MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਦਿੱਲੀ 'ਚ ਪਾਣੀ ਦੀ ਘਾਟ ਨੂੰ ਲੈ ਕੇ ਜਲ ਮੰਤਰੀ ਆਤਿਸ਼ੀ ਨੇ ਕਹੀ ਇਹ ਗੱਲ


ਨਵੀਂ ਦਿੱਲੀ - ਦਿੱਲੀ ਵਿਚ ਪਾਣੀ ਦੀ ਘਾਟ ਕਾਰਨ ਆਮ ਲੋਕਾਂ 'ਚ ਹਾਹਾਕਾਰ ਮੱਚੀ ਹੋਈ ਹੈ। ਇਕ ਪਾਸੇ ਦੇਸ਼ ਦੀ ਸੁਪਰੀਮ ਕੋਰਟ 'ਚ ਇਸ ਮਾਮਲੇ 'ਤੇ ਸੁਣਵਾਈ ਚੱਲ ਰਹੀ ਹੈ, ਉਥੇ ਹੀ ਦੂਜੇ ਪਾਸੇ ਜਲ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਏਡੀਐੱਮ/ਐੱਸਡੀਐੱਮ ਅਤੇ ਤਹਿਸੀਲਦਾਰਾਂ ਦੀ ਟੀਮ ਨਾਲ ਅਕਸ਼ਰਧਾਮ ਨੇੜੇ ਪਾਣੀ ਦੀ ਵੰਡ ਪਾਈਪਲਾਈਨ ਦਾ ਮੁਆਇਨਾ ਕੀਤਾ। ਇਸ ਦੌਰਾਨ ਜਦੋਂ ਉਨ੍ਹਾਂ ਨੂੰ ਟੈਂਕਰ ਮਾਫੀਆ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਟੈਂਕਰ ਮਾਫੀਆ ਨੂੰ ਕਾਬੂ ਕਰਨ ਦੀ ਲੋੜ ਹੈ ਪਰ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਨਾਲ ਸਮੱਸਿਆ ਹੱਲ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਦਿੱਲੀ 'ਚ 1000 MGD ਪਾਣੀ ਦਾ ਉਤਪਾਦਨ ਹੁੰਦਾ ਹੈ। ਦਿੱਲੀ ਜਲ ਬੋਰਡ ਦੇ 1000 ਜਾਂ 1100 ਟੈਂਕਰ ਲੱਗੇ ਹਨ ਜਿਹੜੇ ਕਿ ਦਿਨ ਵਿਚ 6-8 ਚੱਕਰ ਲਗਾ ਰਹੇ ਹਨ। 1000 MGD ਵਿਚੋਂ ਸਾਰੇ ਟੈਂਕਰ 5 MGD ਪਾਣੀ ਦੀ ਸਪਲਾਈ ਕਰਦੇ ਹਨ। ਭਾਵ ਦਿੱਲੀ ਦੇ ਪਾਣੀ ਦਾ 0.5 ਫ਼ੀਸਦੀ. ਟੈਂਕਰ ਮਾਫ਼ੀਆ 'ਤੇ ਲਾਜ਼ਮੀ ਤੌਰ 'ਤੇ ਲਗਾਮ ਕੱਸੀ ਜਾਣੀ ਚਾਹੀਦੀ ਹੈ ਫਿਰ ਭਾਵੇਂ ਉਹ ਹਰਿਆਣਾ ਬਾਰ਼ਡਰ ਹੋਵੇ ਜਾਂ ਦਿੱਲੀ ਦੇ ਅੰਦਰ। ਅਸੀਂ ਦਿੱਲੀ ਅਤੇ ਹਰਿਆਣਾ ਪੁਲਸ ਨੂੰ ਇਸ ਬਾਰੇ ਕਹਾਂਗੇ। ਪਰ ਇਸ ਨਾਲ ਹੀ ਸਮੱਸਿਆ ਦਾ ਹੱਲ ਨਹੀਂ ਹੋਵੇਗਾ। ਅਸੀਂ ਸਖ਼ਤੀ ਕਰਕੇ ਵੀ ਪੌਣਾ ਜਾਂ 1 MGD ਪਾਣੀ ਬਚਾ ਲਵਾਂਗੇ। ਪਰ 40 MGD ਪਾਣੀ ਦੀ ਘਾਟ ਸਿਰਫ਼ ਯਮੁਨਾ ਦਾ ਪਾਣੀ ਨਾਲ ਹੀ ਪੂਰੀ ਹੋ ਸਕਦੀ ਹੈ। ਅੱਜ ਦਿੱਲੀ ਦੇ ਸਾਰੇ ਵਿਭਾਗਾਂ ਨੂੰ ਪਾਣੀ ਦੀ ਬਰਬਾਦੀ ਰੋਕਣ ਲਈ ਕਿਹਾ ਗਿਆ ਹੈ। ਪਰ ਪਾਣੀ ਦੀ ਘਾਟ ਅਜਿਹਾ ਕਰਨ ਨਾਲ ਵੀ ਪੂਰੀ  ਨਹੀਂ ਹੋਵੇਗੀ। ਇਸ ਲਈ ਸੁਪਰੀਮ ਕੋਰਟ ਨੂੰ ਬੇਨਤੀ ਹੈ ਕਿ ਅਗਲੇ 20 ਦਿਨ ਦੀ ਹੀਟ ਵੇਵ ਲਈ ਵਾਧੂ ਪਾਣੀ ਮਿਲੇ। ਵੀਰਵਾਰ ਨੂੰ ਦਿੱਲੀ ਦੇ ਤੁਗਲਕਾਬਾਦ ਵਿਧਾਨ ਸਭਾ ਹਲਕੇ ਦੇ ਸੰਜੇ ਕਾਲੋਨੀ ਇਲਾਕੇ 'ਚ ਲੋਕ ਟੈਂਕਰਾਂ 'ਚੋਂ ਪਾਣੀ ਭਰਦੇ ਦੇਖੇ ਗਏ। ਇਸ ਦੌਰਾਨ ਟੈਂਕਰ 'ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਲੋਕਾਂ ਨੇ ਦੱਸਿਆ ਕਿ ਇੱਥੇ ਪਾਣੀ ਦੀ ਗੰਭੀਰ ਸਮੱਸਿਆ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਸਾਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ। ਜਦੋਂ ਟੈਂਕਰ ਆਉਂਦਾ ਹੈ ਤਾਂ ਉਸ 'ਤੇ ਲੋਕਾਂ ਦੀ ਭਾਰੀ ਭੀੜ ਲੱਗ ਜਾਂਦੀ ਹੈ। ਇਸ ਕਾਰਨ ਕੁਝ ਲੋਕਾਂ ਨੂੰ ਪਾਣੀ ਮਿਲਦਾ ਹੈ ਤੇ ਕਈਆਂ ਨੂੰ ਨਹੀਂ। ਜੋ ਪਾਣੀ ਸਾਨੂੰ ਮਿਲਦਾ ਹੈ ਉਹ ਸਾਡੇ ਲਈ ਕਾਫੀ ਨਹੀਂ ਹੈ। ਇਸ ਦੇ ਨਾਲ ਹੀ ਜਿੱਥੇ ਆਮ ਲੋਕ ਪਾਣੀ ਦੀ ਸਮੱਸਿਆ ਕਾਰਨ ਪਰੇਸ਼ਾਨ ਹਨ ਉਥੇ ਟੈਂਕਰ ਮਾਫ਼ੀਆ ਇਸ ਪਾਣੀ ਨਾਲ ਕਮਾਈ ਦਾ ਮੌਕਾ ਹੱਥੋਂ ਨਹੀਂ ਜਾਣ ਦੇ ਰਿਹਾ ਹੈ।