ਸਾਇੰਸ ਕਾਂਗਰਸ ਜਾਂ ਸਰਕਸ - ਮੇਘ ਰਾਜ ਮਿੱਤਰ
ਤਿੰਨ ਤੋਂ ਸੱਤ ਜਨਵਰੀ ਫਗਵਾੜਾ ਵਿਚ ਸਾਇੰਸ ਕਾਂਗਰਸ ਦੌਰਾਨ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਨ੍ਹਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦਾ ਉਦਘਾਟਨ ਕੀਤਾ। ਆਓ ਵੇਖੀਏ, ਇਸ ਵਿਗਿਆਨਕ ਅਦਾਰੇ ਨੇ ਆਪਣੇ ਉਦੇਸ਼ਾਂ ਦੀ ਪੂਰਤੀ ਕਿੰਨੀ ਕੁ ਕੀਤੀ।
ਵਿਗਿਆਨ ਕਾਂਗਰਸ 1914 ਤੋਂ ਕੋਲਕਾਤਾ ਵਿਚ ਸ਼ੁਰੂ ਹੋਈ ਸੀ। ਭਾਰਤੀ ਸੰਵਿਧਾਨ ਦੇ ਮੁੱਢਲੇ ਕਾਰਜਾਂ ਵਿਚ ਇਹ ਦਰਜ ਹੈ ਕਿ ਸਾਰੇ ਭਾਰਤੀ ਨਾਗਰਿਕਾਂ ਦਾ ਫਰਜ਼ ਵਿਗਿਆਨ ਤੇ ਗਿਆਨ ਦਾ ਪ੍ਰਚਾਰ ਤੇ ਪਾਸਾਰ ਕਰਨਾ ਹੈ। ਆਮ ਤੌਰ 'ਤੇ ਇਸ ਦਾ ਉਦਘਾਟਨ ਪ੍ਰਧਾਨ ਮੰਤਰੀ ਕਰਦਾ ਹੈ ਤਾਂ ਜੋ ਸੰਵਿਧਾਨ ਵਿਚ ਦਰਜ ਵਿਗਿਆਨਕ ਸੋਚ ਪ੍ਰਫੁੱਲਤ ਕਰਨ ਲਈ ਕੀਤੇ ਕਾਰਜ ਭਾਰਤੀ ਲੋਕਾਂ ਤੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਨੂੰ ਦਿਖਾ ਸਕਣ। ਆਜ਼ਾਦੀ ਤੋਂ ਬਾਅਦ ਪੰਡਿਤ ਜਵਾਹਰ ਲਾਲ ਨਹਿਰੂ ਨੇ ਇਸ ਦਾ ਉਦਘਾਟਨ ਕੀਤਾ ਸੀ। ਉਦਘਾਟਨ ਸਮੇਂ ਜਦੋਂ ਕੁੱਝ ਲੋਕ ਇਹ ਰੌਲਾ ਪਾ ਰਹੇ ਸਨ ਕਿ 'ਡੈਮਾਂ ਦੇ ਪਾਣੀ ਵਿਚੋਂ ਬਿਜਲੀ ਨਾਂ ਦਾ ਅੰਮ੍ਰਿਤ ਕੱਢ ਲਿਆ ਗਿਆ ਹੈ, ਹੁਣ ਤਾਂ ਭਾਰਤ ਦੇ ਲੋਕਾਂ ਨੂੰ ਫੋਕਾ ਪਾਣੀ ਹੀ ਪ੍ਰਾਪਤ ਹੋਵੇਗਾ' ਤਾਂ ਨਹਿਰੂ ਨੇ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕਿਹਾ ਸੀ ਕਿ 'ਭਾਰਤ ਦੇ ਡੈਮ ਹੀ ਆਧੁਨਿਕ ਭਾਰਤ ਦੇ ਮੰਦਰ ਹੋਣਗੇ' ਪਰ ਉਸ ਦੀ ਵਿਚਾਰਧਾਰਾ ਨੂੰ ਉਹਦੇ ਵਾਰਿਸਾਂ ਨੇ ਮਿੱਟੀ ਵਿਚ ਰੋਲ ਦਿੱਤਾ।
