ਮੇਲਿਆਂ ਦੇ ਬਾਦਸ਼ਾਹ ਅੰਤਰਰਾਸ਼ਟਰੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦਾ ਕੀਤਾ ਸਨਮਾਨ :
ਜਗਰਾਉ, 27,ਅਪ੍ਰੈਲ ( ਰਛਪਾਲ ਸਿੰਘ ਸ਼ੇਰਪੁਰੀ) : ਮੇਲਿਆਂ ਦੇ ਬਾਦਸ਼ਾਹ, ਅੰਤਰਰਾਸ਼ਟਰੀ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਪੰਜਾਬੀ ਸਭਿਆਚਾਰ ਦੀ ਦੇਣ , ਸਮਾਜਸੇਵਾ ਅਤੇ ਲੋਕ ਪ੍ਰਸਿੱਧੀ ਨੂੰ ਦੇਖਦਿਆਂ ਭਾਰਤੀ ਡਾਕ ਵਿਭਾਗ (ਭਾਰਤ ਸਰਕਾਰ) ਵਲੋਂ ਉਨ੍ਹਾਂ ਦੇ ਨਾਮ ਅਤੇ ਤਸਵੀਰ ਵਾਲੀ ਡਾਕ ਟਿਕਟ ਜਾਰੀ ਕੀਤੀ ਗਈ ਹੈ। ਇਹ ਪੂਰੇ ਪੰਜਾਬ ਖਾਸਕਰ ਕਰਤਾਰਪੁਰ ਇਲਾਕੇ ਲਈ ਮਾਣ ਦੀ ਗੱਲ ਹੈ ਕਿ ਪੰਜਾਬ ਦੇ ਕਿਸੇ ਗਾਇਕ ਦੇ ਨਾਮ ਦੀ ਭਾਰਤੀ ਡਾਕ ਵਿਭਾਗ ਵੱਲੋਂ ਟਿਕਟ ਜਾਰੀ ਕੀਤੀ ਹੋਵੇ। ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਸੰਤ ਬਾਬਾ ਨਿਰਮਲ ਦਾਸ ਜੀ ( ਬਾਬੇ ਜੋੜੇ) ਰਾਏਪੁਰ ਰਸੂਲਪੁਰ ( ਜਲੰਧਰ) ਜੀ ਦੀ ਸਰਪ੍ਰਸਤੀ ਅਤੇ ਸ. ਕਰਮਪਾਲ ਸਿੰਘ ਢਿੱਲੋਂ ਜੀ ਦੀ ਪ੍ਰਧਾਨਗੀ ਹੇਠ ਚੱਲ ਰਹੀ ਇੰਡੀਅਨ ਕਲਚਰਲ ਐਸੋਸੀਏਸ਼ਨ (ਰਜਿ:) ਜਲੰਧਰ ਵੱਲੋਂ ਅੱਜ ਕਰਤਾਰਪੁਰ ਵਿੱਖੇ ਢਿੱਲੋਂ ਫਾਰਮ ਵਿਖੇ ਇੱਕ ਸਮਾਗਮ ਦੌਰਾਨ ਦਲਵਿੰਦਰ ਦਿਆਲਪੁਰੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਸ. ਕਰਮਪਾਲ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਐਸੋਸੀਏਸ਼ਨ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਐਸੋਸੀਏਸ਼ਨ ਦੇ ਇਸ ਕਲਾਕਾਰ ਨੂੰ ਇੰਨੀ ਵੱਡੀ ਪ੍ਰਾਪਤੀ ਹੋਈ ਹੈ। ਇਸ ਮੌਕੇ ਐਸੋਸੀਏਸ਼ਨ ਦੇ ਜ. ਸੈਕਟਰੀ ਭੈਣ ਸੰਤੋਸ਼ ਕੁਮਾਰੀ ਜੀ ਨੇ ਸੰਤ ਬਾਬਾ ਨਿਰਮਲ ਦਾਸ ਜੀ (ਬਾਬੇ ਜੋੜੇ) ਵੱਲੋਂ ਭੇਜਿਆ ਅਸ਼ੀਰਵਾਦ ਸੰਦੇਸ਼ ਅਤੇ ਵਧਾਈ ਸੰਦੇਸ਼ ਦਲਵਿੰਦਰ ਦਿਆਲਪੁਰੀ ਨੂੰ ਭੇਜਦਿਆਂ ਉਨ੍ਹਾਂ ਲਈ ਭਵਿੱਖ ਲਈ ਵੀ ਸਫਲਤਾ ਦੀ ਕਾਮਨਾ ਕੀਤੀ। ਇਸ ਮੌਕੇ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਅਤੇ ਯੂਥ ਸੇਵਾਵਾਂ ਜਲੰਧਰ ਦੇ ਸਹਾਇਕ ਡਾਇਰੈਕਟਰ ਸ਼੍ਰੀ ਰਵੀ ਦਾਰਾ ਜੀ ਨੇ ਆਪਣੇ ਸੰਬੋਧਨ ਵਿੱਚ ਦਲਵਿੰਦਰ ਦਿਆਲਪੁਰੀ ਦੀ ਇਸ ਪ੍ਰਾਪਤੀ ਤੇ ਵਧਾਈ ਦਿੰਦਿਆਂ ਆਖਿਆ ਕਿ ਦਿਆਲਪੁਰੀ ਪੰਜਾਬ ਦਾ ਇੱਕੋ ਇੱਕ ਕਲਾਕਾਰ ਹੈ ਜੋ ਹਰ ਇੱਕ ਦੇ ਦੁੱਖ ਵਿੱਚ ਸਾਥ ਦਿੰਦਾ ਹੈ। ਇਸ ਮੌਕੇ ਹਾਜ਼ਰ ਮਹਿਮਾਨਾਂ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸ. ਗੁਰਦੀਪ ਸਿੰਘ ਮਿੰਟੂ, ਅਰਵਿੰਦ ਢੱਡਾ, ਮਾਰਕੀਟ ਕਮੇਟੀ ਜਲੰਧਰ ਦੇ ਸਾਬਕਾ ਚੇਅਰਮੈਨ ਰਾਜ ਕੁਮਾਰ ਅਰੋੜਾ, ਦੂਰਦਰਸ਼ਨ ਜਲੰਧਰ ਦੇ ਹਰੀਸ਼ ਕੁਮਾਰ,ਹਰਵਿੰਦਰ ਸਿੰਘ ਰਿੰਕੂ ( ਸਰਬਤ ਦਾ ਭਲਾ ਸੁਸਾਇਟੀ), ਰਜਨੀਸ਼ ਸੂਦ, ਬੋਧ ਪ੍ਰਕਾਸ਼ ਸਾਹਨੀ (ਪ੍ਰੈਸ ਸਕੱਤਰ), ਕਮਲਜੀਤ ਸਿੰਘ ਸੈਣੀ, ਮਾਸਟਰ ਅਮਰੀਕ ਸਿੰਘ ( ਨੇਕੀ ਦੀ ਦੁਕਾਨ ਕਰਤਾਰਪੁਰ) ਅਕਾਸ਼ਦੀਪ (ਐਗਜੈਕਟਿਵ ਮੈਂਬਰ), ਰਾਕੇਸ਼ ਪੁੰਜ, ਕੁਮਾਰ ਵਿਪਨ ਵਰਿੰਦਰ ਲਵਲੀ ਵੱਲੋਂ ਦਲਵਿੰਦਰ ਦਿਆਲਪੁਰੀ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਰਾਜਿੰਦਰ ਕਸ਼ਯਪ(ਪ੍ਰੋਗਰਾਮ ਡਾਇਰੈਕਟਰ), ਸੁਖਵਿੰਦਰ ਸਿੰਘ (ਸਰਪੰਚ ਖੁਸਰੋਪੁਰ) ਵੱਲੋਂ ਭੇਜੇ ਮੁਬਾਰਕ ਸੰਦੇਸ਼ ਕਰਮਪਾਲ ਸਿੰਘ ਢਿੱਲੋਂ ਵੱਲੋਂ ਦਲਵਿੰਦਰ ਦਿਆਲਪੁਰੀ ਨੂੰ ਦਿੱਤੇ ਗਏ। ਸਮਾਗਮ ਦੇ ਅੰਤ ਵਿੱਚ ਦਲਵਿੰਦਰ ਦਿਆਲਪੁਰੀ ਵੱਲੋਂ ਭਾਰਤੀ ਡਾਕ ਵਿਭਾਗ ਦੇ ਸਾਰੇ ਅਹੁਦੇਦਾਰਾਂ, ਇੰਡੀਅਨ ਕਲਚਰਲ ਐਸੋਸੀਏਸ਼ਨ ਦੇ ਸਾਰੇ ਮੈਂਬਰਾਂ, ਸਾਰੇ ਸੁਭ ਚਿੰਤਕਾਂ ਅਤੇ ਸਾਰੇ ਸੰਗੀਤ ਪ੍ਰੇਮੀਆਂ ਦਾ ਧੰਨਵਾਦ ਕੀਤਾ।