ਚੱਲ ਛੱਡ ਪਰੇ, ਆਪਾਂ ਕੀ ਲੈਣਾ! - ਬੁੱਧ ਸਿੰਘ ਨੀਲੋਂ
ਜ਼ਿੰਦਗੀ ਦੇ ਸਫਰ ਵਿੱਚ ਜਦੋਂ ਮਨੁੱਖ ਤੁਰਦਾ ਹੈ ਤਾਂ ਰਸਤੇ ਦੇ ਵਿੱਚ ਕੁੱਝ ਬਜ਼ੁਰਗ, ਉਸਤਾਦ , ਮਿੱਤਰ, ਦੋਸਤ, ਯਾਰ, ਭੈਣ ਭਰਾ, ਰਿਸ਼ਤੇਦਾਰ, ਰੁਖ, ਮੈਦਾਨ, ਜੰਗਲ, ਪਹਾੜ, ਰੇਤਲੇ ਟਿੱਲੇ, ਨਦੀ, ਦਰਿਆ, ਝੀਲ, ਪ੍ਰਕਿਰਤੀ, ਧੁੱਪ-ਛਾਂ, ਦੁੱਖ-ਸੁੱਖ, ਸੱਚ-ਝੂਠ, ਚੰਗਾ-ਬੁਰਾ, ਆਪਣਾ-ਬੇਗਾਨਾ, ਧਰਮ-ਕਰਮ, ਸੰਗ-ਸ਼ਰਮ, ਮਾਇਆ, ਨੰਗ-ਭੁੱਖ, ਆਸਤਿਕ-ਨਾਸਤਿਕ, ਸਿੱਧੇ ਰਸਤੇ, ਕੂਹਣੀ ਮੋੜ, ਕਈ ਥਾਵਾਂ ਉਤੇ ਲਿਖਿਆ ਹੁੰਦਾ ਹੈ..ਜ਼ਰਾ ਬਚ ਕੇ ਮੋੜ ਤੋਂ ?
ਸਮਾਂ, ਸਥਾਨ ਤੇ ਸੱਚ ਤੁਹਾਨੂੰ ਸੁਚੇਤ ਕਰਦਾ ਹੈ ਪਰ ਬਚ ਕੇ ਲੰਘਣਾ ਤੁਸੀਂ ਹੈ । ਜ਼ਿੰਦਗੀ ਦੀ ਰਫਤਾਰ ਤੁਹਾਡੇ ਹੱਥ ਵਿੱਚ ਹੈ। ਸਿੱਧਾ ਜਾਣਾ ਹੈ ਜਾਂ ਹਾਦਸਾ ਕਰਕੇ ਮਰ ਜਾਣਾ ਹੈ । ਸਫਰ ਗੱਲਾਂ ਨਾਲ ਨਹੀਂ ਤੁਰਿਆ ਪੂਰਾ ਹੁੰਦਾ ਹੈ ।
ਦੱਖਣੀ ਅਫ਼ਰੀਕਾ ਦੀ ਇੱਕ ਯੂਨੀਵਰਸਿਟੀ ਦੀ ਡਿਓਡੀ ਉਤੇ ਇਹ ਵਿਚਾਰਨਯੋਗ ਸੁਨੇਹਾ ਲਿਖਿਆ ਹੋਇਆ ਵੇਖਿਆ ਹੈ । ਇਹ ਸੁਨੇਹਾ ਹਰ ਘਰ ਦੇ ਕਮਰੇ, ਪਿੰਡ, ਸ਼ਹਿਰ, ਜਨਤਕ ਸਥਾਨ, ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਲਿਖਣ ਦੀ ਬਹੁਤ ਲੋੜ ਹੈ ਤਾਂ ਕਿ ਇਹ ਸੁਨੇਹਾ ਆਪਣੇ ਅੰਦਰ ਝਾਤੀ ਮਾਰਨ ਲਈ ਸਾਨੂੰ ਰੋਕ ਸਕੇ । ਸਾਡੀ ਮਰ ਗਈ ਸੰਵੇਦਨਾ ਤੇ ਜ਼ਮੀਰ ਨੂੰ ਜਗਾਵੇ.
ਅਸੀਂ ਹੁਣ ਅੰਨ੍ਹੀ ਦੌੜ ਸ਼ਾਮਲ ਹਾਂ । ਇਹ ਦੌੜ ਕਦੇ ਨਹੀਂ ਮੁੱਕਣੀ ਜਦ ਤੱਕ ਅਸੀਂ ਇਹ ਨਹੀਂ ਸੋਚਦੇ ਕਿ ਅਸੀਂ ਕੀ ਸੀ ਤੇ ਕੀ ਬਣਾ ਦਿੱਤੇ ਹਾਂ। ਕੱਚੀ ਮਿੱਟੀ ਦਾ ਕੁੱਝ ਵੀ ਬਣ ਸਕਦਾ ਹੈ ।
ਘਰ ਪਰਵਾਰ, ਸਮਾਂ, ਸਾਧਨ, ਉਸਤਾਦ, ਤੇ ਵਧੀਆ ਮਿੱਤਰ !
ਸਾਂਭ ਸੰਭਾਲ ਖੁੱਦ ਕਰਨੀ ਹੈ ।
ਜ਼ਰਾ ਬਚ ਕੇ ਮੋੜ ਤੋਂ !
ਦੱਖਣੀ ਅਫ਼ਰੀਕਾ ਦੀ ਯੂਨੀਵਰਸਿਟੀ ਦੇ ਬਾਹਰ ਇਹ ਲਿਖਿਆ ਹੋਇਆ ਹੈ। ਧਿਆਨ ਨਾਲ ਪੜ੍ਹ ਲਿਓ ਤੇ ਫੇਰ ਸੋਚੋ ਕਿ ਇਹ ਕੀ ਹੈ ਤੇ ਅਸੀਂ ਕੀ ਹਾਂ ?
ਕਿਸੇ ਕੌਮ ਨੂੰ ਤਬਾਹ ਕਰਨ ਲਈ ਐਟਮ ਬੰਬ ਜਾਂ ਲੰਮੀ ਦੂਰੀ ਤੱਕ ਮਾਰ ਕਰਨ ਵਾਲ਼ੀਆਂ ਮਿਜ਼ਾਈਲਾਂ ਦੀ ਲੋੜ ਨਹੀਂ ਹੁੰਦੀ। ਇਸ ਵਾਸਤੇ ਏਨਾ ਹੀ ਕਾਫੀ ਹੈ ਕਿ ਸਿੱਖਿਆ ਦਾ ਮਿਆਰ ਥੱਲੇ ਡੇਗ ਦਿੱਤਾ ਜਾਵੇ ਤੇ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਨਕਲ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਵੇ।"
ਸਾਡੀ ਸਿੱਖਿਆ ਪ੍ਰਣਾਲੀ ਵਿੱਚ ਹੁਣ ਤੱਕ ਕੀ ਨਹੀਂ ਹੋਇਆ ਤੇ ਹੋ ਰਿਹਾ ਹੈ ? ਨਕਲ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ। ਏਨੀ ਤਬਾਹੀ ਸਿਆਸੀ ਆਗੂਆਂ ਨੇ ਨਹੀਂ ਕੀਤੀ ਜਿੰਨੀ ਸਿੱਖਿਆ ਮਾਫੀਆ ਤੇ ਲੇਖਕਾਂ ਨੇ ਕੀਤੀ ਹੈ । ਅਖੌਤੀ ਬੁੱਧੀਜੀਵੀਆਂ ਨੇ ਸਮੇਂ ਦੇ ਸੱਚ ਨੂੰ ਲੋਕਾਂ ਤੱਕ ਪੁਜਦਾ ਨਹੀਂ ਕੀਤਾ। ਲੇਖਕ ਤੇ ਕਵੀ ਧੂੜ ਵਿੱਚ ਟੱਟੂ ਭਜਾਉਦੇ ਰਹੇ ਤੇ ਹੁਣ ਫੇਰ ਉਸੇ ਰਸਤੇ ਜਾ ਰਹੇ ਹਨ । ਸਿੱਖਿਆ ਦੇ ਉਪਰ ਵਪਾਰੀ ਮਾਫੀਆ ਕਾਬਜ਼ ਹੋ ਗਿਆ । ਜੋ ਰੁਪਈਏ ਲੈ ਕੇ ਗਿਆਨਹੀਣ ਨਸਲਾਂ ਬਣਾ ਰਿਹਾ ਹੈ । ਅਸੀਂ ਕਦਰ ਨਾ ਸੋਚਿਆ ਤੇ ਨਾ ਵਿਚਾਰਿਆ ਹੈ । ਹੁਣ ਹੋਰ ਘਪਲਿਆਂ ਦੇ ਵਿੱਚ ਸਿੱਖਿਆ ਦਾ ਘਪਲਾ ਕਰਨ ਵਾਲੇ ਉਹ ਹਨ , ਜੋ ਆਪਣੇ ਆਪ ਨੂੰ ਕੌਮ ਦੇ ਨਿਰਮਾਤਾ ਅਖਵਾਉਂਦੇ ਹਨ । ਸਿੱਖਿਆ ਦਾ ਵਪਾਰ ਕਰਨ ਵਾਲੇ ਸਿਆਸੀ ਆਗੂ, IAS, IPS ਹਨ । ਜਿਹੜੇ ਸਕੂਲ, ਕਾਲਜ ਤੇ ਯੂਨੀਵਰਸਿਟੀ ਚਲਾ ਰਹੇ ਹਨ ਤੇ ਲੁੱਟਮਾਰ ਕਰਕੇ ਹਨੇਰਾ ਫੈਲਾਅ ਰਹੇ ਹਨ । ਇਸ ਵਿਭਾਗ ਦੀ ਜਾਂਚ ਕਦੇ ਸਿਰੇ ਨਹੀਂ ਚੜ੍ਹਦੀ । ਹੁਣ ਵੀ ਸਕਾਲਰਸ਼ਿਪ ਘਪਲੇ ਦੇ ਵਿੱਚ ਉਹ ਸਿੱਖਿਆ ਅਦਾਰੇ ਸ਼ਾਮਲ ਹਨ ਜਿਹੜੇ ਸੱਤਧਾਰੀ, ਸਿਆਸੀ ਆਗੂ ਤੇ ਵੱਡੇ ਅਫਸਰ ਹਨ । "ਕੌਣ ਕਹੇ ਰਾਣੀਏ ਅੱਗਾ ਢਕ !"
ਜਦੋਂ ਇਸ ਤਰ੍ਹਾਂ ਦੀ ਪੜ੍ਹਾਈ ਬਣ ਜਾਵੇ ਤਾਂ ਇਹੀ ਕੁੱਝ ਤਾਂ ਹੋਵੇਗਾ ਹੀ : ਸਿੱਖਿਆ ਦਾ ਵਪਾਰੀ ਲੁੱਟਮਾਰ ਕਰਦਾ ਹੈ ਤੇ ਅਸੀਂ ਕਰਵਾ ਰਹੇ ਹਾਂ । ਹੋ ਕੀ ਰਿਹਾ ਹੈ ?
ਨਕਲੀ ਡਾਕਟਰ ਹਸਪਤਾਲ ਚਲੇ ਰਹੇ ਹਨ ਤੇ ਡਾਕਟਰਾਂ ਹੱਥੋਂ ਮਰੀਜ਼ ਮਰ ਰਹੇ ਹਨ । ਹੁਣ ਤੱਕ ਕਿੰਨੇ ਲੋਕ ਮਰ ਗਏ ਤੇ ਮਰ ਰਹੇ ਹਨ। ਫੇਰ ਮਰਿਆ ਦੇ ਬਿੱਲ ਬਣਾਏ ਜਾਂਦੇ ਹਨ ?
ਇੰਜੀਨੀਅਰਾਂ ਦੀਆਂ ਬਣਾਈਆਂ ਇਮਾਰਤਾਂ ਢਹਿ ਢੇਰੀ ਹੋ ਜਾਣਗੀਆਂ।
ਕਿੰਨੇ ਪੁੱਲ ਤੇ ਇਮਾਰਤਾਂ ਢਿੱਗ ਰਹੀਆਂ ਨੇ?
ਅਰਥਸ਼ਾਸਤਰੀਆਂ ਅਤੇ ਮੁਨੀਮਾਂ ਹੱਥੋਂ ਪੈਸਾ ਡੁੱਬ ਜਾਵੇਗਾ।
ਕਿੰਨੇ ਬੈਂਕ ਡੁੱਬ ਗਏ ਹਨ ।
ਧਰਮੀ ਲੋਕ ਆਪਣੇ ਹੱਥੀਂ ਮਨੁੱਖਤਾ ਦਾ ਘਾਣ ਕਰ ਦੇਣਗੇ।
ਧਰਮ ਦੇ ਨਾਮ ਹੇਠਾਂ ਵਪਾਰ ਤੇ...ਸਿਆਸਤ ਕੀ ਨਹੀਂ ਹੋ ਰਿਹਾ ?
ਜੱਜ ਨਿਆਂ ਨਹੀਂ ਕਰ ਸਕਣਗੇ।
ਪੰਚਾਇਤ ਤੋਂ ਸੁਪਰੀਮ ਕੋਰਟ ਤੱਕ ਕੀ ਨਹੀਂ ਹੋ ਰਿਹਾ ।
"ਇਸ ਤਰ੍ਹਾਂ ਸਿੱਖਿਆ ਢਾਂਚੇ ਦੀ ਤਬਾਹੀ ਕਿਸੇ ਕੌਮ ਦੀ ਤਬਾਹੀ ਹੋ ਨਿੱਬੜਦੀ ਹੈ।"
ਸਾਡੇ ਦੇਸ਼ ਵਿੱਚ ਵੀ ਤਾਂ ਇਹੋ ਕੁੱਝ ਹੋ ਰਿਹਾ ਹੈ ਤੇ ਅਸੀਂ ਜਿਉਂਦੇ ਜੀਅ ਮਰ ਗਏ ਹਾਂ। ਅਸੀਂ ਆਪੋ ਆਪਣੀ ਲਾਸ਼ ਚੱਕ ਕੇ ਇੱਕ ਦੂਜੇ ਨੂੰ ਲਤਾੜ ਕੇ ਜਾਂ ਉਸਦੀ ਛਾਤੀ ਉਤੇ ਪੈਰ ਰੱਖ ਕੇ ਅੱਗੇ ਵੱਧ ਰਹੇ ਹਾਂ ।
ਜ਼ਰਾ ਬਚ ਕੇ ਮੋੜ ਤੋਂ !
ਸੋਚੋ ਜਗਾਓ ਆਪਣੀ ਮਰ ਚੁੱਕੀ ਜ਼ਮੀਰ ਤੇ ਸੰਵੇਦਨਾ ਨੂੰ !
ਮਰੀਆਂ ਲਾਸ਼ਾਂ ਵਿੱਚੋਂ ਹੁਣ ਬਹੁਤ ਮੁਸ਼ਕ ਆ ਰਿਹਾ ਹੈ ।
000
ਜਦ ਤਾਂਗਿਆਂ ਦਾ ਸਮਾਂ ਹੁੰਦਾ ਸੀ ਤਾਂ ਸੰਤੋਖ ਸਿੰਘ ਧੀਰ ਹੋਰਾਂ ਦੀ ਲਿਖੀ ਕਹਾਣੀ "ਕੋਈ ਇੱਕ ਸਵਾਰ" ਯਾਦ ਆ ਗਈ । ਜਿਸਦਾ ਪਾਤਰ ਬਾਰੂ ਤਾਂਗੇ ਵਾਲਾ ਤਾਂਗੇ ਦੇ ਬੰਮ ਉਤੇ ਬੈਠਾ ਕਿਸੇ ਬੇ ਧਿਆਨ ਜਾਂਦੇ ਨੂੰ ਆਪਣੇ ਘੋੜੇ ਦੇ ਛਾਂਟਾ ਮਾਰਕੇ ..ਆਖਦਾ ਹੁੰਦਾ
….. ਜ਼ਰਾ ਬਚ ਕੇ ਮੋੜ....ਤੋਂ ...
ਓ ਤੇਰੀ ਜੜ੍ਹ ਲੱਗ ਜੇ...!
ਓ ਤੇਰਾ ਭਲਾ ਹੋਵੇ..!
ਹੁਣ ਜਦੋਂ ਕੋਈ ਕਾਰ ਬੀ ਐਮ ਡਬਲਿਊ ਵਾਲਾ ਕਦੇ ਕੋਲ ਦੀ ਲੰਘਦਾ ਹੈ ਤਾਂ ਡਰ ਲੱਗਦਾ ਹੈ । ਕਾਲੇ ਰੰਗ ਦੀ ਕਾਰ ਕਿਸੇ ਦਾਦੀ ਦੀ ਉਸ ਬਾਤ ਦੇ ਦਿਓ ਪਾਤਰ ਵਰਗੀ ਲੱਗਦੀ ਹੈ, ਜਿਸਦਾ ਨਾਮ ਸੁਣ ਕੇ ਮੈਂ ਰਜਾਈ ਵਿੱਚ ਮੂੰਹ ਲੈ ਕੇ ਲੁੱਕ ਜਾਂਦਾ ਸੀ ਪਰ ਬੇਬੇ ਆਪਣੀ ਬਾਤ ਸੁਣਾ ਦੇਦੀ ਸੀ । ਮੈਂ ਅੱਖਾਂ ਮੀਚ ਕੇ ਸੌ ਜਾਂਦਾ ਸੀ । ਬੇਬੇ, ਦਾਦੀ, ਨਾਨੀ, ਦਾਦੇ, ਨਾਨੇ, ਚਾਚੇ ਤਾਏ, ਚਾਚੀ ਤਾਈ, ਵੀਰ ਭਰਜਾਈ , ਭੂਆ ਫੁਫੜ, ਮਾਮਾ ਮਾਮੀ, ਮਾਸੀ ਮਾਸੜ ਸਭ ਆਂਟੀ ਅੰਕਲ ਬਣ ਗਏ! ਮੈਂ ਰਜਾਈ ਵਿੱਚ ਸੁੱਤਾ ਪਿਆ ਰਿਹਾ, ਤੁਸੀਂ ਵੀ ਸੁੱਤੇ ਪਏ ਹੋਂ ਕਿ ਜਾਗਦੇ ਹੋ ? ਮੂੰਹ ਉਤੇ ਹੱਥ ਫੇਰ ਕੇ ਦੇਖੋ ? ਕੀ ਤੁਸੀਂ ਜਿਉਂਦੇ ਹੋ ? ਜੇ ਜਿਉਂਦੇ ਹੋ ਤਾਂ ਸੁੱਤੇ ਕਿਉਂ ਪਏ ਹੋ ?
ਕੀ ਤੁਸੀਂ ਜਾਗਦੇ ਹੋ ? ਮੈਂ ਤਾਂ ਸੁੱਤਾ ਪਿਆ ਤਮਾਸ਼ਾ ਦੇਖ ਰਿਹਾ ਹਾਂ। ਕੀ ਤੁਸੀਂ ਵੀ ਤਮਾਸ਼ਾਬੀਨ ਤਾਂ ਨੀਂ ਬਣੇ ਹੋਏ ਜੇ ਬਣੇ ਵੀ ਹੋਵੋ ਆਪਾਂ ਕੀ ਲੈਣਾ ਚੱਲ ਛੱਡ ਪਰੇ ...! ਕੋਈ ਮਰੇ ਤੇ ਜੀਵੇ, ਸੁਥਰਾ ਘੋਲ ਪਤਾਸੇ ਪੀਵੇ!
- ਬੁੱਧ ਸਿੰਘ ਨੀਲੋਂ
ਸੰਪਰਕ : 9464370823
ਤੇਰਾ ਆਉਣਾ ਨੀ..ਸਮੁੰਦਰਾਂ ਦੀ ਛੱਲ ਵਰਗਾ ! - ਬੁੱਧ ਸਿੰਘ ਨੀਲੋਂ
ਸਮਾਜ ,ਜ਼ਿੰਦਗੀ ਤੇ ਸਮੁੰਦਰ ਸਦਾ ਹੀ ਸਮਾਨਾਂਤਰ ਚੱਲਦੇ ਹਨ । ਇਨ੍ਹਾਂ ਦਾ ਆਪਸ ਵਿੱਚ ਰਿਸ਼ਤਾ ਵੀ ਹੈ ਤੇ ਦੁਸ਼ਮਣੀ ਵੀ। ਹਰ ਮਨੁੱਖ ਦਾ ਆਪੋ ਆਪਣਾ ਸਮਾਜ ਹੁੰਦਾ ਹੈ । ਇਸ ਆਪੋ ਆਪਣੇ ਸਮਾਜ ਦਾ ਹੀ ਇੱਕ ਸਾਂਝਾ ਸਮਾਜ ਹੁੰਦਾ ਹੈ । ਇਸਦੀ ਬਣਤਰ ਵੀ ਰਿਸ਼ਤਿਆਂ ਦੇ ਨਾਲ ਵੱਡੀ ਛੋਟੀ ਹੁੰਦੀ ਰਹਿੰਦੀ ਹੈ ।ਜਿਵੇਂ ਸਮੁੰਦਰ ਸਦਾ ਇਕ ਵਹਾਅ ਵਿੱਚ ਨਹੀਂ ਵਗਦਾ, ਇਸੇ ਹੀ ਤਰ੍ਹਾਂ ਜ਼ਿੰਦਗੀ ਦਾ ਪੱਧਰ ਵੀ ਇਕ ਨਹੀਂ ਰਹਿੰਦਾ। ਕਦੇ ਧੁੱਪ ਤੇ ਕਦੇ ਛਾਂ ਹੁੰਦੀ ਰਹਿੰਦੀ ਹੈ । ਜ਼ਿੰਦਗੀ ਦੇ ਵਿੱਚ ਕੋਈ ਅਸਮਾਨ ਵਾਂਗੂੰ ਤੇ ਕੋਈ ਸਮੁੰਦਰਾਂ ਦੀ ਛੱਲ ਵਾਂਗੂੰ ਆਉਦਾ ਹੈ । ਸਮੁੰਦਰਾਂ ਦੀਆਂ ਛੱਲਾਂ ਨੂੰ ਦੇਖਿਆ ਜਾ ਸਕਦਾ ਹੈ , ਉਨ੍ਹਾਂ ਦੀ ਤੋਰ ਤੇ ਤਾਕਤ ਨੂੰ ਨਾਪਿਆ ਨਹੀਂ ਜਾ ਸਕਦਾ, ਸਿਰਫ਼ ਮਹਿਸੂਸ ਕੀਤਾ ਜਾ ਸਕਦਾ ਹੈ । ਜਿਵੇਂ ਗੁਲਾਬ ਦੇ ਫੁੱਲਾਂ ਦੀ ਮਹਿਕ ਦਾ ਆਨੰਦ ਲਿਆ ਜਾ ਸਕਦਾ ਹੈ ਪਰ ਉਹ ਮਹਿਕ ਨੂੰ ਕਲਾਵੇ ਵਿੱਚ ਲੈ ਕੇ ਸੰਭਾਲਿਆ ਨਹੀਂ ਜਾ ਸਕਦਾ। ਮਨੁੱਖੀ ਜ਼ਿੰਦਗੀ ਦੇ ਹਰ ਮੋਰਚੇ ਉਤੇ ਕੋਈ ਧਰਤੀ ਬਣ ਮਿਲਦਾ ਹੈ ਤੇ ਕੋਈ ਅੰਬਰ ਵਾਂਗੂੰ ਛਾ ਜਾਂਦਾ ਹੈ । ਜਦ ਕਦੇ ਅਚਾਨਕ ਸਮੁੰਦਰ ਕਿਨਾਰੇ ਖੜ੍ਹੇ ਕੋਈ ਸਮੁੰਦਰੀ ਛੱਲ ਤੁਹਾਡੇ ਵਿੱਚ ਲੱਗਦੀ ਹੈ ਤਾਂ ਉਸਨੂੰ ਫੜ ਕੇ ਰੱਖਣਾ ਤੇ ਸੰਭਾਲਣਾ ਮੁਸ਼ਕਿਲ ਹੁੰਦਾ ਹੈ । ਦੁੱਧ ਦੇ ਉਬਾਲ ਵਰਗੇ ਪਲਾਂ ਦਾ ਆਨੰਦ ਤਾਂ ਮਹਿਸੂਸ ਹੋ ਸਕਦਾ ਪਰ ਉਹਨਾਂ ਨੂੰ ਸਦਾ ਲਈ ਕੋਲ ਨਹੀਂ ਰੱਖਿਆ ਜਾ ਸਕਦਾ।
ਨਦੀ ਜਦ ਦਰਿਆ ਸੰਗ ਮਿਲ ਕੇ ਸਮੁੰਦਰ ਤੱਕ ਪੁੱਜਦੀ ਤਾਂ ਹੋਰ ਵੀ ਵਿਸ਼ਾਲ ਹੋ ਜਾਂਦੀ ਹੈ । ਬਹੁਤਿਆਂ ਨੂੰ ਭਰਮ ਹੁੰਦਾ ਹੈ ਕਿ ਦਰਿਆ ਸਮੁੰਦਰ ਵਿੱਚ ਜਾ ਕੇ ਮਰ ਜਾਂਦਾ ਹੈ ਪਰ ਉਹ ਨਹੀਂ ਜਾਣਦੇ ਪਾਣੀ ਸੰਗ ਪਾਣੀ ਮਿਲ ਕੇ ਹੋਰ ਵੱਡਾ ਹੋ ਜਾਂਦਾ ਹੈ ।
ਜ਼ਿੰਦਗੀ ਦੇ ਵਿੱਚ ਸਮੁੰਦਰਾਂ ਦੀਆਂ ਛੱਲਾਂ ਨੂੰ ਸਦਾ ਆਪਣੀ ਬੁੱਕਲ ਸੰਭਾਲ ਕੇ ਰੱਖਣ ਦਾ ਭਰਮ ਪਾਲਣ ਵਾਲੇ ਉਦਾਸੀ ਦੀ ਗੁਫਾਵਾਂ ਦੇ ਵਿੱਚ ਬਹਿ ਕੇ ਨਿਰਾਸ਼ਾ ਦੇ ਗ਼ਮ ਵਿੱਚ ਡੁੱਬ ਜਾਂਦੇ ਹਨ । ਦਰਿਆਵਾਂ ਤੇ ਨਦੀਆਂ ਦਾ ਮਿਲਣਾ ਤੇ ਵਿਛੜਣਾ ਕੁਦਰਤੀ ਵਰਤਾਰਾ ਹੈ । ਕਿਸੇ ਖੁਸ਼ਬੂ ਨੂੰ ਸਦਾ ਲਈ ਯਾਦਾਂ ਵਿੱਚ ਤਾਂ ਸੰਭਾਲਿਆ ਜਾ ਸਕਦਾ ਹੈ ਪਰ ਡੱਬੀ ਵਿੱਚ ਬੰਦ ਕਰਕੇ ਨਹੀਂ ਰੱਖਿਆ ਜਾ ਸਕਦਾ । ਨਦੀ ਵਿੱਚ ਤੈਰਨਾ ਤਾਂ ਉਨ੍ਹਾਂ ਨੂੰ ਹੀ ਆਉਦਾ ਹੈ, ਜਿਹੜੇ ਨਦੀ ਦੀ ਤਾਸੀਰ ਨੂੰ ਜਾਣਦੇ, ਪਹਿਚਾਣ ਦੇ ਤੇ ਮਹਿਸੂਸ ਕਰਨ ਦੇ ਯੋਗ ਹੁੰਦੇ ਹਨ । ਅਕਸਰ ਹੀ ਨਦੀਆਂ ਹੱਥਾਂ ਵਿੱਚੋਂ ਤੋਤਿਆਂ ਵਾਂਗੂੰ ਉਡ ਜਾਂਦੀਆਂ ਹਨ । ਕਦੇ ਦਰਿਆ ਤੇ ਕਦੇ ਨਦੀਆਂ ਹੱਥ ਮਲਦੀਆਂ ਹੀ ਰਹਿ ਜਾਂਦੀਆਂ ਹਨ । ਨਦੀਆਂ ਦਾ ਨੀਰ ਦਰਿਆਵਾਂ ਦੇ ਦੁੱਖ ਤੇ ਗ਼ਮ ਧੋਂਦਾ ਹੈ । ਜ਼ਿੰਦਗੀ ਕਦੇ ਕੱਸੀ, ਕਦੇ ਨਦੀ, ਕਦੇ ਦਰਿਆ ਤੇ ਕਦੇ ਸਮੁੰਦਰ ਬਣਦੀ ਹੈ । ਮਨੁੱਖ ਨੇ ਫੈਸਲਾ ਕਰਨਾ ਹੈ ਕਿ ਉਸਨੇ ਕਿਥੇ ਵਸਣਾ ਹੈ । ਕਿਸੇ ਦਿਲ ਵਿੱਚ ਵਸ ਜਾਣਾ ਸੌਖਾ ਨਹੀਂ ਹੁੰਦਾ ਤੇ ਇਹ ਔਖਾ ਵੀ ਨਹੀਂ ਹੁੰਦਾ । ਬਸ ਆਪਣੀ ਮੈਂ ਨੂੰ ਚੁੱਪ ਨੂੰ ਕਾਬੂ ਵਿੱਚ ਰੱਖਣਾ ਹੁੰਦਾ ਹੈ ।ਜਦੋਂ ਤੱਕ ਮਨੁੱਖ ਦੇ ਅੰਦਰ ਮੈਂ ਸੱਪ ਦੇ ਫਣ ਵਾਂਗੂੰ ਤਣੀ ਰਹਿੰਦੀ ਹੈ ਤਾਂ ਨਦੀ ਹੱਥਾਂ ਵਿੱਚੋ ਤਿਲਕ ਜਾਂਦੀ ਹੈ । ਜਦੋਂ ਕਿਸੇ ਦਰਿਆ ਨੂੰ ਜਾਂ ਫਿਰ ਨਦੀ ਨੂੰ ਕੋਈ ਦਰਿਆ ਮਿਲ ਜਾਵੇ ਤੇ ਦੋਵੇਂ ਹੀ ਪਿਛੋਕੜ ਭੁੱਲ ਜਾਂਦੇ ਹਨ । ਨਦੀਆਂ ਅਕਸਰ ਦਰਿਆਵਾਂ ਵਿੱਚ ਤਰਦੀਆਂ ਹਨ । ਦਰਿਆਵਾਂ ਦਾ ਵਗਦੇ ਰਹਿਣਾ ਹੀ ਉਨ੍ਹਾਂ ਦੇ ਜਿਉਦੇ ਹੋਣ ਦਾ ਪ੍ਰਮਾਣ ਹੁੰਦਾ ਹੈ । ਕਦੀ ਦਰਿਆ ਨਦੀਆਂ ਦੇ ਵਿਯੋਗ ਵਿੱਚ ਥਲ ਬਣ ਜਾਂਦਾ ਹੈ ਤੇ ਕਦੇ ਨਦੀ ਦਰਿਆ ਦੇ ਗ਼ਮ ਵਿੱਚ ਸੁੱਕ ਕੇ ਤਵੀਜ਼ ਬਣ ਜਾਂਦੀ ਹੈ । ਬਹੁਤ ਘੱਟ ਹੁੰਦੇ ਹਨ ਜੋ ਯਾਦਾਂ ਨੂੰ ਯਾਦਗਾਰੀ ਬਣਾ ਕੇ ਵਗਦੇ ਰਹਿੰਦੇ ਹਨ । ਦਰਿਆਵਾਂ ਦੇ ਸੋਮੇ ਸੁੱਕਣ ਕਰਕੇ ਨਦੀਆਂ ਵਗਦੇ ਰਹਿਣ ਲਈ ਹੋਰਨਾਂ ਦਰਿਆਵਾਂ ਦੇ ਨਾਲ ਮਿਲ ਕੇ ਫੇਰ ਜਦ ਪਰਤਦੀਆਂ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਨਹੀਂ ਮਿਲਦੀਆਂ । ਦਰਿਆਵਾਂ ਤੇ ਨਦੀਆਂ ਦੇ ਪਾਣੀ ਗੰਦਲੇ ਹੋ ਗਏ ਹਨ । ਦਰਿਆ ਆਪਣਾ ਸੁਭਾਅ ਤੇ ਪਿਛੋਕੜ ਭੁੱਲ ਗਏ । ਨਦੀਆਂ ਆਪਣੀ ਤੋਰ ਭੁੱਲ ਗਈਆਂ ਹਨ । ਹੁਣ ਕੋਈ ਸਮੁੰਦਰਾਂ ਦੀ ਛੱਲ ਵਾਂਗੂੰ ਨਹੀਂ ਸਗੋਂ ਟਕੇ ਬਣ ਮਿਲਦਾ ਹੈ । ਹੁਣ ਨਦੀਆਂ ਦਾ ਮੁੱਲ ਪੈਦਾ ਹੈ ਦਰਿਆ ਵਿਕਦੇ ਹਨ । ਵਿਕਿਆ ਦਰਿਆ ਤੇ ਨਦੀਆਂ ਦਾ ਪਾਣੀ ਹੁਣ ਹੋਰਨਾਂ ਦੇ ਖੇਤਾਂ ਨੂੰ ਸਿੰਜਦਾ ਹੈ । ਹੁਣ ਦਰਿਆ ਤੇ ਨਦੀਆਂ ਇੱਕ ਵੱਲ ਨਹੀਂ ਸਗੋਂ ਉਲਟ ਵਗਣ ਲੱਗੇ ਹਨ । ਹਵਾ ਦਰਿਆਵਾਂ ਤੇ ਨਦੀਆਂ ਦਾ ਵਹਾਅ ਦੇਖ ਦੇਖ ਰੁੱਖਾਂ ਦੇ ਗਲ ਲੱਗ ਰੋਂਦੀ ਹੈ। ਨਿੱਤ ਸੁਕ ਰਹੇ ਦਰਿਆਵਾਂ ਨੂੰ ਬਚਾਉਣ ਦੇ ਲਈ ਕਦੇ ਬੱਦਲਾਂ ਵੱਲ ਜਾਂਦੀ ਤੇ ਕਦੇ ਧਰਤੀ ਵੱਲ । ਬੱਦਲ ਦਿਸ਼ਾਵਾਂ ਬਦਲੇ ਰੰਗ ਬਦਲਦੇ ਹਨ । ਹਵਾ ਉਦਾਸ ਹੈ ਨਦੀਆਂ ਰੋਂਦੀਆਂ ਹਨ । ਇਹ ਕੇਹੀ ਰੁੱਤ ਆ ਗਈ ਹੈ ?