ਫਗਵਾੜੇ ਵਿਚ ਹੋਈ ਇਸ ਸਰਕਸ ਦੇ ਮੈਦਾਨ ਵਿਚ ਵਿਗਿਆਨੀਆਂ ਨੇ ਕੀ ਕਿਹਾ, ਇਸ ਬਾਰੇ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਭੋਪਾਲ ਦੇ ਇਕ ਵਿਗਿਆਨੀ ਦਾ ਕਹਿਣਾ ਸੀ : 'ਮਿੱਟੀ ਖਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੈ।' ਭਾਰਤ ਦੇ ਭੁੱਖੇ ਮਰਦੇ ਲੋਕਾਂ ਨੂੰ ਕੋਈ ਗਊ ਦਾ ਪਿਸ਼ਾਬ ਪਿਲਾ ਰਿਹਾ ਹੈ, ਕੋਈ ਗਊ ਦਾ ਗੋਬਰ ਖਾਣ ਦੀ ਸਲਾਹ ਦੇ ਰਿਹਾ ਹੈ, ਕੋਈ ਗੋਬਰ ਵਿਚੋਂ ਸੋਨੇ ਦੀ ਪੈਦਾਵਾਰ ਕਰ ਰਿਹਾ ਹੈ ਪਰ ਵਿਗਿਆਨਕਾਂ ਦੀ ਅਜਿਹੀ ਸਲਾਹ ਸਾਧਾਰਨ ਲੋਕਾਂ ਦੇ ਮਨਾਂ 'ਤੇ ਕੀ ਅਸਰ ਪਾਵੇਗੀ? ਕਿਵੇਂ ਅਸੀਂ ਪਸ਼ੂਆਂ ਦੁਆਰਾ ਫਾਲਤੂ ਸਮਝ ਕੇ ਬਾਹਰ ਕੱਢੀ ਰਹਿੰਦ-ਖੂੰਹਦ ਖਾ ਕੇ ਚੰਗੀ ਸਿਹਤ ਦੇ ਸਿਰ 'ਤੇ ਉਲੰਪਿਕ ਖੇਡਾਂ ਵਿਚ ਸੋਨ ਤਗਮੇ ਜਿੱਤ ਸਕਾਂਗੇ?
ਵਿਗਿਆਨ ਵਿਚ ਹਰ ਗੱਲ ਪ੍ਰਯੋਗਾਂ, ਪਰਖਾਂ ਅਤੇ ਨਿਰੀਖਣਾਂ ਦੇ ਆਧਾਰ ਤੇ ਕਹੀ ਜਾਂਦੀ ਹੈ ਪਰ ਇੱਥੇ ਤਾਂ ਵਿਗਿਆਨੀ ਇਹ ਗੱਲ ਇਸ ਆਧਾਰ 'ਤੇ ਕਹਿੰਦੇ ਹਨ ਕਿ ਸਾਡੇ ਦੇਸ਼ ਦੇ ਸਭ ਤੋਂ ਪਵਿੱਤਰ ਗ੍ਰੰਥ, ਜਿਹੜੇ 25 ਤੋਂ 30 ਹਜ਼ਾਰ ਸਾਲ ਪਹਿਲਾਂ ਲਿਖੇ ਗਏ ਸਨ, ਵਿਚ ਭਗਵਾਨ ਕ੍ਰਿਸ਼ਨ ਮਿੱਟੀ ਖਾਂਦੇ ਹੁੰਦੇ ਸਨ। ਉਸ ਸਮੇਂ ਭਾਵੇਂ ਮਿੱਟੀ ਵਿਚ ਮਿਲਦੇ ਮਲੱਪਾਂ ਅਤੇ ਸੂਖਮ ਜੀਵਾਂ ਦੀ ਜਾਣਕਾਰੀ ਨਹੀਂ ਸੀ ਪਰ ਆਧੁਨਿਕ ਗਿਆਨ ਦੱਸਦਾ ਹੈ ਕਿ ਧਰਤੀ ੳੱਪਰ ਕੋਈ ਵੀ ਸਭਿਅਤਾ ਅਜਿਹੀ ਨਹੀਂ ਮਿਲਦੀ ਜੋ 7 ਹਜ਼ਾਰ ਸਾਲ ਤੋਂ ਵੱਧ ਪ੍ਰਾਚੀਨ ਹੋਵੇ ਅਤੇ ਨਾ ਹੀ ਇਸ ਗੱਲ ਦਾ ਕੋਈ ਸਬੂਤ ਮਿਲਦਾ ਹੈ ਕਿ ਧਰਤੀ 'ਤੇ ਕਿਸੇ ਸ਼ਖ਼ਸ ਨੂੰ ਉਸ ਸਮੇਂ ਭਾਸ਼ਾ ਅਤੇ ਲਿੱਪੀ ਦੀ ਜਾਣਕਾਰੀ ਸੀ। ਪੁਰਾਣੀ ਤੋਂ ਪੁਰਾਣੀ ਸਭਿਅਤਾ ਜਿਸ ਵਿਚ ਪਹਿਲੀ ਲਿਖਤ ਮਿਲਦੀ ਹੈ, ਉਹ ਸੁਮੇਰੀਅਨ ਸਭਿਅਤਾ ਦੇ ਲੋਕ ਸਨ।
ਪੰਜਾਬ ਯੂਨੀਵਰਸਿਟੀ ਦੇ ਇੱਕ ਹੋਰ ਵਿਗਿਆਨੀ ਦਾ ਕਹਿਣਾ ਸੀ ਕਿ ਡਾਇਨਾਸੋਰਾਂ ਦੀ ਖੋਜ ਸਭ ਤੋਂ ਪਹਿਲਾਂ ਬ੍ਰਹਮਾ ਨੇ ਕੀਤੀ ਅਤੇ ਉਸ ਨੇ ਵੇਦਾਂ ਵਿਚ ਇਹ ਦਰਜ ਵੀ ਕੀਤਾ ਹੈ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਡਾਇਨਾਸੋਰ ਧਰਤੀ ਉੱਪਰ ਸਾਢੇ ਬਾਰਾਂ ਕਰੋੜ ਵਰ੍ਹੇ ਰਾਜ ਕਰਕੇ ਸਾਢੇ ਛੇ ਕਰੋੜ ਵਰ੍ਹੇ ਪਹਿਲਾਂ ਲੁਪਤ ਹੋ ਗਏ ਸਨ। ਵੇਦਾਂ ਵਿਚ ਇਸ ਦਾ ਜ਼ਿਕਰ ਹੋ ਸਕਦਾ ਸੀ ਪਰ ਹੋਇਆ ਨਹੀਂ ਕਿਉਂਕਿ ਡਾਇਨਾਸੋਰਾਂ ਦੀ ਹੋਂਦ ਦਾ ਜ਼ਿਕਰ ਆਧੁਨਿਕ ਸਾਇੰਸ ਜੋ ਪਿਛਲੀਆਂ ਚਾਰ-ਪੰਜ ਸਦੀਆਂ ਤੋਂ ਹੀ ਚਰਚਾ ਵਿਚ ਆਈ ਹੈ, ਵਿਚ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ।
ਆਂਧਰਾ ਪ੍ਰਦੇਸ਼ ਦੇ ਇੱਕ ਵਿਗਿਆਨੀ ਨੇ ਤਾਂ ਇੱਥੋ ਤੱਕ ਕਹਿ ਦਿੱਤਾ: 'ਮੈਂ ਤਾਂ ਨਿਊਟਨ, ਆਇੰਸਟਾਈਨ ਅਤੇ ਸਟੀਫਨ ਹਾਕਿੰਗ ਤੋਂ ਵੀ ਮਹਾਨ ਹਾਂ। ਉਨ੍ਹਾਂ ਦੀ ਚੜ੍ਹਤ ਵੀਹਵੀਂ ਸਦੀ ਤੱਕ ਹੀ ਸੀ ਅਤੇ ਇੱਕੀਵੀਂ ਸਦੀ ਮੇਰੀ ਹੋਵੇਗੀ।' ਇਸ ਵਿਗਿਆਨੀ ਦਾ ਭਾਵੇਂ ਇੱਕ ਵੀ ਪੇਪਰ ਨਾ ਛਪਿਆ ਹੋਵੇ, ਫਿਰ ਵੀ ਉਹ 2019 ਦੀ ਕਾਂਗਰਸ ਵਿਚ ਨੰਬਰ ਬਣਾ ਗਿਆ। ਤਾਮਿਲਨਾਡੂ ਦੇ ਇੱਕ ਵਿਗਿਆਨੀ ਦਾ ਕਹਿਣਾ ਸੀ ਕਿ ਰਾਵਣ ਕੋਲ 24 ਤਰ੍ਹਾਂ ਦੇ ਪੁਸ਼ਪਕ ਵਿਮਾਨ ਸਨ ਅਤੇ ਮਹਾਂਭਾਰਤ ਦੀ ਲੜਾਈ ਲੜਨ ਵਾਲੇ ਕੌਰਵ 100 ਭਰਾ ਸਨ। ਇਹ ਭਰਾ ਟੈਸਟ ਟਿਊਬ ਬੇਬੀ ਤਕਨੀਕ ਨਾਲ ਪੈਦਾ ਹੋਏ ਸਨ।
ਹੁਣ ਦੇਖਿਆ ਜਾਵੇ ਕਿ ਜਹਾਜ਼ਾਂ ਦੀ ਤਕਨਾਲੋਜੀ ਇੱਕ ਦਿਨ ਵਿਚ ਵਿਕਸਿਤ ਹੋ ਜਾਂਦੀ ਹੈ? ਰਾਈਟ ਭਰਾਵਾਂ ਦੇ ਜਹਾਜ਼ ਅਤੇ ਅੱਜ ਦੇ ਜਹਾਜ਼ਾਂ ਵਿਚ ਕੋਈ ਫ਼ਰਕ ਨਹੀਂ? ਉਸ ਜਹਾਜ਼ ਦੀ ਗਤੀ ਅਤੇ ਅੱਜ ਦੇ ਜਹਾਜ਼ਾਂ ਦੀ ਗਤੀ ਹੀ ਸਾਨੂੰ ਸਾਰਾ ਕੁੱਝ ਸਪੱਸ਼ਟ ਕਰ ਦੇਵੇਗੀ। ਦੂਸਰੀ ਜੰਗ ਵਿਚ ਵਰਤੇ ਜਹਾਜ਼ਾਂ ਦੀ ਕਿਸਮ ਅੱਜ ਜੇ ਕੋਈ ਦੇਸ਼ ਰੱਖਦਾ ਹੈ ਤਾਂ ਉਸ ਨੂੰ ਪਛੜਿਆ ਹੋਇਆ ਮੁਲਕ ਸਮਝਿਆ ਜਾਂਦਾ ਹੈ। ਇਸੇ ਤਰ੍ਹਾਂ ਟੈਸਟ ਟਿਊਬ ਬੇਬੀ ਵੀ ਇੱਕੋ ਦਿਨ ਵਿਚ ਪੈਦਾ ਨਹੀਂ ਹੋਇਆ। ਇਹ ਲੱਖਾਂ ਡਾਕਟਰਾਂ ਦੀ ਦਿਨ-ਰਾਤ ਦੀ ਮਿਹਨਤ ਹਨ।
