MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਲੋਕ ਸਭਾ ਸਪੀਕਰ ਨੂੰ ਮਿਲੇ ਰਾਹੁਲ ਗਾਂਧੀ, ਐਮਰਜੈਂਸੀ ਦੇ ਜ਼ਿਕਰ 'ਤੇ ਜਤਾਇਆ ਇਤਰਾਜ਼


ਨਵੀਂ ਦਿੱਲੀ  - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸਦਨ ਦੇ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਸਦਨ ਦੇ ਅੰਦਰ ਐਮਰਜੈਂਸੀ ਦੇ ਜ਼ਿਕਰ 'ਤੇ ਇਤਰਾਜ਼ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਕਦਮ ਸਿਆਸੀ ਸੀ ਅਤੇ ਇਸ ਤੋਂ ਬਚਿਆ ਜਾ ਸਕਦਾ ਸੀ। ਕਾਂਗਰਸ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਸੰਸਦ ਭਵਨ 'ਚ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਇਹ ਇਕ ਸ਼ਿਸ਼ਟਾਚਾਰ ਬੈਠਕ ਸੀ, ਜਿਸ ਦੌਰਾਨ ਗਾਂਧੀ ਨੇ ਸਦਨ 'ਚ ਸਪੀਕਰ ਵਲੋਂ ਐਮਰਜੈਂਸੀ ਦਾ ਜ਼ਿਕਰ ਕੀਤੇ ਜਾਣ ਦਾ ਮੁੱਦਾ ਉਠਾਇਆ। ਉਹਨਾਂ ਨੇ ਕਿਹਾ ਕਿ ਇਹ ਇਕ ਸ਼ਿਸ਼ਟਾਚਾਰ ਮੁਲਾਕਾਤ ਸੀ। ਲੋਕ ਸਭਾ ਸਪੀਕਰ ਨੇ ਰਾਹੁਲ ਗਾਂਧੀ ਨੂੰ ਵਿਰੋਧੀ ਧਿਰ ਦਾ ਨੇਤਾ ਐਲਾਨ ਦਿੱਤਾ। ਉਸ ਤੋਂ ਬਾਅਦ ਰਾਹੁਲ ਗਾਂਧੀ ਆਪਣੇ ਸਾਥੀ ਗਠਜੋੜ ਦੇ ਨੇਤਾਵਾਂ ਨਾਲ ਸਪੀਕਰ ਨੂੰ ਮਿਲੇ। ਇਹ ਪੁੱਛੇ ਜਾਣ 'ਤੇ ਕਿ ਕੀ ਰਾਹੁਲ ਗਾਂਧੀ ਨੇ ਸਦਨ 'ਚ ਐਮਰਜੈਂਸੀ ਦੀ ਨਿੰਦਾ ਮਤਾ ਪੇਸ਼ ਕਰਨ ਦੇ ਮੁੱਦੇ 'ਤੇ ਚਰਚਾ ਕੀਤੀ, ਵੇਣੂਗੋਪਾਲ ਨੇ ਕਿਹਾ, 'ਅਸੀਂ ਸੰਸਦ ਦੇ ਕੰਮਕਾਜ ਨੂੰ ਲੈ ਕੇ ਕਈ ਗੱਲਾਂ 'ਤੇ ਚਰਚਾ ਕੀਤੀ। ਯਕੀਨਨ ਇਹ ਮੁੱਦਾ ਵੀ ਸਾਹਮਣੇ ਆਇਆ ਸੀ।' ਕਾਂਗਰਸ ਨੇਤਾ ਨੇ ਕਿਹਾ, ''ਰਾਹੁਲ ਜੀ ਨੇ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਸਪੀਕਰ ਨੂੰ ਇਸ ਮੁੱਦੇ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਸਪੀਕਰ ਦੁਆਰਾ ਇਸ ਨੂੰ ਟਾਲਿਆ ਜਾ ਸਕਦਾ ਸੀ। ਇਹ ਸਪੱਸ਼ਟ ਤੌਰ 'ਤੇ ਸਿਆਸੀ ਸੰਦਰਭ ਸੀ, ਇਸ ਤੋਂ ਬਚਿਆ ਜਾ ਸਕਦਾ ਸੀ।'' ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਗਾਂਧੀ ਦੀ ਸਪੀਕਰ ਨਾਲ ਇਹ ਪਹਿਲੀ ਮੁਲਾਕਾਤ ਸੀ। ਉਨ੍ਹਾਂ ਦੇ ਨਾਲ ਸਪਾ ਦੇ ਧਰਮਿੰਦਰ ਯਾਦਵ, ਡੀਐੱਮਕੇ ਦੀ ਕਨੀਮੋਝੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੀ ਸੁਪ੍ਰਿਆ ਸੁਲੇ ਅਤੇ ਤ੍ਰਿਣਮੂਲ ਕਾਂਗਰਸ ਦੇ ਕਲਿਆਣ ਬੈਨਰਜੀ ਤੋਂ ਇਲਾਵਾ ਕੁਝ ਹੋਰ ਲੋਕ ਵੀ ਸਨ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਦੁਬਾਰਾ ਸਪੀਕਰ ਬਣਨ ਦੇ ਕੁਝ ਸਮੇਂ ਬਾਅਦ ਬੁੱਧਵਾਰ ਨੂੰ ਸਦਨ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਬਿਰਲਾ ਨੇ 1975 'ਚ ਕਾਂਗਰਸ ਸਰਕਾਰ ਵੱਲੋਂ ਲਗਾਈ ਗਈ ਐਮਰਜੈਂਸੀ ਦੀ ਨਿੰਦਾ ਕਰਨ ਵਾਲਾ ਮਤਾ ਪੜ੍ਹਿਆ ਅਤੇ ਕਿਹਾ ਕਿ ਇਹ ਕਾਲ ਇਕ ਕਾਲਾ ਅਧਿਆਏ ਦੇ ਰੂਪ ਵਿੱਚ ਦਰਜ ਕੀਤਾ ਗਿਆ ਹੈ। ਜਦੋਂ ਦੇਸ਼ ਵਿੱਚ ਤਾਨਾਸ਼ਾਹੀ ਲਾਗੂ ਕੀਤੀ ਗਈ ਸੀ, ਜਮਹੂਰੀ ਕਦਰਾਂ-ਕੀਮਤਾਂ ਨੂੰ ਕੁਚਲਿਆ ਗਿਆ ਸੀ ਅਤੇ ਪ੍ਰਗਟਾਵੇ ਦੀ ਆਜ਼ਾਦੀ ਦਾ ਗਲਾ ਘੁੱਟਿਆ ਗਿਆ ਸੀ। ਇਸ ਦੌਰਾਨ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਸਦਨ ਵਿੱਚ ਹੰਗਾਮਾ ਕੀਤਾ ਅਤੇ ਨਾਅਰੇਬਾਜ਼ੀ ਕੀਤੀ।