ਗਰਲਜ਼ ਹੋਸਟਲ ਦੀ ਉਸਾਰੀ ਲਈ ਮਿਸ਼ਨ ਮੈਂਬਰ ਨੇ ਆਰਥਿਕ ਸਹਿਯੋਗ ਦਿੱਤਾ : ਢੋਸੀਵਾਲ
-- ਮਨਪ੍ਰੀਤ ਵੱਲੋਂ 5100 ਰੁਪਏ ਦੀ ਰਾਸ਼ੀ ਭੇਂਟ --
ਸ੍ਰੀ ਮੁਕਤਸਰ ਸਾਹਿਬ, 06 ਅਪ੍ਰੈਲ (ਜਗਦੀਸ਼ ਰਾਏ ਢੋਸੀਵਾਲ) ਇਥੋਂ ਥੋੜ੍ਹੀ ਦੂਰ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੁਪਾਣਾ ਵਿਖੇ ਬੇਹੱਦ ਲੋੜਵੰਦ ਲੜਕੀਆਂ ਲਈ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਦੇ ਸਾਂਝੇ ਉਧਮ ਨਾਲ ਹੋਸਟਲ ਚਲਾਇਆ ਚਾ ਰਿਹਾ ਹੈ। ਇਸ ਹੋਸਟਲ ਵਿੱਚ ਸਵਾ ਸੌ ਦੇ ਕਰੀਬ ਉਕਤ ਵਰਗ ਦੀਆਂ ਲੜਕੀਆਂ ਰਹਿ ਰਹੀਆਂ ਹਨ। ਸਰਕਾਰ ਵੱਲੋਂ ਇਨ੍ਹਾਂ ਨੂੰ ਮੁਫਤ ਸਿੱਖਿਆ, ਰਾਸ਼ਨ ਅਤੇ ਰਹਿਣ ਦੀ ਸਹੂਲਤ ਦਿੱਤੀ ਜਾਂਦੀ ਹੈ। ਪਿਛਲੇ ਕੁਝ ਸਮੇਂ ਤੋਂ ਇਸ ਹੋਸਟਲ ਦੀ ਬਿਲਡਿੰਗ ਅਣਸੁਰੱਖਿਅਤ ਕਰਾਰ ਦੇ ਦਿੱਤੀ ਗਈ ਸੀ ਅਤੇ ਇਨ੍ਹਾਂ ਲੜਕੀਆਂ ਨੂੰ ਸਕੂਲ ਦੇ ਕਮਰਿਆਂ ਵਿੱਚ ਹੀ ਅਡਜਸਟ ਕੀਤਾ ਗਿਆ ਹੈ। ਜਿਲ੍ਹਾ ਸਿੱਖਿਆ ਅਧਿਕਾਰੀ ਜਸਪਾਲ ਮੋਂਗਾ (ਸੈਕੰਡਰੀ ਐਂਡ ਐਲੀਮੈਂਟਰੀ) ਨੇ ਇਨ੍ਹਾਂ ਲੋੜਵੰਦ ਲੜਕੀਆਂ ਲਈ ਹੋਸਟਲ ਦੀ ਮੁੜ ਉਸਾਰੀ ਲਈ ਪਹਿਲ ਕਦਮੀ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਹੁੰਦਲ, ਸਕੂਲ ਪ੍ਰਿੰਸੀਪਲ ਰੀਟਾ ਬਾਂਸਲ ਸਮੇਤ ਹੋਰ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਸੰਪਰਕ ਕੀਤਾ। ਸਰਕਾਰ ਵੱਲੋਂ ਸਕੂਲ ਨੂੰ ਬੈਸਟ ਸਕੂਲ ਅਵਾਰਡ ਵਜੋਂ ਪ੍ਰਾਪਤ ਦੱਸ ਲੱਖ ਰੁਪਏ ਦੀ ਇਨਾਮ ਰਾਸ਼ੀ ਸਕੂਲ ਪ੍ਰਿੰਸੀਪਲ ਅਤੇ ਸਮੁੱਚੇ ਸਟਾਫ ਨੇ ਹੋਸਟਲ ਦੀ ਮੁੜ ਉਸਾਰੀ ਲਈ ਦੇ ਦਿੱਤੀ। ਇਸਦੇ ਨਾਲ ਹੀ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਹੁੰਦਲ ਸਮੇਤ ਹੋਰ ਪੰਚਾਇਤ ਮੈਂਬਰਾਂ ਅਤੇ ਹੋਰ ਸਹਿਯੋਗੀ ਸੱਜਣਾਂ ਵੱਲੋਂ ਇੱਟਾਂ, ਸੀਮੈਂਟ, ਬੱਜਰੀ, ਰੇਤਾ, ਸਰੀਆ ਦੇ ਨਾਲ-ਨਾਲ ਆਰਥਿਕ ਸਹਿਯੋਗ ਵੀ ਦਿੱਤਾ ਜਾ ਰਿਹਾ ਹੈ। ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਨੇ ਡੀ.ਈ.ਓ. ਮੋਂਗਾ ਦੇ ਇਸ ਵਿਸ਼ੇਸ਼ ਉਪਰਾਲੇ ਦੀ ਪੁਰਜੋਰ ਸ਼ਲਾਘਾ ਕਰਦੇ ਹੋਏ ਸਕੂਲ ਪ੍ਰਿੰਸੀਪਲ ਰੀਟਾ ਬਾਂਸਲ ਅਤੇ ਪਿੰਡ ਦੇ ਸਰਪੰਚ ਰਵਿੰਦਰ ਸਿੰਘ ਹੁੰਦਲ ਸਮੇਤ ਹੋਰਨਾਂ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਡੀ.ਈ.ਓ. ਸ੍ਰੀ ਮੋਂਗਾ ਦੀ ਪ੍ਰੇਰਨਾ ਤੋਂ ਪ੍ਰਭਾਵਿਤ ਹੋ ਕੇ ਸਮਾਜ ਸੇਵਾ ਦੇ ਕਾਰਜਾਂ ਨਾਲ ਜੁੜੇ ਪਰਿਵਾਰ ਨਾਲ ਸਬੰਧਤ ਮਿਸ਼ਨ ਦੀ ਮੈਂਬਰ ਮਨਪ੍ਰੀਤ ਕੌਰ ਚਹਿਲ ਨੇ ਵੀ ਆਪਣੇ ਨੇਕ ਕਮਾਈ ਵਿੱਚੋਂ ਉਕਤ ਹੋਸਟਲ ਬਣਾਉਣ ਦੀ ਉਸਾਰੀ ਲਈ 5100/- ਰੁਪਏ ਦੀ ਆਰਥਿਕ ਸਹਾਇਤਾ ਡੀ.ਈ.ਓ. ਸ੍ਰੀ ਮੋਂਗਾ ਨੂੰ ਭੇਂਟ ਕੀਤੀ। ਇਸ ਮੌਕੇ ਸਰਕਾਰੀ ਮਾਡਰਲ ਸੀਨੀਅਰ ਸੈਕੰਡਰੀ ਸਕੂਲ ਭਾਗਸਰ ਦੇ ਪ੍ਰਿੰਸੀਪਲ ਅਤੇ ਮਿਸ਼ਨ ਮੁਖੀ ਜਗਦੀਸ਼ ਰਾਏ ਢੋਸੀਵਾਲ, ਮਿਸ਼ਨ ਗਾਇਡ ਇੰਜ. ਅਸ਼ੋਕ ਕੁਮਾਰ ਭਾਰਤੀ ਅਤੇ ਚੇਅਰਮੈਨ ਨਿਰੰਜਣ ਸਿੰਘ ਰੱਖਰਾ ਆਦਿ ਵੀ ਮੌਜੂਦ ਸਨ। ਪ੍ਰਧਾਨ ਢੋਸੀਵਾਲ ਨੇ ਉਕਤ ਹੋਸਟਲ ਦੀ ਉਸਾਰੀ ਲਈ ਹੋਰਨਾਂ ਸਹਿਯੋਗੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਸਹਿਯੋਗ ਰਾਸ਼ੀ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਮੋਂਗਾ ਜਾਂ ਸਬੰਧਤ ਸਕੂਲ ਪ੍ਰਿੰਸੀਪਲ ਰੀਟਾ ਬਾਂਸਲ ਨੂੰ ਦੇਣ ਦੀ ਕ੍ਰਿਪਾਲਤਾ ਕਰਨ।