ਜਿੰਨੇ ਵੀ ਊਲ-ਜਲੂਲ ਬਿਆਨ ਉੱਥੇ ਦਿੱਤੇ ਗਏ, ਉਨ੍ਹਾਂ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਉਨ੍ਹਾਂ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਵੇਦਾਂ ਵਿਚ ਸਰਜਰੀ ਰਾਹੀਂ ਹਾਥੀ ਦੇ ਸਿਰ ਨੂੰ ਮਨੁੱਖ ਦੇ ਸਿਰ 'ਤੇ ਟਰਾਂਸਪਲਾਂਟ ਕੀਤਾ ਗਿਆ ਸੀ। ਇਹ ਮਹਿਜ਼ ਇਸ਼ਾਰਾ ਸੀ ਜਿਸ ਤੋਂ ਅਗਵਾਈ ਲੈ ਕੇ ਬਹੁਤ ਸਾਰੇ ਮੌਕਾਪ੍ਰਸਤ ਵਿਗਿਆਨੀ ਉਨ੍ਹਾਂ ਦੀਆਂ ਨਜ਼ਰਾਂ ਵਿਚ ਆਪਣੇ ਆਪ ਨੂੰ ਮਹਾਨ ਵਿਗਿਆਨੀ ਹੋਣ ਦਾ ਸਬੂਤ ਦੇ ਰਹੇ ਹਨ ਤਾਂ ਜੋ ਭਵਿੱਖ ਵਿਚ ਉਹ ਕਿਸੇ ਸਿਆਸਤਦਾਨ ਦੀਆਂ ਨਜ਼ਰਾਂ ਵਿਚ ਆ ਜਾਣ ਅਤੇ ਉਨ੍ਹਾਂ ਨੂੰ ਕੋਈ ਵੱਡਾ ਅਹੁਦਾ ਮਿਲ ਜਾਵੇ।
ਹਕੀਕਤ ਇਹ ਹੈ ਕਿ ਦੇਸ਼ ਦੀ ਸਾਰੀ ਕੋਝੀ ਸਿਆਸਤ ਧਾਰਮਿਕ ਸਥਾਨਾਂ ਤੋਂ ਪੈਦਾ ਕੀਤੀ ਜਾਂਦੀ ਹੈ। ਰਾਕਟ ਪੁਲਾੜ ਵਿਚ ਭੇਜਣ ਤੋਂ ਪਹਿਲਾਂ ਹਵਨ ਕੀਤੇ ਜਾਂਦੇ ਹਨ ਤਾਂ ਜੋ ਦਰਸਾਇਆ ਜਾ ਸਕੇ ਕਿ ਮੰਤਰਾਂ ਦੀ ਸ਼ਕਤੀ ਨਾਲ ਹੀ ਰਾਕਟ ਦਾਗੇ ਜਾ ਸਕਦੇ ਹਨ। ਮੰਤਰਾਂ ਦਾ ਉਚਾਰਨ ਇਹ ਸਪੱਸ਼ਟ ਨਹੀਂ ਕਰਦਾ ਕਿ ਰਾਕਟ ਦੀ ਸਫ਼ਲਤਾ ਜਾਂ ਅਸਫਲਤਾ ਹਵਨ ਕਰਕੇ ਹੋਈ ਹੈ ਜਾਂ ਵਿਗਿਆਨੀਆਂ ਦੀ ਮਿਹਨਤ ਨਾਲ? ਦੋਵੇਂ ਹੀ ਸਿਹਰਾ ਲੈ ਲੈਂਦੇ ਹਨ। ਦੁਨੀਆ ਭਰ ਦੇ ਡਾਕਟਰ ਸਣੇ ਭਾਰਤੀ, ਅਜਿਹਾ ਹੀ ਕਰਦੇ ਹਨ। ਉਹ ਆਰਐਕਸ ਲਿਖ ਕੇ ਮਰੀਜ਼ ਨੂੰ ਦਵਾਈ ਦਿੰਦੇ ਹਨ। ਜੇ ਮਰੀਜ਼ ਮਰ ਜਾਵੇ ਤਾਂ ਉਂਗਲ ਪਰਮਾਤਮਾ ਵੱਲ, ਜੇ ਬਚ ਜਾਵੇ ਤਾਂ ਸਿਹਰਾ ਆਪਣੇ ਸਿਰ ਬੰਨ੍ਹ ਲੈਂਦੇ ਹਨ। ਇਹ ਗੱਲਾਂ ਬੰਦੇ ਨੂੰ ਆਪਣਾ ਮੁਲੰਕਣ ਕਰਨ ਤੋਂ ਰੋਕਦੀਆਂ ਹਨ ਅਤੇ ਗਲਤੀ ਦੀ ਸੂਰਤ ਵਿਚ ਬਚਣ ਦੇ ਫਜ਼ੂਲ ਬਹਾਨੇ ਦਿੰਦੀਆਂ ਹਨ।