ਹੁਣ ਤਾਂ ਸਿਰਫ਼ ਕੰਨਾਂ ਵਿੱਚ ਕੰਧਾਂ ਨਾਲ ਲੱਗ ਕੇ ਬੋਲ ਸੁਣਦੇ ਹਨ ।
"ਤੇਰਾ ਆਉਣਾ ਨੀ ਸਮੁੰਦਰਾਂ ਦੀ ਛੱਲ ਵਰਗਾ !
ਤੈਨੂੰ ਰੁਸੇ ਨੂੰ ਮਨਾ ਲੂੰ ਚੰਨ ਮੇਰਿਆ ।"
ਸੰਪਰਕ : 9464370823
ਜਦੋਂ ਸਿਸਟਮ ਟੁੱਟਦਾ ਹੈ ! - ਬੁੱਧ ਸਿੰਘ ਨੀਲੋਂ
ਸਿਸਟਮ ਨੂੰ ਸਮਾਜਿਕ ਢਾਂਚਾ ਕਹਿੰਦੇ ਹਨ, ਜਦ ਕਿਸੇ ਇਨਸਾਨ ਦਾ, ਘਰ ਦਾ , ਪਿੰਡ ਦਾ, ਰਾਜ ਦਾ ਤੇ ਦੇਸ਼ ਸਿਸਟਮ ਖਰਾਬ ਹੋ ਜਾਵੇ ਤਾਂ ਬਦਲਣਾ ਪੈਦਾ ਹੈ । ਅਸੀਂ ਅਕਸਰ ਗੱਡੀ ਦਾ ਇੰਜਣ ਦੁਬਾਰਾ ਬਣਾਉਦੇ ਹਾਂ । ਉਸਦਾ ਸਭ ਕੁੱਝ ਬਦਲ ਦੇ ਹਾਂ ਪਰ ਉਸਦੀ ਬਾਡੀ ( ਸਰੀਰ ) ਉਹੀ ਰੱਖਦੇ ਹਾਂ । ਉਹ ਕੁੱਝ ਦੇਰ ਸਹੀ ਚੱਲਦਾ ਫੇਰ ਧੂੰਆਂ ਮਾਰਨ ਹੈ ਤੇ ਮੁਗਲੈਲ ਚੱਕਣ ਲੱਗਦਾ ਹੈ । ਫੇਰ ਕਦੇ ਮਿਸਤਰੀ ਕੋਲ ਕਦੇ ਆਪ ਹੀ ਜੁਗਤ ਲਗਾਉਦੇ ਹਾਂ । ਹਾਲ ਸਾਡੇ ਸੂਬੇ ਵੀ ਇਹੋ ਹੀ ਹੈ । ਜਿਹੜਾ ਪੰਜ ਸਾਲ ਬਾਅਦ ਇੰਜਣ ਬਣਾਈ ਦਾ ਹੈ, ਉਹ ਸਾਲ ਕੁ ਤਾਂ ਵਧੀਆ ਚੱਲਦਾ ਹੈ। ਫੇਰ ਉਹ ਵੀ ਮੁਗਲੈਲ ਚੱਕਣ ਲੱਗਦਾ ਹੈ । ਇਸ ਦੇ ਵਿੱਚ ਇੱਟਾਂ, ਬੱਜਰੀ, ਰੇਤਾ, ਨਸ਼ਾ ਤੇ ਹੋਰ ਪਤਾ ਨਹੀਂ ਕੀ ਖੇਹ ਸਵਾਹ ਵੇਚਿਆ ਜਾਂਦਾ ਹੈ !
ਹੁਣ ਉਹੀ ਸਾਰੇ ਸਿਆਸੀ ਮਿਸਤਰੀ ਪਾਰਟੀ ਤੇ ਪੱਗ ਬਦਲ ਕੇ ਆ ਗਏ ਹਨ । ਲੋਕਾਂ ਦੀ ਹਾਲਤ ਪਿੰਡ ਵਿੱਚ ਆਏ ਮਦਾਰੀ ਮਗਰ ਲੱਗੇ ਨਿਆਣਿਆਂ ਤੇ ਸਿਆਣਿਆਂ ਵਰਗੀ ਹੈ । ਉਹ ਵੀ ਤਮਾਸ਼ਾ ਦਿਖਾ ਕੇ ਝੋਲੀ ਭਰ ਕੇ ਅਗਲੇ ਪਿੰਡ ਹੁੰਦਾ ਹੈ । ਲੋਕਾਂ ਦੇ ਪੱਲੇ ਗੱਲਾਂ ਤੋਂ ਬਿਨ੍ਹਾਂ ਬਾਂਦਰ ਟਪੂਸੀਆਂ ਰਹਿ ਜਾਂਦੀਆਂ ਹਨ। ਹੁਣ ਫੇਰ ਹਾਲਤ ਹੋਈ ਹੈ । ਇਹ ਲੇਖ ਤਾਲਾਬੰਦੀ ਵੇਲੇ ਲਿਖਿਆ ਸੀ ਪਰ ਮਸਲੇ ਸਮੱਸਿਆਵਾਂ ਉਹੀ ਹਨ ਜੇ ਸਮਝ ਲੱਗੇ ਤਾਂ ਕਰੋ ਕੋਈ ਜੁਗਾੜਬੰਦੀ ਤਾਂ ਸਮਾਜਿਕ ਢਾਂਚਾ ਬਦਲੇ ।
ਟੁੱਟੇ ਤੇ ਵਿਗੜੇ ਸਿਸਟਮ ਨੂੰ ਸਮਝੀਏ !
ਤਾਲਬੰਦੀ ਵਿੱਚ ਟੁੱਟ ਗਿਆ ਦੇਸ਼ ਦਾ ਸਿਸਟਮ, ਲੋਕਾਂ ਨੇ ਜਿਉਣ ਦੇ ਬਦਲੇ ਨੇ ਅਰਥ, ਸਰਕਾਰ ਕਰ ਰਹੀ ਹੈ, ਅਨਰਥ। ਦਰਦ ਦੀ ਚੀਕ ਵੀ ਸੁਣੀ। ਲੋਕਾਂ ਨੇ ਨਵੀਂ ਬਣਤੀ ਬੁਣੀ। ਲੋਕ ਸਿਰ ਉਤੇ ਪੈਰ ਤੇ ਘਰ ਰੱਖ ਕੇ ਧਰਤੀ ਲਹੂ ਨਾਲ ਰੰਗਦੇ ਰਹੇ।
ਹੁਣ ਇੰਝ ਲੱਗਦਾ ਹੈ...ਸਭ ਕੁੱਝ ਰਾਮ ਭਰੋਸੇ ਚੱਲਦਾ ਹੈ! ਲਾਸ਼ਾਂ ਚੀਕਦੀਆਂ..ਮੁਰਦੇ ਘਰਾਂ ਵਿੱਚ ਨਹੀਂ ਕਬਰਾਂ ਵਿੱਚ ਕੈਦ ਹਨ। ਤਮਾਸ਼ਾ ਜਾਰੀ ਹੈ।
ਜਦੋਂ ਸਿਸਟਮ ਟੁੱਟਦਾ ਹੈ ਤਾਂ ਧਰਤੀ ਨਹੀਂ ਕੰਬਦੀ, ਆਸਮਾਨ ਨਹੀਂ ਪਾਟਦਾ, ਧਰਤੀ ਉਤੇ ਭੂਚਾਲ ਨਹੀਂ ਆਉਦਾ। ਅੰਬਰ ਦੇ ਤਾਰੇ ਨਹੀਂ ਟੁੱਟਦੇ, ਘਰਾਂ ਦੇ ਚੁੱਲੇ ਨਹੀਂ ਬੁਝਦੇ। ਸੜ੍ਹਕਾਂ ਉੱਤੇ ਭੀੜ ਦਨਦਨਾਉਦੀ ਨਹੀਂ ਫਿਰਦੀ। ਪੁਲਿਸ ਦੀ ਲਾਠੀ ਨਹੀਂ ਚਲਦੀ, ਕਬਰਾਂ ਤੇ ਸਮਸ਼ਾਨਾਂ ਵਿੱਚ ਰੋਣਕਾਂ ਨਹੀਂ ਲੱਗਦੀ।
ਹੱਸਦੇ ਘਰਾਂ ਵਿੱਚ ਵਸਦੇ ਲੋਕ, ਆਪਣੇ ਹੀ ਘਰਾਂ ਵਿੱਚ ਕੈਦ ਨਹੀਂ ਹੁੰਦੇ। ਘਰਾਂ ਦੇ ਬੂਹਿਆਂ ਤੇ ਤਾਲੇ ਨਹੀਂ ਲੱਗਦੇ। ਪੈਰਾਂ ਦੀਆਂ ਬਿਆਈਆਂ ਨਹੀਂ ਪਾਟਦੀਆਂ, ਛਾਲੇ ਨਹੀਂ ਪੈਂਦੇ। ਕੋਈ ਅੱਖਾਂ ਦੀਆਂ ਕਿਆਰੀਆਂ ਵਿੱਚੋਂ ਹੰਝੂ ਨਹੀਂ ਪੂੰਝਦਾ। ਜਦੋਂ ਸਿਸਟਮ ਡਿੱਗਦਾ ਹੈ।
ਸਿਸਟਮ ਦਾ ਮੁੱਢ ਕੁਦੀਮੋਂ ਹੀ ਆਪਣਾ ਕਾਨੂੰਨ ਹੈ। ਆਪਣਾ ਬੀ ਇੱਕ ਜਨੂੰਨ ਹੈ। ਇਹ ਜਨੂੰਨ ਲੁੱਟਣ ਵਾਲਿਆਂ ਦਾ ਆਪਣਾ ਹੈ। ਇਸੇ ਕਰਕੇ ਉਹ ਜਦੋਂ ਵੀ ਚਾਹੁੰਦੇ ਹਨ ਤਾਂ ਕਾਨੂੰਨ ਦਾ ਨੱਕ ਮਰੋੜਦੇ ਹਨ, ਲੁੱਟੇ ਜਾਣ ਵਾਲਿਆਂ ਨੂੰ ਨੱਚੋੜਦੇ ਹਨ।
ਨੁਚੜੇ ਬੰਦੇ ਫਿਰ ਸੜਕਾਂ ਤੇ ਨਹੀਂ ਕਬਰਾਂ ਦੀ ਉਡੀਕ ਕਰਦੇ ਹਨ। ਨਿੱਤ ਦਿਨ ਉਹ ਸੋਚ ਕੇ ਮਰਦੇ ਹਨ, ਕਿ ਸ਼ਾਇਦ ਭਵਿੱਖ ਉਨ੍ਹਾਂ ਲਈ ਗੁਲਦਾਉਦੀ ਦੇ ਫੁੱਲਾਂ ਦੀ ਮਹਿਕ, ਚੁੱਲੇ ਲਈ ਬਾਲਣ, ਪੀਪੇ ਲਈ ਆਟਾ, ਤਨ ਲਈ ਕੱਪੜਾ ਤੇ ਸਿਰ ਲਈ ਛੱਤ ਲੈ ਕੇ ਆਵੇਗਾ। ਉਹ ਆਸ ਦੇ ਸਹਾਰੇ ਜਿਉਦੇ ਨਹੀਂ ਆਸ ਦੀ ਉਡੀਕ ’ਚ ਪਲ ਪਲ, ਹਰ ਸਾਹ ਮਰਦੇ ਹਨ। ਪਰ ਫਿਰ ਵੀ ਉਹ ਜਿਉਦੇ ਰਹਿੰਦੇ ਹਨ। ਉਹ ਜਿਉਦੇ ਇਸ ਕਰਕੇ ਨਹੀਂ ਰਹਿੰਦੇ, ਕਿ ਉਨ੍ਹਾਂ ਦੇ ਹਿੱਸੇ ਦਾ ਅੰਬਰ ਕੋਈ ਉਨ੍ਹਾਂ ਨੂੰ ਮੋੜ ਦੇਵੇਗਾ, ਉਹ ਤਾਂ ਲੁੱਟਣ ਵਾਲਿਆਂ ਲਈ ਹੋਰ ਲੁੱਟ ਦਾ ਸਾਧਨ ਬਣਦੇ ਹਨ।
ਉਹ ਆਪਣੇ ਲਈ ਸਾਧਨ ਤਲਾਸ਼ਦੇ ਹੋਏ, ਸੜਕਾਂ, ਫੈਕਟਰੀਆਂ, ਦਫਤਰਾਂ, ਖੇਤਾਂ ਤੇ ਘਰਾਂ ਵਿੱਚ ਮਰਦੇ ਹਨ, ਪਰ ਉਹ ਫਿਰ ਵੀ ਜਿਉਦੇ ਰਹਿੰਦੇ ਹਨ, ਕਿਉਕਿ ਉਨ੍ਹਾਂ ਦੇ ਜਿਉਦੇ ਰਹਿਣ ਦੀ ਸਿਸਟਮ ਨੂੰ ਲੋੜ ਹੈ। ਉਹ ਇਹ ਲੋੜ ਨੂੰ ਜਿਉਦਾ ਰੱਖਣ ਲਈ ਯੋਜਨਾਵਾਂ ਉਲੀਕਦਾ ਹੈ, ਉਨ੍ਹਾਂ ਦੇ ਲਈ ਸੁਪਨਿਆਂ ਦਾ ਸੰਸਾਰ ਸਿਰਜਣ ਦੇ ਸੁਪਨੇ ਵਿਖਾਉਦਾ ਹੈ, ਤੇ ਉਨ੍ਹਾਂ ਨੂੰ ਡਰਾਉਦਾ ਵੀ ਹੈ ਤੇ ਤਰਸਾਉਦਾ ਵੀ, ਡਰਦਿਆਂ, ਤਰਸਦਿਆਂ, ਮਰਦਿਆਂ ਉਹ ਫੇਰ ਜਿਉਦੇ ਰਹਿੰਦੇ ਹਨ, ਕਿਉਕਿ ਸਿਸਟਮ ਨੂੰ ਜਿਉਦਾ ਰੱਖਣ ਲਈ ਸਿਸਟਮ ਕਦੇ ਵੀ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ।
ਸਿਸਟਮ ਦਾ ਤੇ ਧਰਮ ਦਾ ਆਪਣਾ ਇੱਕ ਜੋੜ ਹੈ, ਉਹ ਧਰਮ ਦੇ ਨਾਂ ਉੱਤੇ ਦੰਗੇ ਨਹੀਂ ਕਰਵਾਉਦਾ, ਕਤਲ ਨਹੀਂ ਕਰਵਾਉਦਾ, ਗਲਾਂ ਵਿੱਚ ਟਾਇਰ ਨਹੀਂ ਪਾਉਦਾ, ਪੁਲਾਂ, ਕੱਸੀਆਂ ਨਾਲਿਆਂ ਤੇ, ਟਾਹਲੀਆਂ, ਕਿੱਕਰਾਂ ਦੇ ਥੱਲੇ ਮੁਕਾਬਲੇ ਨਹੀਂ ਕਰਦਾ, ਉਹ ਮਨੁੱਖਤਾ ਦਾ ਸ਼ਿਕਾਰ ਨਹੀਂ ਖੇਡਦਾ, ਉਹ ਜੁਆਨੀ ਨੂੰ ਨੋਕਰੀਆਂ ਦਿੰਦਾ ਹੈ, ਲਾਡੀਆਂ ਦਿੰਦਾ, ਬੰਦੂਕਾਂ, ਗੋਲੀਆਂ ਤੇ ਏ.ਕੇ. ਸੰਤਾਲੀ ਦਿੰਦਾ ਹੈ ਤਾਂ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਣ।
ਜਦੋਂ ਜੁਆਨੀ ਆਪਣਾ ਸ਼ਿਕਾਰ ਖੁੱਦ ਕਰਦੀ ਹੈ ਤਾਂ ਉਸ ਨੂੰ ਪਤਾ ਨਹੀਂ ਤਾਰਨ ਤੇ ਮਾਰਨ ਵਾਲੇ ਦੇ ਹੱਥਾਂ ਤੇ ਦਸਤਾਨੇ ਕਿਸ ਦੇ ਹਨ। ਬੰਦੂਕ ਦਾ ਘੋੜਾ ਉਹ ਨਹੀਂ ਕੌਣ ਦੱਬਦਾ ਹੈ। ਉਸ ਦੇ ਬੰਦੂਕ ’ਚੋਂ ਨਿਕਲੀ ਗੋਲੀ ਨਾਲ ਖੂਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਉਸ ਦੀ ਪਿੱਠ ਵਿੱਚੋਂ ਨਿਕਲਦਾ ਹੈ।
ਉਹ ਲਾਵਾਰਿਸ ਲਾਸ਼ਾਂ ਨਹੀਂ ਬਣਦਾ, ਉਹ ਦਰਿਆਵਾਂ ਤੇ ਨਹਿਰਾਂ ਵਿੱਚ ਮੱਛੀਆਂ ਦਾ ਭੋਜਨ ਨਹੀਂ ਬਣਦਾ। ਉਹ ਤਾਂ ਸਗੋਂ ਆਪਣੇ ਹਉਮੈ ਦੇ ਘੋੜੇ ਤੇ ਸਵਾਰ ਹੋ ਕੇ ਸਿਸਟਮ ਦੀ ਰਾਖੀ ਕਰਦਾ ਹੈ। ਰਾਖੀ ਕਰਦਾ ਕੋਈ ਮਰਦਾ ਨਹੀਂ ਹੁੰਦਾ, ਸਗੋਂ ਸ਼ਹੀਦ ਹੁੰਦਾ ਹੈ। ਸ਼ਹੀਦ ਹੋਣਾ ਸਿਸਟਮ ਲਈ ਜਰੂਰੀ ਹੈ। ਉਸ ਦੀ ਲਾਸ਼ ਨੂੰ ਤਾਬੂਤ ਨਹੀਂ ਖਾਂਦਾ। ਸਗੋਂ ਉਸ ਦਾ ਆਪਣਾ ਹੀ ਸਾਇਆ ਖਾ ਜਾਂਦਾ ਹੈ।
ਇਸੇ ਕਰਕੇ ਸਿਸਟਮ ਤਾਬੂਤਾਂ ਦਾ ਵਪਾਰ ਕਰਦਾ ਹੈ, ਇਹ ਤਾਬੂਤ ਅਸਮਾਨ ਵਿੱਚ ਉਡਦੇ ਹਨ, ਸਰਹੱਦ ਦੀ ਰਾਖੀ ਕਰਦੇ ਹਨ। ਰਾਖੀ ਕਰਦਿਆਂ ਮੌਤ ਨੂੰ ਝਕਾਨੀ ਦੇ ਕੇ ਮੁੜ ਆਉਣਾ ਸੂਰਮਗਤੀ ਨਹੀਂ ਹੁੰਦਾ, ਸਗੋਂ ਸਿਸਟਮ ਨਾਲ ਕੀਤੀ ਗਦਾਰੀ ਅਖਾਉਦੀ ਹੈ। ਗਦਾਰਾਂ ਤੇ ਸਰਦਾਰਾਂ ਵਿੱਚ ਉਦੋਂ ਅੰਤਰ ਮਿਟ ਜਾਂਦਾ ਹੈ, ਜਦੋਂ ਸਿਸਟਮ ਆਪਣਾ ਵਪਾਰ ਵਧਾਉਣ ਲਈ ਦਿੰਦਾ ਹੈ ਖਿਤਾਬ ਹਨ..ਰਸਾਲਦਾਰ, ਸਰ, ਬਹਾਦਰ, ਜੈਲਦਾਰ ਤੇ ਨੰਬਰਦਾਰ ਦੇ, ਉਦੋਂ ਸਿਸਟਮ ਬੜਾ ਚੰਗਾ ਹੁੰਦਾ ਹੈ ਤੇ ਖਿਤਾਬ ਲੈਣ ਵਾਲਾ ਆਪਣੇ ਕਬੀਲੇ ਵਿੱਚ ਨੰਗਾ ਹੁੰਦਾ ਹੈ, ਨੰਗਾ ਬੰਦਾ ਉਦੋਂ ਹੀ ਹੁੰਦਾ ਹੈ ਜਦੋਂ ਮਰਦਾ ਹੈ। ਉਦੋਂ ਤੱਨ ਨਹੀਂ, ਮਨ ਮਰਦਾ ਹੈ, ਅਣਖ ਮਰਦੀ ਹੈ, ਸਿਸਟਮ ਦੀ ਕਿਸ਼ਤੀ ਉਦੋਂ ਟਿੱਬਿਆਂ ਵਿੱਚ ਵੀ ਚਲਦੀ ਹੈ। ਟਿੱਬਿਆਂ ਵਿੱਚ ਚਲਦੀ ਕਿਸ਼ਤੀ ਦੇ ਮਲਾਹ ਸਿਸਟਮ ਨਹੀਂ ਹੁੰਦਾ। ਸਿਸਟਮ ਹੀ ਮਲਾਹ ਤੇ ਕਿਸ਼ਤੀ ਹੁੰਦਾ ਹੈ।
ਜਦੋਂ ਸਿਸਟਮ ਡਿੱਗਦਾ ਹੈ, ਤਾਂ ਦਿਨੇ ਰਾਤ ਨਹੀਂ ਪੈਂਦੀ, ਸਗੋਂ ਰਾਤ ਵੀ ਦਿਨ ਬਣ ਜਾਂਦੀ ਹੈ। ਉਦੋਂ ਦਿਨ ਤੇ ਰਾਤ ਦਾ ਅੰਤਰ ਮਿਟ ਜਾਂਦਾ ਹੈ, ਇਹ ਮਿਟਿਆ ਅੰਤਰ ਇੱਕ ਵਾਰ ਨਹੀਂ ਕਈ ਵਾਰ ਅੱਖੀ ਦੇਖਿਆ ਹੈ ਤੇ ਸਿਵਿਆਂ ਨੇ ਇਸ ਦਾ ਨਿੱਘ ਸੇਕਿਆ ਹੈ।
ਸਿਸਟਮ ਜਦੋਂ ਚਲਦਾ ਹੈ, ਤਾਂ ਲੋਕ ਸੋਂਦੇ ਹਨ, ਸੁੱਤੇ ਹੋਏ ਲੋਕਾਂ ਉੱਤੇ ਸਿਸਟਮ ਆਪਣੀ ਹਕੂਮਤ ਨਹੀਂ ਚਲਾਉਦਾ ਸਗੋਂ ਉਨ੍ਹਾਂ ਨੂੰ ਸੁੱਤੇ ਰਹਿਣ ਦੇ ਢੰਗ ਤਰੀਕੇ ਸਿਖਾਉਦਾ, ਚੈਨਲਾਂ ਤੇ ਬਾਬਿਆਂ ਨੂੰ ਬੈਠਾਉਦਾ ਹੈ, ਉਨ੍ਹਾਂ ਦੇ ਪ੍ਰਵਚਨ ਸੁਣਾਉਦਾ ਹੈ, ਪ੍ਰਵਚਨ ਸਪਣਦਾ ਬੰਦਾ ਆਪਣਾ ਵਰਤਮਾਨ ਭੁੱਲਦਾ ਹੈ, ਅਗਲੇ ਜਨਮ ਦੇ ਵਿੱਚ ਸੱੁਖ ਮਿਲਣ ਦੀ ਆਸਾ ਵਿੱਚ ਬੱਝਦਾ ਹੈ। ਸਿਸਟਮ ਜਦੋਂ ਧਰਮ ਦਾ ਪਿਆਰ ਵੰਡਦਾ ਹੈ ਤਾਂ ਥਾਂ ਥਾਂ ਉੱਤੇ ਡੇਰਿਆਂ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦਾ ਹੜ੍ਹ ਆਉਦਾ ਹੈ, ਇਹ ਹੜ੍ਹ ਹੀ ਸਿਸਟਮ ਨੂੰ ਚਲਾਉਦਾ ਹੈ। ਧਰਮ ਰਾਜ ਨਹੀਂ ਸਗੋਂ ਰਾਜਨੀਤੀ ਕਰਦਾ ਹੈ। ਉਹ ਫਤਵੇ ਜਾਰੀ ਕਰਦਾ ਹੈ। ਸਜਾਵਾਂ ਦਿੰਦਾ ਹੈ। ਪਰ ਉਹ ਉਨ੍ਹਾਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਉਨ੍ਹਾਂ ਦੇ ਪਿਛਲੇ ਜਨਮ ਦੇ ਪਾਪ ਕੱਟਦਾ ਹੈ। ਪਾਪ ਕੱਟਿਆ ਹੀ ਮੁਕਤੀ ਮਿਲਦੀ ਹੈ।
ਜਦੋਂ ਮੁਕਤੀ ਮਿਲਦੀ ਹੈ ਤਾਂ ਸਿਸਟਮ ਹੱਸਦਾ ਨਹੀਂ, ਸਗੋਂ ਸੋਗ ਮਨਾਉਦਾ ਹੈ, ਸ਼ਰਧਾਂਜਲੀ ਸਮਾਗਮ ਰਚਾਉਦਾ ਹੈ। ਮਰ ਗਿਆ ਲਈ ਐਲਾਨ ਕਰਦਾ ਹੈ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ ਵੰਡਦਾ ਹੈ। ਉਨ੍ਹਾਂ ਦੀ ਯਾਦ ਵਿੱਚ ਹੰਝੂ ਵਗਾਉਦਾ ਹੈ, ਨੋਕਰੀ ਦੇਣ ਦਾ ਭਰੋਸਾ ਦਿੰਦਾ ਹੈ। ਇਹ ਭਰੋਸਾ ਉਨ੍ਹਾਂ ਲਈ ਖੰਜਰ ਉੱਤੇ ਪਈ ਰੋਟੀ ਬਣਦਾ ਹੈ, ਉਨ੍ਹਾਂ ਦਾ ਜੀਵਨ ਇਸੇ ਆਸ ਨਾਲ ਚਲਦਾ ਹੈ।
ਸਿਸਟਮ ਆਮ ਤੋਂ ਖਾਸ ਤੇ ਖਾਸ ਤੋਂ ਆਮ ਤੱਕ ਲਈ ਯੋਜਨਾ ਉਲੀਕਦਾ ਹੈ, ਸੰਸਥਾਵਾਂ ਬਣਾਉਦਾ ਹੈ, ਆਪਣੀ ਖੇਡ ਜਾਰੀ ਰੱਖਣ ਲਈ ਜੱਥੇ ਬੰਦੀਆਂ ਬਣਾਉਦਾ ਹੈ। ਇਹ ਜੱਥੇਬੰਦੀਆਂ ਸਿਸਟਮ ਦਾ ਪਿੱਟ ਸਿਆਪਾ, ਗੇਟ ਰੈਲੀਆਂ, ਚੌਂਕ ਰੈਲੀਆਂ, ਜਿਲ੍ਹਾ ਮੁਕਾਮਾਂ ਤੇ ਧਰਨੇ ਕਰਵਾਉਦਾ ਹੈ ਤਾਂ ਸਿਸਟਮ ਚਲਦਾ ਹੈ।
ਸਿਸਟਮ ਦਾ ਤੇ ਸਾਹਿਤ ਦਾ ਆਪਸ ਵਿੱਚ ਇਕ ਸੰਬੰਧ ਹੁੰਦਾ ਹੈ। ਇਹ ਸੰਬੰਧ ਬਗਾਵਤ ਨਹੀਂ ਬਣਦਾ ਸਗੋਂ ਸਿਸਟਮ ਦੀ ਪ੍ਰਕਰਮਾ ਕਰਦਾ ਹੈ। ਉਸ ਦੀ ਆਰਤੀ ਕਰਦਾ ਹੈ, ਉਸ ਦੀ ਅਰਾਧਨਾ ਕਰਦਾ ਹੈ। ਇਸੇ ਕਰਕੇ ਸਾਹਿਤ ਤੇ ਸਿਸਟਮ ਦਾ ਅੰਤਰ ਮਿੱਟ ਗਿਆ। ਹੁਣ ਸਾਹਿਤ ‘ਰਾਜੇ ਸੀਂਹ ਮੁਕੱਦਮ ਕੁੱਤੇ ਨਹੀਂ ਆਖਦਾ ਸਗੋਂ ਹੁਣ ਸਿਸਟਮ ਜੋ ਚਾਹੁੰਦਾ ਹੈ, ਉਹੀ ਸਾਹਿਤ ਸਿਰਜਿਆ ਜਾਂਦਾ ਹੈ, ਸਿਰਜਣ ਵਾਲਿਆਂ ਨੂੰ ਤੁਰਲਿਆ, ਸ਼ਮਲਿਆਂ ਨਾਲ ਨਿਵਾਜਿਆ ਜਾਂਦਾ ਹੈ।
ਸਿਸਟਮ ਹੁਣ ਨਾਂ ਗਲਦਾ ਹੈ ਤੇ ਨਾਂ ਹੀ ਸੜਦਾ ਹੈ। ਗਲਦਾ ਤੇ ਸੜਦਾ ਤਾਂ ਗੋਦਾਮਾਂ ਵਿੱਚ ਅਨਾਜ ਹੈ। ਅਨਾਜ ਉਗਾਉਣ ਵਾਲੇ ਘਰਾਂ, ਖੇਤਾਂ, ਹਸਪਤਾਲਾਂ ਵਿੱਚ ਸੜਦੇ ਹਨ। ਸਿਸਟਮ ਤਾਂ ਪਲਦਾ ਹੈ, ਉਸਰਦਾ ਹੈ। ਮਹਿਲਾ ਵਿੱਚ ਮੁਕਾਰਿਆਂ ਵਿੱਚ। ਸਿਸਟਮ ਕਦੇ ਸਹਾਰਾ ਨਹੀਂ ਕਿਨਾਰਾ ਬਣਦਾ ਹੈ। ਕਿਨਾਰਿਆਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਜਿਨ੍ਹਾਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੀ ਰੇਲ ਚਲਦੀ ਹੈ। ਜੁਬਾਨ ਚਲਦੀ ਹੈ। ਉਹ ਜੁਬਾਨ ਤੇ ਰੇਲ ਸਿਸਟਮ ਦਾ ਨਹੀਂ ਲੋਕਾਂ ਦਾ ਕਤਲ ਕਰਦੀ ਹੈ। ਪਰ ਕਾਤਲ ਨਹੀਂ ਅਖਵਾਉਦੀ। ਜਿਹੜੇ ਕਤਲ ਨਹੀਂ ਕਰਦੇ, ਉਹ ਕਾਤਲ ਬਣ ਜਾਂਦੇ ਹਨ। ਉਹ ਕਾਤਲ ਬਣਕੇ ਖਲਨਾਇਕ ਤੋਂ ਨਾਇਕ ਬਣਦੇ ਹਨ।
ਉਹ ਸਿਸਟਮ ਦੇ ਪਿਆਦੇ ਬਣ ਕੇ, ਉਹੀ ਬੋਲੀ ਬੋਲਦੇ ਹਨ, ਜਿਹੜਾ ਸਿਸਟਮ ਬਲਾਉਦਾ ਹੈ, ਉਹ ਹਸਦੇ, ਰੋਂਦੇ ਆਪਣੇ ਲਈ ਨਹੀਂ ਸਗੋਂ ਸਿਸਟਮ ਲਈ ਚੀਕਾਂ ਮਾਰਦੇ, ਕੂਕਾਂ ਮਾਰਦੇ ਹਨ।
ਸਿਸਟਮ ਤੇ ਮੀਡੀਏ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਨਹੀਂ ਹੁੰਦਾ, ਸਗੋਂ ਨੂਰਾ ਕੁਸ਼ਤੀ ਹੰੁਦੀ ਹੈ। ਜਿਹੜੀ ਸੂਖਮ ਅੱਖਾਂ ਦੇ ਨਾਲ ਦੇਖਿਆ ਵੇਖੀ ਨਹੀਂ ਜਾਂਦੀ, ਜਿਸ ਨੇ ਵੀ ਇਸ ਨੂੰ ਦੇਖਣ ਦਾ ਯਤਨ ਕੀਤਾ। ਉਹ ਅੱਖ ਨਹੀਂ ਬਚਦੀ। ਇਸੇ ਕਰਕੇ ਮੀਡੀਏ ਵਿੱਚ ਦੁੱਖ ਤੇ ਭੁੱਖ ਦੀਆਂ ਨਹੀਂ, ਸਗੋਂ ਸਨਸਨੀਖੇਜ ਖਬਰਾਂ ਦੀ ਭਰਮਾਰ ਹੈ, ਇਹ ਲੋਕਾਂ ਦਾ ਨਹੀਂ ਸਗੋਂ ਸਿਸਟਮ ਦਾ ਅਸਿੱਧ ਤੌਰ ਤੇ ਪ੍ਰਚਾਰ ਹੈ। ਪਰ ਮੀਡੀਆ ਆਪਣੇ ਆਪਨੂੰ ਕਦੇ ਵੀ ਪ੍ਰਚਾਰਕ ਨਹੀਂ ਦੱਸਦਾ। ਉਹ ਤਾਂ ਸਗੋਂ ਹਰ ਵੇਲੇ ਹੱਸਦਾ ਹੈ। ਹੱਸਦਾ ਉਹ ਹੈ, ਜਿਸ ਦੀ ਕੋਠੀ ਦਾਣੇ ਹੋਣ। ਜਿਸਦੇ ਕੋਠੀ ਦਾਣੇ ਹੁੰਦੇ ਹਨ, ਉਨ੍ਹਾਂ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਇਸ ਕਰਕੇ ਅੱਜ ਸਿਸਟਮ ਅੰਦਰ ਸਿਆਣੇ ਨਹੀਂ ਸਗੋਂ ਕਮਲਿਆਂ ਦੀ ਬਹੁਤਾਤ ਹੈ, ਇਸ ਕਰਕੇ ਸਿਸਟਮ ਉਦਾਸ ਹੈ।
ਸਿਸਟਮ ਇਸ ਲਈ ਉਦਾਸ ਹੈ ਕਿ ਉਸ ਦੀ ਲੁੱਟ ਬੇਨਕਾਬ ਹੈ। ਜਿਸ ਦਾ ਨਾ ਕੋਈ ਖਾਤਾ ਤੇ ਨਾ ਹੀ ਹਿਸਾਬ ਹੈ। ਸਿਸਟਮ ਜਦੋਂ ਡਿਗਦਾ ਹੈ, ਤਾਂ ਮਸ਼ੀਨਾਂ ਮਰਦੀਆਂ ਹਨ। ਮਸ਼ੀਨਾਂ ਦਾ ਮਲਬਾ ਜਦੋਂ ਬੰਦੇ ਚੁੱਕਦੇ ਹਨ ਤਾਂ ਮਸ਼ੀਨਰੀ ਨੂੰ ਬਨਾਉਣ ਤੇ ਚਲਾਉਣ ਵਾਲਿਆਂ ਤੇ ਉਂਗਲਾਂ ਨਹੀਂ ਹੁੰਦੀਆਂ। ਉਹ ਤਾਂ ਸਗੋਂ ਟੁੱਟੀਆਂ ਬਾਹਾਂ ਨਾਲ ਫਿਰ ਤੋਂ ਨੱਕ ਉੱਤੇ ਬੰਨ ਕੇ ਮੈਡੀਕਲ ਪੱਟੀ, ਉਨ੍ਹਾਂ ਮਸ਼ੀਨਾਂ ਦੀਆਂ ਲਾਸ਼ਾਂ ਚੁਕਦੇ ਤੇ ਲਗਾਉਦੇ ਹਨ ਮਸ਼ੀਨਾਂ ! ਮਸ਼ੀਨਾਂ ਦੀ ਮੌਤ ਤੇ ਲੋਕ ਮਾਤਮ ਨਹੀਂ ਕਰਦੇ, ਸੋਗ ਨਹੀਂ ਮਨਾਉਦੇ, ਨਾਅਰੇ ਨਹੀਂ ਲਗਾਉਦੇ, ਧਰਨੇ ਨਹੀਂ ਦਿੰਦੇ। ਮਸ਼ੀਨਾਂ ਦੀ ਮੌਤ ਉਨ੍ਹਾਂ ਲਈ ਰੋਟੀਆਂ ਨਹੀਂ ਬਣਦੀ।
ਇਸ ਕਰਕੇ ਉਹ ਮੁਰਦਾ ਸ਼ਾਂਤੀ ਵਿੱਚ ਬੈਠ ਭਜਨ, ਕੀਰਤਨ ਤੇ ਬੰਦਗੀ ਕਰਦੇ ਹਨ। ਬੰਦਗੀ ਕਰਦਿਆਂ ਨੂੰ ਹੱਕਾਂ ਦੀ ਨਹੀਂ, ਸਗੋਂ ਛਿੱਤਰਾਂ ਦੀ ਲੋੜ ਹੁੰਦੀ ਹੈ, ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਕਰਕੇ ਆਖਦੇ ਹਨ, ਚੋਰ ਨਾ ਸਗੋਂ ਚੋਰ ਦੀ ਮਾਂ ਨੂੰ ਮਾਰੋ। ਸਿਸਟਮ ਜਦੋਂ ਡਿੱਗਦਾ, ਤਾਂ ਧਰਤੀ ਕੰਬਦੀ ਨਹੀਂ ਸਗੋਂ ਇਮਾਰਤ ਹੱਸਦੀ ਹੈ ਤੇ ਤਿਜਾਰਤ ਕਰਦੀ ਹੈ। ਅਸੀਂ ਸਿਸਟਮ ਨੂੰ ਨਹੀਂ ਆਪਣੇ ਆਪ ਨੂੰ ਡੇਗਦੇ ਹਾਂ ਇਸੇ ਕਰਕੇ ਅਸੀਂ ਸਦਾ ਬੈਠੇ ਰਹਿੰਦੇ ਹਾਂ, ਰੀਂਗਦੇ, ਸੜਦੇ, ਮਰਦੇ ਰਹਿੰਦੇ ਹਾਂ, ਪਰ ਸਿਸਟਮ ਕਦੋਂ ਡਿੱਗਦਾਾ ਹੈ? ਸਗੋਂ ਇਹ ਤਾਂ ਸਦਾ ਹੀ ਆਮ ਲੋਕਾਂ ਨੂੰ ਲੁੱਟਦਾ ਤੇ ਕੁੱਟਦਾ ਹੈ, ਅਸੀਂ ਕਦੋਂ ਤੀਕ ਲੁੱਟੇ ਅਤੇ ਕੁੱਟ ਖਾਂਦੇ ਰਹਾਂਗੇ?
ਸੰਪਰਕ - 94643-70823
ਕੁੱਝ ਉਜੜ ਗਏ, ਕੁੱਝ ਉਜਾੜ ਦਿੱਤੇ ! - ਬੁੱਧ ਸਿੰਘ ਨੀਲੋਂ
ਕਿਤਾਬਾਂ ਵਿੱਚ ਪੜ੍ਹਦੇ, ਸੁਣਦੇ ਸੀ ਕਿ , ਅੱਗ ਲਾਈ ਡੱਬੂ ਕੰਧ ਉਤੇ ।
ਹੁਣ ਇਹ ਗੱਲ ਹੋਈ ਪਈ ਐ। ਅੱਗ ਲਾਉਣ ਵਾਲੇ, ਲਾਉਣ ਗਏ।
ਜਦ ਆਪਣੇ ਘਰ ਅੱਗ ਲੱਗੀ ਫੇਰ ਦਿਨੇ ਤਾਰੇ ਦਿਖਣ ਲੱਗਦੇ ਹਨ, ਸਿਆਣੇ ਲੋਕ ਇਹੋ ਜਿਹੀਆਂ ਸਿਆਪਣਾਂ ਦੀਆਂ ਉਦਾਹਰਣ ਦੇ ਕੇ ਬਗੈਰ ਸਿਰ ਤੋਂ ਪਿੰਡ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਨੂੰ ਸੁਣਾਇਆ ਕਰਦੇ ਸੀ, ਹੁਣ ਸਭ ਅੱਖਾਂ ਰਾਹੀਂ ਦੇਖ ਰਹੇ ਹਾਂ, ਕਹਿੰਦੇ ਅੱਖਾਂ ਨਾਲ ਦੇਖਿਆ ਵੀ ਪੂਰਾ ਸੱਚ ਨਹੀਂ ਹੁੰਦਾ, ਸਿਫਤ ਬਿਗਾਨੇ ਤੋਂ ਸੁਣ ਕਿ ਬਜ਼ੁਰਗ ਧੀ ਦਾ ਰਿਸ਼ਤਾ ਕਰ ਆਇਆ ਕਰਦੇ ਸੀ ਜਦ ਅੱਖਾਂ ਨਾਲ ਦੇਖ ਕੇ ਜਵਾਬ ਦੇਦੇ ਸੀ। ਆਪਣੇ ਫਾਇਦੇ ਲਈ ਹਰ ਕੋਈ ਗੱਲ ਵਧਾ ਕੇ ਦੱਸਦਾ ਹੈ। ਬਿਗਾਨੇ ਦੇ ਖੇਤਾਂ ਨੂੰ ਵੀ ਆਪਣਾ ਬਣਾ ਕੇ ਦੂਜੇ ਦੇ ਅੱਖਾਂ ਘੱਟਾ ਪਾਉਣਾ ਮਨੁੱਖੀ ਸੁਭਾਅ ਹੈ । ਮਨੁੱਖ ਦੀਆਂ ਆਦਤਾਂ ਨਹੀਂ ਬਦਲ ਦੀਆਂ, ਚੋਰ ਚੋਰੀ ਕਰਨੋ ਹਟ ਜੂ ਪਰ ਹੇਰਾ ਫੇਰੀ ਕਰਨੋ ਨਹੀਂ ਹਟਦਾ।
ਪੰਜਾਬ ਨੂੰ ਬਾਰ ਬਾਰ ਉਜਾੜਨ ਦੇ ਲਈ ਭਾਰਤੀ ਹਾਕਮਾਂ ਨੇ ਦੇਸ ਦੀ ਵੰਡ ਤੋਂ ਹੀ ਅਜਿਹੇ ਮਨਸੂਬੇ ਬਣਾਏ ਹਨ ਕਿ ਪੰਜਾਬ ਹਰ ਦਸ ਬਾਅਦ ਉਜੜਦਾ ਹੈ । ਜਿਵੇਂ ਪਾਣੀ ਨੀਵੇਂ ਪਾਸੇ ਨੂੰ ਵਗਦਾ ਹੈ, ਉਹ ਹਾਲ ਪੰਜਾਬ ਦਾ ਹੋਇਆ ਪਿਆ ਹੈ । ਪੰਜਾਬੀਆਂ ਨੂੰ ਕਦੇ ਚਮਲਾਅ ਕੇ, ਕਦੇ ਲਾਲਚ ਵਿੱਚ ਉਲਝਾ ਕੇ, ਕਦੇ ਵਿਕਾਸ ਦੇ ਨਾਮ ਉਤੇ ਤੇ ਕਾਨੂੰਨ ਦੇ ਡਰ ਵਿੱਚ ਫਸਾ ਕੇ ਉਜਾੜਿਆ ਜਾ ਰਿਹਾ ਹੈ । ਪੰਜਾਬ ਨੂੰ ਇਸ ਹਾਲਤ ਤੱਕ ਪੁਜਦਾ ਕਰਨ ਦੇ ਲਈ ਭਾਰਤੀ ਸਟੇਟ ਦਾ ਜਿੰਨਾਂ ਹੱਥ ਹੈ, ਓਨਾ ਹੀ ਪੰਜਾਬੀਆਂ ਦਾ ਵੀ ਹੈ । ਜਿਹੜੇ ਹੁਣ ਤੱਕ ਝੁਰਲੂ ਬਣੇ ਰਹੇ । ਸਿਆਸੀ ਪਾਰਟੀਆਂ ਨੇ ਉਨ੍ਹਾਂ ਪੰਜਾਬੀਆਂ ਨੂੰ ਕਾਂਗਰਸ ਤੇ ਅਕਾਲੀ ਦਲ ਵਿੱਚ ਵੰਡ ਕੇ ਆਪਣਾ ਤਾਂ ਉਲੂ ਸਿੱਧਾ ਕਰ ਲਿਆ ਪਰ ਪੰਜਾਬੀਆਂ ਦੇ ਹੱਥਾਂ ਵਿੱਚ ਠੂਠਾ ਫੜਾ ਦਿੱਤਾ। ਹੁਣ ਆਮ ਆਦਮੀ ਪਾਰਟੀ ਵਾਲਿਆਂ ਜਵਾਂ ਨੰਗ ਬਣਾ ਦਿੱਤਾ ਐ ਪੰਜਾਬ ਨੂੰ। ਇਹ ਹੋ ਕੀ ਰਿਹਾ ਐ ?
ਜਦੋਂ ਆਪਣੇ ਨਿੱਜੀ ਮੁਫਾਦਾਂ ਦੇ ਲਈ ਧਰਮ ਦੀ ਆੜ ਦੇ ਵਿਚ ਜਦੋਂ ਸੱਤਾਧਾਰੀ ਆਪਣਾ 'ਉਲੂ ਸਿੱਧਾ' ਕਰਨ ਲੱਗ ਪੈਣ ਤਾਂ ਆਮ ਲੋਕਾਂ ਦੇ ਘਰਾਂ ਵਿੱਚ 'ਉਲੂ ਬੋਲਣ' ਲੱਗ ਪੈਂਦੇ ਹਨ।
ਜਿਹਨਾਂ ਨੇ ਜ਼ਿੰਦਗੀ ਦਾ ਫ਼ਲਸਫਾ ਦੱਸਣਾ ਹੁੰਦਾ, ਉਹ ਉਚਿਆਂ ਚੁਬਾਰਿਆਂ ਦੇ ਨਾਲ ਆੜੀ ਪਾ ਕੇ ਫਿਰ ਆਪਣਿਆਂ ਦੀ ਮੰਜੀ ਠੋਕਦੇ ਹਨ। ਉਹਨਾਂ ਤੋਂ ਡਰਦੇ ਆਮ ਲੋਕ ਉਚਾ-ਨੀਵਾਂ ਥਾਂ ਵੇਖਦੇ ਹੋਏ ਉਚੇ ਦੁਆਰੇ ਤੇ ਚੁਬਾਰੇ ਲੱਭਣ ਦੇ ਚੱਕਰ 'ਚ ਫਸ ਜਾਂਦੇ ਹਨ।
ਸਿਆਸੀ ਆਗੂ ਜਦੋਂ 'ਊਟ-ਪਟਾਂਗ ਗੱਲਾਂ' ਮਾਰਨ ਲੱਗ ਜਾਣ ਤਾਂ 'ਲੋਕ ਉਜਾੜ' ਮੱਲਣ ਤੁਰ ਪੈਂਦੇ ਹਨ। ਜਿਹੜੇ 'ਉਚਾ ਝਾਕਣ' ਲੱਗਦੇ ਹਨ, ਉਨ੍ਹਾਂ ਨੂੰ ਨੀਵਿਆਂ ਦੀਆਂ ਗੱਲਾਂ ਨਹੀਂ ਸਮਝ ਆਉਦੀਆਂ ਤੇ ਉਹਨਾਂ ਲਈ ਉਡਦੇ ਸੱਪ ਕੀਲਣੇ ਮੁਸ਼ਕਿਲ ਹੋ ਜਾਂਦੇ ਹਨ।
ਜਿਹੜੇ ਹਰ ਕੰਮ ਲਈ ਉਡ ਉਡ ਪੈਣ ਉਹ ਉਤਲੇ ਮੂੰਹੋਂ ਤੇਰਾ ਤੇਰਾ ਕਹਿਣ ਦੇ ਆਦੀ ਬਣ ਜਾਂਦੇ ਹਨ। ਪਰ ਲੋਕ ਵੀ ਉਹਨਾਂ ਨੂੰ ਉਡਣ ਜੋਗਾ ਨਹੀਂ ਛੱਡਦੇ। ਇਕ ਦਿਨ ਉਤੇ ਪਟਕਾ ਕੇ ਮਾਰਦੇ ਹਨ ।
ਜਿਹੜੇ ਐਂਵੇ ਹੀ ਹਰ ਕਿਸੇ ਦੇ ਉੱਤੇ ਚੜ੍ਹਨ ਦੀ ਹਿਮਾਕਤ ਕਰਦੇ ਹਨ, ਉਨ੍ਹਾਂ ਦੀ ਕੋਈ ਉਂਗਲ ਨਹੀਂ ਫੜਦਾ। ਜਿਹੜੇ ਹਰ ਕਿਸੇ ਦੇ ਨਾਲ ਉਸਤਾਦੀ ਕਰਨ ਲੱਗ ਪੈਣੇ ਉਹਨਾਂ ਨੂੰ ਇੱਕ ਦਿਨ ਉਂਗਲਾਂ ਟੁੱਕਣੀਆਂ ਪੈਂਦੀਆਂ ਹਨ, ਫੇਰ ਉਹਨਾਂ ਦੀ ਕੋਈ ਉਘ ਸੁੱਘ ਨਹੀਂ ਲੱਗਦੀ।
ਜਿਨ੍ਹਾਂ ਦੇ ਮਨਾਂ ਵਿੱਚ ਸੁਪਨੇ ਉਸਲਵੱਟੇ ਭੰਨਣ ਲੱਗ ਪੈਣ, ਉਨ੍ਹਾਂ ਨੂੰ ਹਰ ਕੰਮ ਲਈ ਫੇਰ ਉੱਖਲੀ ਵਿੱਚ ਸਿਰ ਦੇਣਾ ਪੈਂਦਾ ਹੈ। ਜਦੋਂ ਕਿਸੇ ਨੂੰ ਕੋਈ ਉਲਟੀ ਪੱਟੀ ਪੜ੍ਹਾਉਣ ਲੱਗ ਪਏ ਤਾਂ ਲੋਕ ਉਸ ਉਪਰ ਉਂਗਲਾਂ ਕਰਨ ਲੱਗ ਪੈਂਦੇ ਹਨ। ਉਹਨਾਂ ਦੇ ਸਦਾ ਉਖੜੇ-ਉੱਖੜੇ ਰਹਿਣ ਕਰਕੇ ਉਸ ਦੇ ਮੂੰਹ 'ਤੇ ਉਦਾਸੀ ਸਦਾ ਹੀ ਛਾਈ ਰਹਿੰਦੀ ਹੈ। ਜਿਨ੍ਹਾਂ ਨੂੰ ਉਧਾਰ ਖਾਣ ਦੀ ਆਦਤ ਪੈ ਜਾਵੇ, ਉਹ ਹਮੇਸ਼ਾ ਉਧੇੜ ਬੁਣ ਕਰਦੇ ਰਹਿੰਦੇ ਹਨ। ਜਿਹੜੇ ਰਸ ਚੂਸ ਕੇ ਉੱਡ ਜਾਣ ਫੇਰ ਉਨ੍ਹਾਂ ਦੇ ਲਈ ਕੋਈ ਉਡ ਉਡ ਨਹੀਂ ਪੈਂਦਾ। ਫਿਰ ਇਹੋ ਜਿਹਿਆਂ ਨੂੰ ਉਚਾ ਸੁਨਣ ਲੱਗਦਾ ਹੈ।
ਜਦੋਂ ਬੰਦੇ ਦਾ ਉਮਰ ਕੱਟਣ ਦਾ ਸੁਭਾਅ ਬਣ ਜਾਂਦਾ ਹੈ ਤਾਂ ਫਿਰ ਉਸ ਲਈ ਉਲਝੀ ਤਾਣੀ ਸੁਲਝਾਉਣੀ ਔਖੀ ਹੋ ਜਾਂਦੀ ਹੈ। ਹੁਣ ਇਹੀ ਹਾਲਤ ਸਿਆਸਤਦਾਨਾਂ ਨੇ ਸਾਡੀ ਬਣਾਈ ਹੋਈ ਹੈ। ਸਮੇਂ ਨੇ ਸਾਨੂੰ ਉਲਟੇ ਛੁਰੇ ਨਾਲ ਮੁੰਨਣਾ ਸ਼ੁਰੂ ਕਰ ਦਿੰਦਾ ਹੈ ਤੇ ਅਸੀਂ ਉਲਟੇ ਪੈਰੀਂ ਵਾਪਸ ਜਾ ਰਹੇ ਹਾਂ, ਪਰ ਹਰ ਵੇਲੇ ਲੋਕਾਂ ਨੂੰ ਉਲੂ ਬਣਾਇਆ ਨਹੀਂ ਜਾ ਸਕਦਾ। ਅਸੀਂ ਉਲੂ ਬਣ ਕੇ ਰਾਤਾਂ ਨੂੰ ਉਡਦੇ ਹਾਂ ।
ਜਦੋਂ ਕੋਈ ਊਚ-ਨੀਚ ਵਿਚਾਰਨਾ ਭੁੱਲ ਜਾਵੇ ਤਾਂ ਉਸ ਦੇ ਆਲੇ ਦੁਆਲੇ ਉਲਟੀ ਹਵਾ ਚੱਲ ਪੈਂਦੀ ਹੈ। ਜਦੋਂ ਕੋਈ ਹਰ ਕਿਸੇ ਨਾਲ ਉਲਝ ਪੈਣ ਦੀ ਆਦਤ ਬਣਾ ਲਵੇ, ਉਹ ਛੇਤੀ ਹੀ ਕੈਨਵਸ ਤੋਂ ਓਹਲੇ ਹੋ ਜਾਂਦਾ ਹੈ।
ਫੇਰ ਦੁਆਰਾ ਓਹੜ-ਪੋਹੜ ਕਰਨ ਲਈ ਵਰੇ ਲੱਗ ਜਾਂਦੇ ਹਨ। ਉਸ ਦੀ ਹਾਲਤ ਊਠ ਵਰਗੀ ਬਣ ਜਾਂਦੀ ਹੈ। ਉਹ ਲੋਕਾਂ ਵੱਲ ਮੂੰਹ ਚੁੱਕਦਾ ਹੈ ਪਰ ਲੋਕ ਉਸ ਨੂੰ ਓਪਰੀ ਨਜ਼ਰ ਦਾ ਨਾਲ ਵੀ ਨੀਂ ਵੇਖਦੇ।
ਜਦੋਂ ਸਮਾਜ ਦਾ ਊੜਾ ਐੜਾ ਨਾ ਜਾਨਣ ਵਾਲੇ ਸਮਾਜ ਦੇ ਚੌਧਰੀ ਬਣ ਜਾਣ ਫੇਰ ਉਨ੍ਹਾਂ ਦੇ 'ਉਡਦਾ ਛਾਪਾ' ਵੀ ਗਲੇ ਆ ਲੱਗਦਾ ਹੈ। ਫੇਰ ਉਹਦੀ ਉਤੋਂ ਦੀ ਪੈਣ ਦੀ ਰੀਤ ਨੂੰ ਉਠਾਲਾ ਕਰਨਾ ਪੈਂਦਾ ਹੈ ਤੇ ਕੋਈ ਉਨ੍ਹਾਂ ਦੀ ਉਂਗਲ ਉਤੇ ਮੂਤਰ ਨਹੀਂ ਕਰਦਾ।
ਜਿਹੜੇ ਆਪਣੇ ਆਪ ਨੂੰ ਉਸਤਾਦ ਮੰਨਣ ਦਾ ਭਰਮ ਪਾ ਲੈਂਦੇ ਹਨ, ਉਹ ਉਚਾ-ਨੀਵਾਂ ਬੋਲਣ ਲੱਗੇ ਥਾਂ-ਕੁ-ਥਾਂ ਨਹੀਂ ਦੇਖਦੇ। ਇਹੋ ਜਿਹਾ ਸਿਆਸਤਦਾਨਾਂ ਦਾ ਜਦੋਂ ਲੋਕ ਉਧਾਰ ਵਿਆਜ਼ ਸਮੇਤ ਮੋੜਦੇ ਹਨ ਤਾਂ ਉਹ ਉਪਰ ਦੇਖਣਾ ਹੀ ਭੁੱਲ ਜਾਂਦੇ ਹਨ।
ਭਾਵੇਂ ਹਰ ਵੇਲੇ ਉਲੂ ਸਿੱਧਾ ਨਹੀਂ ਹੁੰਦਾ, ਪਰ ਉੱਲੂ ਬਨਾਉਣ ਵਾਲੇ ਜਦੋਂ ਉਸਤਾਦੀ ਘੋਟਣ ਲੱਗਦੇ ਹਨ ਤਾਂ ਲੋਕ ਉਸ ਨੂੰ ਨਜ਼ਰ ਅੰਦਾਜ਼ ਕਰਨ ਲੱਗਦੇ ਹਨ।
'ਉਂਗਲਾਂ' ਉਤੇ ਨੱਚਣਾ ਤੇ ਨਚਾਉਣਾ ਔਖਾ ਹੁੰਦਾ ਹੈ। ਜਦੋਂ ਸੱਤਾ ਉਜਾੜ ਭਾਲਣ ਦੇ ਰਸਤੇ ਤੁਰਦਿਆਂ ਵਿਕਾਸ ਦੀਆਂ ਗੱਲਾਂ ਕਰਦੀ ਹੈ ਤਾਂ ਉਲਟੀ ਗੰਗਾ ਪਹੇਵੇ ਵੱਲ ਨੂੰ ਤੁਰਨ ਲੱਗਦੀ ਹੈ, ਇਨ੍ਹਾਂ ਸਮਿਆਂ ਵਿੱਚ ਜਦੋਂ ਸ਼ਬਦਾਂ ਦੇ ਖਿਡਾਰੀ ਸ਼ਬਦਾਂ ਦੀਆਂ ਬੁੱਚੀਆਂ ਪਾਉਣ ਦੇ ਲਈ ਮਦਾਰੀ ਬਣ ਜਾਣ ਤਾਂ ਆਮ ਲੋਕਾਂ ਦੇ ਪੱਲੇ ਕੱਖ ਨਹੀਂ ਪੈਂਦਾ।
ਲੋਕ ਪੱਲੇ ਝਾੜਦੇ ਊਠ ਦੇ ਡਿੱਗਦੇ ਬੁੱਲ ਵਾਂਗ ਮਗਰ ਮਗਰ ਤੁਰਦੇ ਖਾਲੀ ਹੱਥ ਘਰਾਂ ਨੂੰ ਪਰਤ ਆਉਂਦੇ ਹਨ। ਕਈ ਵਾਰ ਘਰਾਂ ਨੂੰ ਮੁੜਨਾ ਔਖਾ ਹੁੰਦਾ ਹੈ ਪਰ ਘਰ ਅਸੀਂ ਆਏ ਨੂੰ ਕਦੇ ਦੁਰਕਾਰਦੇ ਨਹੀਂ। ਘਰ ਹਮੇਸ਼ਾਂ ਬਾਹਰ ਗਿਆਂ ਦੀ ਉਡੀਕ ਵਿੱਚ ਦਰਵਾਜ਼ੇ ਖੁੱਲੇ ਰੱਖਦੇ ਹਨ।
ਜਦੋਂ ਢਿੱਡ ਰੋਟੀ ਦੀ ਭਾਲ ਲਈ ਪਰਵਾਸ ਕਰਦਾ ਹੈ ਤਾਂ ਘਰ ਉਦਾਸ ਨਹੀਂ ਹੁੰਦੇ, ਪਰ ਜਦੋਂ ਪਰਵਾਸੀਆਂ ਦੀਆਂ ਮੋਹ ਭਰੀਆਂ ਖ਼ਬਰਾਂ ਦੀ ਵਜਾਏ ਮਾੜੀਆਂ ਖ਼ਬਰਾਂ ਆਉਣ ਤਾਂ ਘਰ ਭੁੱਬਾਂ ਮਾਰ ਕੇ ਰੋਂਦੇ ਹਨ। ਘਰਾਂ ਵਿੱਚ ਭੁੱਜਦੀ ਭੰਗ ਵੀ, ਚੁਗਲੀਆਂ ਕਰਦੀ ਹੋਈ ਨਸੀਹਤਾਂ ਦੇਣ ਲੱਗਦੀ ਹੈ। ਉਲਟੀ ਪੁਲਟੀ ਗੱਲ ਹੁਣ ਕਰਨੀ ਜਿੰਨੀ ਔਖੀ ਹੈ ਤੇ ਉਸ ਤੋਂ ਵਧੇਰੇ ਔਖੀ ਹਜ਼ਮ ਕਰਨੀ ਹੈ। ਕਿਉਂਕਿ ਹੁਣ ਹਰਿਕ ਦਾ ਹਾਜ਼ਮਾ ਖਰਾਬ ਹੈ।
ਸ਼ਬਦਾਂ ਦੇ 'ਲਿਖਾਰੀ' ਹੁਣ 'ਵਪਾਰੀ' ਬਣ ਗਏ ਹਨ। ਇਸੇ ਕਰਕੇ ਊੜਾ ਐੜਾ ਪੁਕਾਰ ਰਿਹਾ ਹੈ, ਕੋਈ ਤਾਂ ਉਸ ਦੀ ਆਵਾਜ਼ ਸੁਣੋ। ਊੜੇ ਤੇ ਜੂੜੇ ਨੂੰ ਅਸੀਂ ਘਰਾਂ ਵਿੱਚੋਂ ਕੱਢ ਕੇ 'ਅੰਗਰੇਜ਼ੀ' ਨੂੰ ਆਪਣੀ ਰਖੇਲ ਬਣਾ ਲਿਆ ਹੈ। ਅਸੀਂ ਭਰਮ ਦੇ ਗੁਲਾਮ ਬਣ ਗਏ ਹਾਂ ।
ਹੁਣ ਵਿਚਾਰਾ ਊੜਾ ਕਰੇ ਤਾਂ ਕੀ ਕਰੇ ? ਊੜੇ ਦੀਆਂ ਪੈਂਦੀਆਂ ਚੀਕਾਂ ਕੌਨਵੈਂਟ ਸਕੂਲਾਂ, ਸਰਕਾਰੀ ਤੇ ਗੈਰ ਸਰਕਾਰੀ ਦਫਤਰਾਂ ਵਿਚ ਸੁਣੀਆਂ ਜਾ ਸਕਦੀਆਂ ਹਨ। ਊੜੇ ਦਾ ਕੋਈ ਵਾਲੀ ਵਾਰਿਸ ਨਹੀਂ ਤੇ ਸਾਹਿਤਕਾਰ ਤੇ ਸਾਹਿਤਕ ਸੰਸਥਾਵਾਂ ਮਾਂ ਬੋਲੀ ਦੇ ਨਾਂ 'ਤੇ ਰੋਟੀਆਂ ਸੇਕਦੀਆਂ ਹਨ। ਪਰ ਊੜੇ ਦੀ ਕੋਈ ਨੀ ਸੁਣਦਾ । ਇਸੇ ਕਰਕੇ ਇਹ ਅਪਣੇ ਹੀ ਘਰ ਵਿੱਚ ਪਰਾਇਆ ਹੋ ਗਿਆ ਹੈ। ਇਸਨੂੰ ਆਪਣਾ ਘਰ ਕਦੋਂ ਮਿਲੇਗਾ? ਪਤਾ ਨਹੀਂ । ਊੜੇ ਨੂੰ ਘਰ ਮਿਲੇ ਨਾ ਮਿਲੇ ਪਰ ਅਗਲੀਆਂ ਚੋਣਾਂ ਤੱਕ ਸਰਕਾਰ ਦੀ ਯੋਜਨਾ ਹੈ ਕਿ ਉਹ ਗਰੀਬਾਂ ਨੂੰ ਮਕਾਨ ਬਣਾ ਕੇ ਦੇ ਦੇਵੇ। ਘਰ ਤਾਂ ਜ਼ਿੰਦਗੀ ਦੇ ਵਿਚ ਸਾਰੀ ਉਮਰ ਨਹੀਂ ਬਣਦਾ, ਅੱਜ ਸਾਡੇ ਆਲੇ ਦੁਆਲੇ ਕੋਠੀਆਂ, ਮਹਿਲ-ਮੁਨਾਰੇ, ਮਕਾਨ ਤੇ ਪਤਾ ਨੀਂ ਘਰਾਂ ਦੇ ਨਾ 'ਤੇ ਬਣਾਏ ਜਾ ਰਹੇ ਹਨ।
ਇਹਨਾਂ ਕੋਠੀਆਂ ਤੇ ਮਹਿਲਾਂ ਦੇ ਵਿਚੋਂ 'ਊੜਾ ਤੇ ਜੂੜਾ' ਹੀ ਨਹੀਂ ਸਾਡੇ ਮਾਪੇ ਵੀ ਬੇਦਖ਼ਲ ਹੋ ਰਹੇ ਹਨ। ਮਕਾਨਾਂ ਤੇ ਕੋਠੀਆਂ ਦੇ ਵਿਚ ਕੁੱਤੇ, ਬਿੱਲੀਆਂ, ਡੈਣਾਂ ਦਾ ਵਸੇਰਾ ਹੋ ਰਿਹਾ ਹੈ। ਇਸੇ ਕਰਕੇ ਸਾਡੇ ਆਲੇ ਦੁਆਲੇ ਬਿਰਧ ਆਸ਼ਰਮ ਵੱਧ ਰਹੇ ਹਨ। ਜਿਹਨਾਂ ਦੇ ਵਿਚ ਇਨਸਾਨ ਹੱਸਦੇ ਤੇ ਢੋਲੇ ਦੀਆਂ ਲਾਉਦੇ ਹਨ। ਕੋਠੀਆਂ ਤੇ ਮਕਾਨਾਂ ਦੇ ਵਿਚ ਚੀਕ ਚਿਹਾੜਾ ਤੇ ਚੀਕਾਂ ਪੈਂਦੀਆਂ ਹਨ। ਘਰ ਉਦਾਸ ਹਨ ਤੇ ਮਕਾਨ ਨੱਚਦੇ ਤੇ ਟੱਪਦੇ ਜਸ਼ਨ ਮਨਾਉਦੇ ਹਨ।
ਊੜਾ ਵੀ ਜਾਣਦਾ ਹਰ ਕੋਈ ਹੁਣ ਆਪਣੀ ਆਮਦਨ ਵਧਾਉਣ ਦੇ ਲਈ ਆਪਣਿਆਂ ਨੂੰ ਮਾਰ ਰਿਹਾ ਹੈ। ਹੁਣ ਘਰ ਤੇ ਕਤਲਗਾਹ ਬਣ ਰਹੇ ਨੇ।
ਹੁਣ ਇੱਥੇ ਲੜਾਈ ਇੱਕ ਦੀ ਹੀ ਨਹੀਂ ਸਭ ਦੀ ਬਣਦੀ ਜਾ ਰਹੀ ਪਰ ਸਾਨੂੰ ਸਮਝ ਨਹੀਂ ਲੱਗੀ ਕਿ ਲੜ੍ਹਾਈ ਕਿਸਦੇ ਨਾਲ ਕਰਨੀ ਹੈ। ਅਸੀਂ ਆਪਸ ਵਿੱਚ ਹੀ ਲੜੀ ਜਾ ਰਹੇ ਤੇ ਮਰ ਜਾ ਰਹੇ । ਹੁਣ ਸਾਡੇ ਆਪਣਿਆਂ ਨੇ ਹੀ ਸਾਡੇ ਗਲਾਂ ਨੂੰ ਫਾਹਾ ਪਾ ਦਿੱਤਾ ਹੈ ।
ਅਸੀਂ ਆਪੋ ਆਪਣੀ ਡੱਫਲੀ ਵਜਾ ਰਹੇ ਕੁੱਟ ਖਾ ਰਹੇ ਤੇ ਮਾਰੇ ਜਾ ਰਹੇ ਹਾਂ । ਅਸੀਂ ਹਰ ਵੇਲੇ ਅਰਦਾਸ ਸਰਬੱਤ ਦੇ ਭਲੇ ਦੀ ਕਰਦੇ ਹਾਂ ਪਰ ਘਰ ਆਪਣੇ ਭਰਦੇ ਹਾਂ ਤੇ ਗੱਲਾਂ ਸਮਾਜਵਾਦ ਤੇ ਬਰਾਬਰਤਾ ਦੀਆਂ ਕਰਦੇ ਹਾਂ । ਅਸੀਂ ਗੁਰੂ ਨਾਨਕ ਨੂੰ ਤਾਂ ਮੰਨਦੇ ਹਾਂ ਪਰ ਗੁਰੂ ਦੇ ਹੁਕਮ ਨਹੀਂ ਮੰਨਦੇ, ਗੁਰਬਾਣੀ ਨੂੰ ਸਿਰਫ ਮੱਥਾ ਟੇਕਦੇ ਹਾਂ ਪਰ ਉਸਤੇ ਅਮਲ ਨਹੀਂ ਕਰਦੇ ।
ਸਾਡੀ ਫੁੱਟ ਦਾ ਉਹ ਸਿਆਸੀ ਮੌਕੇ ਅਨੁਸਾਰ ਫਾਇਦਾ ਚੁੱਕਦੇ ਹਨ। ਅਸੀਂ ਹਰ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ ਜਾਂਦੇ ਹਾਂ । ਹੁਣ ਲੜਨ ਦੀ ਲੋੜ ਹੈ । ਦੁਸ਼ਮਣ ਸਾਂਝਾ ਹੈ ਤੇ ਦਿਖਦਾ ਵੀ ਹੈ ।
ਜੰਗ ਹੁਣ ਸਿਰ ਵਾਰਨ ਦੀ ਨਹੀਂ, ਦੂਜੇ ਦਾ ਸਿਰ ਲੈਣ ਦੀ ਲੋੜ ਹੈ । ਹੁਣ ਸਾਂਝੀ ਜੰਗ ਦੀ ਜਰੂਰਤ ਹੈ, ਇਹ ਹੁਣ ਸਮੇਂ ਦੀ ਵੀ ਮੰਗ ਹੈ। ਜੰਗ ਲੜਿਆ ਹੀ ਹੁਣ ਸਰਨਾ ਹੈ ਡਰ ਕੇ ਵਿਦੇਸ਼ਾਂ ਨੂੰ ਭੱਜੋ ਨਾ। ਸਮੇਂ ਦੀ ਚਾਲ ਸਮਝੋ। ਆਪਣੀਆਂ ਅਗਲੀਆਂ ਵਾਲੀਆਂ ਨਸਲਾਂ ਦੇ ਕਾਤਲ ਨਾ ਬਣੋ, ਸਗੋਂ ਹਿੱਕ ਤਾਣ ਖੜੋ। ਮਰਨਾ ਤਾਂ ਸਭ ਨੇ ਹੈ। ਦੇਸ ਕੌਮ ਤੇ ਸਮਾਜ ਲਈ ਮਰੋ। ਧਾੜਵੀ ਆ ਗਏ ਹਨ, ਮੂੰਹ ਉਤੇ ਵਿਕਾਸ ਦਾ ਨਕਾਬ ਪਾ ਕੇ।
ਅੰਗਰੇਜ਼ ਕੌਮ ਕਦੇ ਸਿਰ ਵਾਰ ਦੀ ਨਹੀਂ ਸਗੋਂ ਸਿਰ ਲੈੰਦੀ ਰਹੀ ਹੈ ਤੇ ਦੁਨੀਆਂ ਉਤੇ ਰਾਜ ਕਰਦੀ ਹੈ । ਅਸੀਂ ਸਿਰ ਵਾਰਦੇ ਹਾਂ ਤੇ ਸਦਾ ਗੁਲਾਮ ਰਹਿੰਦੇ ਹਨ, ਫੇਰ ਕਹਿੰਦੇ ਹਾਂ "ਪੰਜਾਬੀਆਂ ਦੀ ਸ਼ਾਨ ਵੱਖਰੀ ?" ਕਿਹੜੀ ਸ਼ਾਨ?
