MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

'X' ਦੇ ਮਾਲਕ ਨੇ PM ਮੋਦੀ ਨੂੰ ਦੁਨੀਆ ਦੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਨੇਤਾ ਬਣਨ 'ਤੇ ਦਿੱਤੀ ਵਧਾਈ

 
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਗਲੋਬਲ ਨੇਤਾ ਬਣਨ ਦੇ 5 ਦਿਨਾਂ ਬਾਅਦ 'ਐਕਸ' ਦੇ ਮਾਲਿਕ ਐਲੋਨ ਮਸਕ ਨੇ ਵਧਾਈ ਦਿੱਤੀ ਹੈ। 19 ਜੁਲਾਈ ਦੀ ਦੇਰ ਰਾਤ ਕਰੀਬ 11.11 ਵਜੇ (ਭਾਰਤੀ ਸਮੇਂ ਅਨੁਸਾਰ) ਮਸਕ ਨੇ ਆਪਣੇ ਅਧਿਕਾਰਤ 'ਐਕਸ' ਹੈਂਡਲ 'ਤੇ ਪੀ.ਐੱਮ. ਮੋਦੀ ਨੂੰ ਟੈਗ ਕਰਕੇ ਉਨ੍ਹਾਂ ਨੂੰ ਵਧਾਈ ਦਿੱਤੀ।  ਮਸਕ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਗਲੋਬਲ ਨੇਤਾ ਹੋਣ ਲਈ ਵਧਾਈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ। 'ਐਕਸ' ਦੇ ਮਾਲਿਕ ਦੀ ਇਹ ਪੋਸਟ ਸਕਿੰਟਾਂ 'ਚ ਹੀ ਵਾਇਰਲ ਹੋ ਗਈ ਅਤੇ ਸਿਰਫ਼ 20 ਮਿੰਟਾਂ ਦੇ ਅੰਦਰ ਇਸ ਨੂੰ 7.75 ਲੱਖ ਤੋਂ ਜ਼ਿਆਦਾ 'ਐਕਸ' ਯੂਜ਼ਰਜ਼ ਨੇ ਦੇਖਿਆ।  ਜ਼ਿਕਰਯੋਗ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਾਲੋਅਰਜ਼ ਦੀ ਗਿਣਤੀ ਐਤਵਾਰ ਨੂੰ 10 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਸੀ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ 3.81 ਕਰੋੜ ਫਾਲੋਅਰਜ਼ ਹਨ ਅਤੇ ਤੁਰਕੀ ਦੇ ਰਾਸ਼ਟਰ ਮੁਖੀ ਤਈਅਬ ਏਰਦੋਗਾਨ ਦੇ 2.15 ਕਰੋੜ ਫਾਲੋਅਰਜ਼ ਹਨ। ਮੌਜੂਦਾ ਗਲੋਬਲ ਖਿਡਾਰੀਆਂ ਜਿਵੇਂ ਕਿ ਵਿਰਾਟ ਕੋਹਲੀ (6.41 ਕਰੋੜ), ਬ੍ਰਾਜ਼ੀਲ ਦੇ ਫੁੱਟਬਾਲਰ ਨੇਮਾਰ ਜੂਨੀਅਰ (6.36 ਕਰੋੜ) ਅਤੇ ਅਮਰੀਕੀ ਬਾਸਕਿਟਬਾਲ ਖਿਡਾਰੀ ਲੇਬ੍ਰੋਨ ਜੇਮਸ (5.29 ਕਰੋੜ) ਤੋਂ ਵੀ ਜ਼ਿਆਦਾ ਫਾਲੋਅਰਜ਼ ਪ੍ਰਧਾਨ ਮੰਤਰੀ ਮੋਦੀ ਦੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਉਹ ਟੇਲਰ ਸਵਿਫਟ (9.53 ਕਰੋੜ), ਲੇਡੀ ਗਾਗਾ (8.31 ਕਰੋੜ) ਅਤੇ ਕਿਮ ਕਾਰਦਾਸ਼ੀਅਨ (7.52 ਕਰੋੜ) ਵਰਗੀਆਂ ਮਸ਼ਹੂਰ ਹਸਤੀਆਂ ਤੋਂ ਵੀ ਅੱਗੇ ਹਨ। ਕ੍ਰਮਵਾਰ 2.5 ਕਰੋੜ ਫਾਲੋਅਰਜ਼ ਅਤੇ 9.1 ਕਰੋੜ ਤੋਂ ਵੀ ਜ਼ਿਆਦਾ ਫਾਲੋਅਰਜ਼ ਦੇ ਨਾਲ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਵੀ ਮੋਦੀ ਦੀ ਪ੍ਰਭਾਵਸ਼ਾਲੀ ਮੌਜੂਦਗੀ ਹੈ। ਸਾਲ 2009 ’ਚ ਟਵਿੱਟਰ ਨਾਲ ਜੁੜਨ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਇਸ ਮਾਧਿਅਮ ਰਾਹੀਂ ਲਗਾਤਾਰ ਲੋਕਾਂ ਨਾਲ ਜੁੜ ਰਹੇ ਹਨ। ‘ਐਕਸ’ ਨੂੰ ਪਹਿਲਾਂ ਟਵਿੱਟਰ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਅਧਿਕਾਰੀਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਦੇ ਵੀ ਕਿਸੇ ਨੂੰ ਬਲਾਕ ਨਹੀਂ ਕੀਤਾ ਹੈ। ਉਹ ਬਹੁਤ ਸਰਗਰਮ ਰਹਿੰਦੇ ਹਨ, ਕਈ ਆਮ ਲੋਕਾਂ ਨੂੰ ਫਾਲੋ ਕਰਦੇ ਹਨ, ਉਨ੍ਹਾਂ ਨਾਲ ਗੱਲਬਾਤ ਕਰਦੇ ਹਨ, ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹਨ ਅਤੇ ਕਦੇ ਵੀ ਕਿਸੇ ਨੂੰ ਬਲਾਕ ਨਹੀਂ ਕਰਦੇ।