ਸਾਨੂੰ ਮਾਣ ਹੈ ਕਿ ਸਾਡੇ ਪੁਰਖੇ ਬੁੱਧੀਮਾਨ ਸਨ। ਉਨ੍ਹਾਂ 32 ਕੁ ਸੌ ਵਰ੍ਹੇ ਪਹਿਲਾਂ ਉੱਤਰੀ ਭਾਰਤ ਦੀ ਧਰਤੀ ਉੱਪਰ ਵੇਦ ਰਚੇ। ਇਨ੍ਹਾਂ ਵਿਚ ਉਸ ਸਮੇਂ ਦਾ ਬਿਹਤਰੀਨ ਗਿਆਨ ਦਰਜ ਕੀਤਾ ਗਿਆ ਪਰ ਇੱਕੀਵੀਂ ਸਦੀ ਵਿਚ ਉਹ ਗਿਆਨ ਸਮੇਂ ਦੇ ਹਾਣ ਦਾ ਨਹੀਂ। ਹਰ ਧਰਮ ਕਹਿੰਦਾ ਹੈ ਕਿ ਸਾਰਾ ਵਿਗਿਆਨ ਉਸ ਦੇ ਧਾਰਮਿਕ ਗ੍ਰੰਥਾਂ ਵਿਚ ਪਹਿਲਾਂ ਹੀ ਦਰਜ ਹੈ। ਹਕੀਕਤ ਇਹ ਹੈ ਕਿ ਕਿਸੇ ਵੀ ਧਾਰਮਿਕ ਗ੍ਰੰਥ ਵਿਚ ਤੁਹਾਨੂੰ ਪਾਣੀ ਦਾ ਫਾਰਮੂਲਾ ਲਿਖਿਆ ਨਹੀਂ ਮਿਲੇਗਾ : ਹਾਂ, ਪ੍ਰਾਚੀਨ ਗ੍ਰੰਥਾਂ ਵਿਚ ਪਰੀ ਕਹਾਣੀਆਂ ਜ਼ਰੂਰ ਮਿਲ ਜਾਣਗੀਆਂ। ਇਨ੍ਹਾਂ ਕਹਾਣੀਆਂ ਦੀ ਅਹਿਮੀਅਤ ਇਹ ਹੈ ਕਿ ਇਹ ਮਨੁੱਖੀ ਕਲਪਨਾਵਾਂ ਨੂੰ ਖੰਭ ਲਾਉਂਦੀਆਂ ਹਨ। ਇਨ੍ਹਾਂ ਵਿਚ ਦਰਜ ਕਾਲਪਨਿਕ ਗੱਲਾਂ ਸਾਡੇ ਵਿਗਿਆਨੀਆਂ ਨੂੰ ਕੀ, ਕਿੳਂਂ, ਕਿਵੇਂ ਸਿਖਾਉਂਦੀਆਂ ਹਨ।
ਪੁਰਾਤਨ ਗ੍ਰੰਥਾਂ ਨੂੰ ਆਮ ਲੋਕ ਦੇਵੀ-ਦੇਵਤਿਆਂ ਦੀਆਂ ਕਿਰਤਾਂ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਉਨ੍ਹਾਂ ਦੇਵਤਿਆਂ ਨੂੰ ਇਹ ਗੱਲਾਂ ਉੱਪਰੋਂ ਉੱਤਰੀਆਂ ਸਨ ਪਰ ਸਾਇੰਸ ਤਾਂ ਹਮੇਸ਼ਾ ਵਿਕਸਿਤ ਹੁੰਦੀ ਰਹਿੰਦੀ ਹੈ। ਜੋ ਗੱਲਾਂ ਅੱਜ ਵਿਗਿਆਨਕ ਹਨ, ਹੋ ਸਕਦਾ ਹੈ ਕੱਲ੍ਹ ਨੂੰ ਉਹ ਜਾਣਕਾਰੀ ਤਬਦੀਲ ਹੋ ਜਾਵੇ ਪਰ ਧਾਰਮਿਕ ਗ੍ਰੰਥ ਜੇ ਦੇਵਤਿਆਂ ਦੀਆਂ ਕਿਰਤਾਂ ਸਨ ਤਾਂ ਇਹ ਤਬਦੀਲ ਨਹੀਂ ਹੋ ਸਕਦੇ। ਸੋ, ਵਧੀਆ ਇਹੀ ਹੋਵੇਗਾ ਕਿ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਨਾਲ ਨਾ ਜੋੜਿਆ ਜਾਵੇ। ਨਹੀਂ ਤਾਂ ਅੱਜ ਦੇ ਧਾਰਮਿਕ ਗ੍ਰੰਥ ਕੱਲ੍ਹ ਨੂੰ ਸਮੇਂ ਦੇ ਹਾਣ ਦੇ ਨਹੀਂ ਰਹਿਣਗੇ ਕਿਉਂਕਿ ਸਾਇੰਸ ਨੇ ਤਾਂ ਬਦਲਣਾ ਹੀ ਹੈ। ਲੋਕਾਂ ਨੂੰ ਸਚਾਈ ਹੀ ਦੱਸਣੀ ਚਾਹੀਦੀ ਹੈ, ਨਹੀਂ ਤਾਂ ਉਹ ਮੌਕਾਪ੍ਰਸਤ ਹੀ ਬਣਨਗੇ।
ਤਰੱਕੀ ਉਨ੍ਹਾਂ ਦੇਸ਼ਾਂ ਨੇ ਹੀ ਕੀਤੀ ਹੈ ਜਿਨ੍ਹਾਂ ਵਿਗਿਆਨਕ ਤਕਨੀਕ ਅਪਣਾਈ ਹੈ। ਚੀਨ ਦੀ ਮਿਸਾਲ ਸਾਡੇ ਸਾਹਮਣੇ ਹੈ। ਅੱਜ ਉਹ ਭਾਰਤ ਤੋਂ ਦਰਜਨਾਂ ਗੁਣਾ ਵੱਧ ਪੈਸੇ ਵਿਗਿਆਨਕ ਤਕਨੀਕਾਂ ਪ੍ਰਾਪਤ ਕਰਨ ਲਈ ਖਰਚ ਰਿਹਾ ਹੈ। ਭਾਰਤ ਸਰਕਾਰ ਦਿਨੋਂ ਦਿਨ ਵਿਗਿਆਨਕ ਤਕਨੀਕ ਅਤੇ ਵਿਗਿਆਨਕ ਸੋਚ ਲਈ ਬਜਟ ਘਟਾ ਰਹੀ ਹੈ। ਇਸ ਬਜਟ ਨੂੰ ਵਿਗਿਆਨ ਵਿਰੋਧੀ ਕਾਰਜਾਂ ਵਿਚ ਖਰਚ ਕੀਤਾ ਜਾ ਰਿਹਾ ਹੈ। ਕੁੰਭ ਮੇਲਾ ਅਤੇ ਪਟੇਲ ਦੇ ਬੁੱਤ 'ਤੇ ਕੀਤਾ ਖਰਚਾ ਇਸ ਦੀਆਂ ਸਿਰਫ਼ ਛੋਟੀਆਂ ਅਤੇ ਤਾਜ਼ੀਆਂ ਮਿਸਾਲਾਂ ਹਨ। ਬਜਟ ਦਾ ਬਹੁਤਾ ਹਿੱਸਾ ਬਰਬਾਦ ਹੋ ਰਿਹਾ ਹੈ ਅਤੇ ਦੇਸ਼ ਪਛੜ ਰਿਹਾ ਹੈ।
ਹਕੀਕਤ ਇਹ ਵੀ ਹੈ ਕਿ ਮੋਦੀ ਦੇ ਆਉਣ ਤੋਂ ਪਹਿਲਾਂ ਵੀ ਅਜਿਹੇ ਕੰਮ ਹੁੰਦੇ ਰਹੇ ਹਨ ਪਰ ਮੋਦੀ ਰਾਜ ਵਿਚ ਪੈਸੇ ਦੀ ਬਰਬਾਦੀ ਵੱਧ ਹੋ ਰਹੀ ਹੈ। ਮਨਮੋਹਨ ਸਿੰਘ ਵਜ਼ਾਰਤ ਸਮੇਂ ਕਿਸੇ ਵਜ਼ੀਰ ਨੇ ਕਿਸੇ ਸਾਧ ਦੇ ਸੁਪਨੇ ਵਿਚ ਦਿਖਾਈ ਦਿੱਤਾ 10 ਹਜ਼ਾਰ ਟਨ ਸੋਨਾ ਲੱਭਣ ਲਈ ਅਕਤੂਬਰ 2013 ਵਿਚ ਉੱਤਰ ਪ੍ਰਦੇਸ਼ ਦੇ ਡਾਂਡੀਆ ਖੇੜਾ ਇਲਾਕੇ ਵਿਚ ਖੁਦਾਈ ਸ਼ੁਰੂ ਕਰਵਾ ਦਿੱਤੀ ਸੀ।
ਸਾਡੇ ਪੰਜਾਬ ਵਿਚ ਵੀ ਵਿਗਿਆਨ ਨੂੰ ਹਰਮਨ ਪਿਆਰਾ ਬਣਾਉਣ ਲਈ ਪਿਛਲੀ ਇੱਕ ਸਦੀ ਤੋਂ ਗੰਭੀਰ ਯਤਨ ਹੋਏ ਹਨ। ਹੰਸ ਰਾਜ ਵਾਇਰਲੈਸ ਪੰਜਾਬ ਦਾ ਅਜਿਹਾ ਦੇਸ਼ਭਗਤ ਵਿਗਿਆਨੀ ਸੀ ਜੋ ਥਾਲੀ ਵਿਚ ਕੁੱਝ ਸੂਈਆਂ ਪਾ ਕੇ ਲੋਕਾਂ ਨੂੰ ਰੇਡੀਓ ਸੁਣਾ ਦਿੰਦਾ ਸੀ। ਉਸ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿਚ ਜਾ ਕੇ ਇਹ ਕਾਰਨਾਮੇ ਕਰ ਕੇ ਦਿਖਾਏ। ਰੁਚੀ ਰਾਮ ਸਾਹਨੀ ਵੀ ਅਜਿਹਾ ਕਰਦੇ ਰਹੇ ਹਨ। ਅੱਜ ਵੀ ਲੋਕਾਂ ਨੂੰ ਉਨ੍ਹਾਂ ਦੀਆਂ ਜਾਦੂ ਦੀਆਂ ਲਾਲਟੈਨਾਂ ਭੁੱਲੀਆਂ ਨਹੀਂ। ਤਰਕਸ਼ੀਲ ਵੀ 1984 ਤੋਂ ਲਗਾਤਾਰ ਅਜਿਹਾ ਕਰ ਰਹੇ ਹਨ। 1916 ਵਿਚ ਨੋਬੇਲ ਇਨਾਮ ਜੇਤੂ ਵਿਗਿਆਨੀ ਵੈਂਕਟਰਮਨ ਰਾਮਾਕ੍ਰਿਸ਼ਨ ਨੂੰ ਸਾਇੰਸ ਕਾਂਗਰਸ ਵਿਚ ਭਾਗ ਲੈਣ ਲਈ ਬੇਨਤੀ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ: ''ਉਹ ਵਿਗਿਆਨੀਆਂ ਦੀ ਅਜਿਹੀ ਸਰਕਸ ਵਿਚ ਨਹੀਂ ਜਾਵੇਗਾ।" ਉਸ ਦਾ ਇਹ ਕਥਨ 2019 ਦੀ ਸਾਇੰਸ ਕਾਂਗਰਸ ਨੇ ਹੂ-ਬ-ਹੂ ਸਾਬਤ ਕਰ ਦਿੱਤਾ ਹੈ।
ਸੰਪਰਕ : 98887-87440
25 Jan. 2019