ਕਿਸਾਨਾਂ ਦੇ ਪਿੰਡ ਡੱਲੇਵਾਲ ਵਿਖ਼ੇ ਲੱਗੇ ਪੱਕੇ ਮੋਰਚੇ ਵਿੱਚ ਹੋਈ ਪੰਜਾਬ ਪੱਧਰੀ ਮੀਟਿੰਗ
ਕੱਲ ਗੁਰਦੁਆਰਾ ਬਾਉਲੀ ਸਾਹਿਬ ਸਾਦਿਕ ਵਿਖੇ ਹੋਵੇਗੀ ਗੈਰ ਰਾਜਨੀਤਿਕ ਮੋਰਚੇ ਦੀ ਮੀਟਿੰਗ
ਫਰੀਦਕੋਟ 23 ਅਪ੍ਰੈਲ (ਧਰਮ ਪ੍ਰਵਾਨਾਂ) ਬੀਕੇਯੂ ਏਕਤਾ ਸਿੱਧੂਪੁਰ ਕਿਸਾਨ ਜਥੇਬੰਦੀ ਦੀ ਅੱਜ ਪੰਜਾਬ ਪੱਧਰੀ ਮੀਟਿੰਗ ਫ਼ਰੀਦਕੋਟ ਦੇ ਪਿੰਡ ਡੱਲੇਵਾਲ ਵਿਖ਼ੇ ਕਿਸਾਨਾਂ ਦੇ ਲੱਗੇ ਪੱਕੇ ਮੋਰਚੇ ਵਿੱਚ ਹੋਈ ਇਸ ਮੀਟਿੰਗ ਵਿੱਚ ਪੰਜਾਬ ਭਰ ਦੇ ਲਗਭਗ 23 ਜ਼ਿਲਿਆਂ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਤੋਂ ਇਲਾਵਾ ਸਾਰੇ ਬਲਾਕਾਂ ਦੇ ਪ੍ਰਧਾਨ ਅਤੇ ਸੀਨੀਅਰ ਆਗੂ ਵੀ ਸ਼ਾਮਲ ਹੋਏ ਅਤੇ ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ਸ੍ਰ ਜਗਜੀਤ ਸਿੰਘ ਡੱਲੇਵਾਲ ਵੱਲੋਂ ਕੀਤੀ ਗਈ। ਇਸ ਮੌਕੇ ਕਿਸਾਨਾਂ ਵੱਲੋਂ ਦੇਸ਼ ਭਰ ਦੇ ਖੇਤੀਬਾੜੀ ਸੈਕਟਰ ਨੂੰ ਆਉਣ ਵਾਲੇ ਸਮੇਂ ਵਿੱਚ ਆ ਰਹੀਆਂ ਦਿੱਕਤਾਂ ਪ੍ਰੇਸ਼ਾਨੀਆਂ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਲੰਬੀ ਵਿਚਾਰ ਚਰਚਾ ਕੀਤੀ ਗਈ। ਅੱਜ ਦੀ ਇਸ ਮੀਟਿੰਗ ਵਿੱਚ ਡੱਲੇਵਾਲ ਵਿਖ਼ੇ ਲੱਗੇ ਮੋਰਚੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਨੂੰ ਲੈਕੇ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ 1 ਮਈ ਤੋਂ ਇਸ ਮੋਰਚੇ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੀ ਵੱਡੀ ਇਕੱਤਰਤਾ ਵੇਖਣ ਨੂੰ ਮਿਲੇਗੀ।