ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਸਬੰਧੀ ਹੋਇਆ ਸਮਝੌਤਾ
ਅੰਮ੍ਰਿਤਸਰ, 5 ਅਪ੍ਰੈਲ ( ਜਗਪ੍ਰੀਤ ਸਿੰਘ )¸ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ ਵਿੱਦਿਅਕ ਮੌਕੇ ਪ੍ਰਦਾਨ ਕਰਨ ਸਬੰਧੀ ਅੱਜ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੀ ਮੌਜ਼ੂਦਗੀ ’ਚ ਖਾਲਸਾ ਕਾਲਜ ਫ਼ਾਰ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਇਕ ਸਮਝੌਤਾ ਪੱਤਰ ’ਤੇ ਦਸਤਖ਼ਤ ਕੀਤੇ ਗਏ। ਇਹ ਸਡਬਰੀ, ਓਨਟਾਰੀਓ ਵਿਖੇ ਸਥਿਤ ਲੌਰੇਂਸ਼ੀਅਨ ਯੂਨੀਵਰਸਿਟੀ, ਕੈਨੇਡਾ ’ਚ ਇਕ ਮੋਹਰੀ ਦੋਭਾਸ਼ੀ ਸੰਸਥਾ ਹੈ, ਜੋ ਸਿੱਖਿਆ, ਖੋਜ ਅਤੇ ਭਾਈਚਾਰਕ ਸ਼ਮੂਲੀਅਤ ’ਚ ਆਪਣੀ ਉੱਤਮਤਾ ਲਈ ਜਾਣੀ ਜਾਂਦੀ ਹੈ। ਉਕਤ ਸਮਝੌਤਾ ਖ਼ਾਲਸਾ ਯੂਨੀਵਰਸਿਟੀ ਦੇ ਅਕਾਦਮਿਕ ਡੀਨ ਡਾ. ਸੁਰਿੰਦਰ ਕੌਰ ਅਤੇ ਸ੍ਰੀ ਵੀਰੇਨ ਸਿੰਗਲ, ਗਲੋਬਲ ਸਟ੍ਰੈਟਜੀ ਐਂਡ ਰਿਕਰੂਟਮੈਂਟ ਪਾਰਟਨਰ ਹੈੱਡ, ਜੋ ਕਿ ਲੌਰੇਂਟੀਅਨ ਯੂਨੀਵਰਸਿਟੀ, ਸਡਬਰੀ, ਕੈਨੇਡਾ ਤੋਂ ਆਏ ਸਨ, ਦਰਮਿਆਨ ਗਵਰਨਿੰਗ ਕੌਂਸਲ ਦੇ ਦਫ਼ਤਰ ਵਿਖੇ ਸ: ਛੀਨਾ ਨਾਲ ਹਾਜ਼ਰ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ, ਡਾ. ਪਰਵਿੰਦਰ ਅਰੋੜਾ, ਫੈਕਲਟੀ ਡੀਨ ਆਫ਼ ਬਿਜ਼ਨਸ, ਆਰਤੀ ਰਾਵਤ, ਗਲੋਬਲ ਆਫੀਸ਼ੀਅਲ ਰਿਪ੍ਰੈਜ਼ੈਂਟੇਟਿਵ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ ਅਤੇ ਡਾ. ਸੁਮਨ ਨਈਅਰ, ਮੁਖੀ ਵਣਜ ਅਤੇ ਪ੍ਰਬੰਧਨ ਵਿਭਾਗ ਦੀ ਮੌਜੂਦਗੀ ’ਚ ਕੀਤਾ ਗਿਆ ਇਸ ਮੌਕੇ ਸ: ਛੀਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਕਤ ਯੂਨੀਵਰਸਿਟੀ ਇਕ ਗਤੀਸ਼ੀਲ ਸਿੱਖਣ ਦੇ ਮਾਹੌਲ ਨੂੰ ਉਤਸ਼ਾਹਿਤ ਕਰਦਿਆਂ ਆਪਣੇ ਅਕਾਦਮਿਕ ਅਤੇ ਖੋਜ ਯੋਗਦਾਨਾਂ ਰਾਹੀਂ ਵਿਸ਼ਵਵਿਆਪੀ ਪ੍ਰਭਾਵ ਪਾਉਂਦੀ ਹੋਈ ਖੇਤਰੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਕਿਹਾ ਕਿ ਬੀ. ਬੀ. ਏ. ਪ੍ਰੋਗਰਾਮ ’ਤੇ ਕੇਂਦ੍ਰਿਤ ਇਸ ਸਮਝੌਤਾ ’ਚ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮ, ਉਦਯੋਗ ਸਹਿਯੋਗ, ਸੰਯੁਕਤ ਖੋਜ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਨੂੰ ਇੰਟਰਨਸ਼ਿਪ, ਉੱਦਮਤਾ ਸਿਖਲਾਈ ਅਤੇ ਡਿਜੀਟਲ ਕਾਰੋਬਾਰੀ ਰਣਨੀਤੀਆਂ ਦੇ ਸੰਪਰਕ ਲਈ ਮੌਕੇ ਵੀ ਪ੍ਰਦਾਨ ਕਰੇਗਾ।