦੇ ਇਹਨਾਂ ਰਕੀਬ ਪੁੱਤਰਾਂ ਨੇ । ਪਹਿਲਾਂ ਤਾਂ ਗੀਤਾਂ ਵਿੱਚ ਯਭਲੀਆ ਮਾਰੀਆਂ ਤੇ ਜੁਆਨੀ ਨੂੰ ਬੇਪਰਦ ਕੀਤਾ ਫਿਰ ਸਮਾਜਿਕ ਭਾਈਚਾਰੇ ਤੇ ਅਪਰਾਧਾਂ ਨੂੰ ਜਨਮ ਦੇਣ ਵਾਲੇ ਗੀਤਾਂ ਨੂੰ ਗਾਇਆ, ਧੀਆਂ ਧਿਆਣੀਆ ਦੀ ਇਜਤ ਤਾਰ ਤਾਰ ਕਰਨ ਤੋਂ ਲੈ ਕੇ ਹੁਣ ਕਹਾਣੀ ਮਾਵਾਂ ਭੈਣਾਂ ਦੀਆਂ ਗਾਲਾਂ ਤੱਕ ਜਾ ਪਹੁੰਚੀ ਹੈ । ਰੱਬ ਨੂੰ ਪਤੈ ਇਹ ਹੋਰ ਕਿੰਨਾ ਅੱਗੇ ਜਾਣਗੇ। ਇਨ੍ਹਾਂ ਸਾਡੀ ਜਵਾਨੀ ਨਾਲ ਉਹ ਸਭ ਕੁਝ ਕਰ ਵਿਖਾਇਆ ਜੋ ਸਾਡੇ ਸਮਾਜ ਨੂੰ ਕਦਾਚਿੱਤ ਵੀ ਪ੍ਰਵਾਹ ਨਹੀਂ । ਅਫਸੋਸ ਅਸੀਂ ਉਹ ਵੀ ਸਹਿ ਲਿਆ । ਕਿੰਨਾ ਚਿਰ ਇਹ ਲੋਕ ਪੰਜਾਬੀਆਂ ਦੇ ਬੱਚਿਆਂ ਨੂੰ ਪੁਣ ਛਾਣ ਕਰਨਗੇ ਤੇ ਮੂੰਹ ਆਇਆ ਗੰਦ ਬਕਣਗੇ । ਲੋੜ ਹੈ ਇਨ੍ਹਾਂ ਨੂੰ ਸਵਾਲ ਕਰਨ ਦੀ । ਸਟੇਜਾਂ ਤੋਂ ਮੂੰਹ ਪਾੜ ਪਾੜ੍ਹ ਕੇ ਬੇ ਹਿਆਈ ਦੀਆਂ ਬਾਤਾਂ ਪਾਉਂਦੇ ਇਹ ਫਨਕਾਰ ਉਨ੍ਹਾਂ ਚਿਰ ਨਹੀਂ ਰੁਕਣੇ ਜਿੰਨ੍ਹਾਂ ਚਿਰ ਇਨ੍ਹਾਂ ਨੂੰ, ਵਰਜਿਆ ,ਨਹੀਂ ਜਾਂਦਾ । ਸਟੇਜ ਤੋਂ ਥੱਲੇ ਉਤਾਰ ਸਵਾਲ ਜਵਾਬ ਨਹੀਂ ਕੀਤੇ ਜਾਂਦੇ ।
ਕੀ ਸਿੱਖਣਗੇ ਸਾਡੇ ਬੱਚੇ ਇਨ੍ਹਾਂ ਦੇ ਗੀਤਾਂ ਦੀ ਸ਼ਬਦਾਵਲੀ ਤੋਂ । ਸਰਮ ਆਲੀ ਕੋਈ ਹੱਦ ਹੁੰਦੀ ਹੈ । ਜੰਮਦਿਆਂ ਜੁਆਕਾਂ ਦੇ ਮੂੰਹਾਂ ਵਿੱਚ ਐਸੇ ਚੰਦਰੇ ਚੰਦਰੇ ਸ਼ਬਦ ਪਾ ਦਿਤੇ ਕਿ ਚੰਗੀ ਸੋਚ ਰੱਖਣ ਵਾਲੇ ਇਨਸਾਨਾਂ ਦੇ ਕੰਨ ਭਾਫਾਂ ਛੱਡਣ ਲੱਗ ਜਾਵਣ । ਸਰਕਾਰ , ਆਮ ਲੋਕ, ਸਹਿਤਕ ਜਥੇਬੰਦੀਆਂ, ਸ਼ਾਇਦ ਲੱਗਦੈ ਅਜੇ ਹੋਰ ਕਿਸੇ ਵੱਡੇ ਪੁਆੜੇ ਦੀ ਉਡੀਕ ਵਿੱਚ ਟਾਇਮ ਟਪਾਈ ਕਰ ਕੇ ਵਕਤ ਨੂੰ ਧੱਕਾ ਦੇਣ ਦੀ ਕਵਾਇਦ ਤੇ ਚੱਲਦਿਆਂ ਬੀਤੇ ਸਮੇਂ ਤੋਂ ਕੋਈ ਸਬਕ ਸਿੱਖਣ ਨੂੰ ਤਿਆਰ ਨਹੀਂ ।
