MediaPunjab
ਮੀਡੀਆ ਪੰਜਾਬ - ਰਾਸ਼ਟਰੀ ਖ਼ਬਰਾਂ

ਵਿਸਾਖੀ ਦਾ ਤਿਓਹਾਰ ਸਮੈਥਵਿਕ ਗੁਰਦੁਆਰਾ ਸਾਹਿਬ ਅਤੇ ਕੈਨਾਲ ਐਂਡ ਰਿਵਰ ਟਰੱਸਟ ਵਲੋਂ ਨਹਿਰ ਕਿਨਾਰੇ ਕੀਤਾ ਗਿਆ ਆਯੋਜਿਤ

 ਖਾਲਸਾ ਨੂੰ ਨਿਆਂ ਲਈ ਖੜ੍ਹੇ ਹੋਣ, ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਧਾਰਮਿਕਤਾ ਨੂੰ ਬਰਕਰਾਰ ਰੱਖਣ ਲਈ ਬਣਾਇਆ ਗਿਆ: ਕੁਲਦੀਪ ਸਿੰਘ ਦਿਓਲ

ਨਵੀਂ ਦਿੱਲੀ 10 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਖਾਲਸਾ ਪੰਥ ਦਾ ਸਾਜਨਾ ਦਿਵਸ ਵਿਸਾਖੀ ਦਾ ਤਿਓਹਾਰ ਮਨਾਉਣ ਦਾ ਇਕ ਵਿਸ਼ੇਸ਼ ਪ੍ਰੋਗਰਾਮ, ਯੂਕੇ ਦੇ ਸਮੈਥਵਿਕ ਗੁਰਦੁਆਰਾ ਸਾਹਿਬ ਅਤੇ ਕੈਨਾਲ ਐਂਡ ਰਿਵਰ ਟਰੱਸਟ ਵਲੋਂ ਨਹਿਰ ਕਿਨਾਰੇ ਆਯੋਜਿਤ ਕੀਤਾ ਗਿਆ ਜੋ ਕਿ ਪ੍ਰਬੰਧਕਾਂ ਵਲੋਂ ਇੱਕ ਸ਼ਾਨਦਾਰ ਨਿਵੇਕਲੀ ਸਫਲਤਾ ਸੀ। ਕੈਨਾਲ ਐਂਡ ਰਿਵਰ ਟਰੱਸਟ ਅਤੇ ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੁਆਰਾ ਸਾਂਝੇਦਾਰੀ ਵਿੱਚ ਆਯੋਜਿਤ, ਇਹ ਪ੍ਰੋਗਰਾਮ ਟੋਲ ਹਾਊਸ (ਬ੍ਰਿਜ ਸਟਰੀਟ ਨੌਰਥ, ਸਮੈਥਵਿਕ ਰਾਹੀਂ ਨਹਿਰ ਦਾ ਪ੍ਰਵੇਸ਼ ਦੁਆਰ) ਦੇ ਨੇੜੇ ਹੋਇਆ ਅਤੇ ਇਸ ਵਿਚ ਸਾਰੇ ਧਰਮਾਂ ਦੇ ਪਰਿਵਾਰਾਂ ਅਤੇ ਸੈਲਾਨੀਆਂ ਦਾ ਸਵਾਗਤ ਕੀਤਾ ਗਿਆ। ਇਹ ਦਿਨ ਹਰ ਉਮਰ ਲਈ ਮੁਫਤ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ, ਜਿਸ ਵਿੱਚ ਉਛਾਲ ਭਰਨੀਆਂ, ਰੱਸਾਕਸ਼ੀ, ਕਾਇਆਕਿੰਗ, ਪ੍ਰੇਰਨਾਦਾਇਕ ਵਿਸਾਖੀ ਭਾਸ਼ਣ ਉਪਰੰਤ ਲੰਗਰ ਸਾਰੇ ਹਾਜ਼ਰੀਨ ਨੂੰ ਦਿੱਤਾ ਜਾਂਦਾ ਹੈ ਜੋ ਕਿ ਸਿੱਖ ਪਰੰਪਰਾ ਦੀ ਨਿਰਸਵਾਰਥ ਸੇਵਾ ਨੂੰ ਜਾਰੀ ਰੱਖਦਾ ਹੈ। ਇਸ ਸਮਾਗਮ ਵਿੱਚ ਬੋਲਦਿਆਂ, ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਦੇ ਪ੍ਰਧਾਨ ਕੁਲਦੀਪ ਸਿੰਘ ਦਿਓਲ ਨੇ ਕਿਹਾ ਕਿ ਕੁਦਰਤ ਸਿੱਖ ਧਰਮ ਦਾ ਕੇਂਦਰ ਹੈ, ਅਤੇ ਸਾਨੂੰ ਆਪਣੇ ਵਾਤਾਵਰਣ ਦਾ ਸਤਿਕਾਰ ਕਰਨਾ ਅਤੇ ਉਨ੍ਹਾਂ ਦੀ ਦੇਖਭਾਲ ਕਰਨਾ ਸਿਖਾਇਆ ਜਾਂਦਾ ਹੈ। ਇਸ ਤਰ੍ਹਾਂ ਦੇ ਸਮਾਗਮ ਵੱਖ ਵੱਖ ਭਾਈਚਾਰੇ ਨੂੰ  ਉਨ੍ਹਾਂ ਦੇ ਪਿਛੋਕੜ ਦੀ ਪਰਵਾਹ ਕੀਤੇ ਬਿਨਾਂ ਕੁਦਰਤ ਨਾਲ ਜੋੜਨ ਵਿੱਚ ਮਦਦ ਕਰਦੇ ਹਨ, ਅਤੇ ਸਾਨੂੰ ਬਰਮਿੰਘਮ ਵਰਗੇ ਭੀੜ-ਭੜੱਕੇ ਵਾਲੇ ਸ਼ਹਿਰ ਦੇ ਦਿਲ ਵਿੱਚ ਵੀ ਮੌਜੂਦ ਸੁੰਦਰਤਾ ਅਤੇ ਸ਼ਾਂਤੀ ਦੀ ਯਾਦ ਦਿਵਾਉਂਦੇ ਹਨ। ਅਸੀਂ ਕੈਨਾਲ ਐਂਡ ਰਿਵਰ ਟਰੱਸਟ ਅਤੇ ਉਨ੍ਹਾਂ ਦੇ ਸਮਰਪਿਤ ਵਲੰਟੀਅਰਾਂ ਦੇ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਇਸ ਦਿਨ ਨੂੰ ਭਾਈਚਾਰੇ ਲਈ ਯਾਦਗਾਰੀ ਬਣਾਉਣ ਲਈ ਸਾਡੇ ਨਾਲ ਭਾਈਵਾਲੀ ਕੀਤੀ। ਉਨ੍ਹਾਂ ਵਿਸਾਖੀ ਬਾਰੇ ਹਾਜ਼ਰੀਨ ਸੰਗਤਾਂ ਨੂੰ ਦਸਦੇ ਹੋਏ ਕਿਹਾ ਕਿ ਸਿੱਖ ਕੈਲੰਡਰ ਵਿੱਚ ਵਿਸਾਖੀ ਇੱਕ ਮਹੱਤਵਪੂਰਨ ਤਿਓਹਾਰ ਹੈ, ਜੋ 1699 ਵਿੱਚ 10ਵੇਂ ਗੁਰੂ, ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖਾਲਸਾ ਦੇ ਗਠਨ ਦੀ ਯਾਦ ਦਿਵਾਉਂਦਾ ਹੈ। ਖਾਲਸਾ ਨੂੰ ਨਿਆਂ ਲਈ ਖੜ੍ਹੇ ਹੋਣ, ਕਮਜ਼ੋਰਾਂ ਦੀ ਰੱਖਿਆ ਕਰਨ ਅਤੇ ਧਾਰਮਿਕਤਾ ਨੂੰ ਬਰਕਰਾਰ ਰੱਖਣ ਲਈ ਬਣਾਇਆ ਗਿਆ ਸੀ। ਵਿਸਾਖੀ ਸਿੱਖ ਧਰਮ ਦੇ ਜਨਮ ਸਥਾਨ, ਪੰਜਾਬ ਵਿੱਚ ਰਵਾਇਤੀ ਵਾਢੀ ਦੇ ਤਿਉਹਾਰ ਨੂੰ ਵੀ ਦਰਸਾਉਂਦੀ ਹੈ। ਗੁਰੂ ਨਾਨਕ ਗੁਰਦੁਆਰਾ ਸਮੈਥਵਿਕ ਲੋਕਾਂ ਨੂੰ ਇਕੱਠੇ ਲਿਆਉਣ, ਏਕਤਾ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਾਸ ਅਤੇ ਸੱਭਿਆਚਾਰ ਨੂੰ ਇੱਕ ਸਮਾਵੇਸ਼ੀ, ਸਵਾਗਤਯੋਗ ਤਰੀਕੇ ਨਾਲ ਮਨਾਉਣ ਲਈ ਵਚਨਬੱਧ ਹੈ।