ਹੁਣ ਕਿਸੇ ਅਬਦਾਲੀ ਜਾਂ ਗੋਰੇ ਦੇ ਵਿਰੁਧ ਜੰਗ ਨਹੀਂ ਆਪਣਿਆਂ ਦੇ ਖਿਲਾਫ਼ ਲੜਨੀ ਪੈਣੀ ਹੈ। ਬਾਹਰ ਦੀ ਜੰਗ ਅਗਲਿਆਂ ਨੇ ਘਰ ਦੀ ਬਣਾ ਦਿੱਤੀ ਐ। ਪੰਜਾਬ ਫੇਰ ਕਈ ਖੇਮਿਆਂ ਵਿੱਚ ਵੰਡਿਆ ਗਿਆ ਐ। ਥਾਂ ਥਾਂ ਧਰਨੇ ਲੱਗਦੇ ਹਨ। 1970-95 ਤੱਕ ਤਿੰਨ ਲੱਖ ਨੌਜਵਾਨ ਮਰਿਆ/ਮਾਰਿਆ ਗਿਆ। ਹੁਣ ਚਿੱਟੇ ਤੇ ਖੁਦਕੁਸ਼ੀਆਂ ਨੇ ਤੀਹ ਲੱਖ ਮਾਰ ਦਿੱਤਾ ਐ। ਪੰਜਾਹ ਕੁ ਵਿਦੇਸ਼ ਚਲੇ ਗਿਆ। ਪਿੰਡ ਪੰਜਾਬੀਆਂ ਕੰਨੀਂ ਖਾਲੀ ਹੋ ਗਏ। ਘਰਾਂ ਨੂੰ ਤਾਲੇ ਲਗ ਗਏ ਹਨ।
ਕੁੱਝ ਉਜੜ ਗਏ, ਕੁੱਝ ਉਜਾੜ ਦਿੱਤੇ
ਕੁੱਝ ਮੁਫਤ ਦਾ ਰਾਸ਼ਨ ਦੇ ਘਰੀਂ ਵਾੜ ਦਿੱਤੇ,
ਚੱਲੀ ਜਦੋਂ ਦੀ ਐ ਵਾਹ ਚੰਦਰੀ
ਲੋਕ ਆਪਸ ਵਿੱਚ ਪਾੜ ਦਿੱਤੇ।
----
ਆਓ! ਸਾਂਝੀ ਜੰਗ ਲੜੀਏ ਤੇ ਕੱਲੇ ਕੱਲੇ ਨਾ ਮਰੀਏ। ਜਿੱਤ ਸਦਾ ਲੋਕਾਂ ਦੀ ਹੁੰਦੀ ਆਈ ਹੈ। ਜੈ ਜਨਤਾ ਦੀ ਹੁੰਦੀ ਹੈ । ਹੁਣ ਜਿੱਤ ਲੋਕਾਂ ਦੀ ਤੇ ਹਾਰ ਖੂਨ ਪੀਣੀਆਂ ਜੋਕਾਂ ਦੀ ਹੋਵੇਗੀ ।
ਹੁਣ ਸਿਰ ਜੋੜਣ ਦਾ ਵੇਲਾ ਐ,
ਪਹਿਲਾਂ ਹੀ ਬਹੁਤ ਕੁਵੇਲਾ ਐ
ਆਪਣੇ ਨਿੱਜੀ ਲਾਲਚ ਛੱਡਕੇ ਹੋਵੋ ਇਕਜੁੱਟ ।
ਹੁਣ ਹਰ ਬਾਰ ਉਜੜ ਕੇ ਵਸਣਾ ਮੁਸ਼ਕਿਲ ਹੈ । ਉਜੜ ਰਹੇ ਪੰਜਾਬ ਨੂੰ ਬਚਾ ਲਵੋ ਤੇ ਗਿਰਝਾਂ ਦੇ ਗਲੇ ਨੂੰ ਹੱਥ ਪਾ ਲਵੋ । ਬੰਦਿਆਂ ਦੇ ਘਰ ਤੇ ਪੰਛੀਆਂ ਦੇ ਆਲਣੇ ਬਚਾ ਲਵੋ !
ਬੁੱਧ ਸਿੰਘ ਨੀਲੋਂ
ਸੰਪਰਕ : 9464370823
ਤਮਾਸ਼ਾ-ਏ-ਪੰਜਾਬ ! - ਬੁੱਧ ਸਿੰਘ ਨੀਲੋਂ
ਮੇਹਰਬਾਨ, ਕਦਰਦਾਨ !
ਆਪੋ ਆਪਣੇ ਘਰ, ਥਾਂ, ਜਿਥੇ ਵੀ ਹੋ ਬੈਠ ਜਾਓ। ਬਸ ਥੋੜੇ ਕੁ ਪਲ ਵਿਚ ਤਮਾਸ਼ਾ ਸ਼ੁਰੂ ਹੋਣ ਵਾਲਾ ਐ। ਐ ਮਮਤਾ, ਏ ਸੋਨੀਆ, ਓ ਮਾਨ ਭਾਈ। ਜਰਾ ਚੁੱਪ ਦਾ ਦਾਨ ਬਖਸ਼ੋ ਤੇ ਮੇਰੇ ਵੱਲ ਧਿਆਨ ਧਰੋ । ਪੰਜਾਬ ਤਾਂ ਸਾਰਾ ਹੀ ਗੰਦਗੀ ਨਾਲ ਭਰ ਗਿਆ ਹੈ । ਨਸ਼ਾ, ਲੁੱਟਮਾਰ , ਚੋਰ ਬਜ਼ਾਰ , ਮਾਫੀਆ ਦਾ ਰਾਜ , ਸੁੱਤੇ ਲੋਕ ਜਾਗਦੀ ਸਰਕਾਰ । ਮੇਰੀ ਗੱਲ ਸੁਣ ਸਰਦਾਰ । ਕੀ...ਕਿਹਾ ਸਮਾਂ ਨਹੀਂ ...ਅੱਛਾ ਕੰਮ ਕੀ ਕਰਦਾ ਹੈ.....ਮੋਟਰ ਸਾਈਕਲ ਉਤੇ ਗੇੜੀਆਂ ਮਾਰਨ ਤੋਂ ਬਿਨ੍ਹਾਂ ਕੰਮ ਕੀ ਹੈ ! ਚੱਲ ਛੱਡ...ਆਪਾਂ ਕੀ ਲੈਣਾ ਹੈ । ਲਾਣੇਦਾਰਾ ਬਹਿ ਜਾ ਤੇਰੀ ਵੀ ਗੱਲ ਸੁਣਦਾਂ । ਓ ਜਮੂਰੇ ਕਰੀਏ ਫੇਰ ਡਰਾਮਾ… ਜੀ… ਅੱਛਾ ਫੇਰ ਹੋ ਜਾ ਤਿਆਰ ...ਇਸ ਲਕੀਰ ਉਪਰ ਸਾਰੇ ਖੜ੍ਹ ਜੋ । ਕੋਈ ਹਿੱਲੇ ਨਾ...ਤੇ ਜਿਹੜਾ ਵੀ ਹਿੱਲਿਆ ...ਕਾਲੀ ਮਾਂ ਉਹਦਾ ਨਾਸ ਕਰੇਗੀ । ਕੀ ਗੱਲ ਕਾਹਦਾ ਡਰ ਹੈ । ਉਹ ਨੌਜਵਾਨਾਂ ਬਕ ਬਕ ਨਾ ਕਰ ਧਿਆਨ ਕਰ । ਸੁਣ ਬਾਬੇ ਦੀਆਂ ਗੱਲਾਂ । ਲੋ ਜੀ ਨਾਟਕ ਸ਼ੁਰੂ ਹੈ । ਮਾਰੋ ਤਾੜੀ....ਬੱਲੇ ਬੱਲੇ ..ਸ਼ਾਬਸ਼ੇ ਬਈ । ਬਹੁਤ ਸਿਆਣੇ ਹੋ ਕਹੇ ਤੇ ਹੀ ਮਾਰਦਾ ਹੋ ਨਹੀਂ ਚੁਪ ਚਾਪ ਤਮਾਸ਼ਾ ਦੇਖਦੇ ਹੋ। ਦੋਖੋ ਜਰੂਰ ਦੇਖੋ ..ਤੁਹਾਨੂੰ ਦੇਖਣ ਤੋਂ ਕੋਈ ਨਹੀਂ ਰੋਕਦਾ । ਕਿਸੇ ਬੋਲਣਾ ਨਹੀਂ । ਗੱਲਬਾਤ ਨਹੀਂ ਕਰਨੀ । ਬਸ ਸਭ ਨੇ ਸੁਣਨਾ ਹੈ ...ਲਓ ਜੀ ਮਨ ਦਾ ਬਕਵਾਸ ਸ਼ੁਰੂ ਹੈ । ...ਕੀ ਗੱਲ ...ਬੱਤੀ ਬੰਦ ਹੋ ਗੀ..। ਓ ਬਿਜਲੀ ਵਾਲੋ ..ਤੁਹਾਡੇ ਬਹਿ ਕੱਟਾ...।
ਚੱਲੋ ਆਪਾਂ ਨਾਟਕ ਕਰਦੇ ਹਾਂ । ਬੰਦਾ ਨਾਟਕ ਕਿਉਂ ਕਰਦਾ ਹੈ । ਘਰ ਲਈ ਪਰਵਾਰ ਵਾਸਤੇ । ਪਰ ਆ ਕੀ ਕਰਦਾ, ਕਿਸਦੇ ਵਾਸਤੇ ?...ਸਮਝ ਗੇ ਹੋ...ਛੜੇ ਬੰਦੇ ਦੀ ਹੁੰਦੀ ਹੈ ਅੱਖ ਇੱਲ ਵਰਗੀ...? ਚੱਲ ਛੱਡ ਪਰੇ ਛੜੇ ਤੋਂ ਆਪਾਂ ਕੀ ਲੈਣਾ ਸਾਡਾ ਕਿਹੜਾ ਘਰ ਵੇਚਿਆ ਹੈ । ਤੇਈ ਕੰਪਨੀਆਂ ਤੇ ਜਨਤਕ ਅਦਾਰੇ ਹੀ ਵੇਚੇ ਹਨ । ਸਾਡਾ ਕੀ ਵੇਚਿਆ ਹੈ ?
ਦੱਸ ਤੇਰਾ ਕੀ ਵੇਚਿਆ
…. ਤੇਰਾ ਕੀ ਵੇਚਿਆ
ਕੁਸ਼ ਨਹੀਂ ...ਫੇਰ ਰੌਲਾ ਕਾਹਦਾ ਹੈ ।
ਸਾਰੇ ਜਹਾਂ ਸੇ ਅੱਛਾ ਹਿੰਦੋਸਤਾਨ ਹਮਾਰਾ ...ਹਮਾਰਾ
ਜੋਰ ਸੇ ਬੋਲੋ ...ਜੈ ਮਾਤਾ ਦੀ ...ਹਰ ਹਰ ਮਹਾਂ ਦੇਵ ...ਅੱਲ੍ਹਾ ਹੂ ਆਕਬਰ
....ਜੋ ਹਮ ਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ !
………..
ਡੁਗ ਡੁਗ, ਬੰਸਰੀ ਵੱਜਦੀ ਐ
ਨਾਰਦ ਮੁੰਨੀ ਮੀਡੀਆ ਪੂਰੀ ਤਰ੍ਹਾਂ ਪਲ ਪਲ ਦੀ ਖਬਰ ਦੁਨੀਆਂ ਤੱਕ ਪੁਜਦੀ ਕਰਦਾ ਐ ।
ਹਾਂ ਜਮੂਰੇ !
ਜੀ ਉਸਤਾਦ। ਫੇਰ ਕਰੀਏ ਖੇਲ ਸ਼ੁਰੂ, ਕੇ ਅਜੇ ਦੇਖ ਲਵਾਂ ਕਿੰਨੇ ਬਹਿ ਗਏ। ਬੱਲੇ ਆ ਤੇ ਸੁਸਰੀ ਵਾਂਗ ਈ ਸੌ ਗਏ। ਬਹੁਤੇ ਤਾਂ ਮਰਨੋ ਡਰਦੇ ਡਰ ਨਾਲ ਹੀ ਮਰੀ ਜਾ ਰਹੇ ਹਨ ....ਗੱਡੀਆਂ ਵਾਲਿਆਂ ਨੂੰ ਬਹੁਤ ਡਰ ਲੱਗ ਰਿਹਾ ਹੈ...!
ਓ ਜਮੂਰੇ ਦੱਸ ਕੀ ਖੇਲ ਦਖਾਵਾ …... ,
ਤਾਜ ਮਹਿਲ ਜਾਂ ਬਾਲੀਵੁਡ ਦੀ ਹੀਰੋਇਨ ?
ਬੋਲ ਜਮੂਰੇ ਬੋਲ !
ਦੱਸ ਕੀ ਦੇਖਣਾ ਹੈ...?
ਉਸਤਾਦ ਦੇਖਾਂਗੇ ਤਾਂ ਬਾਅਦ ਵਿੱਚ ਪਹਿਲਾਂ ਰੋਟੀ ਮੰਗਾਂ ..ਭੁੱਖ ਬਹੁਤ ਲੱਗੀ ਹੈ ... ਨਾਲੇ ਆਪ ਖਾਅ ਤੇ ਮੈਨੂੰ ਖਲਾਅ ਤੇ ਨਾਲੇ ਲੋਕਾਂ ਨੂੰ ਖਵਾਅ ।
ਉਹ ਜਮੂਰੇ ਤੇਰਾ ਨਾ ਕਦੇ ਢਿੱਡ ਭਰਿਆ। ਹਰ ਵੇਲੇ ਰੋਟੀ, ਰੋਟੀ। ਬਹਿ ਜਾ ਟਿਕ ਕਿ ..ਨਹੀਂ ਪਊ ਸੋਟੀ। ਬਹੁਤ ਐ ਮੋਟੀ। ਫੇਰ ਨਾ ਰੋਕੀ।
ਚੰਗਾ ਉਸਤਾਦ, ਕਰ ਜੋ ਕਰਨਾ। ਮੇਰੀ ਤਾਂ ਭੁੱਖ ਨੇ ਬੋਲਤੀ ਓ ਬੰਦ ਕਰਤੀ।
ਲੋਓ ਬੀ ਤਮਾਸ਼ਾ ਸ਼ੁਰੂ ਐ ।
ਨੋਟ ਬੰਦ, ਲੌਕ ਡਾਊਨ, ਤਾਲੀ, ਥਾਲੀ, ਮੋਮਬੱਤੀ ।
ਜਮੂਰੇ ਆਗੇ ਆਗੇ ਦੇਖ ਹੋਤਾ ਐ ਕਿਆ ?
ਉਸਤਾਦ ਤੇਰੇ ਨਾਲੋਂ ਤਾਂ ਖੁਸਰੇ ਚੰਗੇ ਆ ਕੱਲ ਉਹਨਾਂ ਮੈਨੂੰ ਰੋਟੀ ਖੁਆਈ। ਤੂੰ ਤੇ ਉਸਤਾਦ ਜਮਾਂ ਈ ਬੁੱਦੂ ਐਂ। ਐਵੇਂ ਗੱਲਾਂ ਨਾਲ ਕੜਾਹ ਬਣਾਈ ਜਾਨਾਂ। ਕੋਈ ਖੇਲ ਦਿਖਾ। ਐਵੈ ਨਾਗਪੁਰੀ ਝੋਲੇ ਚੋਂ ਕੱਢ ਕੇ ਸੱਪ ਸਰਾਲ ਸਿਟੀ ਜਾਨਾ। ਨਾ ।
ਤਮਾਸ਼ਾ ਜਾਰੀ ਐ। ਵਿਚੋਂ ਈ ਇਕ ਕਾਮਰੇਡ ਬੋਲਿਆ
ਓ ਮਦਾਰੀਆ, ਆ ਆਪਣਾ ਤਮਾਸ਼ਾ ਬੰਦ ਕਰ ।
ਭਾਰਤੀ ਲੋਕੋ! ਕੁੱਝ ਸੋਚੋ, ਮਰਨਾ ਨੀ, ਜਿਉਣਾ ਐ।
ਇਹ ਕਹੀ ਜਾ ਰਿਹਾ ਅਸੀਂ ਗੁਲਾਮ ਆਂ, ਐਪਲ ਦਾ ਫੋਨ, ਡੇਢ ਕਰੋੜ ਰੁਪਏ ਦੀ ਗੱਡੀ ਐ। ਮੁਫਤ ਦੇ ਸੁਰੱਖਿਆ ਬੰਦੇ। ਫੇਰ ਗੁਲਾਮ ਕੌਣ ਹੋਇਆ ਐ ? ਸਰਕਾਰ ਅੱਖਾਂ ਮੀਚ ਕੇ ਬੈਠੀ ਐ। ਦੋਵੇਂ ਪਾਸੇ ਧਰਮ ਦੀ ਸ਼ਰਧਾ ਐ। ਕਮਾਲ ਐ, ਅਕਲ ਦਾ ਤਖਤ ਦਿਆਲ ਐ। ਸਿਆਸਤਦਾਨ ਤੇ ਧਰਨੇ-ਪ੍ਰਦਰਸ਼ਨ ਕਰਨ ਵਾਲੇ ਚੁੱਪ, ਕਿਹੜਾ ਮੂੰਹ ਨੂੰ ਛਿੱਕਲੀਆਂ ਲਾ ਗਿਆ ਐ ?
ਲੋਕ ਬੋਲਦੇ ਹੁੰਦੇ ਨੇ ਪਰ ਹੁਣ ਇਹ ਵੀ ਚੁੱਪ ਹਨ।
ਪਿਆਰਿਓ ਦੇਸ਼ ਦੇ ਦੁਲਾਰਿਓ, ਮਦਾਰੀ ਦੇ ਦੁਰਕਾਰਿਓ
ਆਓ ! ਆਓ! ਕੁੱਝ ਕਰੀਏ ਤੇ ਹੁਣ ਨਾ ਡਰ ਨਾਲ ਮਰੀਏ
ਖੁਰਦੀ ਅਕਲ ਨੂੰ ਭੋਰੀਏ, ਕੁੱਝ ਕਰਨਾ ਲੋੜੀਏ ?
ਦੇਸ਼ ਵਾਸੀਓ ਯਾਦ ਕਰੋ, ਆਪਣੇ ਪੁਰਖਿਆਂ ਨੂੰ। ਉਹ ਵਿਦੇਸ਼ ਤੋਂ ਆਏ ਸੀ ਤੇ ਵਿਦੇਸ਼ ਦੌੜ ਰਹੇ। ਉਲਟੀ ਗੰਗਾ ਵਗ ਤੁਰੀ ਐ।
ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਬਚਾਉਣ ਵਾਲਿਆਂ ਨੇ ਜੋ ਪੰਜਾਬ ਦੇ ਖੁਰ ਜਾਣ ਤੋਂ ਬਹੁਤ ਹੀ ਚਿੰਤੁਤ ਹਨ ...ਪਰ ਕੀਤਾ ਕੀ ਜਾਵੇ ?..ਇਸ ਸੰਬੰਧੀ ਵਿਚਾਰ ਚਰਚਾ ਕਰਨ ਲਈ ਲੋਕਾਈ ਦਾ ਇਕੱਠੇ ਹੋਣਾ ਜਰੂਰੀ ਐ..ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਸੋਚੇ ਇਸਨੂੰ ਕਿਵੇਂ ਸੰਭਾਲਿਆ ਜਾ ਸਕੇ...?
………...
ਜਦੋਂ ਲੋਕ ਹਰ ਤਰ੍ਹਾਂ ਦਾ ਟੈਕਸ ਦੇਂਦੇ ਹਨ ਤੇ ਫੇਰ ਵੀ ਨਾ ਬੱਚਿਆਂ ਨੂੰ ਸਿਖਿਆ ਤੇ ਨਾ ਨੌਜਵਾਨਾਂ ਨੂੰ ਰੁਜ਼ਗਾਰ ...ਨਾ ਮੋਹ ਪਿਆਰ , ਜੋ ਹੱਥਾਂ ਵਿੱਚ ਚੁੱਕੀ ਫਿਰਦੇ ਹਨ ਡਿਗਰੀਆਂ , ਨਸ਼ਾ, ਬੇਰੁਜ਼ਗਾਰੀ ਤੇ ਭਿ੍ਸ਼ਟਾਚਾਰ. ਧੱਕੇਸ਼ਾਹੀ. ਖੁੱਦਕੁਸ਼ੀਆ ਤੇ ਦੁਰਕਾਰ, ਪਾਣੀ ਦਾ ਡਿੱਗ ਰਿਹਾ ਮਿਆਰ,ਪੁਲਿਸ ਵਧੀਕੀਆਂ. ਤੇ ਡਾਂਗ ਸੱਭਿਆਚਾਰ, ਪੰਜਾਬ ਵਿੱਚ ਵਧਿਆ ਲੋਟੂ ਮਾਫੀਆ ਤੇ ਸਰਕਾਰ ਸਿਆਸਤਦਾਨ ਦੇ ਲਾਰੇ ...ਵੱਧ ਰਹੇ ਅਪਰਾਧ ਤੇ ਡਿੱਗ ਰਿਹਾ ਇਖਲਾਕ ..ਆਓ ਕਰੀਏ ਵਿਚਾਰ , ਕੀ ਏ ਆਪਣਾ ਇਹ ਸੱਭਿਆਚਾਰ ? ਮਨਾਂ ਦੇ ਅੰਦਰ ਉਠਦੇ ਸਵਾਲ, ਜਿਹਨਾਂ ਦੇ ਜਵਾਬ ਦੀ ਤਲਾਸ਼ , ਸਿਆਸਤਦਾਨਾਂ ਦੇ ਜੁਲਮੇ ਤੇ ਗੱਪਾ, ਕੀ ਹੋਇਆ ਕੀ ਕੀ ਦੱਸਾਂ, ਸਿਰ ਫੇਹ ਦੇਈਏ , ਹੁਣ ਸਿਆਸੀ ਸੱਪਾਂ ਨੇ ਲੋਕਾਂ ਦਾ ਜੋ ਨਾਸ ਮਾਰਿਆ ਹੈ ..ਤੁਸੀਂ ਜੋ ਮੁੱਲ ਤਾਰਿਆ, ਹੁਣ ਤਾਂ ਹਰ ਕੋਈ ਗਾਵੇ, ਕੀਤਾ ਕੀ ਜਾਵੇ ? ਕੀ ਕਰੀਏ? ਕੀ ਕਰੀਏ ? ……..
ਕਿਵੇਂ ਕਰੀਏ ?...ਇਹਨਾਂ ਸਵਾਲਾਂ ਦਾ ਹਲ ਕੀ ਹੈ? .... ਸਾਂਝੀ ਜੰਗ ਲੜੀ ਜਾਵੇ
………..
ਹਾਲਾਤ-ਏ-ਪੰਜਾਬ
ਪੰਜਾਬ ਵਿੱਚ ਨਸ਼ਿਆਂ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ ਹਨ। ਹਰ ਰੋਜ਼ ਨੌਜਵਾਨ ਮਰ ਰਹੇ ਹਨ ਤੇ ਸਰਕਾਰ ਗੱਲਾਂ ਦਾ ਫਿੱਕਾ ਕੜਾਹ ਛਕਾ ਰਹੀ ਹੈ ....ਹਰ ਰੋਜ਼ ਨਵੀਂ ਗੱਪ ਮਾਰੀ ਜਾ ਰਹੀ ਹੈ ....ਮੀਟਿੰਗ ਹੋ ਰਹੀਆਂ ਹਨ।
ਮਗਰਮੱਛ ਸ਼ਰੇਆਮ ਚਿੱਟਾ ਵੇਚ ਰਹੇ ਹਨ...ਹਰ ਪਿੰਡ ਤੇ ਘਰਾਂ ਤੱਕ ਮਾਲ ਪੁੱਜਦਾ ਕਰਵਾਉਣ ਦੀ ਪਹੁੰਚ ਹੈ।
ਲੋਕ ਪੁਲਿਸ ਨੂੰ ਤਸ਼ਕਰਾਂ ਦੇ ਨਾਮ ਦੱਸਦੇ ਹਨ ...ਵੇਚਣ ਵਾਲਿਆਂ ਨੂੰ ਫੜਕੇ ਪੁਲਿਸ ਦੇ ਹਵਾਲੇ ਵੀ ਕਰਦੇ ਹਨ ...ਪਰ ਫੇਰ ਵੀ ਕੋਈ ਡਰ ਨਹੀਂ ...ਪੁਲਿਸ ਕਾਗਜ਼ਾਂ ਦਾ ਢਿੱਡ ਭਰਦੀ ਹੈ ....ਪਬਲਿਕ ਮੀਟਿੰਗ ਕਰਦਿਆਂ ਲੋਕਾਂ ਨੂੰ ਸੂਚਨਾ ਦੇਣ ਦੀ ਸਲਾਹ ਦੇਂਦੀ ਹੈ ...ਭਲਾ ਪੁਲਿਸ ਨੂੰ ਪਤਾ ਨਹੀਂ ਕਿ ਉਸਦੇ ਇਲਾਕੇ ਦੇ ਵਿੱਚ ਕੌਣ ਕੀ ਕਰਦੈ ? ਕਿਹੜਾ ਕੀ ਚਰਦਾ ਹੈ। ਮਾਨਯੋਗ ਹਾਈਕੋਰਟ ਵਿੱਚ ਪੰਜ ਤੋਂ ਬੰਦ ਫਾਈਲਾਂ ਪਈਆਂ ਹਨ। ਕੋਈ ਪੁੱਛ ਨੀ ਸਕਦਾ। ਜੇ ਕੋਈ ਪੁੱਛ ਦਾ ਐ। ਕੋਰਟ ਬੰਦੇ ਨੂੰ ਅੰਦਰ ਕਰ ਦੇਂਦੀ ਐ।
ਸਭ ਨੂੰ ਸਭ ਦਾ ਪਤਾ ਹੈ ਪਰ ਕੰਨਾਂ ਵਿੱਚ ਰੂੰ ਪਾਈ ਹੋਈ ਹੈ ਕਿਉਂਕਿ ਜੇ ਮਗਰਮੱਛ ਫੜ ਲਏ ਤਾਂ ਖਰਚ ਪਾਣੀ ਕਿਵੇਂ ਚੱਲੂ?
ਯਾਦ ਕਰੋ ਵਿਰਸੇ ਨੂੰ ਦੁਸ਼ਮਣ ਨੂੰ ਦੇਸ਼ ਪੰਜਾਬ ਵਿੱਚ ਵੜਣ ਤੋਂ ਰੋਕਣ ਵਾਲਿਆਂ ਬਾਬਿਆਂ ਨੂੰ, ਜਿਹੜੇ ਹਿੱਕ ਤਾਣ ਲੜਦੇ ਸੀ ਤੇ ਤੁਸੀਂ ਪਿੱਠ ਕਰਕੇ ਭੱਜ ਰਹੇ ਹੋ।
ਕੀ ਹੋਇਆ ਜੇ ਸੱਤਾ ਦੀ ਤਾਕਤ ਨਹੀਂ, ਲੜਨ, ਜਿਉਣ ਦੀ ਸ਼ਕਤੀ ਤਾਂ ਹੈ।
ਮਸਲਿਆਂ ਨੇ ਸਾਰੇ ਲੋਕ ਦੁਖੀ ਕੀਤੇ ਹਨ ...ਪਰ ਇਹਨਾਂ ਮਸਲਿਆਂ ਦਾ ਹਲ ਕੀ ਕਰੀਏ ? ਇਹ ਮਸਲੇ ਵਿਚਾਰ ਕਰਨ ਦੇ ਲਈ ਪੰਜਾਬ ਨੂੰ ਹੱਸਦਾ ਵਸਦਾ ਦੇਖਣ ਦੀ ਉਮੀਦ ਰੱਖਦੇ ਆਗਾਂਹਵਧੂ ਸੁਚੇਤ ਤੇ ਸੂਝਵਾਨ ਚਿੰਤਕਾਂ ਨੂੰ ਇਕ ਮੰਚ ਤੇ ਵਿਚਾਰ ਸਾਂਝਾ ਕਰਨ ਤੇ ਕੋਈ ਨਵੀਂ ਰਣਨੀਤੀ ਤਿਆਰ ਕਰਨ ਦਾ ਖੁਲ੍ਹਾ ਸੱਦਾ ਦਿੱਤਾ ਹੈ...
ਇਸ ਵਿੱਚ ਪੰਜਾਬ ਦੇ ਹਰ ਖੇਤਰ ਵਿੱਚ ਸਮਾਜ ਦੇ ਕਾਰਜ ਕਰਨ ਲਈ ਸਮਾਜ ਸੇਵੀ ਸੰਸਥਾਵਾਂ ਕਾਲਮਨਵੀਸ, ਪੱਤਰਕਾਰ, ਬੁੱਧੀਜੀਵੀਆਂ ,ਵਿਦਿਆਰਥੀਆਂ, ਧਾਰਮਿਕ ਸੰਸਥਾਵਾਂ ਦੇ ਅਗਾਂਹਵਧੂ ਸੋਚ ਦੇ ਸੁਚੇਤ ਵਰਗ ਦੇ ਜਿਉਂਦੇ ਤੇ ਜਾਗਦੇ ਲੋਕ ਸਾਹਮਣੇ ਆਉਣ ਹੈ ਤਾਂ ਹੀ ਗੁਆਚ ਰਹੇ, ਖੁਰ ਰਹੇ, ਪਲ ਪਲ ਮਰ ਰਹੇ ਪੰਜਾਬ ਨੂੰ ਬਚਾਉਣ ਦੇ ਲਈ ਕੋਈ ਸਾਂਝਾ ਮੰਚ ਬਣਾਇਆ ਜਾ ਸਕੇਗਾ ।
ਪੰਜਾਬ ਦਾ ਹਰ ਮਨੁੱਖ ਵਿਅਕਤੀਗਤ ਤੇ ਪਰੇਸ਼ਾਨ ਤਾਂ ਹੈ ਪਰ ਕੀ ਕਰੀਏ ? ਕਿਵੇਂ ਪੰਜਾਬ ਨੂੰ ਬਚਾਇਆ ਜਾਵੇ ਸਬੰਧੀ ਦੁਬਿਧਾ ਵਿੱਚ ਹੈ। ਇਹ ਸੱਚ ਹੈ ਕਿ ਹੁਣ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਉਡੀਕ ਕਰਨ ਦੇ ਨਾਲੋ ਕਿਸੇ ਸੰਘਰਸ਼ ਦੇ ਵਿੱਚ ਲੜਨ ਦੀ ਲੋੜ ਹੈ..
ਸਿਆਸਤਦਾਨ ਪੰਜਾਬ ਨੂੰ ਦੋਵੇਂ ਹੱਥੀਂ ਲੁੱਟ ਰਹੇ ਹਨ ਤੇ ਅਸੀਂ ਬਹੁਗਿਣਤੀ ਲੋਕ ਲੁੱਟੇ ਜਾ ਰਹੇ ਹਾਂ .
ਪਰ ਹੁਣ ਸਮਾਂ ਲੰਘਦਾ ਜਾ ਰਿਹਾ ਹੈ ..ਹੁਣ ਚੁਪ ਕਰਕੇ ਬੈਠ ਜਾਣ ਦਾ ਸਮਾਂ ਨਹੀਂ।
ਲੋਕਤੰਤਰ ਦਾ ਬਦਲ ਹੁਣ ਪੂਰਨ ਸਵਰਾਜ ਹੈ…...
ਯਾਦ ਕਰੋ ਬਾਬਾ ਨਾਨਕ ਨੂੰ, ਜਿਸ ਆਖਿਆ ਸੀ :
ਏਹੀ ਮਾਰ ਪਈ ਕੁਰਲਾਣੈ
ਤੈ ਕੀ ਦਰਦ ਨਾ ਆਇਆ।
ਹੁਣ ਦਰਦ ਕਿਉਂ ਨੀ ਆਉਂਦਾ ? ਕਿਥੇ ਐ ਹੁਣ ਉਹ ?
ਹੁਣ ਕਿਰਤ ਕਰਨੀ ਤੇ ਕਿਰਤ ਦੀ ਰਾਖੀ ਕਰਨੀ ਹੈ ਪੰਜਾਬੀਆਂ ਦਾ ਮੁੱਖ ਫਰਜ਼ ਐ।
ਆਪਣੀ ਹਉਮੈ ਨੂੰ ਛੱਡਕੇ ਪੰਜਾਬ ਦੇ ਲਈ ਇਕ ਸਾਂਝਾ ਮੰਚ ਬਣਾਇਆ ਜਾਵੇ...ਤਾਂ ਹੀ ਪੰਜਾਬ ਬਚ ਸਕਦਾ ਹੈ ...ਨਹੀ ...ਤਾਂ ਸਭ ਕੁੱਝ ਤੁਹਾਡੇ ਸਾਹਮਣੇ ਹੈ..
ਪੰਜਾਬ ਨੂੰ ਬਚਾਉਣ ਲਈ ਆਓ ਰਲਮਿਲ ਕੇ ਇੱਕ ਹੰਭਲਾ ਮਾਰੀਏ ਤੇ ਆਪਣੇ ਜਿਉਂਦੇ ਹੋਣ ਦੀ ਸ਼ਹਾਦਤ ਦੇਈਏ ।
ਮੁੱਠੀ ਵਿੋਚੋਂ ਕਿਰਦੇ ਪੰਜਾਬ ਨੂੰ ਬਚਾਈਏ।
ਇੱਕ ਸਾਂਝਾ ਹੰਭਲਾ ਮਾਰੀਏ, ਦੁਸ਼ਮਣ ਨੂੰ ਲਲਕਾਰੀਏ
ਹੁਣ ਲੜਨ ਦੀ ਲੋੜ ਹੈ ਨਾ ਕਿ ਮਰਨ ਦੀ ।
ਭਵਸਾਗਰ ਤਰਨ ਦੀ ਲੋੜ ਹੈ
ਕਿਛੁ ਸੁਣੀਏ ਕਿਛੁ ਕਹੀਏ
ਨਵੇਂ ਵਸਤਰ ਬੁਣੀਏ, ਨਵੇਂ ਆਗੂ ਚੁਣੀਏ
ਆਓ ਪੰਜਾਬੀਓ ਆਓ, ਨਾ ਬਦੇਸ਼ਾਂ ਨੂੰ ਭੱਜੀ ਜਾਓ ਨਾ ਪੁਰਖਿਆਂ ਤੇ ਵਿਰਸੇ ਦੇ ਦਾਗਦਾਰ ਬਣੋ।
ਆਓ ਸਿਰ ਜੋੜੀਏ, ਕੇਹਾ ਕਰਨਾ ਲੋੜੀਏ, ਕੋਈ ਕਾਫਲਾ ਤੋਰੀਏ, ਉਡੀਕਦਾ ਪੰਜਾਬ ਹੈ , ਤੁਹਾਡੀ ਸ਼ਕਤੀਆਂ ਨੂੰ
ਮੰਗਦਾ ਹਿਸਾਬ ਹੈ .... ਕਿਉ ਰੋ ਰਿਹਾ ਪੰਜਾਬ ਹੈ?
ਆਓ ਪੰਜਾਬ ਬਚਾਈਏ, ਦੇਸ਼ ਬਚਾਈਏ।
ਅੱਗ ਘਰਾਂ ਅੰਦਰ ਆ ਵੜੀ ਐ।
ਹੁਣ ਸੜ ਕੇ ਮਰਨੈ ਜਾਂ ਲੜ ਕੇ ਜਿਉਣਾ ਐ? ਫੈਸਲਾ ਤੁਹਾਡਾ ਐ!!
ਬੁੱਧ ਸਿੰਘ ਨੀਲੋਂ
ਸੰਪਰਕ : 9464370823
ਘੁੰਮ ਚਰਖੜਿਆ ਘੁੰਮ....! - ਬੁੱਧ ਸਿੰਘ ਨੀਲੋਂ
ਮਨੁੱਖੀ ਜ਼ਿੰਦਗੀ ਦੇ ਵਿੱਚ ਜੀਵਨ ਦੀ ਧਾਰਾ ਨੂੰ ਚਲਾਉਣਾ ਮਨੁੱਖ ਦੇ ਹੱਥ ਵਸ ਹੁੰਦਾ ਹੈ। ਪਰਬਤ ਦੀ ਚੋਟੀ ਤੋਂ ਸੂਰਜ ਦੀ ਤਪਸ਼ ਨਾਲ ਬਰਫ਼ ਜਦ ਬੂੰਦ ਬਣ ਕੇ ਤੁਰਦੀ ਤਾਂ ਪਾਣੀ ਬਣ ਕੇ ਉਹ ਸਮੁੰਦਰ ਦੀ ਭਾਲ ਵਿੱਚ ਹੁੰਦੀ ਹੈ। ਉਸ ਪਹਿਲੀ ਬੂੰਦ ਸਮੁੰਦਰ ਤੱਕ ਪੁਜਣ ਲਈ ਕਿਹੜੇ ਕਿਹੜੇ ਰਸਤਿਆਂ ਰਾਹੀਂ ਗੁਜਰਨਾ ਪੈਦਾ ਹੈ। ਉਹ ਰਾਹ ਸੌਖੇ ਨਹੀਂ । ਇਹੋ ਹਾਲ ਜ਼ਿੰਦਗੀ ਦਾ ਹੈ...ਮੁਸ਼ਕਿਲਾਂ ਰੁਕਾਵਟਾਂ ਬਣਦੀਆਂ ਹਨ ਪਰ ਜੇ ਮੰਜ਼ਿਲ ਵੱਲ ਜਾਣਾ ਹੋਵੇ ਫੇਰ ਪਰਬਤ ਵੀ ਰਸਤਾ ਬਣ ਜਾਂਦੇ ਹਨ।
ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ 'ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ।
ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ।
ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ''ਇਹ ਤਾਂ ਉਨਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।'' ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ।
ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ।
ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ 'ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।
ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ 'ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ।
ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ 'ਤੇ ਤੁਰਦੇ ਹਨ।
ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ।
ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨਾਂ ਦਾ ਅਧਿਆਪਕ ਤਾਂ ਉਨਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨਾਂ ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ।
ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ।
ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ।
ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ।
ਸ਼ੋਹਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ -ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ।
ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਨਹੀਂ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜਹੀਣ, ਰੁਜ਼ਗਾਰਹੀਣ ਦਿਸ਼ਾਹੀਣ..ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ।
ਲਿਖਣਾ ਕੋਈ ਔਖਾ ਕੰਮ ਨਹੀਂ, ਪਰ ਸੁਨਣਾ, ਪੜਨਾ, ਅਧਿਐਨ ਤੇ ਅਭਿਆਸ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ।
ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ।
ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲੀਆਂ ਅੱਖਾਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ ਦਰੁਸਤ ਨਹੀਂ ਹੁੰਦਾ।
ਰਸੂਲ ਹਮਜ਼ਾਤੋਵ-ਮੇਰਾ ਦਾਗਸਿਤਾਨ ਵਿੱਚ... ਲਿਖਦਾ ਹੈ ਕਿ :-
ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ
ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ!
ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ – ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ।
ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋਣ ਵਾਸਤੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ।
ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾਂ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ।
ਕੋਈ ਰਸਤਾ, ਕੰਮ ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਮਹਿਲ ਉਸਾਰਨਾ ਮੁਸ਼ਕਿਲ ਹੁੰਦਾ ਹੈ ਪਰ ਢਹਿ ਢੇਰੀ ਕਰ ਦੇਣਾ ਸੌਖਾ ਹੁੰਦਾ ਹੈ।
ਆਓ! ਆਪਾਂ ਵੀ ਧਰਤੀ ਵਾਂਗ ਘੁੰਮੀਏ ਤੇ ਸੂਰਜ ਵਾਂਗ ਰੋਸ਼ਨੀ ਵੰਡੀਏ। ਏਵੇ ਹੀ ਨਾ ਕਿਸੇ ਨੂੰ ਭੰਡੀਏ!
ਲੋੜ ਤਾਂ ਇਸ ਦੀ ਹੈ ਕਿ ਪਿਆਰ ਲਈਏ ਤੇ ਪਿਆਰ ਵੰਡੀਏ!
ਸੰਪਰਕ : 94643-70823
ਗਿਆਨ ਡਿਗਰੀਆਂ ਦਾ ਮੁਥਾਜ ਨੀ - ਬੁੱਧ ਸਿੰਘ ਨੀਲੋਂ
ਸੱਚਾ ਤੇ ਬੁਨਿਆਦੀ ਗਿਆਨ ਕਮਾਉਣ ਤੇ ਡਿਗਰੀਆਂ ਹਾਸਲ ਕਰਨ ਵਿੱਚ ਬਹੁਤ ਅੰਤਰ ਹੈ । ਗਿਆਨ ਕਮਾਉਂਦਿਆਂ ਪੂਰੀ ਜ਼ਿੰਦਗੀ ਗੁਜ਼ਰ ਜਾਂਦੀ ਹੈ ਜਦੋਂ ਕਿ ਡਿਗਰੀਆਂ ਮੁੱਲ ਵੀ ਲਈਆਂ ਜਾ ਸਕਦੀਆਂ ਹਨ । ਰਿਸ਼ਵਤ ਨਾਲ਼ ਨੌਕਰੀ ਸੌਖਿਆਂ ਹੀ ਖਰੀਦੀ ਜਾ ਸਕਦੀ ਹੈ ਪਰ ਅਜਿਹਾ ਨੌਕਰ ਆਪਣੇ ਕੰਮ ਲਈ ਨਿਹਚਾਵਾਨ ਨਹੀਂ ਹੁੰਦਾ । ਸ਼ੋਹਰਤ ਹਾਸਲ ਕਰਨੀ ਸੌਖੀ ਹੈ ਪਰ ਹਮੇਸ਼ਾ ਲਈ ਕਾਇਮ ਰੱਖਣੀ ਔਖੀ ਹੁੰਦੀ ਹੈ । ਹਥਿਆਰ ਭਾਂਵੇਂ ਕਦੇ ਕਦਾਈਂ ਹੀ ਵਰਤੇ ਜਾਂਦੇ ਹਨ ਪਰ ਸਾਰੀ ਜ਼ਿੰਦਗੀ ਸੰਭਾਲ਼ ਕੇ ਰੱਖਣੇ ਪੈਂਦੇ ਹਨ । ਮਨੁੱਖ ਦਾ ਪਹਿਲਾ ਗੁਰੂ ਮਾਂ ਹੁੰਦੀ ਹੈ । ਮਾਂ ਨੂੰ ਪੁੱਤ ਦੇ ਚੰਗੇ ਮੰਦੇ ਲੱਛਣ ਪਤਾ ਹੁੰਦੇ ਹਨ । ਫੋੜਾ ਤੇ ਘੋੜਾ ਪਲੋਸਿਆਂ ਵੱਡੇ ਹੁੰਦੇ ਹਨ ।
ਮਨੁੱਖੀ ਸਮਾਜ ਵਿੱਚ ਗੁਰੂ ਤੇ ਚੇਲੇ ਦਾ ਰਿਸ਼ਤਾ ਬਹੁਤ ਅਹਿਮ ਹੈ। ਆਪਣੇ ਕਿੱਤੇ ਨੂੰ ਸਮਰਪਤ ਗਿਆਨਵਾਨ ਗੁਰੂ ਹੀ ਤੁਹਾਨੂੰ ਵਧੀਆ ਇਨਸਾਨ ਬਣਾ ਸਕਦਾ ਹੈ ਜੋ ਦਿਲੋਂ ਚਾਹੁੰਦਾ ਹੈ ਕਿ ਉਸਦੇ ਚੇਲੇ ਤਰੱਕੀ ਕਰਕੇ ਉਸ ਤੋਂ ਵੀ ਚਾਰ ਕਦਮ ਅੱਗੇ ਲੰਘ ਜਾਣ।
ਪਹਿਲਾਂ ਗੁਰੂ ਆਪਣੇ ਕਿੱਤੇ ਲਈ ਪ੍ਰਤੀਬੱਧ ਹੁੰਦੇ ਸਨ। ਪਰ ਸਮਾਂ ਬਦਲਣ ਨਾਲ਼ ਗੁਰੂ ਵੀ ਆਮ ਕਾਰੋਬਾਰੀਆਂ ਵਰਗੇ ਹੋ ਗਏ ਹਨ ਤੇ ਸੱਚਾ ਗਿਆਨ ਵੰਡਣ ਦੀ ਪ੍ਰਤੀਬੱਧਤਾ ਖ਼ਤਮ ਹੋ ਗਈ ਹੈ। ਗਿਆਨਵਾਨ ਗੁਰੂ ਚੇਹਰਾ ਮੋਹਰਾ ਵੇਖਕੇ ਭਾਂਪ ਲੈਂਦਾ ਹੈ ਕਿ ਉਸਦੇ ਚੇਲਿਆਂ ਦੇ ਕੀ ਗੁਣ ਤੇ ਔਗੁਣ ਹਨ। ਉਸ ਨੇ ਆਪਣੇ ਚਾਟੜਿਆਂ ਦੇ ਔਗੁਣ ਮਿਟਾਉਣੇ ਅਤੇ ਗੁਣ ਉਜਾਗਰ ਕਰਨੇ ਹੁੰਦੇ ਹਨ ਜਿਵੇਂ ਪੱਥਰ ਵਿੱਚ ਲੁਕੀ ਹੋਈ ਮੂਰਤੀ ਨੂੰ ਇਕ ਹੁਨਰਮੰਦ ਪੱਥਰਘਾੜਾ ਫਾਲ਼ਤੂ ਮਲਬਾ ਉਤਾਰਕੇ ਪ੍ਰਗਟ ਕਰ ਦੇਂਦਾ ਹੈ। ਇਸ ਬਾਰੇ ਭਗਤ ਕਬੀਰ ਜੀ ਹਦਾਇਤ ਕਰਦੇ ਹਨ ਕਿ ਅਜਿਹਾ ਗਿਆਨਵਾਨ ਗੁਰੂ ਧਾਰਨ ਕਰੋ ਕਿ ਦੁਬਾਰਾ ਕਿਸੇ ਹੋਰ ਦੀ ਲੋੜ ਹੀ ਨਾ ਪਵੇ:
ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥ ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥ (ਪੰਨਾ ੩੨੭)
ਪਰ ਜੇ ਗੁਰੂ ਆਪ ਹੀ ਅੰਨ੍ਹਾ ਹੋਵੇ ਤਾਂ ਉਹ ਦੂਸਰੇ ਨੂੰ ਕੀ ਸਿੱਖਿਆ ਦੇਵੇਗਾ? ਉਸ ਦੀ ਹਾਲਤ ਗੁਰੂ ਸਾਹਿਬਾਨ ਨੇ ਹੇਠਲੇ ਸ਼ਬਦਾਂ ਵਿਚ ਬਿਆਨ ਕੀਤੀ ਹੈ:-
ਮਃ ੩ ॥ ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥ ਕੂੜੁ ਕੁਸਤੁ ਕਮਾਵਦੇ ਪਰ ਨਿੰਦਾ ਸਦਾ ਕਰੇਨਿ ॥ ਓਇ ਆਪਿ ਡੁਬੇ ਪਰ ਨਿੰਦਕਾ ਸਗਲੇ ਕੁਲ ਡੋਬੇਨਿ ॥ ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥੨॥ {ਪੰਨਾ ੯੫੧}
ਅਤੇ ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥ (ਪੰਨਾ ੫੮)
---------
ਸਿੱਖਿਆ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਜ਼ਿੰਦਗੀ ਦੇ ਹਰ ਕਿੱਤੇ ਵਿੱਚ ਗੁਰੂ ਚੇਲੇ ਦੀ ਪ੍ਰੰਪਰਾ ਮੌਜੂਦ ਹੈ। ਬਿਨਾਂ ਗੁਰੂ ਦੇ ਤੁਸੀਂ ਕੋਈ ਵੀ ਮੈਦਾਨ ਸਰ ਨਹੀ ਕਰ ਸਕਦੇ। ਜਿਵੇਂ ਤਗੜੀ ਫੌਜ ਦਾ ਬੇਸਮਝ ਕਪਤਾਨ ਆਪਣੇ ਹੀ ਲੋਕਾਂ ਦੀ ਜਾਨ ਦਾ ਖੌਅ ਬਣ ਜਾਂਦਾ ਹੈ। ਜੰਗ ਭਾਂਵੇਂ ਕੋਈ ਵੀ ਹੋਵੇ, ਤਾਕਤ ਨਾਲ਼ ਨਹੀਂ ਜੁਗਤ ਤੇ ਸਿਆਣਪ ਨਾਲ਼ ਲੜੀ ਤੇ ਜਿੱਤੀ ਜਾਂਦੀ ਹੈ। ਕਈ ਵਾਰ ਜ਼ੋਰਾਵਰ ਪਹਿਲਵਾਨ ਗ਼ਲਤ ਦਾਅ ਲਾਉਣ ਕਰਕੇ ਆਪਣੀ ਹੀ ਤਾਕਤ ਨਾਲ਼ ਢਹਿ ਜਾਂਦਾ ਹੈ। ਜ਼ਿੰਦਗੀ ਦੀ ਹਰ ਜੰਗ ਜਿੱਤਣ ਲਈ ਨਹੀਂ ਸਗੋਂ ਆਪਣੀ ਹੋੰਦ ਬਚਾਈ ਰੱਖਣ ਤੇ ਆਜ਼ਾਦੀ ਨਾਲ਼ ਜਿਊਣ ਖ਼ਾਤਰ ਲੜੀ ਜਾਂਦੀ ਹੈ। ਬਹੁਗਿਣਤੀ ਲੋਕ ਤਾਂ ਗੁਰਬਾਣੀ ਦੇ ਇਸ ਸਲੋਕ ਦੀ ਹੀ ਪਰਿਕਰਮਾ ਕਰਦੇ ਹਨ। ਬਹੁਤ ਘੱਟ ਸ਼ਖਸੀਅਤਾਂ ਹੁੰਦੀਆਂ ਹਨ ਜੋ ਲੋਕਾਂ ਲਈ ਕਾਰਜਸ਼ੀਲ ਹੁੰਦੀਆਂ ਹਨ। ਉਨ੍ਹਾਂ ਹੀ ਲੋਕਾਂ ਨੂੰ ਅਸੀਂ ਲੋਕ ਨਾਇਕ ਆਖਦੇ ਹਾਂ । ਪਹਿਲਿਆਂ ਸਮਿਆਂ ਵਿੱਚ ਆਪਣੀ ਰੋਜ਼ੀ ਰੋਟੀ ਕਮਾਉਣ ਵਾਲ਼ੇ ਗਾਇਕਾਂ ਨੂੰ ਲੋਕਾਂ ਵੱਲੋਂ ਲੋਕ ਗਾਇਕ ਕਹਿ ਦਿੱਤਾ ਜਾਂਦਾ ਸੀ ਜਦੋਂਕਿ ਉਹ ਲੋਕ ਗਾਇਕ ਨਹੀਂ ਹੁੰਦੇ ਸਨ। ਉਹ ਤੇ ਲੋਕਾਂ ਦਾ ਮੰਨੋਰੰਜਨ ਕਰਨ ਵਾਲੇ ਕਲਾਕਾਰ ਹੁੰਦੇ ਸਨ। ਪਰ ਸਾਡੇ "ਬਿਧਮਾਨ ਤੇ ਮੁਰਗੇ ਦੀ ਟੰਗ" ਦੇ ਨਾਲ਼ ਲਿਖਣ ਵਾਲ਼ੇ ਪੱਤਰਕਾਰਾਂ ਨੇ ਉਹਨਾਂ ਨੂੰ ਲੋਕ ਗਾਇਕ ਬਣਾ ਦਿੱਤਾ । ਉਹਨਾਂ ਦਾ ਕਿਹਾ ਤੇ ਲਿਖਿਆ ਅਸੀਂ ਸੱਚ ਮੰਨ ਲਿਆ । ਅਸਾਂ ਭਾਂਵੇਂ ਸੱਚ ਦੀ ਖੋਜ ਤਾਂ ਨਾ ਕੀਤੀ ਪਰ ਫਿਰ ਵੀ ਖੋਜੀ ਪੱਤਰਕਾਰੀ ਦੇ ਨਾਂ 'ਤੇ "ਬਿਧਮਾਨ" ਕਹਾਉਣ ਜੋਗੇ ਹੋ ਗਏ।
ਇਕ ਵਾਰ ਮੈਂ ਇਕ ਖੋਜਾਰਥੀ ਨੂੰ ਪੁੱਛਿਆ ਕਿ "ਤੇਰੇ ਨੰਬਰ ਐਨੇ ਘੱਟ ਕਿਓਂ ਆਏ ? ਹੁਣ ਤੂੰ ਕਵਿਤਾ ਵਿੱਚ ਪ੍ਰਤੀਵਾਦੀ ਵਿਚਾਰਧਾਰਾ ਨਾਲ਼ ਜੁੜੇ ਕਵੀਆਂ ਬਾਰੇ ਖੋਜ ਕਰ ਰਿਹਾ ਏਂ। ਮੈਨੂੰ ਐਂ ਦੱਸ ਕਿ ਮਾਰਕਸ ਤੇ ਐਂਗਲਜ਼ ਦੇ ਵਿੱਚ ਕੀ ਅੰਤਰ ਤੇ ਵਿਰੋਧ ਹੈ?"
ਉਹ ਬੋਲਿਆ, "ਸਰ ! ਜੇ ਕਿਤੇ ਪੇਪਰਾਂ ਵੇਲ਼ੇ ਮੇਰਾ ਐਂਗਲ ਠੀਕ ਹੁੰਦਾ ਤਾਂ ਘਟੋਘੱਟ ਸੱਤਰ ਪਰਸੈਂਟ ਮਾਰਸਕ ਆਉਂਦੇ ਤੇ ਰਹੀ ਗੱਲ ਪ੍ਰਤੀਵਾਦ ਦੀ, ਇਹ ਤੇ ਜੀ ਆਪਾਂ ਏਧਰੋੰ ਓਧਰੋਂ ਚੇਪ ਦੇਣਾ। ਆਪਾਂ ਕਾ੍ਪੀ ਕਰਨ ਦੇ ਪੂਰੇ ਮਾਸਟਰ ਹਾਂ ! ਹੋਰ ਸੁਣਾਓ, ਕਿਵੇਂ ਚੱਲਦੀ ਹੈ ਘਰ ਦੀ ਗੱਡੀ ?" ਹੁਣ ਉਹ ਸੱਜਣ ਪੁਰਸ਼ ਕਿਸੇ ਯੂਨੀਵਰਸਿਟੀ ਦੇ ਵਿਭਾਗ ਦਾ ਮੁਖੀ ਹੈ। ਦਸ ਲੈਕਚਰਾਰ ਉਹਦੇ ਥੱਲੇ ਕੰਮ ਕਰਦੇ ਹਨ…
ਸਿਆਣੇ ਕਹਿੰਦੇ ਹਨ ਕਿ "ਜਿਹੇ ਕੁੱਜੇ, ਓਹੋ ਜਿਹੇ ਆਲ਼ੇ ਤੇ ਜਿਹੇ ਜੀਜੇ ਓਹੋ ਜਿਹੇ ਸਾਲ਼ੇ... ਰਲ਼ਕੇ ਕਰਦੇ ਘਾਲ਼ੇ ਮਾਲ਼ੇ।" ਗੁਰੂ ਚੇਲੇ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਕਿਸਮ ਦਾ ਰਿਸ਼ਤਾ ਹੈ। ਪਰ ਹੁਣ ਇਹ ਰਿਸ਼ਤਾ ਕਾਮ ਵਿੱਚ ਅੰਨ੍ਹੇਂ ਹੋਇਆਂ ਨੇ ਅਪਵਿੱਤਰ ਕਰ ਦਿੱਤਾ । ਉਹ ਕਿਵੇਂ ਅਪਵਿੱਤਰ ਹੋਇਆ ਹੈ ? ਇਹ ਤੇ ਉਹ ਹੀ ਦੱਸ ਸਕਦੇ ਹਨ ਜਿਹੜੇ ਆਪਣੇ ਧੀਆਂ ਪੁੱਤਾਂ ਵਰਗਿਆਂ ਨਾਲ਼...!"
