ਮਾਤਾ ਗੁਜਰੀ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਵਿੱਦਿਅਕ ਦੌਰਾ
ਫ਼ਤਹਿਗੜ੍ਹ ਸਾਹਿਬ, 6 ਅਪ੍ਰੈਲ (ਹਰਪ੍ਰੀਤ ਕੌਰ ਟਿਵਾਣਾ) ਮਾਤਾ ਗੁਜਰੀ ਕਾਲਜ ਦੇ ਇਤਿਹਾਸ ਵਿਭਾਗ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਦੇ ਇਤਿਹਾਸਿਕ ਸਥਾਨਾਂ ਦਾ ਵਿੱਦਿਅਕ ਦੌਰਾ ਕਰਵਾਇਆ ਗਿਆ ਜਿਸ ਵਿੱਚ ਕਾਲਜ ਦੇ ਬੀ.ਏ. ਦੇ ਲਗਭਗ 40 ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਦੌਰੇ ਦੌਰਾਨ ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਅਤੇ ਡਾ. ਰਮਨਦੀਪ ਕੌਰ ਨੇ ਵਿਦਿਆਰਥੀਆਂ ਦੀ ਯੋਗ ਅਗਵਾਈ ਕੀਤੀ । ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਕੇ ਸਭ ਤੋਂ ਪਹਿਲਾਂ ਅਮੀਰ ਸਿੱਖ ਵਿਰਾਸਤ ਨੂੰ ਪ੍ਰਦਰਸ਼ਿਤ ਕਰਦਾ "ਵਿਰਾਸਤ-ਏ-ਖਾਲਸਾ" ਅਜਾਇਬ ਘਰ ਦਾ ਦੌਰਾ ਕੀਤਾ, ਜਿਸ ਵਿਚ ਵਿਦਿਆਰਥੀਆਂ ਨੂੰ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਤੋਂ ਜਾਣੂ ਹੋਣ ਦਾ ਅਵਸਰ ਮਿਲਿਆ। ਇਸ ਮਗਰੋਂ ਵਿਦਿਆਰਥੀਆਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੂਰੀ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ ਅਤੇ ਪੰਗਤ ਵਿੱਚ ਬੈਠ ਕੇ ਗੁਰੂ ਕਾ ਲੰਗਰ ਛਕਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੁਆਰਾ ਵਸਾਏ ਗਏ ਇਤਿਹਾਸਕ ਨਗਰ ਸ੍ਰੀ ਕੀਰਤਪੁਰ ਸਾਹਿਬ ਦੇ ਗੁਰਧਾਮਾਂ ਦੀ ਵੀ ਯਾਤਰਾ ਕੀਤੀ। ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਇਤਿਹਾਸ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅਜਿਹੇ ਵਿੱਦਿਅਕ ਦੌਰੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਧਾਰਮਿਕ ਵਿਰਸੇ ਅਤੇ ਮਹਾਨ ਇਤਿਹਾਸ ਨਾਲ ਜੋੜਦੇ ਹਨ ਜੋ ਉਨ੍ਹਾਂ ਦੇ ਅਧਿਆਤਮਕ ਅਤੇ ਸਰਵਪੱਖੀ ਵਿਕਾਸ ਵਿੱਚ ਸਹਾਈ ਸਿੱਧ ਹੁੰਦੇ ਹਨ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਭਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਇਸ ਤਰ੍ਹਾਂ ਦੇ ਵਿਦਿਅਕ ਦੌਰਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।