ਅੋਰਤਾਂ ਦੀ ਸੁਰੱਖਿਆ ਅਹਿਮ ਮੁੱਦਾ - ਗੁਰਦੀਸ਼ ਪਾਲ ਕੌਰ ਬਾਜਵਾ
ਬੀਤੇ ਦਿਨ ਕੋਲਕਾਤਾ ਦੇ ਇਕ ਹਸਪਤਾਲ ਵਿੱਚ ਇਕ ਟ੍ਰੇਨੀ ਡਾਕਟਰ ਨਾਲ ਸਮੂਹਿਕ ਬਲਾਤਕਾਰ ਤੋਂ ਬਾਅਦ ਬੇਰਹਿਮੀ ਨਾਲ ਹੱਤਿਆ ਦੀ ਘਟਨਾ ਨੇ ਪੂਰੇ ਭਾਰਤ ਦੇਸ਼ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਇਕ ਵਾਰ ਫਿਰ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਗਰਮਾ ਗਿਆ ਹੈ। ਉਥੇ ਨਾਲ ਹੀ ਦੇਸ਼ ਦੇ ਵੱਡੇ ਸਰਕਾਰੀ ਹਸਪਤਾਲਾਂ ਦੀ ਬਦਇੰਤਜ਼ਾਮੀ, ਮਾੜੇ ਪ੍ਰਬੰਧਾਂ ਅਤੇ ਅਸੁੱਰਖਿਅਤ ਮਾਹੌਲ ਵੱਲ ਵੀ ਧਿਆਨ ਖਿਚਿਆ ਹੈ। ਇਸ ਤੋਂ ਬਾਅਦ ਉਸ ਹਸਪਤਾਲ ਤੇ ਪੁਲਿਸ ਦੀ ਮੋਜੂਦਗੀ ਵਿੱਚ ਹਜ਼ਾਰਾਂ ਲੋਕਾਂ ਵਲੋਂ ਕੀਤੇ ਗਏ ਹਮਲੇ ਅਤੇ ਭੰਨ ਤੋੜ ਨੇ ਵੀ ਸੂਬਾ ਪ੍ਰਸ਼ਾਸਨ ਦੀ ਅਸਫਲਤਾ ਨੂੰ ਸਾਹਮਣੇ ਲਿਆਂਦਾ ਹੈ। ਹਾਲਾਤ ਦੀ ਨਾਜ਼ੁਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਕੋਲਕਾਤਾ ਹਾਈਕੋਰਟ ਨੇ ਇਸ ਹਮਲੇ ਦੀ ਘਟਨਾ ਨੂੰ ਸੁਬਾ ਸਰਕਾਰ ਦੀ ਅਸਫਲਤਾ ਕਰਾਰ ਦਿੰਦਿਆਂ ਪੂਰੇ ਪੁਲਿਸ ਤੰਤਰ ਅਤੇ ਸੂਬਾ ਪ੍ਰਸ਼ਾਸਨ ਨੂੰ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਟ੍ਰੇਨੀ ਡਾਕਟਰ ਦੀ ਹੱਤਿਆ ਮਾਮਲੇ ਨੂੰ ਭਾਂਵੇ ਕੋਲਕਾਤਾ ਹਾਈਕੋਰਟ ਨੇ ਸੀਬੀਆਈ ਨੂੰ ਸੋਂਪ ਦਿੱਤਾ ਹੈ ਪਰ ਇਸ ਮਾਮਲੇ ਨੂੰ ਲੈ ਕੇ ਸੱਤਾ ਧਿਰ ਅਤੇ ਵਿਰੋਧੀ ਧਿਰ ਵਲੋਂ ਰਾਜਸੀ ਲਾਹਾ ਲੈਣ ਦੀਆਂ ਕੋਸ਼ਿਸ਼ਾਂ ਕਿਸੇ ਵੀ ਪੱਖ ਤੋਂ ਸਹੀ ਨਹੀਂ ਹਨ। ਇਸ ਹਮਲੇ ਦੌਰਾਨ ਹਸਪਤਾਲ ਦੇ ਇਕ ਵੱਡੇ ਹਿੱਸੇ ਅਤੇ ਖਾਸ ਤੌਰ ਤੇ ਵਾਰਦਾਤ ਨਾਲ ਸਬੰਧਤ ਕਮਰੇ ਦੀ ਵੱਡੀ ਪੱਧਰ ਤੇ ਕੀਤੀ ਗਈ ਭੰਨਤੋੜ ਬਿਨ੍ਹਾਂ ਸ਼ੱਕ ਕਈ ਤਰ੍ਹਾਂ ਦੇ ਸ਼ੰਕਿਆਂ ਨੂੰ ਜਨਮ ਦਿੰਦੀ ਹੈ। ਭਾਰਤ ਦੀ ਇਹ ਬਦਕਿਸਮਤੀ ਹੈ ਕਿ ਬਲਾਤਕਾਰ ਵਰਗੀਆਂ ਘਟਨਾਵਾਂ ਖਿਲਾਫ ਫਾਂਸੀ ਦੀ ਸਜ਼ਾ ਦੀ ਵਿਵਸਥਾ ਕੀਤੇ ਜਾਣ ਦੇ ਬਾਵਜੂਦ ਦੇਸ਼ ਵਿੱਚ ਔਰਤਾਂ ਖਿਲਾਫ ਨਾ ਸਿਰਫ ਅਪਰਾਧਿਕ ਅੰਕੜੇ ਵਧੇ ਹਨ, ਸਗੋਂ ਬਲਾਤਕਾਰ ਅਤੇ ਹੱਤਿਆ ਵਰਗੀਆਂ ਘਟਨਾਵਾਂ ਵਿੱਚ ਵੀ ਕੋਈ ਕਮੀ ਆਉਂਦੀ ਦਿਖਾਈ ਨਹੀਂ ਦਿੰਦੀ। ਵੈਸੇ ਤਾਂ ਦੇਸ਼ ਵਿੱਚ ਔਰਤਾਂ ਦੇ ਵਿਰੁੱਧ ਅਪਰਾਧ ਅਤੇ ਬਲਾਤਕਾਰ ਵਰਗੀਆਂ ਘਟਨਾਵਾਂ ਸਦੀਆਂ ਤੋਂ ਹੁੰਦੀਆਂ ਆ ਰਹੀਆਂ ਹਨ, ਪਰ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਦਸੰਬਰ 2012 ਵਿੱਚ ਇਕ ਲੜਕੀ ਨਾਲ 6 ਲੋਕਾਂ ਵਲੋਂ ਕੀਤੇ ਗਏ ਬਲਾਤਕਾਰ ਅਤੇ ਫਿਰ ਹੱਤਿਆ ਵਾਲੇ ਨਿਰਭੈਆ ਕਾਂਡ ਨੇ ਪੂਰੇ ਦੇਸ਼ ਨੂੰ ਹੈਰਾਨ ਕਰਕੇ ਰੱਖ ਦਿੱਤਾ ਸੀ। ਇਸ ਘਟਨਾ ਤੋਂ ਬਾਅਦ ਹੀ ਅਜਿਹੇ ਘਿਨੌਉਣੇ ਅਪਰਾਧ ਲਈ ਮੌਤ ਦੀ ਸਜ਼ਾ ਦੀ ਸਖਤ ਵਿਵਸਥਾ ਕੀਤੀ ਗਈ ਸੀ, ਪਰ ਇੰਨਾ ਕੁਝ ਹੋਣ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਲਈ ਕੋਈ ਖਾਸ ਉਪਰਾਲੇ ਨਹੀਂ ਕੀਤੇ ਗਏ ਅਤੇ ਨਾ ਹੀ ਇਨ੍ਹਾਂ ਦੀ ਗਿਣਤੀ ਵਿੱਚ ਕੋਈ ਕਮੀ ਆਈ ਹੈ। ਕੋਲਕਾਤਾ ਵਾਲੀ ਘਟਨਾ ਵਾਪਰਨ ਤੋਂ ਬਾਅਦ ਹੀ ਉਤਰਾਖੰਡ ਦੇ ਰੁਦਰਪੁਰ ਦੇ ਇਕ ਨਿੱਜੀ ਹਸਪਤਾਲ ਦੀ ਨਰਸ ਨਾਲ ਹੋਏ ਜਬਰ ਜਨਾਹ ਅਤੇ ਅਪਰਾਧੀ ਵਲੋਂ ਬੇਰਹਿਮੀ ਨਾਲ ਪੀੜਤਾ ਦੇ ਸਿਰ ਨੂੰ ਭਾਰੀ ਪੱਥਰ ਨਾਲ ਕੁਚਲ ਕੇ ਉਸ ਦੀ ਹੱਤਿਆ ਕੀਤੇ ਜਾਣ ਦੀ ਖਬਰ ਦਿਲ ਦਹਿਲਾ ਦੇਣ ਵਾਲੀ ਹੈ। ਪੱਛਮੀ ਬੰਗਾਲ ਔਰਤਾਂ ਖਿਲਾਫ ਅਪਰਾਧਾਂ ਨੂੰ ਲੈ ਕੇ ਬੀਤੇ ਕਾਫੀ ਸਮੇਂ ਤੋਂ ਚਰਚਾ ਵਿੱਚ ਰਿਹਾ ਹੈ। ਸਾਲ 2022 ਵਿੱਚ ਉਥੇ ਔਰਤਾਂ ਖਿਲਾਫ ਜਬਰ ਜਨਾਹ ਦੀਆਂ 1111 ਘਟਨਾਵਾਂ ਦਰਜ ਹੋਈਆਂ ਹਨ। ਕੋਲਕਾਤਾ ਦੀ ਇਸ ਤਾਜ਼ਾ ਘਟਨਾ ਨੇ ਜਿਥੇ ਇਕ ਪਾਸੇ ਸੂਬਾ ਸਰਕਾਰ ਅਤੇ ਦੇਸ਼ ਦੇ ਪੂਰੇ ਸਿਆਸੀ ਤੰਤਰ ਤੇ ਅਸਫਲਤਾ ਦੇ ਸਵਾਲੀਆ ਨਿਸ਼ਾਨ ਲੱਗੇ ਹਨ। ਉਥੇ ਹਸਪਤਾਲਾਂ ਵਿੱਚ ਫੈਲੀ ਬਦਇੰਤਜ਼ਾਮੀ ਅਤੇ ਅਸੁਰੱਖਿਅਤ ਮਾਹੌਲ ਪ੍ਰਤੀ ਮੈਡੀਕਲ ਕਰਮਚਾਰੀਆਂ ਵਿੱਚ ਪੈਦਾ ਹੋਇਆ ਰੋਸ ਅਤੇ ਗੁੱਸਾ ਵੀ ਹੈਰਾਨ ਕਰਨ ਵਾਲਾ ਹੈ। ਇਨ੍ਹਾਂ ਕਾਰਨਾਂ ਤੋਂ ਇਲਾਵਾ ਔਰਤਾਂ ਵਿਰੁੱਧ ਅਪਰਾਧਾਂ ਨੂੰ ਲੈ ਕੇ ਦੇਸ਼ ਦੇ ਸਰਕਾਰੀ ਹਸਪਤਾਲਚਿਰਾਂ ਤੋਂ ਚਰਚਾ ਵਿਚ ਹਨ। ਮਹਿਲਾ ਮਰੀਜ਼ਾਂ ਅਤੇ ਮਹਿਲਾ ਸਟਾਫ ਦੇ ਵਿਰੁੱਧ ਸਰੀਰਕ ਸ਼ੋਸ਼ਣ ਦੇ ਅੰਕੜੇ ਪਿਛਲੇ ਕੁਝ ਸਾਲਾਂ ਵਿੱਚ ਆਮ ਅਪਰਾਧਾਂ ਨਾਲੋਂ ਚਾਰ ਗੁਣਾ ਵਧੇ ਹਨ। ਹਸਪਤਾਲਾਂ ਵਿੱਚ ਔਰਤਾਂ ਖਿਲਾਫ ਸ਼ਰੀਰਕ ਸ਼ੋਸ਼ਣ ਜਿਹੇ ਅਪਰਾਧਾਂ ਦ ਇਕ ਵੱਡੀ ਘਟਨਾ ਸਾਲ 1973 ਵਿੱਚ ਮੁੰਬਈ ਦੇ ਇਕ ਹਸਪਤਾਲ ਵਿੱਚ ਵਾਪਰੀ ਸੀ, ਜਬਰ ਜਨਾਹ ਤੋਂ ਬਾਅਦ ਇਕ ਸਟਾਫ ਨਰਸ ਲਗਾਤਾਰ 4 ਦਹਾਕੇ ਕੋੋਮਾ ਵਿੱਚ ਰਹੀ, ਉਸ ਦੀ ਮੌਤ 2015 ਵਿੱਚ ਹੋਈ ਸੀ। ਕੋਲਕਾਤਾ ਦੀ ਇਸ ਘਟਨਾ ਦੇ ਖਿਲਾਫ ਦੇਸ਼ ਭਰ ਦੇ ਡਾਕਟਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾ ਵਲੋਂ ਮੈਡੀਕਲ ਸੇਵਾਵਾਂ ਵੀ ਬੰਦ ਕੀਤੀਆਂ ਗਈਆਂ ਹਨ। ਉਨ੍ਹਾਂ ਵਲੋਂ ਹਸਪਤਾਲਾਂ ਵਿੱਚ ਡਾਕਟਰਾਂ ਦੀ ਸੁਰੱਖਿਆ ਯਕੀਨੀ ਬਣਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਇਸ ਘਟਨਾ ਦੇ ਦੋਸ਼ੀਆਂ ਨੂੰ ਫੜ੍ਹਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਿਆਸਤ ਤੋਂ ਗੁਰੇਜ਼ ਕਰਕੇ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।