ਸਾਂਵਲ ਧਾਮੀ ਨੇ ਇਸ ਵਰਤਾਰੇ ਬਾਰੇ ਦੋ ਕਹਾਣੀਆਂ ਲਿਖੀਆਂ ਹਨ ਜੋ ਉਸਦੀ ਪੁਸਤਕ "ਤੂੰ ਨਿਹਾਲਾ ਨਾ ਬਣੀਂ" ਵਿੱਚ ਸ਼ਾਮਲ ਹਨ... ਇੱਕ ਹੈ 'ਗਾਈਡ' ਤੇ ਦੂਜੀ ਹੈ 'ਪੇੰਜੀ ਦੇ ਫੁੱਲ'...। ਉਹਨਾਂ ਵਿੱਚ ਉਸਨੇ ਯੂਨੀਵਰਸਿਟੀਆਂ ਦੇ ਵਿਦਵਾਨਾਂ ਦਾ ਅਸਲੀ ਕਿਰਦਾਰ ਚਿਤਰਿਆ ਹੈ। ਕਦੇ ਮੌਕਾ ਲੱਗੇ ਤਾਂ ਪੜ੍ਹ ਲਿਓ ਤੇ ਉਹਨਾਂ ਵਿਦਵਾਨਾਂ ਨੂੰ ਪਛਾਣਿਓ ਵੀ ਕਿ ਉਹ ਕੌਣ ਹੋ ਸਕਦੇ ਹਨ?" ਤੁਸਾਂ ਚੰਡੀਗੜ੍ਹ ਦੇ ਇਕ ਵਿਦਵਾਨ ਦੀ ਰਜਾਈ ਵਾਲ਼ੀ ਗੱਲ ਤਾਂ ਸੁਣੀ ਹੀ ਹੋਵੇਗੀ... ਕੀ ਕਿਹਾ ? ਨਹੀਂ ਸੁਣੀਂ..? ਅੱਛਾ ਜੀ ! ਉਹ ਵਿਦਵਾਨ ਨਜ਼ਰਸਾਨੀ ਲਈ ਆਏ ਥੀਸਿਸ ਮੈਟਰ ਨੂੰ ਰਜਾਈ ਵਿੱਚ ਬੈਠ ਕੇ ਹੀ ਚੈੱਕ ਕਰਦਾ ਹੁੰਦਾ ਸੀ। ਪਤਾ ਨਹੀਂ ਉਸਨੂੰ ਠੰਡ ਲਗਦੀ ਸੀ ਜਾਂ ਫਿਰ ਕੋਈ ਹੋਰ ਚੱਕਰ ਸੀ। ਬੜਾ ਚਿਰ ਢੱਕੀ ਰਿੱਝਦੀ ਰਹੀ ਪਰ ਇਕ ਦਿਨ ਭਾਣਾ ਵਾਪਰ ਗਿਆ। ਦਹੀਂ ਦੀ ਫੁੱਟੀ ਦੇ ਭੁਲੇਖੇ ਉਸ ਨੇ ਕਪਾਹ ਦੀ ਫੁੱਟੀ ਨੂੰ ਮੂੰਹ ਮਾਰ ਲਿਆ। ਬਸ ਜੀ ਫੇਰ ਓਹੀ ਹੋਇਆ ਜੋ ਹੋਣਾ ਸੀ। ਬਸ ਜਿਵੇਂ ਕਿਵੇਂ ਬਚਾਅ ਇਹ ਹੋ ਗਿਆ ਕਿਉਂਕਿ ਉਸ ਕਪਾਹ ਦੀ ਫੁੱਟੀ ਨੇ ਯੂਨੀਵਰਸਿਟੀ ਵਿੱਚ ਸ਼ਿਕਾਇਤ ਨਾ ਕੀਤੀ। ਸਗੋਂ ਉਲ਼ਟਾ ਚੱਪਣ ਮੂਧਾ ਮਾਰ ਗਈ ਕਿ "ਹੁਣ ਥੀਸਿਸ ਵੀ ਆਪ ਹੀ ਲਿਖੀਂ। ਜਿਸ ਦਿਨ ਜਮ੍ਹਾਂ ਕਰਵਾਉਣੀ ਹੋਈ, ਦੱਸ ਦੇਵੀਂ... ਨਹੀਂ ਤਾਂ ਮੇਰੇ ਸਾਲ਼ੇ ਦਾ ਯੂਨੀਵਰਸਿਟੀ ਵਿੱਚ ਉਹ ਜਲੂਸ ਕੱਢੂੰ ਕਿ ਪੁਸ਼ਤਾਂ ਯਾਦ ਰੱਖਣਗੀਆਂ !"
###
ਚਲੋ, ਤੁਸੀਂ ਵੀ ਚੁਰਚਰੀਆਂ ਗੱਲਾਂ ਪੜ੍ਹਨ, ਸੁਣਨ ਤੇ ਦੇਖਣ ਦੇ ਆਦੀ ਹੋ ਗਏ। ਤੁਹਾਡੀਆਂ ਆਦਤਾਂ ਸਾਡੇ ਟੀਵੀ ਤੇ ਚੱਲਦੇ ਲੜੀਵਾਰ ਸੀਰੀਅਲਾਂ ਤੇ ਸਨਸਨੀਖ਼ੇਜ਼ ਖਬਰਾਂ ਦਿਖਾਉਣ ਵਾਲ਼ੇ ਗੋਦੀ ਨਿਊਜ ਚੈਨਲਾਂ ਨੇ ਵਿਗਾੜੀਆਂ ਹਨ। ਸਮਾਜ ਦਾ ਚਿੰਤਕ ਤੇ ਖੋਜੀ ਪੱਤਰਕਾਰ ਰਵੀਸ਼ ਕੁਮਾਰ ਇਹ ਕਹਿ ਕਹਿ ਕੇ ਹੰਭ ਗਿਆ ਹੈ ਕਿ "ਜੇ ਤੁਸੀਂ ਗੋਦੀ ਟੀਵੀ ਦੇਖਣਾ ਬੰਦ ਕਰ ਦਿਓ ਤਾਂ ਤੁਹਾਡੇ ਮਨ ਵਿੱਚੋਂ ਮਰ ਚੁੱਕੀ ਸੰਵੇਦਨਾ ਮੁੜ੍ਹ ਨੌਂ-ਬਰ-ਨੌਂ ਹੋ ਜਾਵੇਗੀ। ਪਰ ਜੇ ਤੁਸੀਂ ਇਹ ਕੂੜ ਕਬਾੜ ਦੇਖਦੇ ਰਹੇ ਤਾਂ ਤੁਸੀਂ ਕਦੇ ਵੀ ਕਾਤਲ ਬਣ ਸਕਦੇ ਹੋ!"
ਅਸੀਂ ਕਿਸੇ ਵੱਲੋਂ ਮਾੜੀ ਜਿਹੀ ਦੱਸ ਪੈਣ ਤੇ ਬਹੁਤ ਜਲਦੀ ਪ੍ਰਭਾਵ ਕਬੂਲ ਕਰ ਲੈਂਦੇ ਹਾਂ ਤੇ ਸਾਡੀ ਚੇਤਨਾ ਖੁੰਢੀ ਹੋਣ ਲਗਦੀ ਹੈ। ਹੁਣ ਚੇਤਨਾ ਤਾਂ ਹੀ ਚੇਤੰਨ ਹੋ ਸਕਦੀ ਹੈ ਜੇ ਅਸੀਂ ਸੱਚਾ ਗਿਆਨ ਹਾਸਲ ਕਰਾਂਗੇ। ਗਿਆਨ ਕਿਤਾਬਾਂ ਅਤੇ ਤਜਰਬੇਕਾਰ ਇਨਸਾਨਾਂ ਕੋਲ਼ੋਂ ਹੀ ਹਾਸਲ ਹੋ ਸਕਦਾ ਹੈ। ਸਿਲੇਬਸ ਦੀਆਂ ਕਿਤਾਬਾਂ ਸਾਨੂੰ ਫਰਜ਼ੀ ਗਿਆਨ ਦੇੰਦੀਆਂ ਹਨ ਜੋ ਨੌਕਰੀ ਲੱਗਣ ਤੇ ਵਿਆਹ ਕਰਵਾਉਣ ਦੇ ਹੀ ਕੰਮ ਆਉਂਦਾ ਹੈ ਪਰ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਸਾਹਵੇਂ ਕਦੇ ਕੰਮ ਨਹੀਂ ਆਉਂਦਾ। ਸਾਡੀ ਸਿੱਖਿਆ ਪ੍ਰਣਾਲੀ ਅੰਗਰੇਜ਼ ਅਫ਼ਸਰ ਮੈਕਾਲੇ ਦੀ ਬਣਾਈ ਹੋਈ ਹੈ ਜੋ ਅਜੇ ਤੱਕ ਚੱਲੀ ਜਾ ਰਹੀ ਹੈ। ਤੁਸੀਂ ਕੰਮ ਧੰਦਾ ਉਹ ਹੀ ਸਿੱਖਦੇ ਹੋ ਜੋ ਅੱਗੇ ਜ਼ਿੰਦਗੀ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਕੰਮ ਆਵੇ। ਇਹ ਨਹੀਂ ਕਿ ਤੁਸੀਂ ਵੇਚਦੇ ਤਾਂ ਕੱਪੜੇ ਹੋਵੋ ਪਰ ਨਾਲ਼ ਇਹ ਵੀ ਕਹੀ ਜਾਓ ਕਿ ਤੁਸੀਂ ਜਹਾਜ਼ ਵੀ ਚਲਾ ਲੈਂਦੇ ਹੋ।
ਗਿਆਨ ਗੁਰੂ ਨੇ ਦੇਣਾ ਹੈ। ਉਸਨੇ ਚੇਲੇ ਦੇ ਮਨ ਮਸਤਕ 'ਤੇ ਜੰਮੀ ਅਗਿਆਨਤਾ ਦੀ ਧੂੜ ਨੂੰ ਸਾਫ਼ ਕਰਨਾ ਹੁੰਦਾ ਹੈ। ਗੁਰੂ ਉਹ ਧੂੜ ਤਾਂ ਹੀ ਸਾਫ਼ ਕਰ ਸਕਦਾ ਹੈ ਜੇ ਉਸ ਦਾ ਆਪਣਾ ਮਨ ਮਸਤਕ ਸਾਫ਼ ਸੁਥਰਾ ਹੋਵੇਗਾ । ਤਾਂ ਹੀ ਉਹ ਦੂਸਰੇ ਦੇ ਮਨ ਵਿੱਚ ਗਿਆਨ ਵਿਗਿਆਨ ਦੀ ਜੋਤ ਜਗਾਉਣ ਦੇ ਕਾਬਲ ਹੋ ਸਕਦਾ ਹੈ। ਗੁਰੂ ਨੇ ਚੇਲੇ ਦੀ ਅਕਲ ਦਾ ਬੁਝਿਆ ਦੀਵਾ ਇਕ ਵਾਰ ਜਗਾਉਣਾ ਹੁੰਦਾ ਹੈ ਤੇ ਫੇਰ ਚੇਲੇ ਨੇ ਆਪ ਹੀ ਦੀਵੇ ਵਿੱਚ ਆਪਣੀ ਮਿਹਨਤ ਦਾ ਤੇਲ ਪਾਈ ਜਾਣਾ ਹੁੰਦਾ ਹੈ। ਗਿਆਨ ਹਾਸਲ ਕਰਨ ਲਈ ਨਿੱਠਕੇ ਤਪ ਕਰਨਾ ਪੈਂਦਾ ਹੈ। ਇਸਨੂੰ ਸਾਧ ਭਾਸ਼ਾ ਵਿੱਚ ਤਪੱਸਿਆ ਕਰਨੀ ਕਹਿੰਦੇ ਹਨ। ਗਿਆਨ ਦਾ ਘਰ ਦੂਰ ਬਹੁਤ ਹੈ ਪਰ ਇਸਨੂੰ ਸਾਧਨਾ ਤੇ ਤਪੱਸਿਆ ਨਾਲ਼ ਨੇੜੇ ਲਿਆਂਦਾ ਜਾ ਸਕਦਾ ਹੈ। ਤੁਸੀਂ ਮਿਹਨਤ ਤੇ ਲਗਨ ਨਾਲ਼ ਨਿਸ਼ਾਨਾ ਸਾਧ ਕੇ ਕੋਈ ਵੀ ਕੰਮ ਕਰੋਗੇ ਤਾਂ ਸਫਲ ਹੋ ਜਾਵੋਗੇ। ਸਫਲਤਾ ਦੀ ਕੁੰਜੀ ਗੁਰੂ ਨੇ ਦੇਣੀ ਹੁੰਦੀ ਹੈ ਪਰ ਜਦੋਂ ਗੁਰੂ ਕੁੰਜੀ ਕਿਸੇ ਹੋਰ ਜਿੰਦੇ ਵਿੱਚ ਅੜਾਉਣ ਲੱਗ ਪੈਣ ਤਾਂ ਅਗਿਆਨਤਾ ਦੀ ਕਾਲ਼ੀ ਬੋਲ਼ੀ ਹਨ੍ਹੇਰੀ ਵਗਣ ਲਗਦੀ ਹੈ ।ਇਹ ਹਨ੍ਹੇਰੀ ਅੱਜਕਲ੍ਹ ਝੱਖੜ ਬਣ ਚੁੱਕੀ ਹੈ। ਆਉਣ ਵਾਲ਼ੇ ਸਮੇਂ ਵਿੱਚ ਇਸ ਝੱਖੜ ਨੇ ਤੁਫ਼ਾਨ ਵਿਚ ਬਦਲ ਜਾਣਾ ਹੈ ਜੋ ਸਾਡੀ ਮਾਂ ਬੋਲੀ ਤੇ ਸਭਿਆਚਾਰ ਦੇ ਆਲ੍ਹਣਿਆਂ ਨੂੰ ਉਡਾ ਕੇ ਲੈ ਜਾਵੇਗਾ। ਹੁਣ ਗੁਰੂ ਤੇ ਚੇਲੇ ਦਾ ਅੰਤਰ ਮਿਟ ਗਿਆ ਹੈ। ਇਹ ਵਰਤਾਰਾ ਸਮਾਜ ਦੇ ਲਈ ਬਹੁਤ ਖ਼ਤਰਨਾਕ ਹੈ ਪਰ ਹਾਕਮਾਂ ਲਈ ਰਾਮਬਾਣ ਔਖਧ ਹੈ। ਉਹਨਾਂ ਦਾ ਮਕਸਦ ਸਹਿਜੇ ਹੀ ਹੱਲ ਹੋ ਰਿਹਾ ਹੈ। ਹੁਣ ਹਕੂਮਤ ਗਿਆਨ ਵਿਹੂਣੇ ਪਰ ਮੁਕੰਮਲ ਸਾਖਰ ਸਮਾਜ ਦੀ ਸਿਰਜਣਾ ਕਰਨ ਵੱਲ ਵਧ੍ਹ ਰਹੀ ਹੈ ਤੇ ਅਸੀਂ ਜਾਣੇ ਅਣਜਾਣੇ ਉਹਨਾਂ ਦੇ ਭਾਈਵਾਲ਼ ਬਣੇ ਹੋਏ ਹਾਂ।
ਗਿਆਨ ਵਿਹੂਣਾ ਗਾਵੈ ਗੀਤ ॥
ਭੁਖੇ ਮੁਲਾਂ ਘਰੇ ਮਸੀਤਿ ॥ (ਪੰਨਾ ੧੨੪੫)
ਅਸਲ ਵਿੱਚ ਸਿੱਖਿਆ ਦਾ ਸਾਰਾ ਢਾਂਚਾ ਰੋਜ਼ੀ ਰੋਟੀ ਕਮਾਉਣ ਤੱਕ ਮਹਿਦੂਦ ਹੋ ਕੇ ਰਹਿ ਗਿਆ ਹੈ। ਕਿਸੇ ਨੂੰ ਗਿਆਨ ਕਮਾਉਣ ਦੀ ਲਾਲਸਾ ਨਹੀਂ ਰਹੀ, ਨਾ ਹਾਸਲ ਕਰਨ ਦੀ ਤੇ ਨਾ ਅਗਾਂਹ ਕਿਸੇ ਨੂੰ ਵੰਡਣ ਦੀ। 'ਰੋਟੀਆਂ ਕਾਰਨ ਪੂਰੇ ਤਾਲ' ਵਾਲ਼ੀ ਹਾਲਤ ਬਣ ਗਈ ਹੈ। ਨੌਕਰੀਆਂ ਮੈਰਿਟਾਂ ਵੇਖ ਕੇ ਮਿਲ਼ਦੀਆਂ ਹਨ ਤੇ ਮੈਰਿਟਾਂ ਨੰਬਰਾਂ ਨਾਲ਼ ਆਉਣੀਆਂ ਹਨ। ਨੰਬਰ ਲੈਣ ਲਈ ਜੋ ਵੀ ਚੰਗਾ ਮਾੜਾ ਸੰਭਵ ਹੈ ਕਰੋ। ਤਿਆਰ-ਬਰ-ਤਿਆਰ ਮਾਲ ਖਰੀਦੋ ਤੇ ਮਨ ਭਾਉਂਦੇ ਨੰਬਰ ਲਵੋ। ਇਕ ਵਾਰ ਨੌਕਰੀ ਮਿਲ਼ ਜਾਵੇ, ਫਿਰ ਗਿਆਨ ਪਵੇ ਢੱਠੇ ਖੂਹ 'ਚ । ਜਦ ਹੁਣ ਸਭ ਕੁਝ ਮੰਡੀ ਦਾ ਹੀ ਹਿੱਸਾ ਬਣ ਗਿਆ ਹੈ ਤਾਂ ਫੇਰ ਕੌਣ ਗੁਰੂ ਤੇ ਕੌਣ ਚੇਲਾ।
ਆਓ ਸਾਰੇ ਰਲ਼ਕੇ ਗਾਈਏ:
ਕੰਨਾਂ ਮੰਨਾਂ ਕੁਰ,
ਤੂੰ ਮੇਰਾ ਚੇਲਾ
ਤੇ ਮੈਂ ਤੇਰਾ ਗੁਰ।
ਬੁੱਧ ਸਿੰਘ ਨੀਲੋਂ
ਸੰਪਰਕ : 9464370823
ਪੰਜਾਬੀ ਸਾਹਿਤ ਦਾ ਮਾਫ਼ੀਆ ! - ਬੁੱਧ ਸਿੰਘ ਨੀਲੋਂ
ਰੰਗੀਆਂ ਰੰਗਾਈਆਂ ਰਹਿ ਗਈਆਂ
ਵੇ ਤੇਰੀ ਪੱਗ ਦੇ ਨਾਲ਼ ਦੀਆਂ ਚੁੰਨੀਆ ਵੇ।
ਇਸ ਸਮੇਂ ਹਾਲਤ ਕੁਝ ਇਸ ਤਰ੍ਹਾਂ ਦੀ ਹੀ ਬਣੀ ਹੋਈ ਐ। ਕਦੇ ਕਦੇ ਤਾਂ ਇਉਂ ਵੀ ਲਗਦੈ ਜਿਵੇਂ ਕੋਈ ਹਾੜੇ ਕੱਢ ਰਿਹਾ ਹੋਵੇ।
"ਨੀ ਮੈਂ ਹਾਰ ਕੇ ਜੇਠ ਨਾਲ਼ ਲਾਈਆਂ ਤੇ ਮਰਦੀ ਨੇ ਅੱਕ ਚੱਬਿਆ।"
ਹੁਣ ਚੱਬਣ ਨੂੰ ਮੂੰਗਫ਼ਲੀ ਤੇ ਛੋਲੇ ਵੀ ਹੁੰਦੇ ਨੇ। ਪਰ ਉਹ ਗੱਲ ਨਹੀਂ ਬਣਦੀ ਜੋ ਅੱਕ ਚੱਬਣ ਨਾਲ਼ ਬਣਦੀ ਹੈ । ਛੋਲਿਆਂ ਦੀ ਸੰਘਣੀ ਦਾਲ਼ ਵੀ ਹੁਣ ਲੰਗਰ ਵਿੱਚ ਈ ਮਿਲਦੀ ਐ। ਪੰਜਾਬ ਦੇ ਵਿੱਚ ਤਾਂ ਛੋਲੇ ਵੀ ਹੁਣ ਕੋਈ ਬੀਜਦਾ ਨਹੀਂ, ਦੋ ਫਸਲੀ ਚੱਕਰਵਿਊ ਨੇ ਪੰਜਾਬ ਨੂੰ ਖੁਦਕੁਸ਼ੀਆ ਦੇ ਰਸਤੇ ਤੋਰਿਆ ਐ। ਸਾਹਿਤਕਾਰ ਇਨਾਮ ਸਨਮਾਨ ਮਗਰ ਦੌੜ ਰਹੇ ਹਨ। ਚੋਣਾਂ ਜਿੱਤਣ ਲਈ ਵੋਟਾਂ ਬਣਾ ਰਹੇ ਹਨ।
ਕੀ ਫਾਇਦਾ ਹੋਇਆ ਵੋਟਾਂ ਬਣਾਈਆਂ ਦਾ। ਸਾਹਿਤ ਦੇ ਮੱਠ ਦੀ ਚੌਧਰ ਲੈਣੀ ਕਿਹੜਾ ਹੁਣ ਸੌਖੀ ਐ। ਸਿੱਧ ਪੱਧਰੇ ਬੰਦੇ ਦੀਆਂ ਅਗਲੇ ਗੋਡਣੀਆਂ ਲਵਾ ਦੇਂਦੇ ਆ। ਇਸ ਵਾਰ ਸਾਡੀਆਂ ਵੀ ਗੋਡਣੀਆਂ ਹੀ ਲੱਗੀਆਂ ਨੇ । ਅਸਾਂ ਸੋਚਿਆ ਕਿ ਸਾਹਿਤ ਪੜ੍ਹੇ ਲੋਕ ਸਿਆਣੇ ਹੋਗੇ ਹੋਣੇ। ਪਰ ਕੰਮ ਉਲ਼ਟ ਹੋ ਗਿਆ। ਲੋਕ ਤਾਂ ਸਿਆਣੇ ਹੋ ਗਏ ਪਰ ਅਸੀਂ ਚੌਧਰ ਲਈ ਸਭ ਹੱਦਾਂ ਬੰਨੇ ਪਾਰ ਕਰ ਗਏ। ਸਾਡੇ ਤੇ ਸਿਆਸੀ ਬੰਦਿਆਂ ਵਿੱਚ ਕੋਈ ਫਰਕ ਹੀ ਨਾ ਰਿਹਾ । ਓਹੀ ਹੇਰਾਫੇਰੀ, ਜੋੜ ਤੋੜ ਤੇ ਲੈਣ ਦੇਣ ਕਰਨਾ ਪਿਆ ।
ਪੰਜਾਬ ਅੱਜਕਲ੍ਹ ਕਈ ਤਰ੍ਹਾਂ ਦੇ ਮਾਫ਼ੀਆ ਗਿਰੋਹਾਂ ਦੇ ਸ਼ਿਕੰਜੇ ਵਿਚ ਜਕੜਿਆ ਹੋਇਆ ਹੈ। ਇਹ ਮਾਫ਼ੀਏ ਕਿੱਧਰੇ ਨਜ਼ਰ ਤਾਂ ਨਹੀਂ ਆਉਂਦੇ ਪਰ ਜਦੋਂ ਕਿੱਧਰੇ ਘਟਨਾ ਵਾਪਰਦੀ ਹੈ, ਉਦੋਂ ਹੀ ਪਤਾ ਲਗਦਾ ਹੈ। ਇਹ ਭਾਂਤ ਸੁਭਾਂਤਾ ਮਾਫ਼ੀਆ ਏਨਾ ਸਰਗਰਮ ਕਿਉਂ ਹੋਇਆ ਹੈ? ਇਹ ਰੱਬ ਜਾਣਦਾ ਹੈ ਜਾਂ ਸਮੇਂ ਦੀ ਸਰਕਾਰ !
ਕਹਿੰਦੇ ਹਨ ਕਿ ਭ੍ਰਿਸ਼ਟਾਚਾਰ ਦੀ ਬੀਮਾਰੀ ਤਾਂ ਦੇਵਤਿਆਂ ਤੇ ਰਾਖਸ਼ਾਂ ਦੇ ਸੁਮੰਦਰ ਮੰਥਨ ਸਮੇਂ ਅੰਮ੍ਰਿਤ ਦੀ ਵੰਡ ਵੇਲ਼ੇ ਹੀ ਸ਼ੁਰੂ ਹੋ ਗਈ ਸੀ। ਹੁਣ ਇਹ ਕਿਸੇ ਖ਼ਾਨਦਾਨੀ ਬੀਮਾਰੀ ਵਾਂਗੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਵਧ੍ਹ ਰਹੀ ਹੈ। ਇਸ ਬੀਮਾਰੀ ਤੋਂ ਹੁਣ ਨਾ ਕੋਈ ਚੋਰ ਬਚਿਆ ਹੈ ਤੇ ਨਾ ਹੀ ਸਾਧ। ਹੁਣ ਚੋਰ ਤੇ ਸਾਧ ਵਿਚ ਫ਼ਰਕ ਵੀ ਕੋਈ ਨਹੀਂ, ਕਿਉਂਕਿ ਇਹਨਾਂ ਦੋਹਾਂ ਦਾ ਕੰਮ ਹੈ 'ਲੁੱਟਣਾ' ਤੇ ਮੌਕਾ ਮਿਲ਼ਦਿਆਂ ਹੀ ਇਹ ਦੋਵੇਂ ਹੱਥੀਂ ਲੁੱਟਦੇ ਹਨ। ਚੋਰ ਹਨ੍ਹੇਰੇ 'ਚ ਤੇ ਸਾਧ ਦਿਨ ਦਿਹਾੜੇ ਲੁੱਟਦਾ ਹੈ।
ਲੁੱਟਮਾਰ ਤਾਂ ਲੋਕਾਂ ਦੀਆਂ ਭਾਵਨਾਵਾਂ ਦੀ ਸਾਹਿਤਕਾਰ ਵੀ ਕਰਦੇ ਹਨ ਪਰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਲਗਦਾ । ਸਾਹਿਤਕਾਰ ਵੀ ਕਈ ਭਾਂਤ ਦੇ ਹੁੰਦੇ ਹਨ । ਇਹ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਦੇ ਨਾਂ ਹੇਠ ਪੁਸਤਕਾਂ ਲਿਖਦੇ ਹਨ। ਇਹ ਮਾਂ ਬੋਲੀ ਦੇ ਸੇਵਾਦਾਰ ਅਖਵਾਉਣ ਵਿਚ ਫਖ਼ਰ ਮਹਿਸੂਸ ਕਰਦੇ ਹਨ। ਇਹ ਮਾਂ ਬੋਲੀ ਦੀ ਸੇਵਾ ਘੱਟ 'ਅਪਣੀ ਤੇ ਅਪਣੇ ਚਹੇਤੇ ਤੇ ਚਹੇਤੀਆਂ' ਦੀ ਸੇਵਾ ਵੱਧ ਕਰਦੇ ਹਨ। ਹਰ ਸ਼ਹਿਰ ਤੇ ਕਸਬੇ ਵਿਚ ਸਾਹਿਤ ਦੇ ਮੱਠ ਹੁੰਦੇ ਹਨ। ਇਹਨਾਂ ਮੱਠਾਂ ਦਾ ਇੱਕ ਕੇਂਦਰੀ ਮੱਠ ਵੀ ਹੈ। ਕੇਂਦਰੀ ਮੱਠ ਦੀ ਜਦੋਂ ਚੋਣ ਹੁੰਦੀ ਹੈ ਤਾਂ ਮੌਕੇ ਦੇ ਪੁਜਾਰੀ ਪੱਬਾਂ ਭਾਰ ਹੋ ਜਾਂਦੇ ਹਨ। ਚੋਣਾਂ ਮੌਕੇ ਟਰੱਕਾਂ, ਬੱਸਾਂ ਉਪਰ ਲੱਦ ਕੇ 'ਵੋਟਰਾਂ' ਨੂੰ ਲਿਆਉਂਦੇ ਹਨ ਤੇ ਆਪੋ ਅਪਣੀ ਪਾਰਟੀ ਦੇ ਹੱਕ ਵਿਚ ਭੁਗਤਾਉਂਦੇ ਹਨ। ਉਹ ਵੋਟਾਂ ਫਿਰ ਅਗਲੀਆਂ ਚੋਣਾਂ ਤੱਕ ਰੂਪੋਸ਼ ਹੋ ਜਾਂਦੀਆਂ ਹਨ।
ਹਰ ਮੱਠ ਕੋਈ ਨਾ ਕੋਈ ਸਾਹਿਤਕ ਸਮਾਗਮ ਕਰਵਾ ਕੇ ਅਪਣੇ ਮੁਰਦੇ ਸਰੀਰ ਵਿਚ ਆਕਸੀਜਨ ਭਰਦਾ ਰਹਿੰਦਾ ਹੈ। ਕਈ ਮੱਠ ਤਾਂ ਬੜੇ ਚਰਚਿਤ ਹਨ ਜਿਹੜੇ ਹਰ ਮਹੀਨੇ ਕੋਈ ਨ ਕੋਈ ਅਜਿਹਾ 'ਲੱਕਾ ਕਬੂਤਰ' ਭਾਲ਼ ਲੈਂਦੇ ਹਨ ਜਿਹੜਾ ਇਹਨਾਂ ਦੇ ਇਸ਼ਾਰੇ 'ਤੇ ਕਲਾਬਾਜ਼ੀਆਂ ਲਾਉਂਦਾ ਹੈ। ਇਹ ਉਸ ਨੂੰ ਚੋਗਾ ਵੀ ਪਾਉਂਦੇ ਹਨ ਪਰ ਨਾਲ਼ ਹੀ ਉਸ ਦਾ ਮਾਸ ਚੂੰਢਣ ਦੇ ਮੌਕੇ ਵੀ ਭਾਲ਼ਦੇ ਰਹਿੰਦੇ ਹਨ। ਜੇ ਕਿਤੇ ਕੋਈ 'ਕਬੂਤਰੀ' ਹੋਵੇ ਫਿਰ ਤਾਂ ਇਹ ਸਿਰ ਪਰਨੇ ਡੰਡੋਤ ਵੀ ਕਰਦੇ ਹਨ। ਸਪੇਰੇ ਵਾਂਗੂੰ ਬੀਨ ਵਜਾਉਂਦੇ ਤੇ ਉਸ ਦੇ ਸੋਹਿਲੇ ਗਾਉਂਦੇ ਨੇ। ਮੀਡੀਆ ਵਿੱਚ ਚਰਚਾ ਕਰਵਾਉਂਦੇ ਨੇ ।
ਹਰ ਮੱਠ ਦਾ ਆਪੋ ਅਪਣਾ ਦਾਇਰਾ ਹੈ। ਜਿਹੜੇ ਮੱਠ ਹਰ ਸਾਲ ਇਨਾਮ-ਸ਼ਨਾਮ ਵੰਡਦੇ ਹਨ ਉਨ੍ਹਾਂ ਮੱਠਾਂ ਦੇ ਪੁਜਾਰੀਆਂ ਦੀ ਬੜੀ ਕਦਰ ਹੁੰਦੀ ਹੈ। ਹਰ ਸਾਲ ਇਹ ਮੱਠ ਵਾਲ਼ੇ ਆਪੋ ਆਪਣੇ ਇਨਾਮ ਜੇਤੂ ਚਹੇਤੇ ਚਹੇਤੀਆਂ ਨੂੰ ਵਿਦੇਸ਼ਾਂ ਦਾ ਟੂਰ ਲਵਾਉਂਦੇ ਹਨ ਤੇ ਉਹਨਾਂ ਦੇ ਪੱਜ ਮੋਟੀ ਗਜਾ ਕਰਕੇ ਮੁੜਦੇ ਹਨ। ਪਿਛਲੀ ਵਾਰੀ ਇੱਕ ਮੱਠ ਦੇ ਪੁਜਾਰੀ ਨੇ ਤਾਂ ਗਜਾ ਕਰਨ ਵਾਲ਼ੇ ਅਗਲੇ ਪਿਛਲੇ ਸਾਰੇ ਹੀ ਰਿਕਾਰਡ ਤੋੜ ਦਿੱਤੇ। ਜਦੋਂ ਮੱਠ-ਅਧੀਸ਼ ਵਾਪਸ ਆਇਆ ਤਾਂ ਬੀਮਾਰ ਹੋ ਕੇ ਹਸਪਤਾਲ ਦਾਖਿਲ ਹੋ ਗਿਆ। ਹੁਣ ਜਦੋਂ ਕੋਈ ਹਸਪਤਾਲ ਦੇ ਮੰਜੇ ਤੇ ਬੀਮਾਰ ਪਿਆ ਹੋਵੇ ਤਾਂ ਫਿਰ ਹਿਸਾਬ ਕਿਤਾਬ ਕਿਸ ਨੇ ਪੁਛਣਾ ਸੀ ।