ਇਸ ਮੌਕੇ ਗੱਲਬਾਤ ਕਰਦਿਆਂ ਸ੍ਰ ਜਗਜੀਤ ਸਿੰਘ ਡੱਲੇਵਾਲ ਨੇ ਦੱਸਿਆ ਕਿ ਕੇਦਰ ਸਰਕਾਰ ਨਾਲ ਸਬੰਧਿਤ ਮੰਗਾਂ ਅਤੇ ਪੰਜਾਬ ਸਰਕਾਰ ਦੀ ਦੋਗਲੀ ਨੀਤੀ ਤੇ ਸੰਘਰਸ਼ ਦੀ ਅਗਲੀ ਰੂਪ ਰੇਖਾ ਤਿਆਰ ਕਰਨ ਲਈ ਕੱਲ੍ਹ 24 ਅਪ੍ਰੈਲ ਨੂੰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀਆਂ ਸਮੁੱਚੀਆਂ ਜਥੇਬੰਦੀਆਂ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਇਹ ਮੀਟਿੰਗ ਨਜ਼ਦੀਕੀ ਗੁਰਦੁਆਰਾ ਬਾਉਲੀ ਸਾਹਿਬ ਸਾਦਿਕ ਵਿਖੇ ਰੱਖੀ ਗਈ ਹੈ। ਇਸ ਮੌਕੇ ਉਹਨਾਂ ਦੇਸ਼ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਅਪੀਲ ਕੀਤੀ ਕਿ ਆਉਣ ਵਾਲਾ ਸਮਾਂ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਦੇਸ਼ ਦੇ ਲੋਕਾਂ ਖਾਸ ਕਰਕੇ ਕਿਸਾਨੀ ਨਾਲ ਜੁੜੇ ਹੋਏ ਲੋਕਾਂ ਲਈ ਬੜਾ ਭਿਆਨਕ ਹੈ ਸੋ ਸਾਰੇ ਲੋਕਾਂ ਨੂੰ ਇੱਕਜੁਟਤਾ ਵਿਖਾਉਂਦੇ ਹੋਏ ਸੰਘਰਸ਼ ਕਰਨ ਲਈ ਤਿਆਰ ਹੋਣ ਦੀ ਜ਼ਰੂਰਤ ਹੈ। ਇਸ ਮੌਕੇ ਉਹਨਾਂ ਦੇ ਨਾਲ ਬਲਦੇਵ ਸਿੰਘ ਸੰਦੋਹਾ ਜ਼ਿਲ੍ਹਾ ਪ੍ਰਧਾਨ ਬਠਿੰਡਾ, ਇਕਬਾਲ ਸਿੰਘ ਸੱਪਾਂ ਵਾਲੀ ਪ੍ਰਧਾਨ ਫਿਰੋਜ਼ਪੁਰ, ਬੋਹੜ ਸਿੰਘ ਰੁਪਈਆਂ ਵਾਲਾ ਪ੍ਰਧਾਨ ਫ਼ਰੀਦਕੋਟ, ਬੇਅੰਤ ਸਿੰਘ ਦੋਦਾ ਸ੍ਰੀ ਮੁਕਤਸਰ ਸਾਹਿਬ, ਪਰਗਟ ਸਿੰਘ ਪ੍ਰਧਾਨ ਫਾਜ਼ਿਲਕਾ, ਰਣਜੀਤ ਸਿੰਘ ਮਮਦੋਟ, ਜਸਵਿੰਦਰ ਸਿੰਘ ਟਿਵਾਣਾ ਮੋਹਾਲੀ, ਜ਼ੋਰਾਵਰ ਸਿੰਘ ਪ੍ਰਧਾਨ ਪਟਿਆਲਾ, ਤਰਸੇਮ ਸਿੰਘ ਮਾਨਸਾ, ਜੱਗਾ ਸਿੰਘ ਥਰੀਕੇ ਲੁਧਿਆਣਾ, ਜਗਮੀਤ ਸਿੰਘ ਝੋਰੜ, ਰਣਜੀਤ ਸਿੰਘ ਜੀਦਾ, ਇੰਦਰਜੀਤ ਸਿੰਘ ਘਣੀਆਂ, ਬਲਜਿੰਦਰ ਸਿੰਘ ਵਾੜਾ ਭਾਈਕਾ, ਨਾਇਬ ਸਿੰਘ ਸ਼ੇਰ ਸਿੰਘ ਵਾਲਾ, ਗੁਰਮੇਲ ਸਿੰਘ ਸੰਧਵਾਂ ਤੋਂ ਇਲਾਵਾ ਵੱਡੀ ਗਿਣਤੀ ਕਿਸਾਨ ਆਗੂ ਹਾਜ਼ਰ ਸਨ