MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਿਅੰਕਾ ਗਾਂਧੀ ਨੇ ਖੜਗੇ ਦਾ ਅਪਮਾਨ ਕਰਨ 'ਤੇ PM ਮੋਦੀ 'ਤੇ ਕੱਸਿਆ ਤੰਜ

 
ਨਵੀਂ ਦਿੱਲੀ : ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਮਲਿਕਾਅਰਜੁਨ ਖੜਗੇ ਦੇ ਪੱਤਰ ਦਾ ਜਵਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਮੁਖੀ ਜਗਤ ਪ੍ਰਕਾਸ਼ ਨੱਡਾ ਰਾਹੀਂ ਭੇਜਣਾ 82 ਸਾਲਾ ਖੜਗੇ ਦਾ ਅਪਮਾਨ ਹੈ। ਨੱਡਾ ਨੇ ਪਿਛਲੇ ਦਿਨਾਂ ਖੜਗੇ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿੱਖੇ ਪੱਤਰ ਦੇ ਜਵਾਬ ਵਿੱਚ ਵੀਰਵਾਰ ਨੂੰ ਕਾਂਗਰਸ ਪ੍ਰਧਾਨ ਨੂੰ ਇੱਕ ਪੱਤਰ ਲਿਖਕੇ ਦਾਅਵਾ ਕੀਤਾ ਸੀ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਰਾਜਨੀਤੀ ਦਾ 'ਫੇਲ ਉਤਪਾਦ' ਹੈ ਅਤੇ ਉਨ੍ਹਾਂ ਦੀ ਵਡਿਆਈ ਕਰਨਾ ਖੜਗੇ ਦੀ ਮਜਬੂਰੀ ਹੈ। ਖੜਗੇ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਮੰਗ ਕੀਤੀ ਸੀ ਕਿ ਪ੍ਰਧਾਨ ਮੰਤਰੀ ਰਾਹੁਲ ਗਾਂਧੀ ਖ਼ਿਲਾਫ਼ ਇਤਰਾਜ਼ਯੋਗ ਅਤੇ ਵਿਵਾਦਤ ਬਿਆਨ ਦੇਣ ਵਾਲੇ ਆਗੂਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ। ਪ੍ਰਿਯੰਕਾ ਗਾਂਧੀ ਨੇ 'ਐਕਸ' 'ਤੇ ਪੋਸਟ ਕੀਤਾ, 'ਭਾਜਪਾ ਦੇ ਕੁਝ ਨੇਤਾਵਾਂ ਅਤੇ ਮੰਤਰੀਆਂ ਦੇ ਬੇਤੁਕੇ ਅਤੇ ਹਿੰਸਕ ਬਿਆਨਾਂ ਦੇ ਮੱਦੇਨਜ਼ਰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਜੀਵਨ ਦੀ ਸੁਰੱਖਿਆ ਲਈ ਚਿੰਤਤ ਹੋ ਕੇ ਕਾਂਗਰਸ ਪ੍ਰਧਾਨ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ।' ਉਹਨਾਂ ਨੇ ਕਿਹਾ ਪ੍ਰਧਾਨ ਮੰਤਰੀ ਦੀ ਆਸਥਾ ਜੇਕਰ ਲੋਕਤਾਂਤਰਿਕ ਕਦਰਾਂ-ਕੀਮਤਾਂ, ਬਰਾਬਰ ਸੰਵਾਦ ਅਤੇ ਬਜ਼ੁਰਗਾਂ ਦੇ ਸਨਮਾਨ ਵਿੱਚ ਹੁੰਦੀ ਹੈ ਤਾਂ ਇਸ ਪੱਤਰ ਦਾ ਜਵਾਬ ਉਹ ਖੁਦ ਦੇਣਗੇ। ਇਸ ਦੀ ਬਜਾਏ ਉਹਨਾਂ ਨੇ ਨੱਡਾ ਜੀ ਨੂੰ ਇਕ ਘਟੀਆ ਅਤੇ ਹਮਲਾਵਰ ਕਿਸਮ ਦਾ ਜਵਾਬ ਲਿਖ ਕੇ ਭੇਜ ਦਿੱਤਾ। ਉਨ੍ਹਾਂ ਨੇ ਸਵਾਲ ਕੀਤਾ ਕਿ 82 ਸਾਲ ਦੇ ਸੀਨੀਅਰ ਜਨਤਕ ਨੇਤਾ ਦਾ ਨਿਰਾਦਰ ਕਰਨ ਦੀ ਕੀ ਆਖਿਰ ਕੀ ਲੋੜ ਸੀ? ਪ੍ਰਿਅੰਕਾ ਗਾਂਧੀ ਨੇ ਕਿਹਾ, 'ਲੋਕਤੰਤਰ ਦੀ ਪਰੰਪਰਾ ਅਤੇ ਸੱਭਿਆਚਾਰ ਸਵਾਲ ਪੁੱਛਣਾ ਅਤੇ ਗੱਲਬਾਤ ਕਰਨ ਵਿਚ ਹੁੰਦੀ ਹੈ। ਧਰਮ ਵਿੱਚ ਵੀ ਕੋਈ ਵੀ ਵਿਅਕਤੀ ਸਨਮਾਨ ਅਤੇ ਸ਼ਿਸ਼ਟਾਚਾਰ ਵਰਗੀਆਂ ਕਦਰਾਂ-ਕੀਮਤਾਂ ਤੋਂ ਉੱਪਰ ਨਹੀਂ ਹੈ।'  ਉਨ੍ਹਾਂ ਦਾ ਇਹ ਵੀ ਕਹਿਣਾ ਸੀ, ''ਅੱਜ ਦੀ ਰਾਜਨੀਤੀ ਵਿੱਚ ਬਹੁਤ ਜ਼ਹਿਰ ਘੁਲਿਆ ਹੋਇਆ ਹੈ। ਪ੍ਰਧਾਨ ਮੰਤਰੀ ਨੂੰ ਆਪਣੇ ਅਹੁਦੇ ਦੀ ਮਰਿਆਦਾ ਬਰਕਰਾਰ ਰੱਖਦੇ ਹੋਏ ਸੱਚਮੁੱਚ ਇੱਕ ਵੱਖਰੀ ਮਿਸਾਲ ਕਾਇਮ ਕਰਨੀ ਚਾਹੀਦੀ ਸੀ। ਜੇਕਰ ਉਹ ਆਪਣੇ ਕਿਸੇ ਸੀਨੀਅਰ ਸਾਥੀ ਸਿਆਸਤਦਾਨ ਦੀ ਚਿੱਠੀ ਦਾ ਸਤਿਕਾਰ ਨਾਲ ਜਵਾਬ ਦਿੰਦੇ ਤਾਂ ਲੋਕਾਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦਾ ਅਕਸ ਅਤੇ ਮਾਣ ਵਧ ਜਾਣਾ ਸੀ।'' ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਸਰਕਾਰ ਵਿੱਚ ਸਭ ਤੋਂ ਉੱਚੇ ਅਹੁਦਿਆਂ ’ਤੇ ਬੈਠੇ ਸਾਡੇ ਆਗੂਆਂ ਨੇ ਇਨ੍ਹਾਂ ਮਹਾਨ ਰਵਾਇਤਾਂ ਨੂੰ ਨਕਾਰ ਦਿੱਤਾ ਹੈ।