ਖ਼ੈਰ, ਇਨਾਮ ਲੈਣ ਦੀ ਦੌੜ ਵਿੱਚ ਕਈ ਤਾਂ ਇਸਤੋਂ ਮਿਲਣ ਵਾਲੀ ਰਕਮ ਤੋਂ ਵੀ ਵਧੇਰੇ ਖ਼ਰਚਾ ਪੱਲਿਓਂ ਕਰ ਬੈਠਦੇ ਹਨ। ਉਹ ਇਨਾਮ ਲੈਣ ਲਈ ਹਰ ਤਰਾਂ ਦਾ ਹਰਬਾ ਵਰਤਦੇ ਹਨ। ਉਹ ਅਪਣੇ ਅੰਦਰਲੇ ਮਨੁੱਖ ਨੂੰ ਮਾਰ ਲੈਂਦੇ ਹਨ। ਇਨਾਮ ਲੈਣ ਲਈ ਉਹ ਕੀ ਕੀ ਪਾਪੜ ਵੇਲਦੇ ਹਨ, ਇਹ ਤਾਂ ਓਹੀ ਜਾਣਦੇ ਹੋਣਗੇ ਜਿਹੜੇ ਪੁਰਸਕਾਰ ਲਈ ਖ਼ਾਕ ਛਾਣਦੇ ਹਨ। ਜਦੋਂ ਕੋਈ ਮੱਠ ਇਨਾਮ ਦੇਣ ਲਈ ਨਾਵਾਂ ਦੀ ਭਾਲ਼ ਕਰਨ ਨਿਕਲ਼ਦਾ ਹੈ ਤਾਂ ਇਸਨੂੰ ਹਥਿਆਉਣ ਵਾਲ਼ੇ ਕਈ ਤਰਾਂ ਦੇ ਪਾਪੜ ਵੇਲਦੇ ਹਨ। ਕੋਈ ਝੋਲ਼ੀ ਅੱਡਦਾ ਹੈ, ਕੋਈ ਡੰਡੌਤ ਕਰਦਾ ਹੈ ਤੇ ਕੋਈ ਹੋਰ ਢੰਗ ਤਰੀਕਾ ਵਰਤਦਾ ਹੈ।
ਪਹਿਲਾਂ ਅਗਲਾ ਤਰਲੇ ਮਿੰਨਤਾਂ ਕਰਦਾ ਹੈ। ਜੇ ਲਿਸਟ 'ਚ ਉਸ ਦਾ ਨਾਂਅ ਨਾ ਦਿਖੇ ਤਾਂ ਉਹ ਕੱਟੇ ਵਾਂਗੂੰ ਅੜਾਟ ਪਾਉੁਣ ਲਗਦਾ ਹੈ। ਉਸ ਦਾ ਇਹ ਅੜਾਟ ਜਦੋਂ ਕੋਈ ਨਹੀਂ ਸੁਣਦਾ ਤਾਂ ਉਹ ਆਪਣੀ ਹਉਮੈ ਨੂੰ ਲੱਗੇ ਫੱਟਾਂ ਨੂੰ ਕੁੱਤੇ ਵਾਕਰਾਂ ਆਪਣੀ ਹੀ ਜੀਭ ਨਾਲ਼ ਚੱਟਣ ਲਗਦਾ ਹੈ ਤੇ ਫੇਰ ਜੁਆਕਾਂ ਵਾਂਗੂੰ ਰੀਂ ਰੀਂ ਕਰਨ ਲਗਦਾ ਹੈ। ਇਹ ਆਪਣੀ ਹੀ ਕਿਸਮ ਦਾ ਇੱਕ ਜਜ਼ਬਾਤੀ ਸੋਸ਼ਣ ਹੈ। ਇਸ ਭ੍ਰਿਸ਼ਟਾਚਾਰ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਤਨ, ਕੋਈ ਮਨ ਤੇ ਕੋਈ ਧਨ ਅਰਪਣ ਕਰਕੇ ਅਤੇ ਕੋਈ ਜਜ਼ਬਾਤਾਂ ਦੇ ਵਲੂੰਦਰੇ ਜਾਣ ਦੇ ਬਹਾਨੇ ਲਾਹਾ ਲੈਣ ਦਾ ਢੰਗ ਤਰੀਕਾ ਵਰਤਦਾ ਹੈ। ਕਈ ਤਾਂ ਸ਼ਬਦਾਂ ਦੀਆਂ ਉਲਟੀਆਂ ਕਰ ਕਰ ਕੇ ਆਲ਼ੇ ਦੁਆਲ਼ੇ ਬਦਬੂ ਫ਼ੈਲਾ ਦੇਂਦੇ ਹਨ। ਜਦੋਂ ਉਹਨਾਂ ਨੂੰ ਹੀ ਉਹ ਬੋਅ ਚੜ੍ਹਦੀ ਹੈ ਤਾਂ ਫਿਰ ਉਹ ਖਾਮੋਸ਼ ਹੋ ਜਾਂਦੇ । ਫਿਰ ਉਨਾਂ ਦੀ ਖਾਮੋਸ਼ੀ ਉਦਾਸੀ ਵਿਚ ਬਦਲ ਜਾਂਦੀ ਹੈ।
ਕਈ ਮੱਠਾਂ ਦਾ ਮਨੋਰਥ ਹੀ ਪੁਸਤਕਾਂ ਰਿਲੀਜ਼ ਕਰਨੀਆਂ, ਗੋਸ਼ਟੀਆਂ ਕਰਵਾਉਂਣੀਆਂ ਬਣ ਗਿਆ ਹੈ। ਉਹ ਪੁਸਤਕ ਰਿਲੀਜ਼ ਮੌਕੇ ਲਿਖਾਰੀ, ਲਿਖਾਰਨ ਦੀ ਗੁੱਡੀ ਅਸਮਾਨੇ ਚਾੜ੍ਹਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ । ਅਖ਼ਬਾਰਾਂ ਵਿਚ ਖ਼ਬਰਾਂ ਤੇ ਫੋਟੋਆਂ ਲਵਾ ਕੇ ਬੱਲੇ ਬੱਲੇ ਕਰਵਾਉਂਦੇ ਹਨ। ਇਹ ਮੱਠ ਵਾਲ਼ੇ ਦੇਸੌਰੀ ਲੇਖਕਾਂ ਤੇ ਖਾਸਕਰ 'ਬੀਬੀਆਂ ' ਦਾ ਬਹੁਤਾ ਖਿਆਲ ਰੱਖਦੇ ਹਨ।
ਇਹ ਸਦਾ ਛਤਰੀ ਤਾਣੀ ਰੱਖਦੇ ਹਨ। ਹਰ ਮਹੀਨੇ ਕੋਈ ਨਾ ਕੋਈ 'ਕਬੂਤਰ ਜਾਂ ਕਬੂਤਰੀ' ਆਪਣੀ ਛਤਰੀ ਉਤੇ ਉਤਾਰ ਹੀ ਲੈਂਦੇ ਹਨ। ਜੇ ਕਿਸੇ ਕੋਲ਼ ਆਪਣੀ ਲਿਖੀ ਪੁਸਤਕ ਨਾ ਵੀ ਹੋਵੇ ਤਾਂ ਇਹ ਕੁਝ ਹੀ ਦਿਨਾਂ ਵਿਚ ਲਿਖੀ ਲਿਖਾਈ ਪੁਸਤਕ ਦਾ ਪ੍ਰਬੰਧ ਕਰ ਦੇਂਦੇ ਹਨ। ਝਟਪੱਟ ਛਪਵਾ ਕੇ ਰਿਲੀਜ਼ ਕਰ ਦੇਂਦੇ ਹਨ। ਇਹਨਾਂ ਮੱਠਾਂ ਵਾਲ਼ਿਆਂ ਨੇ ਕਈ 'ਬੀਬੀਆਂ' ਨੂੰ ਸਾਹਿਤਕ ਅਖਾੜੇ ਵਿਚ ਲਾਂਚ ਵੀ ਕੀਤਾ ਹੈ। ਉਨਾਂ ਨੂੰ 'ਪੰਜਾਬ ਦੀ ਧੀ' ਪੁਰਸਕਾਰ ਵੀ ਦਿੱਤਾ ਹੈ।
ਇਨਾਂ ਮੱਠ ਵਾਲ਼ਿਆਂ ਦਾ ਕਿਤਾਬਾਂ ਛਾਪਣ ਵਾਲ਼ਿਆਂ ਨਾਲ਼ ਸਿੱਧਾ ਰਾਬਤਾ ਹੁੰਦਾ ਹੈ, ਜਿਹੜੇ ਹਰ ਕਿਸੇ ਤੋਂ ਦੁੱਗਣੇ ਪੈਸੇ ਲੈ ਕੇ ਕਿਤਾਬ ਛਾਪਦੇ ਹਨ। ਸੌ ਡੇਢ ਲੇਖਕ ਦੇ ਹੱਥ ਫੜਾ ਬਾਕੀ ਫੇਰ ਦੇਣ ਦਾ ਲਾਰਾ ਲਾਕੇ 'ਕੱਲੇ ਈ ਗੱਫੇ ਛਕਦੇ ਹਨ। ਇਹਨਾਂ ਛਾਪੇਖਾਨਿਆਂ ਦਾ ਅੱਗੇ ਲਾਇਬ੍ਰੇਰੀਆਂ ਤੇ ਯੂਨੀਵਰਸਿਟੀ ਦੀਆਂ ਸਿਲੇਬਸ ਕਮੇਟੀਆਂ ਨਾਲ਼ ਰਾਬਤਾ ਹੁੰਦਾ ਹੈ। ਇਹ ਕਮੇਟੀ ਵਾਲ਼ੇ ਉਸ ਛਪੈਈਏ ਦੀ ਕੋਈ ਨਾ ਕੋਈ ਕਿਤਾਬ ਸਿਲੇਬਸ ਵਿਚ ਲਾ ਦਿੰਦੇ ਹਨ ਤੇ ਫਿਰ ਇਹਨਾਂ ਵਰ੍ਹਿਆਂ ਬੱਧੀ ਤੋਰੀ ਫੁਲਕਾ ਚਲਦਾ ਰਹਿੰਦਾ ਹੈ। ਇਹ 'ਮਾਂ ਬੋਲੀ ਦੇ ਸੇਵਾਦਾਰ' ਹਰ ਸਾਲ ਆਪਣੀ ਝੋਲ਼ੀ ਭਰਦੇ ਰਹਿੰਦੇ ਹਨ। ਇਹਨਾਂ ਦਾ ਆਪਣਾ ਹੀ ਤਾਣਾ ਬਾਣਾ ਹੁੰਦਾ ਹੈ। ਕਈ ਤਾਂ ਜੁਗਾੜ ਲਾ ਕੇ 'ਸਰਬੋਤਮ ਪ੍ਰਕਾਸ਼ਕ' ਦਾ ਇਨਾਮ ਵੀ ਬੋਚ ਲੈਂਦੇ ਹਨ।
ਹਰ ਮੱਠ ਦਾ ਆਪੋ ਆਪਣਾ ਘੇਰਾ ਹੁੰਦਾ ਹੈ। ਇਹ ਆਪਣੇ ਘੇਰੇ ਵਿਚ ਕਿਸੇ ਗ਼ੈਰ ਨੂੰ ਦਖ਼ਲ ਨਹੀਂ ਹੋਣ ਦੇਂਦੇ। ਛੇਤੀ ਕੀਤਿਆਂ ਮੱਠ 'ਤੇ ਕਿਸੇ ਗੈਰ ਦਾ ਕਬਜ਼ਾ ਵੀ ਨਹੀਂ ਹੋਣ ਦੇਂਦੇ। ਜੇ ਕਦੇ ਕਿਸੇ ਚੋਣ ਵਿਚ ਹਾਰਨ ਦੀ ਨੌਬਤ ਆ ਵੀ ਜਾਵੇ ਤਾਂ ਇਹ ਪਾਲ਼ਾ ਬਦਲਣ ਲੱਗਿਆਂ ਦੇਰ ਨਹੀਂ ਲਾਉਂਦੇ। ਇਹ ਵੀ ਸਿਆਸੀ ਆਗੂਆਂ ਵਾਂਗੂੰ ਰਾਤੋ ਰਾਤ ਪੱਗ ਦਾ ਰੰਗ ਬਦਲਕੇ ਦੂਜੇ ਖੇਮੇ ਵਿੱਚ ਜਾ ਹੱਥ ਮਿਲ਼ਾਉੁਂਦੇ ਹਨ ਤਾਂ ਕਿ ਮੱਠ 'ਤੇ ਕੋਈ ਹੋਰ ਕਬਜ਼ਾ ਨਾ ਕਰ ਲਵੇ। ਵੈਸੇ ਵੀ ਇਹ ਮੱਠ-ਅਧੀਸ਼ ਹਰ ਸਾਲ ਆਪੋ ਆਪਣੇ ਚਹੇਤਿਆਂ ਦੀਆਂ ਵੋਟਾਂ ਬਣਾਉੁਂਦੇ ਹੀ ਰਹਿੰਦੇ ਹਨ ਤਾਂ ਕਿ ਮੱਠ ਵਿਚ ਇਹਨਾਂ ਦਾ ਧੜਾ ਭਾਰੂ ਰਹੇ।
''ਮਾਂ ਬੋਲੀ" ਦੀ ਸੇਵਾ ਦੇ ਬਹਾਨੇ ਮੱਠ ਦੇ ਪੁਜਾਰੀ ਉਗਰਾਹੀ ਕਰਨ ਲਈ ਹਰ ਸਾਲ ਠੰਢੇ ਮੁਲਕਾਂ ਨੂੰ ਤੁਰੇ ਰਹਿੰਦੇ ਹਨ। ਮਾਂ ਬੋਲੀ ਦੇ ਨਾਂ ਉਤੇ ਮੋਟੀ ਮਾਰ ਮਾਰ ਕੇ ਮੁੜਦੇ ਹਨ। ਉਧਰ ਬੈਠੇ ਪੰਜਾਬੀਆਂ ਅੱਗੇ ਇਹ 'ਮਾਂ ਬੋਲੀ' ਦੇ ਪੁਜਾਰੀ "ਮਾਂ ਬੋਲੀ ਮਰ ਰਹੀ ਹੈ" ਦਾ ਵਾਸਤਾ ਪਾਉਦੇ ਤੇ ਉਨ੍ਹਾਂ ਦੀਆਂ ਜੇਬਾਂ ਖਾਲੀ ਕਰਕੇ ਮੁੜਦੇ ਹਨ । ਫਿਰ ਏਧਰ ਆ ਕੇ ਮਾਂ ਬੋਲੀ ਦੇ ਨਾਂ 'ਤੇ ਕੋਈ ਛੋਟਾ ਮੋਟਾ ਸੈਮੀਨਾਰ ਕਰਵਾਉਂਦੇ ਹਨ। ਬਾਕੀ ਬਚਿਆ ਮਾਲ ਆਪਣੀ ਜੇਬ੍ਹ 'ਚ ਪਾਉਂਦੇ ਹਨ ਤੇ ਪੰਜਾਬ ਦੇ ਲੋਕਾਂ ਕੋਲ਼ੋਂ ਮਾਂ ਬੋਲੀ ਦੇ ਸੇਵਕ ਵੀ ਅਖਵਾਉਂਦੇ ਹਨ। ਇਹ ਮਾਂ ਬੋਲੀ ਦੇ ਸੇਵਕ ਹੋਰ ਕੀ ਕੀ ਕਰਦੇ ਹਨ? ਇਹ ਕਦੇ ਫੇਰ ਦੱਸਾਂਗੇ ਅਜੇ ਤੁਸੀਂ ਬਸ ਏਹੀ ਆਖੋ,
'ਮਾਂ ਬੋਲੀ' ਦੇ ਨਿਸ਼ਕਾਮ ਸੇਵਕਾਂ' ਦੀ ਜੈ,
ਸਾਹਿਤਕ ਭ੍ਰਿਸ਼ਟਾਚਾਰ ਜ਼ਿੰਦਾਬਾਦ, ਜ਼ਿੰਦਾਬਾਦ ।
ਸਮਾਜ ਵਿਚ ਹੁਣ ਰੱਖਿਆ ਵੀ ਕੀ ਐ ? ਆਪਾਂ ਸਮਾਜ ਤੋਂ ਲੈਣਾ ਵੀ ਕੀ ਐ ? ਇਹ ਪਵੇ ਢੱਠੇ ਖੂਹ 'ਚ । ਹੁਣ ਤਾਂ ਵੈਸੇ ਵੀ ਸਮਾਜ ਦਾ ਸਾਰਾ ਤਾਣਾ ਬਾਣਾ ਵੈਂਟੀਲੇਟਰ ਉਤੇ ਹੋ ਗਿਆ। ਕੁਦਰਤ ਨੇ ਗਧੇ ਘੋੜੇ, ਇੱਕ ਬਰਾਬਰ ਕਰ ਦਿੱਤੇ ਹਨ ਪਰ ਘੋੜਿਆਂ ਨੂੰ ਤੇ ਉਹਨਾਂ ਦੇ ਮਾਲਕਾਂ ਨੂੰ ਕਦੇ ਅਕਲ ਨਹੀਂ ਆਉਣੀ।
ਹੁਣ ਤੁਸੀਂ ਦੱਸੋ ਕਿ ਇਹ ਭ੍ਰਿਸ਼ਟਾਚਾਰ ਦੀ ਲਹੂ ਪੀਣੀ ਜੋਕ ਕਿਵੇਂ ਲੱਥੂ?
ਬੁੱਧ ਸਿੰਘ ਨੀਲੋਂ,
ਸੰਪਰਕ : 94643-70823
ਪੁੱਲਾਂ ਹੇਠਾਂ ਵਸਦੇ ਲੋਕ - ਬੁੱਧ ਚਿੰਤਨ
ਨੋਟ ਬੰਦੀ ਤੇ ਕੋਵਿਡ ਦੀ ਮਹਾਮਾਰੀ ਦੀ ਆੜ ਵਿੱਚ ਦੇਸ਼ ਵਾਸੀਆਂ ਨੂੰ ਗੁਲਾਮੀ ਦੇ ਰਾਹ ਤੋਰਨ ਲਈ ਸੱਤਾ ਦੀ ਗੁਲਾਮ ਪੁਲਸ ਨੇ ਕਾਲੇ ਦਿਨ ਤਾਜਾ ਕਰਵਾ ਦਿੱਤੇ ਹਨ। ਇਹ ਸਮਾਂ ਤਾੜੀਆਂ ਤੇ ਥਾਲੀਆਂ ਵਜਾਉਣ ਦਾ ਨਹੀਂ ਸੀ ਘਰਾਂ ਵਿੱਚ ਨਿਕਲਕੇ ਸੜਕਾਂ ਉਤੇ ਆਉਣ ਸੀ ਪਰ ਅਸੀਂ ਮੌਤ ਦੇ ਡਰ ਨਾਲ ਘਰਾਂ ਵਿੱਚ ਭੁੱਖ ਤੇ ਦੁੱਖ ਨਾਲ ਮਰਦੇ ਰਹੇ। ਅਵਤਾਰ ਪਾਸ਼ ਕਵਿਤਾ, "ਸਭ ਤੋਂ ਖ਼ਤਰਨਾਕ" ਯਾਦ ਆਉਂਦੀ ਐ।
ਸਭ ਤੋਂ ਖ਼ਤਰਨਾਕ ਪੁਲਸ ਦੀ ਕੁੱਟ ਨਹੀਂ ਹੁੰਦੀ
,,,,,,, ਹੁਣ ਕੌਣ ਆਖੇ ਸਾਹਿਬ ਨੂੰ ਇੰਝ ਨਹੀਂ ਇੰਝ ਕਰ।
ਡਰ ਦੀ ਆੜ ਹੇਠ ਲੋਕਾਂ ਦੇ ਪੁੜੇ ਸੇਕੇ ਜਾ ਰਹੇ ਹਨ। ਲੋਕਾਂ ਨੂੰ ਬੀਮਾਰੀ ਤੇ ਮੌਤ ਦੇ ਡਰ ਨਾਲ ਵਧੇਰੇ ਡਰਾਇਆ ਜਾ ਰਿਹਾ। ਜਿਉਣ ਦਾ ਅਹਿਸਾਸ ਖੋਹਿਆ ਜਾ ਰਿਹਾ। ਦੇਸ਼ ਦੇ ਲੋਕਾਂ ਨੂੰ ਅਹਿਸਾਸ ਕਰਵਾਇਆ ਜਾ ਰਿਹਾ ਕਿ ਤੁਸੀਂ ਗੁਲਾਮ ਹੋ।
ਜਦੋਂ ਦੇਸ਼ ਦੀ ਵੰਡ ਹੋਈ ਤਾਂ ਖਲਕਤ ਦੋ ਹਿੱਸਿਆਂ ਵਿੱਚ ਵੰਡੀ ਗਈ ਸੀ। ਇਸ ਵੰਡ ਤੋਂ ਪਹਿਲਾਂ ਇਹੋ ਖਲਕਤ ਚਾਰ ਜ਼ਾਤਾਂ ਤੇ ਚਾਰ ਵਰਣਾਂ ਵਿੱਚ ਵੰਡੀ ਹੋਈ ਸੀ।ਇਸ ਸਮੇ ਦੇਸ਼ ਵਿੱਚ ਸਾਢੇ ਛੇ ਹਜ਼ਾਰ ਤੋਂ ਵਧੇਰੇ ਜਾਤਾਂ ਵਿੱਚ ਵੰਡੀ ਲੋਕਾਈ ਰਹਿੰਦੀ ਹੈ। ਤਿੰਨ ਪ੍ਰਤੀਸ਼ਤ ਵਾਲੇ ਰਾਜ ਕਰਦੇ ਹਨ,12% ਮੌਜਾਂ ਤੇ ਪਚਾਸੀ ਵਾਲੇ ਗੁਲਾਮੀ ਦੀ ਜ਼ਿੰਦਗੀ ਭੋਗ ਰਹੇ ਹਨ । ਕਿਉਂਕਿ ਇਹ ਪਚਾਸੀ ਪ੍ਰਤੀਸ਼ਤ ਸੰਗਠਿਤ ਨਹੀਂ। ਅਨਪੜ੍ਹ ਤੇ ਕਈ ਫਿਰਕਿਆਂ ਵਿੱਚ ਵੰਡੇ ਹੋਏ ਹਨ।
ਇਨ੍ਹਾਂ ਵਿੱਚੋਂ ਬਹੁ-ਗਿਣਤੀ ਲੋਕ 'ਭੁੱਖ ਨੰਗ' ਦੀ ਜ਼ਿੰਦਗੀ ਜਿਉਂ ਰਹੇ ਹਨ। ਇਹ ਉਹ ਹਨ ਜਿਨ੍ਹਾਂ ਨੂੰ ਅਜੇ ਤੱਕ 'ਲੋਕਤੰਤਰ' ਦੇ ਅਰਥ ਵੀ ਪਤਾ ਨਹੀਂ ਲੱਗੇ। ਉਹ ਸਿਆਸੀ ਪਾਰਟੀਆਂ ਦੀਆਂ 'ਪੱਕੀਆਂ ਵੋਟਾਂ' ਹਨ। ਇਹ ਉਹ ਵੋਟਾਂ ਹਨ, ਜਿਹਨਾਂ ਦਾ ਕੰਮ 'ਸਿਰਫ਼ ਵੋਟਾਂ' ਪਾਉਣਾ ਹੈ। ਹੁਣ ਇਹ "ਪਰਚੀ" ਬਣ ਕੇ ਰਹਿ ਗਈਆਂ ਹਨ।
ਉਹ ਵੋਟਾਂ ਵੇਲੇ ਆਪਣੇ ਕੀਮਤੀ ਅਧਿਕਾਰ ਦੀ ਵਰਤੋਂ ਲਾਲਚਵੱਸ ਹੋ ਕੇ 'ਵੋਟ' ਦੀ ਦੁਰਵਰਤੋਂ ਕਰਦੇ ਹਨ। ਪਰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਕਿਹੋ ਜਿਹੀ ਹੈ। ਇਹਨਾਂ ਬਾਰੇ ਸਿਰਫ ਯੋਜਨਾਵਾਂ ਬਣਦੀਆਂ ਹਨ. ਬਜਟ ਰੱਖਿਆ ਤੇ ਛਕਿਆ ਜਾਂਦਾ ਹੈ .. ਉਹਨਾਂ ਦੇ ਕੋਲੋਂ ਜਿੰਦਗੀ ਜਿਉਣ ਦਾ ਹੁਣ ਤਾਂ ਅਧਿਕਾਰ ਵੀ ਖੋ ਲਿਆ ਹੈ ।
ਹੁਣ ਬੰਦੇ ਦੀ ਕੋਈ ਕੀਮਤ ਨਹੀਂ .ਉਸ ਨੂੰ ਨਾ ਹੀ ਸੜਕ ਤੇ ਤੁਰਨ ਦਾ ਅਧਿਕਾਰ ਹੈ. ਉਸਨੂੰ ਪਹਿਰਾਵੇ ਦੇ ਕਾਰਨ ਜਾਨ ਦੇ ਕੇ ਕੀਮਤ ਦੇਣੀ ਪੈੰਦੀ ਹੈ.ਤੁਹਾਡਾ ਕਤਲ ਕਿਤੇ ਵੀ ਹੋ ਸਕਦਾ, ਪਰ ਤੁਸੀਂ ਜ਼ਿੰਦਗੀ ਕਿਵੇਂ ਬਸਰ ਕਰਦੇ ਹੋ? ਇਸਦਾ ਜਿਉਣ ਨਾਲ ਕੋਈ ਸੰਬੰਧ ਨਹੀ।
ਇਹ ਝੁੱਗੀਆਂ-ਝੌਪੜੀਆਂ ਵਿੱਚ ਕਿਵੇਂ ਨਰਕ ਭਰੀ ਜ਼ਿੰਦਗੀ ਕਿਵੇਂ ਜਿਉਂਦੇ ਹਨ? ਇਸ ਪਾਸੇ ਸੱਤਾਧਾਰੀਆਂ ਨੇ ਤਾਂ ਕੀ ਦੇਖਣਾ ਹੈ, ਆਮ ਲੋਕ ਵੀ ਇਨ੍ਹਾਂ ਵੱਲ 'ਨੱਕ ਝੜਾ' ਕੇ ਲੰਘ ਜਾਂਦੇ ਹਨ।
ਪਰ ਇਹ ਲੋਕ ਹੀ ਹਨ ਜੋ ਤੁਹਾਡਾ ਗੰਦ ਸਾਫ ਕਰਦੇ ਹਨ, ਤੁਹਾਡੇ ਪਾਏ ਗੰਦ ਦੇ ਵਿੱਚੋਂ ਦੋ ਡੰਗ ਦੀ ਰੋਟੀ ਲੱਭਦੇ ਹਨ.. ਪਰ ਇਸ ਦੇ ਬਦਲੇ ਤੁਹਾਡੀ ਮੁਸਕਾਨ ਭਾਲਦੇ ਹਨ, ਪਰ ਤੁਹਾਡੇ ਮੱਥੇ ਦੀਆਂ ਤਿਊੜੀਆਂ ਮਾਰ ਦੇਦੀਆਂ ਉਹਨਾਂ ਦੇ ਸੁਪਨੇ, ਕਤਲ ਹੋ ਜਾਂਦੇ ਹਨ ਭਾਵਨਾਵਾਂ ਭੜਕ ਉਠਦੀਆਂ ਤੇ ਜਿਉਂਦੇ ਹੋਣ ਦਾ ਮੁਕ ਜਾਂਦਾ ਹੈ ਭਰੋਸਾ । ਉਹ ਹੱਕ ਤੇ ਵਿਸ਼ਵਾਸ ਜੋ ਤੁਸੀਂ ਨਹੀਂ ਸੰਵਿਧਾਨ ਨੇ ਦਿੱਤਾ ਹੈ। ਕੁਲੀ, ਗੁਲੀ ਤੇ ਜੁਲੀ ਸਭ ਦਾ ਮੌਲਿਕ ਅਧਿਕਾਰ ਹੈ। ਸਿਹਤ, ਸਿਖਿਆ, ਰੁਜ਼ਗਾਰ ਤੇ ਸਮਾਜਿਕ ਮੌਲਿਕ ਤੇ ਸੰਵਿਧਾਨਕ ਹੱਕ ਹੈ ਪਰ ਸਾਰੇ ਹੀ ਹੱਕ ਹੁਣ ਕੁਲੀਨ ਵਰਗ ਕੋਲ ਰਾਂਖਵੇਂ ਹਨ.
"ਖਾਣ ਪੀਣ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ " ਵਰਗੀ ਹਾਲਤ ਹੈ ਹੁਣ ਇਹਨਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਿਸ ਨੇ ਕਰਨਾ ਹੈ? ਹਰ ਭਾਰਤੀ ਹਰ ਤਰ੍ਹਾਂ ਦਾ ਟੈਕਸ ਦੇਦਾ ਹੈ, ਸਭ ਤੋਂ ਵੱਧ ਟੈਕਸ ਅਦਾ ਕਰਨ ਵਾਲਿਆਂ ਤੋਂ ਸਾਰੇ ਵੀ ਮੌਲਿਕ ਅਧਿਕਾਰ ਖੋ ਲਏ ਹਨ । ਮਹਿੰਗੀਆਂ ਵਸਤਾਂ ਖਰੀਦੋ ਵੱਡਿਆਂ ਦੇ ਢਿੱਡ ਭਰੋ ।
ਸਿਹਤ ਤੇ ਸਿਖਿਆ ਉਹਨਾਂ ਮਾਫੀਆਂ ਨੂੰ ਦੇ ਦਿੱਤੀ ਜੋ ਹੁਣ ਮੱਧ ਵਰਗ ਦੇ ਲਈ ਵੀ ਖੂਨ ਪੀਣੀਆਂ ਜੋਕਾਂ ਬਣ ਗਈਆਂ ਹਨ । ਇਹਨਾਂ ਨੂੰ ਤਾਂ ਨਾ ਸਿਖਿਆ ਹਾਸਲ ਕਰਨ ਦਾ ਅਧਿਕਾਰ ਹੈ ਤੇ ਸਿਹਤ ਦੇ ਇਲਾਜ ਦੀ ਲੋੜ ਹੈ ? ਜਿਨ੍ਹਾਂ ਨੂੰ ਲੋੜ ਹੈ ਉਹ ਜੋਕਾਂ ਦਾ ਭੋਜਨ ਬਣ ਗਏ ਹਨ, ਪਰ ਉਹਨਾਂ ਨੂੰ ਕੀ ਲੋੜ ਹੈ ਉਹ ਸਵਾਲ ਕਰਨ।
ਝੁੱਗੀ ਝੌਪੜੀ ਵਿੱਚ ਕਿਹੜਾ ਇਨਸਾਨ ਵਸਦੇ ਹਨ... ਉਹ ਤਾਂ ਕੀੜੇ ਮਕੌੜੇ ਹਨ... ਜੋ ਜੰਮਦੇ ਹਨ ਤੇ ਪਿਸ ਪਿਸ ਕੇ ਮਰ ਜਾਂਦੇ ਹਨ, ਸਦੀਆਂ ਤੋਂ ਸਿਲਸਿਲਾ ਜਾਰੀ ਹੈ.