ਇਸ ਮੌਕੇ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਹ ਸਾਂਝੇਦਾਰੀ ਵਿਸ਼ੇਸ਼ ਤੌਰ ’ਤੇ ਅੰਤਰਰਾਸ਼ਟਰੀ ਐਕਸਪੋਜ਼ਰ ਅਤੇ ਗਲੋਬਲ ਸਿੱਖਣ ਦੇ ਤਜ਼ਰਬਿਆਂ ਦੀ ਮੰਗ ਕਰਨ ਵਾਲੇ ਵਿਦਿਆਰਥੀਆਂ ਲਈ ਲਾਭਦਾਇਕ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦਾ ਪਾਠਕ੍ਰਮ ਨਵੀਂ ਸਿੱਖਿਆ ਨੀਤੀ-2020 ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਮੌਕੇ ਸ: ਗੁਨਬੀਰ ਸਿੰਘ ਨੇ ਉਕਤ ਸਮਝੌਤੇ ਨੂੰ ਦੋਹਾਂ ਸੰਸਥਾਵਾਂ ਲਈ ਫ਼ਾਇਦੇਮੰਦ ਦੱਸਦਿਆਂ ਕਿਹਾ ਕਿ ਪੰਜਾਬ ’ਚ ਵਿਦਿਆਰਥੀਆਂ ਦੇ ਸੁਨਿਹਰੇ ਭਵਿੱਖ ਲਈ ਇਹ ਜ਼ਿੰਮੇਵਾਰੀ ਖਾਲਸਾ ਕਾਲਜ ਫ਼ਾਰ ਵੂਮੈਨ ਦੇ ਹਿੱਸੇ ਆਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਸਿੰਗਲ ਦੁਆਰਾ ਪੂਰੇ ਪੰਜਾਬ ’ਚ ਉਕਤ ਸਮਝੌਤੇ ਲਈ ਸਿਰਫ਼ ਤੇ ਸਿਰਫ਼ ਉਕਤ ਲੜਕੀਆਂ ਦੇ ਖ਼ਾਲਸਾ ਕਾਲਜ ਨੂੰ ਪਹਿਲ ਦੇਣ ਦੀ ਸ਼ਰਤ ਤਹਿਤ ਕੀਤਾ ਗਿਆ ਹੈ, ਜਿਸ ਨੂੰ ਕਿਸੇ ਵੀ ਤਰ੍ਹਾਂ ਹੋਰ ਕਿਸੇ ਵਿੱਦਿਅਕ ਸੰਸਥਾ ਨਾਲ ਸਾਂਝਾ ਨਹੀਂ ਕੀਤਾ ਜਾਵੇਗਾ। ਇਸ ਮੌਕੇ ਸ੍ਰੀ ਸਿੰਗਲ ਨੇ ਇਤਿਹਾਸਕ ਖਾਲਸਾ ਕਾਲਜ ਦੀ ਖੂਬਸੂਬਤ ਇਮਾਰਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਕਤ ਸਮਝੌਤਾ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਵਿਦੇਸ਼ਾਂ ’ਚ ਆਪਣੇ ਮੁਕਾਮ ਨੂੰ ਹਾਸਲ ਕਰਨ ਲਈ ਲਾਹੇਵੰਦ ਸਾਬਿਤ ਹੋਵੇਗਾ। ਉਨ੍ਹਾਂ ਕਿਹਾ ਕਿ ਖਾਲਸਾ ਕਾਲਜ ਦੇ ਵਿਦਿਆਰਥੀ ਅੱਜ ਦੇਸ਼ ਦੇ ਕੋਨੋ-ਕੋਨੇ ’ਚ ਸ਼ਾਨਦਾਰ ਅਹੁੱਦਿਆਂ ’ਤੇ ਬਿਰਾਜਮਾਨ ਹਨ, ਜੋ ਕਿ ਕਾਬਿਲੇ ਤਾਰੀਫ਼ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਲਈ ਦੋਹਾਂ ਵਿੱਦਿਅਕ ਸੰਸਥਾਵਾਂ ਦੇ ਆਪਸੀ ਤਾਲਮੇਲ ਲਈ ਉਨ੍ਹਾਂ ਦੀ ਦਿਲੀ ਤਮੰਨਾ ਸੀ, ਜੋ ਅੱਜ ਪੂਰੀ ਹੋਈ ਹੈ। ਇਸ ਮੌਕੇ ਸ: ਛੀਨਾ ਨੇ ਸ: ਗੁਨਬੀਰ ਸਿੰਘ ਨਾਲ ਮਿਲ ਕੇ ਉਕਤ ਯੂਨੀਵਰਸਿਟੀ ਦੇ ਡਾ. ਸਿੰਗਲ ਸਮੇਤ ਹੋਰਨਾਂ ਪਤਵੰਤਿਆਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਅੰਡਰ ਸੈਕਟਰੀ ਡੀ. ਐਸ. ਰਟੌਲ, ਡਾ. ਰਿਤੂ ਧਵਨ ਆਦਿ ਹਾਜ਼ਰ ਸਨ।