ਕਲਗੀਧਰ ਟਰੱਸਟ ਦੀ ਰਾਹਤ ਟੀਮ ਹੜ੍ਹ-ਪੀੜਤਾਂ ਲਈ ਮੋਹਰੀ ਬਣ ਕਰ ਰਹੀ ਸੇਵਾ
ਸੰਗਰੂਰ,12 ਜੁਲਾਈ (ਜਗਸੀਰ ਲੌਂਗੋਵਾਲ) ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਬਾਰਸ਼ ਨੇ ਜਿੱਥੇ ਪੂਰੇ ਪੰਜਾਬ ਨੂੰ ਹੜ੍ਹ ਵਾਲ਼ੀ ਸਥਿਤੀ ਵਿੱਚ ਲਿਆਂਦਾ, ਉਸੇ ਤਹਿਤ ਪਟਿਆਲਾ ਅਰਬਨ ਅਸਟੇਟ ਫੇਸ-2 ਵਿਖੇ ਵੀ ਹੜ੍ਹਾਂ ਦੀ ਸਥਿਤੀ ਬੜਾ ਭਿਆਨਕ ਰੂਪ ਧਾਰ ਗਈ। ਜਿਸ ਤਰ੍ਹਾਂ ਬੀਤੇ ਸਮੇ ਵਿੱਚ ਆਏ ਹੜ੍ਹ ਕਾਰਨ ਪ੍ਰਵਾਭਿਤ ਖੇਤਰਾਂ ਵਿੱਚ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਰਸਦ ਅਤੇ ਹੋਰ ਜਰੂਰੀ ਸਾਮਾਨ ਦੀ ਸੇਵਾ ਕੀਤੀ ਗਈ, ਓਸੇ ਤਰ੍ਹਾਂ ਅਰਬਨ ਅਸਟੇਟ ਫੇਸ-2 ਵਿੱਚ ਕਲਗੀਧਰ ਟਰੱਸਟ ਦੀ ਟੀਮ ਹੜ੍ਹ-ਪ੍ਰਵਾਭਿਤ ਖੇਤਰ ਵਿੱਚ ਉਤਰ ਕੇ ਆਈ ਹੈ। ਇਸ ਟੀਮ ਦੁਆਰਾ ਹੜ੍ਹ-ਪੀੜਤਾਂ ਨੂੰ ਘਰੋਂ-ਘਰੀ ਲੰਗਰ ਅਤੇ ਜਰੂਰੀ ਸਮਾਨ ਵੰਡਿਆ ਜਾ ਰਿਹਾ ਹੈ। ਇਹ ਟੀਮ ਸਥਾਨਕ ਲੋਕਾਂ ਦੀਆ ਜ਼ਰੂਰਤਾਂ ਪੂਰੀਆਂ ਕਰਨ ਨੂੰ ਪੁੱਜੀ ਪਹਿਲੀ ਟੀਮ ਹੈ, ਜੋ ਲੰਗਰ ਦੇ ਨਾਲ-ਨਾਲ ਹੋਰ ਵੀ ਜਰੂਰਤਾਂ ਨੂੰ ਪੂਰੀਆਂ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਜਾਣਕਾਰੀ ਦਿੰਦਿਆਂ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਡਾ: ਦਵਿੰਦਰ ਸਿੰਘ ਜੀ ਅਤੇ ਉੱਪ-ਪ੍ਰਧਾਨ ਭਾਈ ਜਗਜੀਤ ਸਿੰਘ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਭਰ ਜਾਣ ਨਾਲ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਕੱਢਣ ਲਈ ਟਰੱਸਟ ਵੱਲੋ ਰਾਹਤ ਕਿੱਟਾਂ ਪੀੜਤ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਹੜ੍ਹ-ਪੀੜਤਾਂ ਦੀ ਹਰ ਸੰਭਵ ਮੱਦਦ ਕੀਤੀ ਜਾਵੇਗੀ ਅਤੇ ਲੋੜੀਦਾ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਥੇ ਜਿਕਰਯੋਗ ਹੈ ਕਿ ਕਲਗੀਧਰ ਟਰੱਸਟ ਬੜੂ ਸਾਹਿਬ ਵਿੱਦਿਅਕ ਖੇਤਰ ਦੇ ਨਾਲ-ਨਾਲ ਜਦੋ ਵੀ ਦੇਸ਼ ਵਿੱਚ ਕਿਸੇ ਤਰ੍ਹਾਂ ਦੀ ਕੁਦਰਤੀ ਆਫ਼ਤ ਆਈ ਹੈ ਤਾਂ ਟਰੱਸਟ ਦੇ ਸੇਵਾਦਾਰਾਂ ਨੇ ਮੱਦਦ ਲਈ ਅੱਗੇ ਹੋ ਕੇ ਆਪਣੀ ਜਿੰਮੇਵਾਰੀ ਨਿਭਾਈ ਹੈ। ਕਲਗੀਧਰ ਟਰੱਸਟ ਵੱਲੋਂ ਸਭ ਦੀ ਚੜ੍ਹਦੀਕਲਾ ਦੀ ਅਰਦਾਸ ਕਰਦੇ ਹਾਂ।