MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਮਿਆਂਮਾਰ ’ਚ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 3,085 ਹੋਈ, ਕੁਦਰਤੀ ਆਫ਼ਤ ’ਚ 4,715 ਲੋਕ ਜ਼ਖਮੀ ਹੋਏ, 341 ਲੋਕ ਅਜੇ ਵੀ ਗਾਇਬ


ਬੈਂਕਾਕ  : ਮਿਆਂਮਾਰ ’ਚ ਲਗਪਗ ਇਕ ਹਫ਼ਤਾ ਪਹਿਲਾਂ ਆਏ ਜ਼ਬਰਦਸਤ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵੀਰਵਾਰ ਨੂੰ 3,085 ਤੱਕ ਪਹੁੰਚ ਗਈ ਹੈ। ਫ਼ੌਜੀ ਪ੍ਰਸ਼ਾਸਨ ਮੁਤਾਬਕ, ਲਾਪਤਾ ਲੋਕਾਂ ਦੀ ਭਾਲ ਤੇ ਬਚਾਅ ਕਾਰਜਾਂ ’ਚ ਲੱਗੀਆਂ ਟੀਮਾਂ ਨੇ ਕਈ ਹੋਰ ਲਾਸ਼ਾਂ ਲੱਭੀਆਂ ਹਨ। ਦੂਜੇ ਪਾਸੇ, ਦੇਸ਼ ਦੇ ਮੌਸਮ ਵਿਗਿਆਨ ਵਿਭਾਗ ਮੁਤਾਬਕ, ਭੂਚਾਲ ਤੋਂ ਬਾਅਦ ਵੀਰਵਾਰ ਸਵੇਰ ਤੱਕ ਮਿਆਂਮਾਰ ’ਚ 2.8 ਤੋਂ 7.5 ਤੀਬਰਤਾ ਦੇ 66 ਝਟਕੇ ਮਹਿਸੂਸ ਕੀਤੇ ਗਏ ਹਨ। ਫ਼ੌਜ ਨੇ ਦੱਸਿਆ ਕਿ 4,715 ਲੋਕ ਜ਼ਖਮੀ ਹੋਏ ਹਨ ਤੇ 341 ਲੋਕ ਅਜੇ ਵੀ ਗਾਇਬ ਹਨ। ਮਿਆਂਮਾਰ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੰਡਲੇ ਦੇ ਨੇੜੇ ਕੇਂਦਰ ਬਿੰਦੂ ਵਾਲੇ 7.7 ਤੀਬਰਤਾ ਦੇ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। ਹਜ਼ਾਰਾਂ ਇਮਾਰਤਾਂ ਢਹਿ ਗਈਆਂ, ਸੜਕਾਂ ਤਬਾਹ ਹੋ ਗਈਆਂ ਤੇ ਕਈ ਖੇਤਰਾਂ ’ਚ ਪੁਲ ਟੁੱਟ ਗਏ। ਸਥਾਨਕ ਮੀਡੀਆ ਦੀ ਰਿਪੋਰਟਾਂ ’ਚ ਮਰਨ ਵਾਲਿਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਨਾਲੋਂ ਕਾਫੀ ਵੱਧ ਦੱਸੀ ਗਈ ਹੈ। ਦੂਰਸੰਚਾਰ ਸੇਵਾਵਾਂ ਰੁਕ ਜਾਣ ਕਾਰਨ ਕਈ ਸਥਾਨਾਂ ਤੱਕ ਪਹੁੰਚਣਾ ਮੁਸ਼ਕਲ ਹੋ ਗਿਆ ਹੈ। ਇਹ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਜਿਵੇਂ ਜਿਵੇਂ ਹੋਰ ਜਾਣਕਾਰੀ ਮਿਲੇਗੀ, ਇਹ ਗਿਣਤੀ ਤੇਜ਼ੀ ਨਾਲ ਵੱਧ ਸਕਦੀ ਹੈ। ਵਿਸ਼ਵ ਸਿਹਤ ਸੰਸਥਾ ਨੇ ਕਿਹਾ ਹੈ ਕਿ ਮੁੱਢਲੇ ਅੰਦਾਜ਼ੇ ਮੁਤਾਬਕ ਚਾਰ ਹਸਪਤਾਲ ਤੇ ਇਕ ਸਿਹਤ ਕੇਂਦਰ ਪੂਰੀ ਤਰ੍ਹਾਂ ਤਬਾਹ ਹੋ ਗਏ ਹਨ, ਜਦਕਿ ਹੋਰ 32 ਹਸਪਤਾਲ ਤੇ 18 ਸਿਹਤ ਕੇਂਦਰ ਅੰਸ਼ਕ ਤੌਰ ’ਤੇ ਨੁਕਸਾਨੇ ਗਏ ਹਨ। ਆਪ੍ਰੇਸ਼ਨ ਬ੍ਰਹਮਾ ਤਹਿਤ ਭਾਰਤ ਗੁਆਂਢੀ ਦੇਸ਼ ਦੀ ਪੂਰੀ ਮਦਦ ਕਰ ਰਿਹਾ ਹੈ। ਭਾਰਤੀ ਫ਼ੌਜ ਦਾ ਇਕ ਫੀਲਡ ਹਸਪਤਾਲ ਵੀ ਪ੍ਰਭਾਵਿਤ ਲੋਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਮਹਾਰਾਸ਼ਟਰ ਦੇ ਸੋਲਾਪੁਰ ’ਚ ਭੂਚਾਲ ਦੇ ਝਟਕੇ ਸੋਲਾਪੁਰ ਤੋਂ ਪੀਟੀਆਈ ਮੁਤਾਬਕ, ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਅਨੁਸਾਰ, ਵੀਰਵਾਰ ਨੂੰ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲੇ ਦੇ ਕੁਝ ਹਿੱਸਿਆਂ ਵਿਚ 2.6 ਤੀਬਰਤਾ ਦਾ ਭੂਚਾਲ ਆਇਆ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਦੇ ਜਾਨੀ ਨੁਕਸਾਨ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਮੁਤਾਬਕ ਭੂਚਾਲ ਸਵੇਰੇ 11:22 ਵਜੇ ਆਇਆ। ਇਸ ਦਾ ਕੇਂਦਰ ਸੋਲਾਪੁਰ ਦੇ ਸਾਂਗੋਲਾ ਖੇਤਰ ਦੇ ਨੇੜੇ ਪੰਜ ਕਿਲੋਮੀਟਰ ਦੀ ਡੂੰਘਾਈ ’ਤੇ ਸੀ।