ਇਨ੍ਹਾਂ ਦਾ ਸਾਹਿਤ ਵਿੱਚ ਜ਼ਿਕਰ ਵੀ ਨਾ ਮਾਤਰ ਹੀ ਹੈ ਪਰ ਲਾਲ ਸਿੰਘ ਦਿਲ ਦੀ ਕਵਿਤਾਵਾਂ ਵਿੱਚ ਇਨ੍ਹਾਂ ਦੀ ਜ਼ਿੰਦਗੀ ਦੀ ਧੜਕਦੀ ਹੈ। ਇਸੇ ਤਰ੍ਹਾਂ ਬੂਟਾ ਸਿੰਘ ਦੇ ਦੋ ਨਾਵਲ ਵਿੱਚ ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲਿਆਂ ਦਾ ਮਾਰਮਿਕ ਜ਼ਿਕਰ ਹੈ। ਇਸ ਤੋਂ ਬਿਨਾਂ ਪੰਜਾਬੀ ਦੇ ਕਿਸੇ ਲੇਖਕ ਨੂੰ ਇਨ੍ਹਾਂ ਲੋਕਾਂ ਦੀ ਜ਼ਿੰਦਗੀ ਵੱਲ ਝਾਤ ਮਾਰਨ ਦੀ ਵਿਹਲ ਨਹੀਂ ਜਾਂ ਫਿਰ ਉਨ੍ਹਾਂ ਦੇ ਲਈ ਇਹ ਲੋਕ ਵੀ ਸਿਰਫ਼ 'ਵੋਟਾਂ' ਹੀ ਹਨ।
ਪਰ ਸ਼ਹਿਰਾਂ ਦੇ ਪੁੱਲਾਂ ਹੇਠ ਵਸਦੇ ਇਹ ਲੋਕ ਹੀ ਨਹੀਂ, ਹਰ ਸ਼ਹਿਰ ਵਿੱਚ ਇਹ ਸੜਕਾਂ ਦੇ ਕਿਨਾਰੇ ਝੁੱਗੀਆਂ ਝੌਪੜੀਆਂ ਵਿੱਚ ਜ਼ਿੰਦਗੀ ਕੱਟ ਰਹੇ ਹਨ ਪਰ ਇਹਨਾਂ ਪੁੱਲਾਂ ਹੇਠਲੇ ਇਨ੍ਹਾਂ ਲੋਕਾਂ ਦਾ ਆਪਣਾ ਇੱਕ ਸੰਸਾਰ ਹੈ। ਹਰ ਸ਼ਹਿਰ ਦੇ ਉਚੇ ਪੁੱਲ ਤੋਂ ਪੁਰਾਣੇ ਬੱਸ ਅੱਡੇ ਤੱਕ ਇਨ੍ਹਾਂ ਦੀ ਪੁਰਾਣੇ ਕੱਪੜਿਆਂ ਦੀ ਮਾਰਕੀਟ ਲੱਗਦੀ ਹੈ। ਉੱਥੇ ਹਰ ਰੋਜ਼ ਸ਼ਹਿਰ ਦੇ ਹੀ ਨਹੀਂ ਸਗੋਂ ਪਿੰਡਾਂ ਦੇ ਲੋਕ ਵੀ ਖਰੀਦੋ ਫ਼ਰੋਖਤ ਕਰਦੇ ਹਨ।
ਇਨ੍ਹਾਂ ਕੋਲ ਲੋਕਾਂ ਦੇ ਪੁਰਾਣੇ ਕੱਪੜੇ ਹੁੰਦੇ ਹਨ, ਜਿਹੜੇ ਇਹ ਭਾਂਡਿਆਂ ਬਦਲੇ ਲੈਂਦੇ ਹਨ। ਉਨ੍ਹਾਂ ਨੂੰ ਇਸ ਥਾਂ ਲਿਆ ਕੇ ਉਹ ਲੋਕਾਂ ਲਈ ਬਹੁਤ ਘੱਟ ਕੀਮਤ 'ਤੇ ਵੇਚਦੇ ਹਨ। ਇਹ ਪੁਰਾਣੇ ਕੱਪੜੇ ਵੇਚਣ ਵਾਲਿਆਂ ਦੀਆਂ ਧਰਤੀ 'ਤੇ ਲੱਗੀਆਂ ਦੁਕਾਨਾਂ ਹਰ ਸ਼ਹਿਰ ਦੇ ਬੱਸ ਅੱਡੇ ਜਾਂ ਰੇਲਵੇ ਸਟੇਸ਼ਨ ਦੇ ਰਸਤਿਆਂ 'ਤੇ ਆਮ ਮਿਲਦੀਆਂ ਹਨ। ਐਤਵਾਰ ਨੂੰ ਇੱਥੇ ਰੌਣਕ ਦੇਖਣ ਵਾਲੀ ਹੁੰਦੀ ਹੈ। ਇੱਥੇ ਵੇਚਣ ਤੇ ਖਰੀਦਣ ਵਾਲੇ ਆਮ ਲੋਕ ਹੀ ਹੁੰਦੇ ਹਨ। ਜਿਹੜੇ ਇੱਕ ਦੂਜੇ ਦਾ ਦਰਦ ਸਮਝ ਸਕਦੇ ਹਨ।
ਪਰ ਸ਼ਹਿਰ ਨੂੰ "ਸਮਾਰਟ ਸਿਟੀ" ਬਣਾਉਣਾ ਹੈ ਇਸ ਕਰਕੇ ਇਹ ਮਾਰਕੀਟ ਨੂੰ ਸਾਫ ਕਰ ਦਿੱਤਾ ਹੈ.. ਉਹਨਾਂ ਨੂੰ ਇਥੇ ਤੋਂ ਹਟਾਇਆ ਨਹੀਂ ਗਿਆ ਸਗੋਂ ਜਿੰਦਗੀ ਦੇ ਵਿੱਚੋਂ ਬੇਦਖਲ ਕਰ ਦਿੱਤਾ ਹੈ । ਸ਼ਹਿਰ ਦੇ ਪੌਸ਼ ਇਲਾਕਿਆਂ ਦੇ ਕਬਜ਼ੇ ਨੀ ਦਿਖਦੇ ਜੋ ਸੜਕਾਂ ਉਤੇ ਹੀ ਨਹੀਂ ਘਰਾਂ ਦੇ ਬਾਹਰ ਵੀ ਕਬਜ਼ਾ ਕਰੀ ਬੈਠੇ ਹਨ..ਉਹ ਕਿਸੇ ਨਾ ਕਿਸੇ ਦਾ ਰਿਸ਼ਤੇਦਾਰ ਜਾਂ ਵੱਡਾ ਹੈ, ਕਿਸੇ ਦਾ ਮੰਤਰੀ ਤੇ ਕਿਸੇ ਸੰਤਰੀ ਦਾ ਜਾਣੂ ਹੈ .... ਪਰ ਇਹਨਾਂ ਦਾ ਕੋਈ ਮਿੱਤਰ ਨਹੀਂ , ਕੋਈ ਰਿਸ਼ਤੇਦਾਰ ਅਫਸਰ ਨਹੀਂ ... ਇਹ ਤਾਂ ਵੋਟਾਂ ਦੀਆਂ ਪਰਚੀਆਂ ਹਨ.... ਪਰ ਹੁਣ ਤਾਂ ਵੋਟਾਂ ਦਾ ਵੀ ਝੰਮਟ ਮਿਟਾ ਦਿੱਤਾ ਹੈ .... ਈਵੀ ਜਿੰਦਾਬਾਦ । ਹੁਣ ਇਹੋ ਹੀ ਹੋਇਆ ਹੈ ।
ਕੂੜ ਫਿਰੇ ਪਰਧਾਨ ਵੇ ਲਾਲੋ.
ਜੋਰੀ ਮੰਗੇ ਦਾਨ ਵੇ ਲਾਲੋ
ਇੱਥੋਂ ਦੀ ਪੁਲਾਂ ਉੱਪਰ ਤੇ ਆਲੇ ਦੁਆਲੇ ਲੰਘਣ ਵਾਲਿਆਂ ਨੂੰ ਇਨ੍ਹਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ । ਇਨ੍ਹਾਂ ਲੋਕਾਂ ਦੀ ਜ਼ਿੰਦਗੀ ਦੇ ਅੰਦਰ ਉਤਰ ਕੇ ਅਸੀਂ ਕਦੋਂ ਦੇਖਾਂਗੇ?
ਇਹ ਸਵਾਲ ਅੱਜ ਹਰ ਚੇਤਨ ਮੱਥੇ ਦੇ ਅੰਦਰ ਉਪਜਦਾ ਤਾਂ ਹੈ ਪਰ ਪੁੱਲਾਂ ਦੇ ਹੇਠਲੇ ਲੋਕਾਂ ਬਾਰੇ ਸੋਚਣ ਤੇ ਸਮਝਣ ਤਾਂ ਸਮਾਂ ਹੁਣ ਕਿਸੇ ਕੋਲ ਅਮੀਰ, ਲੇਖਕ ਤੇ ਮੀਡੀਏ ਕੋਲ ਨਹੀਂ। ਲੇਖਕ ਵਰਗ ਤਾਂ ਅਜੇ 'ਰੁਮਾਂਸ' ਤੋਂ ਬਾਹਰ ਨਹੀਂ ਆਇਆ ਤੇ ਫੇਰ ਇਨ੍ਹਾਂ ਬਾਰੇ ਕੌਣ ਲਿਖੇਗਾ ? ਕੌਣ ਦੱਸੇਗਾ ਉਹਨਾਂ ਦੇ ਵਿੱਚ ਬਲਦੀ ਅੱਗ ਨੂੰ ਤੇ ਮਰਦੇ ਸੁਪਨਿਆਂ ਦੇ ਕਾਤਲ ਕੌਣ ਹਨ? ..... ਕੌਣ ਜਗਾਏਗਾ ਅੱਖਾਂ ਦੇ ਵਿੱਚ ਮਰ ਗਈ ਜਿਉਣ ਦੀ ਭਾਵਨਾ ?...
ਅੱਜ ਫਿਰ ਉਸ ਵੈਸਾਖ ਦੇ ਦਿਹਾੜੇ ਦੀ ਲੋੜ ਹੈ... ਜਦੋਂ ਸੁੱਤੀ ਪਈ ਸ਼ਕਤੀ ਨੂੰ ਜਗਾਉਣ ਦੇ ਲਈ ਆਵਾਜ਼ ਉਠੀ ਸੀ... ਵਾਹ ਗੁਰੂ ਗੋਬਿੰਦ ਸਿੰਘ ਆਪੇ ਗੁਰ ਚੇਲਾ... ਹੁਣ ਲੋੜ ਹੈ ਫੈਸਲਾ ਕੁੰਨ ਜੰਗ ਦੀ … ਸੁੱਤੀ ਆਤਮਾ ਨੂੰ ਜਗਾਉਣ ਦੀ....!
ਕੌਣ ਜਗਾਏਗਾ ਜਾਗਦੇ ਹੋਏ ਸੁੱਤਿਆਂ ਨੂੰ ? ਮੁਰਦੇ ਤਾਂ ਕਬਰਾਂ ਵਿੱਚ ਵਸਦੇ ਹਨ!! ਇਹ ਸਮਾਂ ਅੰਦਰਲੀਆਂ ਸ਼ਕਤੀਆਂ ਨੂੰ ਇਕੱਠੀ ਕਰਨ ਦਾ ਹੈ। ਗੁਲਾਮੀ ਦਾ ਜੂਲਾ ਉਤਾਰਨ ਦਾ ਏ। ਤਾੜੀਆਂ ਮਾਰਨ ਦਾ ਨਹੀਂ ਨਾ ਹੀ ਚੁੱਪ ਚਾਪ ਸਿਤਮ ਸਹਿਣ ਦਾ ਹੈ । ਇਹਨਾਂ ਚੁੱਪ ਕੀਤੇ ਲੋਕਾਈ ਨੂੰ ਕੌਣ ਜਾਏਗਾ?
ਬੁੱਧ ਸਿੰਘ ਨੀਲੋਂ
ਸੰਪਰਕ : 94643 70823
ਬਗ਼ੈਰ ਸਿਰਾਂ ਵਾਲੇ ਸ਼ਹੀਦ ? - ਬੁੱਧ ਸਿੰਘ ਨੀਲੋਂ
ਸਾਡੇ ਸਮਿਆਂ ਦੀ ਇਹ ਕੇਹੀ ਤਰਾਸਦੀ ਹੈ ਕਿ ਅੱਜ ਦਾ ਬੱਚਾ ਆਪਣੇ ਬਾਪ ਨੂੰ ਆਖਦਾ ਕਿ ਮੈਂ 'ਤੇਰਾ ਪੁੱਤ ਨਹੀਂ ' ਤੇ ਮੇਰਾ ਬਾਪ ਤਾਂ 'ਰੁਪਈਆ' ਹੈ। ਉਹ ਇਹਨਾਂ ਰੁਪਈਆ ਲਈ ਕੁੱਝ ਵੀ ਕਰ ਸਕਦਾ ਐ। ਬਹੁਗਿਣਤੀ ਕਰ ਵੀ ਰਹੇ ਹਨ ।
ਇਹ ਗੱਲ ਕਿਸੇ ਹੱਦ ਤੱਕ ਸੱਚ ਵੀ ਹੈ ਕਿ
'ਨਾ ਬਾਪ ਨਾ ਭਈਆ, ਸਭ ਤੋਂ ਬੜਾ ਰੁਪਈਆ' ।
"ਕਿ ਜਿਸਦੀ ਕੋਠੀ ਦਾਣੇ, ਉਸਦੇ ਕਮਲੇ ਵੀ ਸਿਆਣੇ"।
ਹੁਣ ਸਿਆਣੇ ਹੋਣ ਦੇ ਲਈ ਗਿਆਨ ਤੇ ਤਜਰਬੇ ਦੀ ਜਰੂਰਤ ਨਹੀਂ । ਸਿਆਣੇ ਬਨਣ ਦੇ ਲਈ ਰੁਪਈਆ ਬਹੁਤ ਜਰੂਰੀ ਹੈ । ਰੁਪਈਆ ਬਣਾਉਣ ਤੇ ਕਮਾਉਣ ਦੇ ਲਈ ਜ਼ਮੀਰ ਦਾ ਹੋਣਾ ਜਰੂਰੀ ਨਹੀਂ ਹੁੰਦਾ । ਜਿਸਦੇ ਕੋਲ ਜ਼ਮੀਰ ਹੁੰਦੀ ਐ, ਉਸ ਨੂੰ ਅਜੋਕੀ ਦੁਨੀਆਂ ਦੇ ਵਿੱਚ ਸਭ ਤੋਂ ਮੂਰਖ ਤੇ ਗਿਆਨਹੀਨ ਮੰਨਿਆ ਜਾਂਦਾ ਹੈ । ਇਹ ਸਚ ਕਿਸੇ ਨੂੰ ਮਨਾਉਣ ਜਾਂ ਨਾ ਮਨਾਉਣ ਦੇ ਨਾਲ ਕੋਈ ਫਰਕ ਨਹੀਂ ਪੈਦਾ ।
ਫਰਕ ਤਾਂ ਉਸ ਵੇਲੇ ਪੈਦਾ ਹੈ ਜਦੋਂ ਗਿਆਨਵਾਨ ਮਨੁੱਖ ਦੀ ਰੀੜ੍ਹ ਦੀ ਹੱਡੀ ਸੱਪ ਵਾਂਗੂੰ ਲਚਕਦਾਰ ਜਾਂ ਲੋਹਾ ਬਣਦੀ ਹੈ । ਬਗ਼ੈਰ ਰੀੜ੍ਹ ਵਾਲਾ ਜੀਵ ਹਰ ਭੀੜ ਵਿੱਚ ਦੀ ਗੁਜਰ ਜਾਂਦਾ ਹੈ ਪਰ ਲੋਹੇ ਦੀ ਰੀੜ੍ਹ ਵਾਲਾ ਤਾਂ ਬਗੈਰ ਭੀੜ ਦੇ ਮੂਹਰੇ ਪਹਾੜ ਬਣ ਜਾਂਦਾ ਹੈ ।
ਲਚਕਦਾਰ ਟਾਹਣੀਆਂ ਤੇ ਤਣਿਆ ਵਾਲੇ ਰੁੱਖ ਲੰਮਾ ਸਮਾਂ ਜਿਉਂਦੇ ਤਾਂ ਰਹਿ ਸਕਦੇ ਹਨ ਪਰ ਉਹ ਕਿਸੇ ਦੇ ਲਈ ਫਲ ਤੇ ਫੁੱਲ ਨਹੀਂ ਦੇ ਸਕਦਾ। ਸਗੋਂ ਅੰਤਮ ਵੇਲੇ ਉਹ ਬਾਲਣ ਦੇ ਕੰਮ ਕੰਮ ਆਉਦਾ ਐ । ਉਹ ਕਿਸੇ ਨੂੰ ਜਾਲ ਕੇ ਰਾਖ ਬਣਾ ਸਕਦਾ ਹੈ ਪਰ ਸਖਤ ਤੇ ਮਜ਼ਬੂਤ ਤਣੇ ਤੇ ਟਾਹਣੇ ਵਾਲੇ ਰੁੱਖ ਵਗਦੀ ਹਵਾ ਦਾ ਰੁਖ ਬਦਲ ਸਕਦੇ ਹਨ । ਕਿਸੇ ਲਈ ਛਾਂ ਬਣ ਸਕਦੇ ਤੇ ਰਾਹ ਦਸੇਰਾ ਬਣ ਸਕਦੇ ਹਨ । ਉਹ ਰੁੱਖ ਤੇ ਮਨੁੱਖ ਸਦੀਆਂ ਤੇ ਯੁੱਗਾਂ ਤੱਕ ਜਿਉਂਦੇ ਹਨ ਤੇ ਮਾਰਗ ਦਰਸ਼ਨ ਬਣਦੇ ਹਨ ।
ਰੁਪਈਆਂ ਦੇ ਨਾਲ ਤੁਸੀਂ ਡਿਗਰੀਆਂ ਖਰੀਦ ਸਕਦੇ ਹੋ ਪਰ ਗਿਆਨ ਨਹੀਂ । ਰੁਪਈਆ ਨਾਲ ਕੋਠੀ ਖਰੀਦ ਸਕਦੇ ਹੋ ਪਰ ਘਰ ਨਹੀਂ । ਘਰ ਬਣਾਉਣ ਦੇ ਲਈ ਰਿਸ਼ਤਿਆਂ ਦੀ ਵਿਆਕਰਨ ਦੀਆਂ ਧੁਨੀਆਂ ਦਾ ਹੋਣਾ ਤੇ ਉਨ੍ਹਾਂ ਨੂੰ ਸੁਰਬੱਧ ਕਰਨ ਦਾ ਗਿਆਨ ਹੀ ਕੋਠੀ ਨੂੰ ਘਰ ਬਣਾ ਸਕਦਾ ਹੈ । ਰਿਸ਼ਤਿਆਂ ਦੀ ਵਰਨਮਾਲਾ ਦੇ ਵਿੱਚ ਬਚਪਨ, ਜਵਾਨੀ ਤੇ ਬੁਢਾਪੇ ਇਕੋ ਫੇਰੇ ਜਾਂਦੀ ਉਹ ਮਾਲਾ ਹੁੰਦੀ ਹੈ ਜਿਸ ਦੇ ਵਿੱਚ ਲੋਰੀਆਂ, ਸੁਹਾਗ ਤੇ ਆਲੁਹਣੀਆ ਸ਼ਾਮਲ ਹੁੰਦੀਆਂ ਹਨ । ਜਿਹਨਾਂ ਇਮਾਰਤਾਂ ਦੇ ਵਿੱਚ ਇਹ ਤਿੰਨ ਹੀ ਰਿਸ਼ਤਿਆਂ ਦੀ ਮਾਲਾ ਨਹੀਂ ਹੁੰਦੀ ਉਹ ਘਰ ਨਹੀਂ ਹੁੰਦੇ ਭੂਤਵਾੜੇ ਹੁੰਦੇ ਹਨ । ਜਿਥੇ ਭੂਤ ਤਾ ਨੱਚਦੇ ਹਨ ਪਰ ਕਿਸੇ ਬੱਚੇ ਦੀ ਕਿਲਕਾਰੀ, ਕਿਸੇ ਕੁੜੀ ਦੀ ਫੁਲਕਾਰੀ ਤੇ ਬਾਪ ਦੀ ਟਿਚਕਾਰੀ ਨਹੀਂ ਹੁੰਦੀ । ਕੋਠੀ ਹੋ ਸਕਦੀ ਐ ।
ਸਾਡੇ ਸਮਿਆਂ ਦੇ ਵਿੱਚ ਹੁਣ ਘਰ ਨਹੀਂ ਵੱਡੇ ਮਕਾਨ ਬਣਦੇ ਹਨ । ਇਹਨਾਂ ਮਕਾਨਾਂ ਵਿੱਚ ਗੁਆਂਢੀਆਂ ਤੇ ਰਿਸ਼ਤੇਦਾਰਾਂ ਨੂੰ ਦੁਖੀ ਕਰਨ ਲਈ ਸ਼ੋਅਰੂਮਾਂ ਵਾਂਗੂੰ ਵਸਤੂਆਂ ਨੂੰ ਸਜਾਇਆ ਜਾਂਦਾ ਹੈ । ਵਸਤੂਆਂ ਅਸੀਂ ਆਪਣੇ ਲਈ ਨਹੀਂ ਸਗੋਂ ਦੂਜਿਆਂ ਨੂੰ ਦਿਖਾਉਣ ਲਈ ਤੇ ਚੰਗਾ ਦਿਖਣ ਦੇ ਲਈ ਲਿਆਉਦੇ ਆ ।
ਸਾਡੇ ਅੰਦਰ ਸਦੀਆਂ ਤੇ ਯੁੱਗਾਂ ਤੋਂ ਇਹ ਡਰ ਬਣਿਆ ਹੋਇਆ ਹੈ ਕਿ "ਲੋਕ ਕੀ ਕਹਿਣਗੇ ?" ਜਦਕਿ ਲੋਕਾਂ ਦੇ ਕੋਲ ਕਹਿਣ ਦੇ ਕੁੱਝ ਨਹੀਂ ਹੁੰਦਾ ਸਗੋਂ ਇਹ ਮਨ ਦਾ ਵਹਿਮ ਹੁੰਦਾ ਹੈ । ਇਸੇ ਕਰਕੇ ਅਸੀਂ ਜਿਉਂਦੇ ਨਹੀਂ ਸਗੋਂ ਸੱਪ ਵਾਂਗੂੰ ਰੀਂਘਦੇ ਹਾਂ ਤੇ ਚੀਕਦੇ ਹਾਂ ਬਗੈਰ ਗਰੀਸ ਲੱਗੇ ਗੱਡੇ ਦੇ ਪਹੀਏ ਵਾਂਗੂੰ । ਅਸੀਂ ਬਹੁਗਿਣਤੀ ਲੋਕ ਬਗੈਰ ਗਰੀਸ ਦੇ ਉਹ ਗੱਡੇ ਹੀ ਹਾਂ ਜੋ ਹਰ ਵੇਲੇ ਚੀਕਦੇ ਹਾਂ ।
ਸਾਡੇ ਸਮਿਆਂ ਦੇ ਵਿੱਚ ਸ਼ਬਦਾਂ ਦੇ ਅਰਥ ਤੇ ਅਰਥਾਂ ਦੇ ਸ਼ਬਦ ਬਦਲਦੇ ਜਾ ਰਹੇ ਹਨ । ਜ਼ਿੰਦਗੀ ਦੀ ਵਰਮਾਲਾ ਦੀ ਵਿਆਕਰਨ ਬਦਲ ਗਈ ਜਾਂ ਬਦਲ ਦਿੱਤੀ ਐ ? ਅਸੀਂ ਇਸ ਸਵਾਲ ਦੇ ਜਵਾਬ ਦੀ ਤਲਾਸ਼ ਲਈ ਕਿਸੇ ਛਾਂ ਦਾਰ ਰੁੱਖ ( ਬਜੁਰਗ) ਕੋਲ ਬੈਠ ਕੇ ਨਹੀਂ ਸਗੋਂ ਧੁੱਪ ਵਿੱਚ ਬਹਿ ਕੇ ਮੁੜਕੋ ਮੁੜਕੀ ਹੁੰਦੇ ਹਾਂ ਤੇ ਉਦਾਸ ਨਹੀਂ ਸਗੋਂ ਨਿਰਾਸ਼ ਹੁੰਦੇ ਹਾਂ । ਵਕਤ ਦੀ ਧੁੱਪ ਤੁਹਾਨੂੰ ਕੁੱਝ ਪਲ ਦੇ ਸਕੂਨ ਦੇ ਸਕਦੀ ਹੈ ਪਰ ਛਾਂ ਦਾਰ ਰੁੱਖ ਵਰਗੀ ਸਾਦਗੀ ਤੇ ਸਬਰ ਨਹੀਂ ਦੇ ਸਕਦੀ। ਜਿਵੇਂ ਨਸ਼ਾ ਬੋਤਲ ਵਿੱਚ ਨਹੀਂ, ਮਨ ਵਿੱਚ ਹੁੰਦਾ ਹੈ । ਜੇ ਮਨ ਵਿੱਚ ਨਾ ਹੋਵੇ ਤਾਂ ਤਨ ਦਿਸ਼ਾਹੀਣ ਹੋ ਜਾਂਦਾ ਹੈ । ਨਸ਼ਾ ਸਰੀਰ ਨੂੰ ਨਹੀਂ ਮਨ ਨੂੰ ਚੜ੍ਹਦਾ ਹੈ ।
ਦਿਨ ਤੇ ਰਾਤ ਦਾ ਸਫਰ ਇੱਕ ਦੂਜੇ ਦੇ ਮਿਲਾਪ ਲਈ ਦੌੜਦਾ ਹੈ । ਜਦ ਦਿਨ ਹੁੰਦਾ ਤੇ ਮਨ ਅੰਦਰ ਰਾਤ ਦੀ ਉਡੀਕ ਹੁੰਦੀ ਹੈ, ਜਦ ਰਾਤ ਹੁੰਦੀ ਤੇ ਤਨ ਅੰਦਰ ਦਿਨ ਹੁੰਦਾ ਹੈ । ਇਹਨਾਂ ਦੋਹਾਂ ਦੀ ਦੂਰੀ ਅਕਸਰ ਉਮਰ ਦਾ ਪੰਧ ਬਣ ਜਾਂਦੀ ਹੈ । ਉਮਰ ਦਾ ਪੰਧ ਪਲਾਂ ਦਾ ਨਹੀਂ ਹੁੰਦਾ ਯੁੱਗਾਂ ਦਾ ਹੁੰਦਾ ਹੈ । ਅਸੀਂ ਉਮਰ ਦੇ ਪੰਧ ਨੂੰ ਜੀਵਨ ਨਾਲ ਨਹੀਂ ਸਗੋਂ ਕੀਤੇ ਕੰਮਾਂ ਨਾਲ ਉਸਦਾ ਵਰ ਮੇਚਦੇ ਹਾਂ । ਕਿਸੇ ਵਰ ਮੇਚਣ ਲਈ ਗਜ਼ ਜਾਂ ਪੈਮਾਨਿਆਂ ਦੀ ਲੋੜ ਨਹੀਂ ਹੁੰਦੀ । ਉਹ ਅੱਖਾਂ ਨਾਲ ਮਿਣਿਆ ਜਾ ਸਕਦਾ ਐ ਜੇ ਨਜ਼ਰੀਆ ਸਹੀ ਹੋਵੇ । ਅਕਸਰ ਅਸੀਂ ਨਜ਼ਰੀਆ ਨਹੀਂ ਨਜ਼ਰ ਬਦਲ ਦੇ ਹਾਂ।
ਸਾਡੇ ਸਮਿਆਂ ਦੇ ਸ਼ਹੀਦਾਂ ਤੇ ਗਦਾਰਾਂ ਨੂੰ ਜਦ ਇੱਕੋ ਤੱਕੜੀ ਵਿੱਚ ਤੋਲਿਆ ਜਾਂਦਾ ਹੈ ਤਾਂ ਦੁਖ ਲਗਦਾ ਐ ਜਦਕਿ ਸ਼ਹੀਦਾਂ ਦੇ ਬਰਾਬਰ ਗਦਾਰ ਸਦਾ ਹੌਲੇ ਹੁੰਦੇ ਹਨ । ਗਦਾਰਾਂ ਦੇ ਹਵਾ ਵਿੱਚ ਲਟਕਦੇ ਸਰੀਰ ਸਦਾ ਹੀ ਜ਼ਿੰਦਗੀ ਦੇ ਮੱਥੇ ਵਿੱਚ ਜ਼ਖ਼ਮ ਕਰਦੇ ਹਨ । ਇਹਨਾਂ ਦੇ ਵਿੱਚ ਲੱਗੇ ਕਿੱਲ ਸਦਾ ਹੀ ਤੁਰੀ ਜਾਂਦੀ ਜ਼ਿੰਦਗੀ ਨੂੰ ਦਰਦ ਦੇਂਦੇ ਹਨ ।
ਗਦਾਰ ਤਾਂ ਸਦਾ ਲਈ ਮਰ ਜਾਂਦੇ ਹਨ । ਸ਼ਹੀਦ ਲੋਕ ਮਨਾ ਵਿੱਚ ਵਸਦੇ ਹਨ ਤੇ ਸਦਾ ਲਈ ਅਮਰ ਹੁੰਦੇ ਹਨ । ਮਰ ਗਿਆ ਨੂੰ ਲੋਕ ਰੋਂਦੇ ਹਨ । ਉਨ੍ਹਾਂ ਦੀਆਂ ਤਲਵਾਰਾਂ ਤੇ ਵਿਚਾਰਾਂ ਨੂੰ ਅੱਗ ਵਿੱਚ ਸਾੜ ਕੇ ਰਾਖ ਬਣਾਉਂਦੇ ਹਨ । ਸ਼ਹੀਦਾਂ ਨੂੰ ਲੋਕ ਸਦਾ ਮਨ ਵਿੱਚ ਵਸਾਈ ਰੱਖਦੇ ਹਨ । ਮਰ ਚੁਕਿਆਂ ਨਾਲ ਸਰਤੰਜ਼ ਖੇਡਣ ਵਾਲੇ ਬਹੁਗਿਣਤੀ ਤਨ ਅਰਥਹੀਣ ਲੜਦੇ ਹਨ । ਜੰਗ ਤਲਵਾਰਾਂ ਤੇ ਹਥਿਆਰਾਂ ਨਾਲ ਨਹੀਂ, ਵਿਚਾਰਾਂ ਨਾਲ ਸੂਝ ਤੇ ਸਮਝ ਨਾਲ ਲੜੀ ਜਾਂਦੀ ਹੈ । ਵਿਚਾਰਾਂ ਨੂੰ ਤਲਵਾਰਾਂ ਦੀ ਲੋੜ ਨਹੀਂ ਹੁੰਦੀ ।
ਹਥਿਆਰ ਇੱਕ ਬਾਰ ਸੂਝ ਤੇ ਸਿਆਣਪ ਨਾਲ ਵਰਤੇ ਜਾਂਦੇ ਹਨ ਤੇ ਸਾਰੀ ਉਮਰ ਸੰਭਾਲ ਕੇ ਰੱਖੇ ਜਾਂਦੇ ਹਨ । ਜੰਗ ਦੋ ਸਿਆਸੀ ਧਿਰਾਂ ਵਿਚਕਾਰ ਹੁੰਦੀ ਹੈ ਪਰ ਲੜਦੇ ਤੇ ਮਰਦੇ ਬਗੈਰ ਸਿਰਾਂ ਵਾਲੇ ਹੁੰਦੇ ਹਨ । ਬਗੈਰ ਸਿਰਾਂ ਵਾਲੇ ਸਾਡੇ ਸ਼ਹੀਦ ਬਣਾ ਦਿੱਤੇ ਹਨ ਤੇ ਅਸੀਂ ਮੰਨ ਲਏ ਹਨ। ਉਹਨਾਂ ਦੀ ਪੂਜਾ ਸ਼ੁਰੂ ਕਰ ਦਿੱਤੀ। ਉਹਨਾਂ ਦੀ ਯਾਦ ਵਿਚ ਵਪਾਰ ਸ਼ੁਰੂ ਕਰ ਲਿਆ। ਵਾਹ ਪੰਜਾਬੀਓ ਵਾਹ।
ਸਾਡੇ ਸਮਿਆਂ ਵਿੱਚ ਦੁਸ਼ਮਣ ਨੇ ਗਦਾਰ ਤੇ ਸ਼ਹੀਦ ਦੇ ਅਰਥ ਬਦਲ ਦਿੱਤੇ ਹਨ, ਅਸੀਂ ਕੌਮ ਦੇ ਗਦਾਰ ਆਪਣੇ ਨਾਇਕ ਬਣਾ ਲਏ ਤੇ ਸ਼ਹੀਦਾਂ ਦੀਆਂ ਯਾਦਾਂ ਤੇ ਯਾਦਗਾਰਾਂ ਕਾਰ ਸੇਵਾ ਵਾਲਿਆਂ ਰਾਹੀਂ ਤਬਾਹ ਕਰਵਾ ਲਈਆਂ । ਕਾਰ ਸੇਵਾ ਦੇ ਨਾਮ ਉਤੇ ਪਲਣ ਵਾਲੀ ਚਿੱਟੀ ਸਿਉਂਕ ਸਾਡੇ ਘਰ-ਘਰ ਵੜ ਗਈ।
ਸਾਨੂੰ ਹੁਣ ਲਕੀਰ ਮਾਰ ਕੇ ਜੁੜਨਗੇ ਤੁਰਨ ਦੀ ਲੋੜ ਐ, ਦੁਸ਼ਮਣ ਹਰ ਹਰਬਾ ਵਰਤ ਰਿਹਾ ਐ ਤੇ ਅਸੀਂ ਵੱਖਰੇ ਵੱਖਰੇ ਲੜ ਤੇ ਮਰ ਰਹੇ ਤੇ ਮਾਰੇ ਜਾ ਰਹੇ ਹਾਂ । ਇਹ ਸਿਲਸਿਲੇਵਾਰ ਵਰਤਾਰਾ ਚਲ ਰਿਹਾ ਐ ਏ ਉਸ ਵੇਲੇ ਤਕ ਜਾਰੀ ਰਹੇਗਾ ਜਦ ਤਕ ਅਸੀਂ ਅੰਦਰਲੀ ਅੰਤਰ ਆਤਮਾ ਨਹੀਂ ਜਤਾਉਂਦੇ । ਕਦੋਂ ਤੱਕ ਹਨੇਰ ਵਿੱਚ ਮਰਦੇ ਰਹਾਂਗੇ ? ਵੇਲਾ ਸੋਚ-ਵਿਚਾਰ ਕਰਨ ਦੀ ਮੰਗ ਕਰਦਾ ਹੈ।
ਸੰਪਰਕ : 9464370823