MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਸਰਦ ਰੁੱਤ ਸੈਸ਼ਨ; ਸਰਕਾਰ ਨੇ ਕਿਹਾ- ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਪਰ ਵਿਰੋਧੀ ਮਾਹੌਲ ਯਕੀਨੀ ਕਰੇ


ਨਵੀਂ ਦਿੱਲੀ - ਸੰਸਦ ਦੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ ਕਿਹਾ ਕਿ ਉਹ  ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ ਪਰ ਵਿਰੋਧੀ ਧਿਰ ਨੂੰ ਵੀ ਇਹ ਯਕੀਨੀ ਕਰਨਾ ਹੋਵੇਗਾ ਕਿ ਸਦਨ 'ਚ ਚਰਚਾ ਲਈ ਪੂਰਾ ਮਾਹੌਲ ਬਣੇ ਅਤੇ ਕਿਤੇ ਕੋਈ ਰੁਕਾਵਟ ਨਾ ਹੋਵੇ। ਸੰਸਦ ਦਾ ਸਰਦ ਰੁੱਤ ਸੈਸ਼ਨ ਸੋਮਵਾਰ ਤੋਂ ਸ਼ੁਰੂ ਹੋਵੇਗਾ, ਜੋ ਕਿ 22 ਦਸੰਬਰ ਤੱਕ ਚੱਲੇਗਾ। ਇਸ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੇ ਸਰਦ ਰੁੱਤ ਸੈਸ਼ਨ ਦੇ ਏਜੰਡੇ 'ਤੇ ਚਰਚਾ ਲਈ ਸ਼ਨੀਵਾਰ ਨੂੰ ਇੱਥੇ ਬੈਠਕ ਕੀਤੀ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾਵਾਂ ਨੇ ਪੁਰਾਣੇ ਅਪਰਾਧਕ ਕਾਨੂੰਨਾਂ ਦੀ ਥਾਂ 'ਤੇ ਲਿਆਂਦੇ ਜਾ ਰਹੇ ਤਿੰਨ ਬਿੱਲਾਂ ਦੇ ਅੰਗਰੇਜ਼ੀ ਵਿਚ ਨਾਮ, ਮਹਿੰਗਾਈ, ਜਾਂਚ ਏਜੰਸੀਆਂ ਦੀ ਦੁਰਵਰਤੋਂ ਅਤੇ ਮਣੀਪੁਰ 'ਤੇ ਚਰਚਾ ਦੀ ਮੰਗ ਕੀਤੀ।
ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਬੈਠਕ ਵਿਚ ਸਰਕਾਰ ਨੇ ਭਰੋਸਾ ਦਿੱਤਾ ਕਿ ਉਹ ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਰ ਵਿਰੋਧੀ ਧਿਰ ਨੂੰ ਵੀ ਇਹ ਯਕੀਨੀ ਕਰਨਾ ਹੋਵੇਗਾ ਕਿ ਸਦਨ 'ਚ ਚਰਚਾ ਲਈ ਪੂਰਾ ਮਾਹੌਲ ਬਣੇ ਅਤੇ ਕਿਤੇ ਕੋਈ ਰੁਕਾਵਟ ਨਾ ਹੋਵੇ। ਜੋਸ਼ੀ ਨੇ ਕਿਹਾ ਕਿ ਸਰਕਾਰ ਰਚਨਾਤਮਕ ਚਰਚਾ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਉਸ ਨੇ ਵਿਰੋਧੀ ਧਿਰ ਤੋਂ ਸਦਨ ਦੀ ਕਾਰਵਾਈ ਸੁਚਾਰੂ ਢੰਗ ਨਾਲ ਸੰਚਾਲਿਤ ਹੋਣ ਦੇਣ ਦੀ ਬੇਨਤੀ ਕੀਤੀ ਹੈ। ਜੋਸ਼ੀ ਨੇ ਦੱਸਿਆ ਕਿ 19 ਬਿੱਲ ਅਤੇ ਦੋ ਵਿੱਤੀ ਵਿਸ਼ੇ ਵਿਚਾਰ ਅਧੀਨ ਹਨ।
ਰਾਜ ਸਭਾ ਵਿਚ  ਵਿਰੋਧੀ ਧਿਰ ਦੇ ਉਪ ਨੇਤਾ ਪ੍ਰਮੋਦ ਤਿਵਾੜੀ ਨੇ ਕਿਹਾ ਕਿ ਵਿਰੋਧੀ ਧਿਰ ਨੇ ਕੁਝ ਮੁੱਦਿਆਂ 'ਤੇ ਚਿੰਤਾ ਜ਼ਾਹਰ ਕੀਤੀ ਹੈ, ਜਿਸ ਵਿਚ ਚੀਨ ਵਲੋਂ ਸਾਡੀ ਜ਼ਮੀਨ ਹੜਪਣਾ, ਮਣੀਪੁਰ, ਮਹਿੰਹਾਈ ਅਤੇ ਈਡੀ ਅਤੇ ਸੀ. ਬੀ. ਆਈ. ਦੀ ਦੁਰਵਰਤੋਂ ਸ਼ਾਮਲ ਹੈ। ਸੈਸ਼ਨ ਦੇ ਪਹਿਲੇ ਦਿਨ ਪੈਸੇ ਲੈ ਕੇ ਸਵਾਲ ਪੁੱਛਣ' ਦੇ ਮਾਮਲੇ 'ਤੇ ਲੋਕ ਸਭਾ ਕਮੇਟੀ ਦੀ ਰਿਪੋਰਟ ਵੀ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਸਦਨ 'ਚ ਪੇਸ਼ ਕੀਤੀ ਜਾਣੀ ਹੈ। ਇਸ ਰਿਪੋਰਟ ਵਿਚ ਤ੍ਰਿਣਮੂਲ ਆਗੂ ਮਹੂਆ ਮੋਇਤਰਾ ਨੂੰ ਹੇਠਲੇ ਸਦਨ ਵਿੱਚੋਂ ਕੱਢਣ ਦੀ ਸਿਫ਼ਾਰਸ਼ ਕੀਤੀ ਗਈ ਹੈ।