 11 April, 2025

ਲਿਬਰਲ ਪਾਰਟੀ ਉਮੀਦੁਆਰ ਸੁਮੀਰ ਜੁਬੇਰੀ ਨੇ ਸਿੱਖ ਪੰਜਾਬੀ ਭਾਈਚਾਰੇ ਨਾਲ ਮੁਲਾਕਾਤ ਕਰ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ 

ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਵਲੋਂ ਰਖੀ ਗਈ ਸੀ ਚੋਣ ਪ੍ਰਚਾਰ ਮੌਕੇ ਵਿਸ਼ੇਸ਼ ਮੁਲਾਕਾਤ

ਨਵੀਂ ਦਿੱਲੀ 10 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):-  ਕੈਨੇਡਾ ਵਿਖੇ 28 ਅਪ੍ਰੈਲ ਨੂੰ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਹੋਣ ਜਾ ਰਹੇ ਹਨ ਤੇ ਕੈਨੇਡੀਅਨ ਚੋਣਾਂ ਵਿੱਚ ਪੰਜਾਬੀ ਭਾਈਚਾਰੇ ਦਾ ਕਾਫੀ ਵੱਡਾ ਯੋਗਦਾਨ ਬਣ ਚੁਕਿਆ ਹੈ ਜਿਸ ਕਰਕੇ ਚੋਣ ਉੱਮੀਦੁਆਰਾਂ ਦੀਆਂ ਨਜਰਾਂ ਪੰਜਾਬੀ ਭਾਈਚਾਰੇ ਉਪਰ ਰਹਿੰਦੀਆਂ ਹਨ । ਪੰਜਾਬੀ ਹੈਲਥ ਐਂਡ ਐਜੂਕੇਸ਼ਨ ਆਰਗੇਨਾਈਜ਼ੇਸ਼ਨ ਜੋ ਪਿਛਲੇ ਕਈ ਸਾਲਾਂ ਤੋਂ ਕੈਨੇਡਾ ਦੇ ਮੌਂਟਰੀਆਲ ਵਿਖੇ ਪੰਜਾਬੀ ਭਾਈਚਾਰੇ ਲਈ ਅਣਥੱਕ ਸੇਵਾ ਕਰ ਰਹੇ ਹਨ ਵਲੋਂ ਡੀਡੀਓ ਖੇਤਰ ਤੋਂ ਮੈਂਬਰ ਪਾਰਲੀਮੈਂਟ ਰਹਿ ਚੁੱਕੇ ਅਤੇ ਲਿਬਰਲ ਪਾਰਟੀ ਤੋਂ ਮੌਜੂਦਾ ਉਮੀਦੁਆਰ ਸੁਮੀਰ ਜੁਬੇਰੀ ਦਾ ਸੰਸਥਾ ਦੇ ਮੈਂਬਰਾਂ ਵੱਲੋਂ ਸੁਆਗਤ ਕੀਤਾ ਗਿਆ । ਮੌਂਟਰੀਆਲ ਤੋਂ ਮੀਟਿੰਗ ਵਿਚ ਹਾਜਿਰ ਮਨਿੰਦਰ ਵਲੋਂ ਭੇਜੀ ਗਈ ਰਿਪੋਰਟ ਮੁਤਾਬਿਕ ਸੁਮੀਰ ਜੁਬੇਰੀ ਨੇ ਸੰਸਥਾ ਦੇ ਮੈਂਬਰਾਂ ਅਤੇ ਜਨਤਾ ਨਾਲ ਇਕ ਆਮ ਮਿਲਣੀ ਦੌਰਾਨ ਲਿਬਰਲ ਪਾਰਟੀ ਦੀਆਂ ਉਪਲਬਧੀਆਂ ਤੇ ਅਗਲੇ ਪ੍ਰੋਗਰਾਮ ਦੇ ਬਾਰੇ ਚਾਨਣ ਪਾਉਂਦਿਆਂ ਦੱਸਿਆ ਕਿ ਅਸੀਂ ਪੰਜਾਬੀ ਭਾਈਚਾਰੇ ਨਾਲ ਸੁੱਖ ਦੁੱਖ ਵਿੱਚ ਉਹਨਾਂ ਨਾਲ ਚਟਾਨ ਵਾਂਗ ਖੜੇ ਹੋਏ ਹਾਂ ਤੇ ਓਹਨਾ ਦੀ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ। ਇਸ ਮੌਕੇ ਆਰਗਨਾਈਜੇਸ਼ਨ ਦੇ ਪ੍ਰਧਾਨ ਤਰਨਤੇਜ ਸਿੰਘ ਹੁੰਦਲ ਨੇ ਦਸਿਆ ਕੀ ਕੈਨੇਡਾ ਦੇ ਨਵੇ ਬਣਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਹੁਤ ਵਧੀਆ ਸ਼ਖਸ਼ੀਅਤ ਹਨ। ਲਖਵਿੰਦਰ ਸਿੰਘ ਉੱਪਲ ਨੇ ਕੈਨੇਡਾ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਲਿਬਰਲ ਪਾਰਟੀ ਦੀ ਸਪੋਰਟ  ਕਰਨ ਅਪੀਲ ਕੀਤੀ | ਇਸ ਮੌਕੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਵੇਰਵਾ, ਡਾ. ਰਾਹੁਲ ਗਾਵਰੀ ਨੇ ਮੈਂਬਰ ਪਾਰਲੀਮੈਂਟ ਸੁਮੀਰ ਜੁਬੇਰੀ ਨੂੰ ਜਾਣੂ ਕਰਵਾਇਆ ਜਿਨ੍ਹਾਂ ਨੂੰ ਜੁਬੇਰੀ ਨੇ ਬਹੁਤ ਧਿਆਨ ਨਾਲ ਸੁਣਿਆ ਤੇ ਇੰਨ੍ਹਾ ਦਾ ਹੱਲ ਕਰਵਾਣ ਦਾ ਭਰੋਸਾ ਦਿਵਾਇਆ ।ਆਰਗੇਨਾਈਜੇਸ਼ਨ ਦੇ ਡਾਇਰੈਕਟਰ ਦਲਵਿੰਦਰ ਕੌਰ ਔਲਖ, ਕਪਿਲ ਦੇਵ, ਜੋਗਿੰਦਰ ਸਿੰਘ ਸਿੱਧੂ, ਅੰਮਿ੍ਤਪਾਲ ਕੌਰ, ਮੰਜੂ ਚੋਪੜਾ ਅਤੇ ਪੰਜਾਬੀ ਭਾਈਚਾਰੇ ਨੇ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਦਾ ਵਾਇਦਾ ਕੀਤਾ। ਅੰਤ ਵਿਚ ਸੰਸਥਾ ਵਲੋਂ ਮੀਟਿੰਗ ਵਿੱਚ ਆਏ ਮੈਂਬਰਾਂ ਤੇ ਲੋਕਾਂ ਦਾ ਧੰਨਵਾਦ ਕੀਤਾ ਗਿਆ ।

 11 April, 2025

ਖ਼ਾਲਸਾ ਸਾਜਨਾ ਦਿਵਸ 'ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੀ ਪੰਥਕ ਕਾਨਫਰੰਸ ਵਿੱਚ ਹੋਵੇਗਾ ਬੇਮਿਸਾਲ ਇਕੱਠ : ਅਮਨਦੀਪ ਸਿੰਘ ਡੱਡੂਆਣਾਂ, ਸ਼ਮਸ਼ੇਰ ਸਿੰਘ ਪੱਧਰੀ

 ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ 13 ਅਪ੍ਰੈਲ ਦੀ ਪੰਥਕ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ

ਨਵੀਂ ਦਿੱਲੀ, 9 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਖ਼ਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਤੇ ਸ਼ੁਭ ਦਿਹਾੜੇ ਨੂੰ ਸਮਰਪਿਤ 13 ਅਪ੍ਰੈਲ 2025 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਪੰਥਕ ਕਾਨਫਰੰਸ ਨੂੰ ਇਤਿਹਾਸਕ ਤੇ ਕਾਮਯਾਬ ਬਣਾਉਣ ਲਈ ਤਿਆਰੀਆਂ ਪੂਰੇ ਜੋਰ-ਸ਼ੋਰ ਨਾਲ ਸ਼ੁਰੂ ਹੋ ਚੁੱਕੀਆਂ ਹਨ। ਇਸ ਮਹਾਨ ਉਦੇਸ਼ ਦੀ ਪੂਰਤੀ ਲਈ, ਅੱਜ ਅੰਮ੍ਰਿਤਸਰ ਸ਼ਹਿਰ ਵਿੱਚ ਇੱਕ ਵਿਸ਼ੇਸ਼ ਸ਼ਹਿਰੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਜਿਲਾ ਅਬਜ਼ਰਵਰ ਭਾਈ ਅਮਨਦੀਪ ਸਿੰਘ ਡੱਡੂਆਣਾਂ, ਕਾਰਜਕਾਰੀ ਮੈਂਬਰ ਭਾਈ ਸ਼ਮਸ਼ੇਰ ਸਿੰਘ ਪੱਧਰੀ, ਭਾਈ ਦਯਾ ਸਿੰਘ ਜੀ, ਭਾਈ ਸਵਰਨ ਸਿੰਘ ਜੀ ਗੋਲਡਨ, ਭਾਈ ਬਲਜੀਤ ਸਿੰਘ ਜੀ ਚਾਟੀਵਿੰਡ ਤੇ ਉਹਨਾਂ ਦੇ ਸਾਥੀ, ਭਾਈ ਸੋਨਾ ਸਿੰਘ ਜੀ ਸ਼ਹੂਰਾ, ਭਾਈ ਸੁਖਬੀਰ ਸਿੰਘ ਜੀ ਚੀਮਾਂ, ਭਾਈ ਰਘੁਬੀਰ ਸਿੰਘ ਜੀ ਭੁੱਚਰ, ਭਾਈ ਅਜੈ ਸਿੰਘ ਜੀ, ਭਾਈ ਹਰਿੰਦਰਪਾਲ ਸਿੰਘ ਜੀ ਬਾਗੀ, ਭਾਈ ਕੁਲਵਿੰਦਰ ਸਿੰਘ ਜੀ ਗੁਰੂ ਕੀ ਵਡਾਲੀ, ਡਾਕਟਰ ਅਤੁੱਲ ਜੀ, ਅਮਨਪ੍ਰੀਤ ਸਿੰਘ, ਸੁਖਪ੍ਰੀਤ ਸਿੰਘ ਹਜਰਾਂ, ਜਸਪਾਲ ਸਿੰਘ ਸਾਹਬੀ, ਬਾਬਾ ਕੰਵਲਜੀਤ ਸਿੰਘ, ਜਗੀਰ ਸਿੰਘ, ਲਖਵਿੰਦਰ ਸਿੰਘ, ਭਾਈ ਪਰਮਜੀਤ ਸਿੰਘ, ਦਲੀਪ ਸਿੰਘ ਚਾਟੀਵਿੰਡ, ਮੇਜਰ ਸਿੰਘ ਚਾਟੀਵਿੰਡ, ਕਰਨੈਲ ਸਿੰਘ ਚਾਟੀਵਿੰਡ, ਡਾਕਟਰ ਦਲਬੀਰ ਸਿੰਘ ਅਤੇ ਹੋਰ ਵਰਕਰ ਸਾਹਿਬਾਨ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੀ ਭਾਗੀਦਾਰੀ ਅਤੇ ਇੱਕਮੁੱਠਤਾ ਦਾ ਸਬੂਤ ਦਿੱਤਾ। ਇਸ ਮੀਟਿੰਗ ਦੌਰਾਨ ਆਗੂਆਂ ਨੇ ਇਸ ਗੱਲ 'ਤੇ ਵਿਸ਼ੇਸ਼ ਜ਼ੋਰ ਦਿੱਤਾ ਕਿ 13 ਅਪ੍ਰੈਲ ਦੀ ਇਹ ਪੰਥਕ ਕਾਨਫਰੰਸ ਸਿਰਫ਼ ਇੱਕ ਸਮਾਗਮ ਨਹੀਂ, ਸਗੋਂ ਖ਼ਾਲਸਾ ਪੰਥ ਦੀ ਅਟੁੱਟ ਏਕਤਾ ਅਤੇ ਸ਼ਕਤੀ ਦਾ ਪ੍ਰਤੀਕ ਬਣੇਗੀ। ਇਸ ਦੇ ਨਾਲ ਹੀ ਮੀਟਿੰਗ ਵਿੱਚ ਹਾਜਰ ਆਏ ਮੈਂਬਰਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਸਮੇਤ ਸਮੂਹ ਨਿਰਦੋਸ਼ ਸਿੱਖ ਕੈਦੀਆਂ ਦੀ ਰਿਹਾਈ ਸਬੰਧੀ ਵਿਚਾਰਾਂ ਕੀਤੀਆ। ਮੀਟਿੰਗ ਵਿੱਚ ਸ਼ਾਮਲ ਆਗੂਆਂ ਅਤੇ ਵਰਕਰਾਂ ਨੇ ਇੱਕ ਸੁਰ ਵਿੱਚ ਅਪੀਲ ਕੀਤੀ ਕਿ ਸਰਬੱਤ ਪੰਥਕ ਪਿਆਰੇ 13 ਅਪ੍ਰੈਲ 2025 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਇਸ ਇਤਿਹਾਸਕ ਮੌਕੇ ਨੂੰ ਖ਼ਾਲਸਾ ਪੰਥ ਦੇ ਸਰਬ-ਸੰਮਤ ਇਕੱਠ ਵਜੋਂ ਦਰਜ ਕਰਵਾਉਣ। ਇਹ ਸਮਾਗਮ ਸਿੱਖ ਕੌਮ ਦੀ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਬਣੇਗਾ ਅਤੇ ਪੰਥਕ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਅਕਾਲੀ ਦਲ ਵਾਰਿਸ ਪੰਜਾਬ ਦੇ ਨੁਮਾਇੰਦਿਆਂ ਨੇ ਆਪਣੇਂ ਵਿਚਾਰ ਰੱਖਦਿਆਂ ਇਹ ਵੀ ਕਿਹਾ ਕਿ ਇਹ ਕਾਨਫਰੰਸ ਸਿੱਖ ਸੰਘਰਸ਼ ਦੀ ਨਵੀਂ ਲਹਿਰ ਦੀ ਸੂਤਰਧਾਰ ਬਣੇਗੀ, ਜਿਸ ਵਿੱਚ ਖ਼ਾਲਸਾ ਪੰਥ ਦੀ ਏਕਤਾ ਅਤੇ ਸ਼ਕਤੀ ਨੂੰ ਨਵਾਂ ਰੰਗ ਅਤੇ ਨਵੀਂ ਦਿਸ਼ਾ ਮਿਲੇਗੀ। ਅੰਤ ਵਿੱਚ, ਸਮੂਹ ਮੈਂਬਰਾਂ ਨੇ ਇੱਕ ਸਾਂਝੇ ਸੰਕਲਪ ਨਾਲ ਇਹ ਪ੍ਰਣ ਲਿਆ ਕਿ 13 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲਾ ਇਹ ਇਕੱਠ ਸਿਰਫ਼ ਇੱਕ ਸਮਾਗਮ ਨਹੀਂ ਹੋਵੇਗਾ, ਸਗੋਂ ਖ਼ਾਲਸਾ ਪੰਥ ਦੇ ਗੌਰਵਮਈ ਇਤਿਹਾਸ ਨੂੰ ਨਵੇਂ ਸਿਰੇ ਤੋਂ ਜਗਾਉਣ ਅਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਇੱਕ ਮਜ਼ਬੂਤ ਆਧਾਰ ਬਣੇਗਾ। ਉਹਨਾਂ ਕਿਹਾ ਕਿ ਆਓ, ਇਸ 13 ਅਪ੍ਰੈਲ ਨੂੰ ਅਸੀਂ ਸਾਰੇ ਮਿਲ ਕੇ ਇੱਕ ਨਵੀਂ ਤੇ ਸ਼ਕਤੀਸ਼ਾਲੀ ਲਹਿਰ ਖੜ੍ਹੀ ਕਰੀਏ।

 10 April, 2025
  • Facebook
  • Twitter
  • Youtube
  • RSS
  • Pinterest


ਮੀਡੀਆ ਪੰਜਾਬ ਦੀਆਂ ਤਾਜ਼ੀਆਂ ਖ਼ਬਰਾਂ