ਅਲਵਿਦਾ ਕ੍ਰਿਸ਼ਨਾ ਸੋਬਤੀ - ਸਵਰਾਜਬੀਰ
25 ਜਨਵਰੀ 2019 ਨੂੰ 'ਜ਼ਿੰਦਗੀਨਾਮਾ' ਤੇ 'ਮਿਤਰੋ ਮਰਜਾਣੀ' ਜਿਹੇ ਨਾਵਲ ਲਿਖਣ ਵਾਲੀ ਕਥਾਕਾਰ ਕ੍ਰਿਸ਼ਨਾ ਸੋਬਤੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ। 1925 ਵਿਚ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਗੁਜਰਾਤ ਵਿਚ ਜਨਮੀ ਕ੍ਰਿਸ਼ਨਾ ਸੋਬਤੀ ਨੇ ਪੰਜਾਬੀ ਮੁਹਾਵਰੇ ਵਾਲੀ ਹਿੰਦੀ ਵਿਚ ਨਾਵਲ, ਕਹਾਣੀਆਂ ਤੇ ਹੋਰ ਗ਼ਲਪ ਰਚਨਾਵਾਂ ਰਚੀਆਂ ਜਿਨ੍ਹਾਂ ਨੇ ਪਾਠਕਾਂ ਦੇ ਮਨ 'ਤੇ ਡੂੰਘੀ ਛਾਪ ਛੱਡੀ। 'ਜ਼ਿੰਦਗੀਨਾਮਾ' ਨਾਵਲ ਵਿਚ ਸਾਂਝੇ ਪੰਜਾਬ ਦੀ ਧੜਕਨ ਸੁਣਾਈ ਦਿੰਦੀ ਹੈ। ਇਸ ਨਾਵਲ ਦਾ ਲਿਖਿਆ ਜਾਣਾ ਵੀ ਆਪਣੇ ਆਪ ਵਿਚ ਕਿਸੇ ਕਥਾ-ਕਹਾਣੀ ਵਾਂਗ ਹੈ। 1950ਵਿਆਂ ਵਿਚ ਉਸ ਨੇ ਆਪਣਾ ਪਹਿਲਾ ਨਾਵਲ ਲਿਖਿਆ ਤੇ ਉਸ ਨੂੰ ਉੱਤਰ ਪ੍ਰਦੇਸ਼ ਦੇ ਇਕ ਪ੍ਰਕਾਸ਼ਕ ਨੂੰ ਛਾਪਣ ਵਾਸਤੇ ਦੇ ਦਿੱਤਾ। ਜਦ ਉਸ ਦੇ ਪਰੂਫ਼ ਕ੍ਰਿਸ਼ਨਾ ਸੋਬਤੀ ਕੋਲ ਪੜ੍ਹਨ ਵਾਸਤੇ ਆਏ ਤਾਂ ਉਸ ਨੇ ਵੇਖਿਆ ਕਿ ਉਸ ਦੁਆਰਾ ਵਰਤੇ ਗਏ ਪੰਜਾਬੀ ਤੇ ਉਰਦੂ ਸ਼ਬਦਾਂ ਨੂੰ ਬਦਲ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ 'ਤੇ ਸੰਸਕ੍ਰਿਤਨੁਮਾ ਹਿੰਦੀ ਦੇ ਸ਼ਬਦ ਪਾ ਦਿੱਤੇ ਗਏ ਸਨ। ਕ੍ਰਿਸ਼ਨਾ ਜੀ ਨੇ ਉਸੇ ਵੇਲੇ ਪ੍ਰਕਾਸ਼ਕ ਨੂੰ ਟੈਲੀਗ੍ਰਾਮ ਦਿੱਤੀ ਤੇ ਨਾਵਲ ਦੀ ਛਪਵਾਈ ਰੁਕਵਾ ਦਿੱਤੀ। ਪ੍ਰਕਾਸ਼ਕ ਦਾ ਹੋਇਆ ਖਰਚਾ ਉਸ ਨੂੰ ਪੱਲਿਓਂ ਦੇ ਦਿੱਤਾ। ਦੱਸਿਆ ਜਾਂਦਾ ਹੈ ਕਿ ਰਾਜਕਮਲ ਪਬਲਿਸ਼ਰ ਦੀ ਉਦੋਂ ਦੀ ਮਾਲਕ ਸ਼ੀਲਾ ਸੰਧੂ ਨੇ ਕ੍ਰਿਸ਼ਨਾ ਜੀ ਨੂੰ ਉਹ ਨਾਵਲ ਦੁਬਾਰਾ ਨਵੇਂ ਸਿਰਿਉਂ ਪਰਖਣ ਲਈ ਕਿਹਾ। ਕ੍ਰਿਸ਼ਨਾ ਜੀ ਨੇ ਸੈਂਕੜੇ ਘੰਟੇ ਨੈਸ਼ਨਲ ਆਰਕਾਈਵ ਦਿੱਲੀ ਤੇ ਹੋਰ ਲਾਇਬ੍ਰੇਰੀਆਂ ਵਿਚ ਲਾਏ, ਖੋਜ ਕੀਤੀ ਤੇ ਉੱਥੋਂ ਪੈਦਾ ਹੋਇਆ ਨਾਵਲ 'ਜ਼ਿੰਦਗੀਨਾਮਾ' ਜਿਸ ਦੀ ਭਾਸ਼ਾ ਵਿਚ ਪੰਜਾਬ ਦੀ ਧਰਤੀ 'ਤੇ ਦੌੜਦੇ ਘੋੜਿਆਂ ਦੀ ਟਾਪ ਸੁਣਾਈ ਦਿੰਦੀ ਹੈ, ਯੋਧਿਆਂ, ਸ਼ਾਹਾਂ, ਸੁਆਣੀਆਂ, ਮੁਟਿਆਰਾਂ ਤੇ ਗੱਭਰੂਆਂ ਦੇ ਬੋਲ ਅਲਗੋਜਿਆਂ ਵਰਗਾ ਸੰਗੀਤ ਵੀ ਪੈਦਾ ਕਰਦੇ ਹਨ ਤੇ ਆਪਸ ਵਿਚ ਇਉਂ ਵੀ ਟਕਰਾਉਂਦੇ ਹਨ ਜਿਵੇਂ ਲੁਹਾਰ ਤਪੇ ਹੋਏ ਲੋਹੇ 'ਤੇ ਹਥੌੜੇ ਦੀਆਂ ਸੱਟਾਂ ਮਾਰਦਾ ਹੈ। ਉਸ ਦਾ ਨਾਵਲ 'ਮਿਤਰੋ ਮਰਜਾਣੀ' ਵੀ ਕਲਾਸਿਕ ਹੈ ਜਿਸ ਵਿਚ ਪੰਜਾਬੀ ਔਰਤ ਦੀ ਸਰੀਰਿਕਤਾ ਆਪਣੀ ਪੂਰੀ ਸਜੀਵਤਾ ਨਾਲ ਹਾਜ਼ਰ ਹੁੰਦੀ ਹੈ, ਮਾਂ ਤੇ ਧੀ ਆਪਸ ਵਿਚ ਖਹਿਬੜਦੀਆਂ ਹਨ, ਸਮਾਜਿਕ ਸੰਸਾਰ ਤੇ ਕਾਮਨਾ ਦੀ ਦੁਨੀਆਂ ਦਾ ਟਕਰਾਓ ਹੁੰਦਾ ਹੈ। 'ਡਾਰੋਂ ਵਿਛੜੀ ਕੂੰਜ' ਵੀ ਉਸ ਦੀ ਯਾਦਗਾਰੀ ਰਚਨਾ ਹੈ।
ਕ੍ਰਿਸ਼ਨਾ ਸੋਬਤੀ ਨੇ ਲਾਸਾਨੀ ਨਾਵਲ ਤੇ ਕਹਾਣੀਆਂ ਹੀ ਨਹੀਂ ਲਿਖੀਆਂ, ਉਸ ਨੇ ਆਪਣੇ ਸਮਕਾਲੀਆਂ ਬਾਰੇ ਬੜੀਆਂ ਤਾਕਤਵਰ ਟਿੱਪਣੀਆਂ ਆਪਣੀ ਕਿਤਾਬ 'ਹਮ ਹਸ਼ਮਤ' ਵਿਚ ਕੀਤੀਆਂ ਜਿਨ੍ਹਾਂ ਵਿਚ ਸੁਹਿਰਦਤਾ ਵੀ ਹੈ ਤੇ ਪ੍ਰਚੰਡਤਾ ਵੀ। ਸ਼ਬਦ ਕਿਤੇ ਮੱਲ੍ਹਮ ਲਾਉਂਦੇ ਹਨ ਅਤੇ ਕਿਤੇ ਅਗਨੀਬਾਣਾਂ ਵਾਂਗ ਅੱਗ। ਉਦਾਹਰਨ ਦੇ ਤੌਰ 'ਤੇ ਸਮਕਾਲੀ ਨਾਵਲਕਾਰ ਤੇ ਕਹਾਣੀਕਾਰ ਨਿਰਮਲ ਵਰਮਾ ਬਾਰੇ ਲਿਖਦਿਆਂ ਉਹ ਉਸ ਦੀ ਵੱਖਰੀ ਕਥਾਸ਼ੈਲੀ ਦਾ ਲੋਹਾ ਮੰਨਦੀ ਹੈ ਪਰ ਨਾਲ ਨਾਲ ਇਹ ਰਾਏ ਵੀ ਦਿੰਦੀ ਹੈ ਕਿ ਉਸ ਨੂੰ ਆਪਣੇ ਆਲੇ-ਦੁਆਲੇ ਬਿਖਰੀ ਹੋਈ ਗੰਦਗੀ ਤੇ ਬਿਖਰਾਓ ਵੱਲ ਵੀ ਨਜ਼ਰ ਮਾਰਨੀ ਚਾਹੀਦੀ ਹੈ। ਕ੍ਰਿਸ਼ਨਾ ਸੋਬਤੀ ਨੂੰ ਭਾਵੇਂ ਔਰਤ ਦੇ ਕਾਮਨਾਮਈ ਸੰਸਾਰ ਦੀ ਨਾਵਲਕਾਰ ਕਿਹਾ ਜਾਂਦਾ ਹੈ ਪਰ ਉਹ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਪ੍ਰਤੀ ਵੀ ਚੇਤਨ ਸੀ। ਜਦੋਂ 2015-16 ਵਿਚ ਸਾਹਿਤਕਾਰਾਂ ਨੇ ਘੱਟਗਿਣਤੀ ਨਾਲ ਸਬੰਧਤ ਫ਼ਿਰਕੇ ਦੇ ਲੋਕਾਂ ਉੱਤੇ ਹਮਲਿਆਂ ਦਾ ਵਿਰੋਧ ਕਰਦਿਆਂ ਆਪਣੇ ਇਨਾਮ ਵਾਪਸ ਕੀਤੇ ਤਾਂ ਕ੍ਰਿਸ਼ਨਾ ਸੋਬਤੀ ਨੇ ਵੀ ਆਪਣਾ ਇਨਾਮ ਸਾਹਿਤਯ ਅਕਾਦਮੀ ਨੂੰ ਵਾਪਸ ਕੀਤਾ।
ਦੋ ਪੰਜਾਬੀ ਔਰਤ ਲੇਖਕਾਂ ਨੂੰ ਗਿਆਨਪੀਠ ਇਨਾਮ ਮਿਲੇ ਹਨ : ਪਹਿਲੀ ਸੀ ਅੰਮ੍ਰਿਤਾ ਪ੍ਰੀਤਮ ਤੇ ਦੂਸਰੀ ਕ੍ਰਿਸ਼ਨਾ ਸੋਬਤੀ। ਦੋਹਾਂ ਵਿਚ ਲੜਾਈ ਤੇ ਮੁਕੱਦਮੇਬਾਜ਼ੀ ਵੀ ਹੋਈ। ਕ੍ਰਿਸ਼ਨਾ ਸੋਬਤੀ ਦਾ ਨਾਵਲ 'ਜ਼ਿੰਦਗੀਨਾਮਾ' ਛਪਣ ਦੇ ਨਾਲ ਨਾਲ ਹੀ ਕਲਾਸਿਕ ਬਣ ਗਿਆ ਸੀ। ਨਾਵਲਕਾਰ ਗੁਰਦਿਆਲ ਸਿੰਘ ਨੇ ਇਸ ਦਾ ਅਨੁਵਾਦ ਪੰਜਾਬੀ ਵਿਚ ਕੀਤਾ। ਇਸ ਤੋਂ ਬਾਅਦ ਅੰਮ੍ਰਿਤਾ ਪ੍ਰੀਤਮ ਨੇ ਨਾਵਲ ਲਿਖਿਆ 'ਹਰਦੱਤ ਦਾ ਜ਼ਿੰਦਗੀਨਾਮਾ'। ਕ੍ਰਿਸ਼ਨਾ ਸੋਬਤੀ ਨੇ ਅੰਮ੍ਰਿਤਾ ਪ੍ਰੀਤਮ ਵਿਰੁੱਧ ਮੁਕੱਦਮਾ ਦਰਜ ਕਰਵਾਇਆ ਕਿ 'ਜ਼ਿੰਦਗੀਨਾਮਾ' ਲਫ਼ਜ਼ ਦੁਬਾਰਾ ਵਰਤ ਕੇ ਅੰਮ੍ਰਿਤਾ ਪ੍ਰੀਤਮ ਨੇ ਕਾਪੀ ਰਾਈਟ ਦੀ ਉਲੰਘਣਾ ਕੀਤੀ ਸੀ। ਇਹ ਮੁਕੱਦਮਾ 26 ਸਾਲ ਚਲਦਾ ਰਿਹਾ ਤੇ ਅੰਤ ਵਿਚ ਫ਼ੈਸਲਾ ਅੰਮ੍ਰਿਤਾ ਪ੍ਰੀਤਮ ਦੇ ਹੱਕ ਵਿਚ ਹੋਇਆ, ਅੰਮ੍ਰਿਤਾ ਪ੍ਰੀਤਮ ਦੀ ਮੌਤ ਦੇ ਛੇ ਸਾਲ ਬਾਅਦ। ਕ੍ਰਿਸ਼ਨਾ ਸੋਬਤੀ ਇਸ ਫ਼ੈਸਲੇ ਤੋਂ ਕਾਫ਼ੀ ਨਿਰਾਸ਼ ਹੋਈ ਅਤੇ ਉਸ ਨੇ ਇਹ ਵੀ ਕਿਹਾ ਕਿ ਇਸ ਮੁਕੱਦਮੇਬਾਜ਼ੀ ਤੋਂ ਪੈਦਾ ਹੋਈ ਕੁੜੱਤਣ ਕਾਰਨ ਜਿਹੜੀ ਨਾਵਲ ਤ੍ਰਿਕੜੀ ਉਹ ਲਿਖਣਾ ਚਾਹੁੰਦੀ ਸੀ, ਲਿਖ ਨਹੀਂ ਸੀ ਸਕੀ।
ਕ੍ਰਿਸ਼ਨਾ ਸੋਬਤੀ ਦੇ ਨਾਵਲਾਂ ਰਾਹੀਂ ਹਿੰਦੀ ਭਾਸ਼ਾ ਵਿਚ ਪੰਜਾਬੀ ਦੀਆਂ ਧੁਨੀਆਂ ਬੜੇ ਉੱਚੇ ਤੇ ਗੜਕਵੇਂ ਰੂਪ ਵਿਚ ਸੁਣਾਈ ਦਿੱਤੀਆਂ। ਨਿੱਜੀ ਤੌਰ 'ਤੇ ਕ੍ਰਿਸ਼ਨਾ ਸੋਬਤੀ ਸਭ ਨੂੰ ਬਹੁਤ ਪਿਆਰ ਤੇ ਸਨਮਾਨ ਦੇਣ ਵਾਲੀ ਔਰਤ ਸੀ। ਕਹਾਣੀਕਾਰ ਅਜੀਤ ਕੌਰ ਹਰ ਮਹੀਨੇ ਆਪਣੀ ਰਿਹਾਇਸ਼ ਵਿਚ ਪੰਜਾਬੀ, ਹਿੰਦੀ ਤੇ ਉਰਦੂ ਦੇ ਕਵੀਆਂ ਤੇ ਲੇਖਕਾਂ ਦੀ ਮੀਟਿੰਗ ਕਰਦੀ ਹੈ। ਮੈਂ ਕਈ ਵਾਰ ਉੱਥੇ ਕਵਿਤਾਵਾਂ ਪੜ੍ਹੀਆਂ, ਇਕ ਵਾਰ ਕ੍ਰਿਸ਼ਨਾ ਸੋਬਤੀ ਦੀ ਹਾਜ਼ਰੀ ਵਿਚ ਆਪਣੀ ਲੰਮੀ ਕਵਿਤਾ 'ਵਾਪਸੀ' ਪੜ੍ਹੀ। ਉਸ ਨੂੰ ਪੰਜਾਬ, ਪੰਜਾਬੀਅਤ ਤੇ ਪੰਜਾਬੀ ਭਾਸ਼ਾ ਨਾਲ ਬਹੁਤ ਪਿਆਰ ਸੀ ਤੇ ਪੰਜਾਬੀ ਲੇਖਕਾਂ ਤੇ ਅਦੀਬਾਂ ਨਾਲ ਉਸ ਦੇ ਸਬੰਧ ਬਹੁਤ ਗੂੜ੍ਹੇ ਸਨ। ਉਹਦੀਆਂ ਰਚਨਾਵਾਂ ਪੰਜਾਬੀ ਤੇ ਹਿੰਦੀ ਭਾਸ਼ਾ ਵਿਚ ਪੁਲ ਦਾ ਕੰਮ ਕਰਦੀਆਂ ਹਨ। ਉਹਦੇ ਤੁਰ ਜਾਣ ਨਾਲ ਪੈਦਾ ਹੋਇਆ ਖਲਾਅ ਕਦੇ ਭਰਨਾ ਨਹੀਂ, ਪਰ ਏਹੀ ਜ਼ਿੰਦਗੀ ਹੈ ਤੇ ਏਹੀ ਹੈ ਇਸ ਜ਼ਿੰਦਗੀ ਦੀ ਕਹਾਣੀ 'ਜ਼ਿੰਦਗੀਨਾਮਾ'।
27 Jan. 2019