ਹੁਣ ਦੋ ਫਨਕਾਰਾਂ ਤੇ ਫੇਰ ਸਮਾਂ ਭਾਰੀ ਪਿਆ, ਫਿਲਮ ਅਦਾਕਾਰ ਸਤੀਸ਼ ਕੌਲ ਤੇ ਗੀਤਕਾਰ ਮਿਰਜ਼ਾ ਸੰਗੋਵਾਲੀਆ ਆਪਣੀ ਜ਼ਿੰਦਗੀ ਦੇ ਉਨ੍ਹਾਂ ਪਲਾਂ ਨੂੰ ਯਾਦ ਕਰ ਹੁਬਕੀ ਰੋਂਦੇ ਨੇ ਕਿ ਜਦ ਲੋਕ ਉਨ੍ਹਾਂ ਦੇ ਮੁਰੀਦ ਸਨ । ਪਰ ਸਮੇਂ ਦੀ ਵੱਜੀ ਪਲਟੀ ਸਦਕਾ ਅੱਜ ਕੀ ਤੋਂ ਕੀ ਹੋ ਗਿਐ ਦੋਵੇਂ ਗੁੰਮਨਾਮੀ ਦੇ ਸਮੁੰਦਰਾਂ ਵਿੱਚ ਐਸੇ ਗੋਤੇ ਖਾਣ ਲੱਗੇ ਕਿ ਹੁਣ ਬਾਹਰ ਨਿਕਲਣਾ ਨਾਮੁਮਕਿਨ ਹੈ । ਲੋੜ ਹੈ ਇਥੇ ਵੀ ਸਮਾਜਕ ਸਰੋਕਾਰਾਂ ਨੂੰ ਪਰਨਾ?ੇ ਲੋਕ ਅੱਗੇ ਆਕੇ ਇਨ੍ਹਾਂ ਅਪਣੇ ਅਪਣੇ ਖੇਤਰ ਦੇ ਮਹਾਨ ਖਿਡਾਰੀਆਂ ਦੀ ਸਾਰ ਲੈਣ ਤਾਂ ਕਿ ਸਾਡੀ ਨਵੀਂ ਪਨੀਰੀ ਇਨ੍ਹਾਂ ਸਖਸ਼ੀਅਤਾ ਦੇ ਜੀਵਨ ਦੇ ਕੁੱਝ ਵਧੀਆ ਅੰਸ਼ ਗਰਹਿਣ ਕਰ ਆਪਣੀ ਜ਼ਿੰਦਗੀ ਵਿੱਚ ਵੱਡੀਆਂ ਮੱਲਾਂ ਮਾਰਨ ਦੇ ਸਮਰੱਥ ਹੋ ਸਕੇ।
ਆਖਰ ਵਿੱਚ ਤੱਤ ਸਾਰ ਕੱਢ ਸਕਦੇ ਹਾਂ ਕਿ ਪੰਜਾਬੀ ਗਾਇਕੀ ਦਾ ਵੱਡਾ ਹਿੱਸਾ ਜੋ ਕਿਸੇ ਵੇਲੇ ਪੰਜਾਬੀਆਂ ਦੀ ਧੀ ਦੇ ਸੂਹੇ ਸਾਲੂ ਵਿੱਚ ਲਪੇਟੇ ਹੋਣ ਦੀਆਂ ਡੀਂਗਾਂ ਮਾਰਦਾ ਸੀ ਅੱਜ ਪੈਸੇ ਅਤੇ ਸ਼ੋਹਰਤ ਨੂੰ ਲੈ ਕੇ ਗੀਤਾਂ ਵਿੱਚ ਮਾਵਾਂ ਪੈਣ ਦੀਆਂ ਗਾਲਾਂ ਕੱਢਣ ਤੱਕ ਉਤਰ ਆਇਆ ਹੈ ਅਤੇ ਆਪਣੇ ਹੀ ਭਾਈਚਾਰੇ ਦੇ ਸਮਾਂ ਵਿਹਾ ਚੁੱਕੇ ਕਲਾਕਾਰਾਂ ਨੂੰ ਸਾਂਭਣ ਦੇ ਲਈ ਉਨ੍ਹਾਂ ਕੋਲ ਦੋ ਹਮਦਰਦੀ ਭਰੇ ਬੋਲ ਵੀ ਨਹੀਂ ਹਨ ਸ਼ਾਇਦ ਇਸ ਸਮੇਂ ਨੂੰ ਪੰਜਾਬੀ ਗਾਇਕੀ ਦੇ ਹੁਣ ਤੱਕ ਦੇ ਇਤਿਹਾਸ ਵਿੱਚ ਸਭ ਤੋ ਮੰਦਭਾਗਾ ਗਿਣਿਆ ਜਾਵੇਗਾ ।
ਮਨਜਿੰਦਰ ਸਿੰਘ ਸਰੌਦ
ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136
24 Jan. 2019